'ਗਰਮ ਦਿਮਾਗ ਦੇ ਆਗੂਆਂ ਨੂੰ ਸ਼ਾਂਤ ਕਰਨ ਲਈ ਇੱਕ ਬ੍ਰੇਕ ਦੀ ਲੋੜ'

ਤਸਵੀਰ ਸਰੋਤ, EPA
ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਡੌਨਲਡ ਟ੍ਰੰਪ ਅਤੇ ਕਿਮ ਜੋਂਗ ਉਨ ਦੇ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਸਕੂਲੀ ਬੱਚਿਆਂ ਦੀ ਲੜ੍ਹਾਈ ਵਾਂਗ ਹੈ।
ਸਰਗੇਈ ਲਾਵਰੋਫ਼ ਨੇ ਕਿਹਾ ਕਿ ਦੋਵੇਂ, 'ਗਰਮ ਦਿਮਾਗ' ਦੇ ਆਗੂਆਂ ਨੂੰ ਸ਼ਾਂਤ ਕਰਨ ਲਈ ਇੱਕ ਬ੍ਰੇਕ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, "ਸ਼ਾਂਤ ਰਹਿ ਕੇ ਉੱਤਰੀ ਕੋਰੀਆ ਦੇ ਪਰਮਾਣੂ ਫੌਜੀਕਰਨ ਨੂੰ ਦੇਖਣਾ ਗ਼ਲਤ ਹੈ, ਪਰ ਨਾਲ ਹੀ ਕੋਰੀਆਈ ਪ੍ਰਾਇਦੀਪ ਵਿੱਚ ਜੰਗ ਛੇੜਨਾ ਵੀ ਸਹੀ ਨਹੀਂ।"
ਲਾਵਰੋਫ਼ ਨੇ ਕਿਹਾ ਕਿ ਮੌਜੂਦਾ ਸੰਕਟ ਨੂੰ ਸਿਆਸੀ ਪ੍ਰਕਿਰਿਆ ਨਾਲ ਨਜਿੱਠਣਾ ਚਾਹੀਦਾ ਹੈ, ਜੋ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ।"
ਉਨ੍ਹਾਂ ਨੇ ਕਿਹਾ, "ਚੀਨ ਨਾਲ ਮਿਲ ਕੇ, ਅਸੀਂ ਇੱਕ ਤਰਕ ਪੂਰਨ ਰਵੱਈਆ ਇਖ਼ਤਿਆਰ ਕਰਾਂਗੇ ਨਾ ਕਿ ਭਾਵੁਕ, ਜਿਵੇਂ ਕਿ ਦੋ ਸਕੂਲੀ ਬੱਚੇ ਲੜਾਈ ਸ਼ੁਰੂ ਕਰਨ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ।"
ਟ੍ਰੰਪ ਅਤੇ ਕਿਮ ਦੇ ਸ਼ਬਦੀ ਹਮਲੇ

ਤਸਵੀਰ ਸਰੋਤ, EPA
ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਅਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਅਨ ਵਿਚਾਲੇ ਤਿੱਖੀ ਬਿਆਨਬਾਜ਼ੀ ਹੋਈ ਹੈ। ਦੋਵਾਂ ਨੇਤਾਵਾਂ ਨੇ ਇੱਕ-ਦੂਜੇ 'ਤੇ ਸ਼ਬਦੀ ਹਮਲਾ ਕਰਦੇ ਹੋਏ ਇੱਕ-ਦੂਜੇ ਨੂੰ ਕਾਫ਼ੀ ਕੁਝ ਕਹਿ ਦਿੱਤਾ ਹੈ।
ਕਿਮ ਜੋਂਗ ਉਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਦੀ "ਨਿਰਾਸ਼ਾ" ਤੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਉੱਤਰੀ ਕੋਰੀਆ ਵੱਲੋਂ ਹਥਿਆਰਾਂ ਨੂੰ ਵਿਕਸਤ ਕਰਨਾ ਸਹੀ ਹੈ।
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੂੰ ਦਿੱਤੇ ਇੱਕ ਬਿਆਨ 'ਚ ਕਿਮ ਜੌਨ ਨੇ ਕਿਹਾ ਕਿ ਟ੍ਰੰਪ ਨੂੰ ਸੰਯੁਕਤ ਰਾਸ਼ਟਰ 'ਚ ਦਿੱਤੇ ਗਏ ਆਪਣੇ ਤਾਜ਼ਾ ਭਾਸ਼ਣ ਦੇ ਨਤੀਜੇ ਭੁਗਤਣੇ ਪੈਣਗੇ।
ਟ੍ਰੰਪ ਨੇ ਸੰਯੁਕਤ ਰਾਸ਼ਟਰ 'ਚ ਆਪਣੇ ਭਾਸ਼ਣ ਦੌਰਾਨ ਕਿਮ ਜੋਂਗ ਉਨ ਬਾਰੇ ਕਿਹਾ ਸੀ ਕਿ 'ਰਾਕਟ ਮੈਨ' 'ਖ਼ੁਦਕੁਸ਼ੀ ਦੇ ਮਿਸ਼ਨ' 'ਤੇ ਹੈ।

ਤਸਵੀਰ ਸਰੋਤ, Reuters
ਉੱਤਰੀ ਕੋਰੀਆ ਦੀ ਚਿਤਾਵਨੀ
ਉੱਤਰੀ ਕੋਰੀਆ ਲਗਾਤਾਰ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕਰ ਰਿਹਾ ਹੈ ਅਤੇ ਕੌਮਾਂਤਰੀ ਆਲੋਚਨਾਵਾਂ ਦੇ ਬਾਵਜੂਦ ਵੀ ਇਸ ਨੇ ਛੇਵਾਂ ਪਰਮਾਣੂ ਪ੍ਰੀਖਣ ਕੀਤਾ ਹੈ।
ਟ੍ਰੰਪ ਦੀਆਂ ਟਿੱਪਣੀਆਂ ਦੀ ਤੁਲਨਾ "ਕੁੱਤੇ ਦੇ ਭੌਂਕਣ" ਨਾਲ ਕਰਨ ਵਾਲੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਚਿਤਾਵਨੀ ਦਿੱਤੀ ਹੈ ਕਿ ਟ੍ਰੰਪ ਦੀਆਂ ਧਮਕੀਆਂ ਦੇ ਜਵਾਬ 'ਚ ਉੱਤਰੀ ਕੋਰੀਆ ਪ੍ਰਸ਼ਾਂਤ ਮਹਾਂਸਾਗਰ 'ਚ ਹਾਈਡਰੋਜਨ ਬੰਬ ਦਾ ਪ੍ਰੀਖਣ ਕਰ ਸਕਦਾ ਹੈ।
ਕੇਸੀਐਨਏ ਏਜੰਸੀ 'ਚ ਆਏ ਕਿਮ ਦੇ ਇੱਕ ਅੰਗ੍ਰਜੀ ਬਿਆਨ 'ਚ ਉਨ੍ਹਾਂ ਨੇ ਕਿਹਾ ਹੈ ਕਿ, "ਟ੍ਰੰਪ ਦੀਆਂ ਟਿੱਪਣੀਆਂ ਨੇ ਮੈਨੂੰ ਡਰਾਉਣ ਜਾਂ ਰੋਕਣ ਦੀ ਬਜਾਏ ਇਹ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਜੋ ਵੀ ਰਾਹ ਮੈਂ ਫੜੀ ਹੈ ਉਹ ਸਹੀ ਹੈ ਅਤੇ ਮੈਨੂੰ ਅੰਤ ਤੱਕ ਇਸੇ 'ਤੇ ਤੁਰਨਾ ਹੈ।"
ਉਨ੍ਹਾਂ ਨੇ ਕਿਹਾ, "ਮਾਨਸਿਕ ਤੌਰ 'ਤੇ ਕਮਜ਼ੋਰ ਅੱਗ ਦੇ ਖਿਡੌਣਿਆਂ ਦੇ ਸ਼ੌਕੀਨ ਅਮਰੀਕੀ ਬੁੱਢੇ ਨੂੰ ਪੱਕਾ ਆਪਣੇ ਵੱਸ 'ਚ ਕਰਾਂਗਾ।"
ਜਪਾਨ ਨੇ ਕਿਮ ਦੀ ਕੀਤੀ ਆਲੋਚਨਾ

ਤਸਵੀਰ ਸਰੋਤ, EPA
ਜਪਾਨ ਦੇ ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਕਿਹਾ ਕਿ "ਉੱਤਰੀ ਕੋਰੀਆ ਦੇ ਬਿਆਨ 'ਤੇ ਵਿਵਹਾਰ ਨੂੰ ਕੌਮਾਂਤਰੀ ਸੁਰੱਖਿਆ ਲਈ ਖ਼ਤਰਾ ਹੈ ਅਤੇ ਇਹ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ।"
ਉੱਤਰੀ ਕੋਰੀਆ ਨੇ ਪਿਛਲੇ ਮਹੀਨੇ ਜਪਾਨ ਵੱਲ ਦੋ ਬੈਲਿਸਟਿਕ ਮਿਸਾਈਲਾਂ ਦਾ ਪ੍ਰੀਖਣ ਕੀਤਾ ਸੀ ਜਿਸ ਨਾਲ ਤਣਾਅ ਹੋਰ ਵੱਧ ਗਿਆ।
ਇਸ ਦੌਰਾਨ ਟ੍ਰੰਪ ਨੇ ਉੱਤਰੀ ਕੋਰੀਆ ਖਿਲਾਫ਼ ਪਾਬੰਦੀਆਂ ਨੂੰ ਹੋਰ ਵਧਾਉਣ ਲਈ ਨਵੇਂ ਹੁਕਮਾਂ 'ਤੇ ਦਸਤਖ਼ਤ ਕੀਤੇ ਹਨ।
ਇਸ ਦੇ ਤਹਿਤ ਅਮਰੀਕਾ ਦਾ ਖਜ਼ਾਨਾ ਵਿਭਾਗ ਉਨ੍ਹਾਂ ਕੰਪਨੀਆਂ ਅਤੇ ਮਾਲੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਵੇਗਾ ਜੋ ਉੱਤਰੀ ਕੋਰੀਆ 'ਚ ਵਪਾਰ ਕਰ ਰਹੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












