ਦਫ਼ਤਰ ਦੀ ਬਜਾਏ, ਘਰੋਂ ਕੰਮ ਕਰਨ ਦੇ ਚਾਹਵਾਨ ਜ਼ਰੂਰ ਪੜ੍ਹੋ

    • ਲੇਖਕ, ਏਰੀਕ ਬਾਰਟਨ
    • ਰੋਲ, ਬੀਬੀਸੀ ਕੈਪੀਟਲ

ਘਰੋਂ ਕੰਮ ਕਰਨ ਦੇ ਆਪਣੇ ਫ਼ਾਇਦੇ ਹਨ। ਖੋਜ ਮੁਤਾਬਿਕ ਘਰੋਂ ਕੰਮ ਕਰਨ ਨਾਲ ਤੁਹਾਡੇ 'ਚ ਕੰਮ ਕਰਨ ਦੀ ਕਾਬਲੀਅਤ ਵਧਦੀ ਹੈ, ਤੇ ਤੁਸੀਂ ਖੁਸ਼ਹਾਲ ਰਹਿੰਦੇ ਹੋ ।

ਇੱਕ ਨਵੀਂ ਸਟੱਡੀ ਮੁਤਾਬਕ ਘਰੋਂ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਇਸਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਹੋਣਾ ਵੀ ਬੇਹੱਦ ਜ਼ਰੂਰੀ ਹੈ।

ਪੈਸੇ ਬਚਾਉਣ ਦੇ ਲਈ ਕੰਪਨੀਆਂ ਹੌਟ ਡੈੱਸਕਿੰਗ ਵੱਲ ਰੁਖ਼ ਕਰ ਰਹੀਆਂ ਹਨ ਤਾਂ ਜੋ ਘੱਟ ਡੈੱਸਕ ਮੁਹੱਈਆ ਕਰਵਾ ਕੇ ਵੱਧ ਤੋਂ ਵੱਧ ਮੁਲਾਜ਼ਮਾਂ ਤੋਂ ਕੰਮ ਲਿਆ ਜਾ ਸਕੇ।

ਕੰਪਨੀਆਂ ਭਰਤੀ ਕਰਨ ਵੇਲੇ ਵੀ ਘਰੋਂ ਕੰਮ ਕਰਨ ਦੀ ਨੀਤੀ ਨੂੰ ਅਪਣਾ ਰਹੀਆਂ ਹਨ।

ਇਸ ਵਿੱਚ ਮੁੱਖ ਸਮੱਸਿਆ ਇਹ ਹੈ, ਕਿ ਕੰਪਨੀਆਂ ਇਹ ਮੰਨ ਲੈਂਦੀਆਂ ਹਨ, ਕਿ ਘਰੋਂ ਕੰਮ ਕਰਨ ਵਾਲੇ ਮੁਲਾਜ਼ਮ ਆਪਣੀ ਨੌਕਰੀ ਨਾਲ ਜੁੜੇ ਹਰ ਤਰੀਕੇ ਦਾ ਕੰਮ ਕਰ ਸਕਦੇ ਹਨ।

ਟ੍ਰੇਨਿੰਗ ਨਾ ਮਿਲਣਾ ਹੈ ਸਮੱਸਿਆ

ਲੰਡਨ ਸਕੂਲ ਆਫ ਇਕਨੋਮਿਕਸ ਦੇ ਫੈੱਲੋ ਰਿਸਰਚਰ ਕੈਨੋਨਿਕੋ ਮੁਤਾਬਕ ਘਰੋਂ ਕੰਮ ਕਰਨਾ ਸ਼ੁਰੂ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਦਲਾਅ ਲਈ ਕਿਸੇ ਤਰੀਕੇ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ।

ਘਰੋਂ ਕੰਮ ਕਰਨਾ ਸਿਰਫ਼ ਲੈਪਟਾਪ ਖੋਲ੍ਹ ਕੇ ਕੰਮ ਸ਼ੁਰੂ ਕਰਨਾ ਨਹੀਂ ਹੁੰਦਾ। ਦਫ਼ਤਰ ਵਿੱਚ ਮਿਲੀ ਟ੍ਰੇਨਿੰਗ ਤੁਹਾਡੇ ਕੰਮ ਦੇ ਨਤੀਜਿਆਂ 'ਤੇ ਵੱਡਾ ਪ੍ਰਭਾਵ ਪਾ ਸਕਦੀ ਹੈ।

ਕੋਨੈਨਿਕੋ ਮੁਤਾਬਕ ਘਰੋਂ ਕੰਮ ਕਰਨ ਵੇਲੇ ਕੰਮਕਾਜ ਨੂੰ ਸਾਂਭਣ ਦੀ ਕੋਈ ਪ੍ਰਕਿਰਿਆ ਨਹੀਂ ਹੁੰਦੀ । ਇਸ ਕਰਕੇ ਕਈ ਵਾਰ ਚੀਜ਼ਾਂ ਹੱਥੋਂ ਬਾਹਰ ਹੋ ਜਾਂਦੀਆਂ ਹਨ।

ਤਰੱਕੀ ਵਿੱਚ ਰੁਕਾਵਟ

ਘਰੋਂ ਕੰਮ ਕਰਨਾ ਕਈ ਵਾਰ ਤੁਹਾਡੇ ਕਰੀਅਰ ਵਿੱਚ ਨਵੇਂ ਮੌਕੇ ਮਿਲਣ ਵਿੱਚ ਰੁਕਾਵਟ ਸਾਬਿਤ ਹੋ ਸਕਦਾ ਹੈ ।

ਕੈਨੈਨਿਕੋ ਮੁਤਾਬਕ ਮਿਸਾਲ ਦੇ ਤੌਰ 'ਤੇ, ਜੇ ਤੁਸੀਂ ਦਫ਼ਤਰ ਵਿੱਚ ਮੌਜੂਦ ਨਹੀਂ ਹੁੰਦੇ, ਤਾਂ ਤੁਹਾਡੀ ਹਾਜ਼ਰੀ ਮਹਿਸੂਸ ਨਹੀਂ ਹੁੰਦੀ ।

ਤੁਹਾਡੇ ਤੋਂ ਨਵੇਂ ਪ੍ਰੋਜੈਕਟਸ ਤੇ ਮੌਕੇ ਖੁੰਝ ਜਾਂਦੇ ਹਨ। ਤੁਹਾਡਾ ਬੌਸ ਉਹ ਮੌਕੇ ਉਸ ਵੱਲ ਮੋੜ ਦਿੰਦਾ ਹੈ, ਜਿਸਨੂੰ ਉਹ ਹਰ ਰੋਜ਼ ਦੇਖਦਾ ਹੈ।

ਅਰੀਜ਼ੋਨਾ ਯੂਨੀਵਰਸਿਟੀ ਦੀ ਨਵੀਂ ਖੋਜ ਮੁਤਾਬਕ ਘਰੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚ 40 ਫ਼ੀਸਦ ਮੁਲਾਜ਼ਮ ਕੰਪਨੀ ਦੀ ਰਣਨੀਤਕ ਦਿਸ਼ਾ ਤੋਂ ਅੱਡ ਹੋ ਜਾਂਦੇ ਹਨ।

ਉਹਨਾਂ ਵਿੱਚੋਂ ਇਕ ਤਿਹਾਈ ਮਹਿਸੂਸ ਕਰਦੇ ਹਨ ਕਿ ਦਫ਼ਤਰੋਂ ਦੂਰ ਹੋਣ ਕਰਕੇ ਉਹਨਾਂ ਨੂੰ ਬੌਸ ਦੀ ਹਮਾਇਤ ਹਾਸਿਲ ਨਹੀਂ ਹੁੰਦੀ।

ਹੌਲ-ਹੌਲੀ ਸ਼ੁਰੂਆਤ ਕਰੋ

2005 ਵਿੱਚ ਬੀਬੀਸੀ ਵਨ ਦੇ ਸ਼ੋਅ 'ਦ ਅਪਰੈਂਟਿਸਟ ਦੇ ਜੇਤੂ ਟਿੰਮ ਕੈਂਪਬਿਲ ਦੇ ਮੁਤਾਬਕ ਦਫ਼ਤਰ ਦੀ ਬਜਾਏ ਘਰੋਂ ਕੰਮ ਕਰਨਾ ਸ਼ੁਰੂ ਕਰਨ ਲਈ ਕੁਝ ਖਾਸ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਕੈਂਪਬਿਲ ਮੁਤਾਬਕ, "ਇਸਨੂੰ ਇੱਕ ਨਵੇਂ ਪ੍ਰੋਜੈਕਟ ਵਾਂਗ ਹੀ ਦੇਖਣਾ ਚਾਹੀਦਾ ਹੈ। ਸ਼ੁਰੂਆਤ ਵਿੱਚ ਤੁਸੀਂ ਪੂਰੇ ਤਰੀਕੇ ਨਾਲ ਦਫ਼ਤਰ ਤੋਂ ਦੂਰ ਜਾਣ ਤੋਂ ਗੁਰੇਜ਼ ਕਰੋ। ਤੁਸੀਂ ਹਫ਼ਤੇ ਵਿੱਚ ਦੋ ਜਾਂ ਤਿੰਨ ਦਿਨ ਹੀ ਘਰੋਂ ਕੰਮ ਕਰੋ।

ਇਸ ਤੋਂ ਪਹਿਲਾਂ ਕਿ ਬੌਸ ਤੁਹਾਡੀ ਪਰਫਾਰਮੈਂਸ ਨੂੰ ਲੈ ਕੇ ਕੋਈ ਫੈ਼ਸਲਾ ਲਏ। ਤੁਸੀਂ ਖੁਦ ਹੀ ਆਪਣੇ ਕੰਮ ਦਾ ਵਿਸ਼ਲੇਸ਼ਣ ਕਰੋ।

ਇਹ ਵੀ ਦੇਖੋ ਕਿ ਘਰੋਂ ਕੰਮ ਕਰਨ ਨਾਲ ਤੁਹਾਡੀ ਕੰਮ ਕਰਨ ਦੀ ਸਮੱਰਥਾ 'ਤੇ ਕੋਈ ਅਸਰ ਪਿਆ ਹੈ ਜਾਂ ਨਹੀਂ।

ਕੈਂਪਬਿਲ ਮੁਤਾਬਕ ਦਫ਼ਤਰ ਵਿੱਚ ਹਾਜ਼ਰੀ ਦਰਜ ਕਰਾਉਣ ਦੇ ਤਰੀਕੇ ਲੱਭੋ। ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਕੀਤਾ ਜਾ ਸਕਦਾ ਹੈ।

ਇਸ ਲਈ ਕੰਪਨੀਆਂ ਕਈ ਵਾਰ ਯੈਮਰ ਵਰਗੀ ਚੈਟ ਸਰਵਿਸ ਦਾ ਵੀ ਇਸਤੇਮਾਲ ਕਰਦੀਆਂ ਹਨ।

ਅਜਿਹੀ ਸਰਵਿਸ ਨਾਲ ਤੁਸੀਂ ਉੱਚ ਅਫ਼ਸਰਾਂ ਨਾਲ ਜੁੜੇ ਰਹਿੰਦੇ ਹੋ।

ਵੀਡੀਓ ਕਾਨਫਰੰਸਿੰਗ ਜ਼ਰੀਏ ਤੁਸੀਂ ਵਿਅਕਤੀਗਤ ਤੌਰ 'ਤੇ ਮੀਟਿੰਗਾਂ ਵਿੱਚ ਮੌਜੂਦ ਰਹਿੰਦੇ ਹੋ ਤੇ ਸਿਰਫ਼ ਇੱਕ ਫੋਨ ਦੀ ਆਵਾਜ਼ ਬਣ ਕੇ ਨਹੀਂ ਰਹਿ ਜਾਂਦੇ ।

ਕਦੋਂ ਇਹ ਬਿਲਕੁਲ ਕੰਮ ਨਹੀਂ ਕਰਦਾ ?

ਦਫ਼ਤਰ ਦੇ ਕੰਮ ਦੇ ਨਾਲ ਘਰ ਦੇ ਕੰਮ ਨੂੰ ਮਿਲਾਉਣਾ ਤੁਹਾਡੇ ਕੰਮਕਾਜ 'ਤੇ ਬੁਰਾ ਅਸਰ ਪਾ ਸਕਦਾ ਹੈ।

ਖਾਣਾ ਬਣਾਉਣ ਤੇ ਫੋਟੋਗ੍ਰਾਫੀ ਦੀਆਂ ਕਲਾਸਾਂ ਲਈ ਐੱਪ ਚਲਾਉਣ ਵਾਲੇ ਪੈਡਰੋ ਕੇਸੀਅਰੋ ਤੇ ਉਨ੍ਹਾਂ ਦੇ ਸਾਂਝੀਦਾਰ ਨੇ ਜਦੋਂ ਘਰੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਸਾਹਮਣੇ ਕਈ ਰੁਕਾਵਟਾਂ ਆਈਆਂ ਸੀ।

ਕਦੇ ਉਨ੍ਹਾਂ ਨੂੰ ਖਾਣਾ ਬਣਾਉਣਾ ਹੁੰਦਾ ਸੀ, ਕਦੇ ਘਰ ਪਲੰਬਰ ਆ ਜਾਂਦਾ ਤੇ ਕਦੇ ਕਿਸੇ ਹੋਰ ਤਰੀਕੇ ਦੀ ਰੁਕਾਵਟ ਕਰਕੇ ਉਹਨਾਂ ਨੂੰ ਆਪਣਾ ਕੰਮ ਰੋਕਣਾ ਪੈਂਦਾ ਸੀ।

ਕੈਸੀਅਰੋ ਮੁਤਾਬਕ ਛੋਟੀਆਂ- ਛੋਟੀਆਂ ਚੀਜ਼ਾਂ ਤੁਹਾਡੇ ਪੂਰੇ ਦਿਨ ਦਾ ਵਕਤ ਜ਼ਾਇਆ ਕਰ ਦਿੰਦੀਆਂ ਹਨ ਤੇ ਇਹ ਸਭ ਦਫ਼ਤਰ ਵਿੱਚ ਨਹੀਂ ਹੁੰਦਾ ।

ਕੈਸੀਰੋ ਘਰੋਂ ਕੰਮ ਕਰਨ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਮੁਤਾਬਿਕ, "ਮੈਂ ਜਾਣਦਾ ਹਾਂ ਕਿ ਮੈਨੂੰ ਭਰਤੀ ਦੌਰਾਨ ਅਜਿਹੇ ਮੁਲਾਜ਼ਮਾਂ ਦੀ ਲੋੜ ਪਏਗੀ ਜੋ ਇਹ ਨਾ ਸੋਚਣ ਕਿ ਉਨ੍ਹਾਂ ਤੋਂ ਕਿੱਥੋਂ ਕੰਮ ਕਰਵਾਇਆ ਜਾ ਰਿਹਾ ਹੈ ।"