ਮੀਰਾਬਾਈ ਚਾਨੂ ਨੇ ਲਗਾਤਾਰ ਦੂਜੇ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਦਾ ਖਿਤਾਬ ਜਿੱਤਿਆ

ਮੀਰਾਬਾਈ ਚਾਨੂ

ਵੇਟਲਿਫਟਰ ਮੀਰਾਬਾਈ ਚਾਨੂ ਨੇ ਜਨਤਕ ਵੋਟਿੰਗ ਤੋਂ ਬਾਅਦ 2022 ਦਾ ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਐਵਾਰਡ ਜਿੱਤਿਆ ਹੈ।

ਚਾਨੂ ਸਾਲ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਲਗਾਤਾਰ ਦੋ ਵਾਰ ਐਵਾਰਡ ਜਿੱਤਣ ਵਾਲੀ ਪਹਿਲੀ ਐਥਲੀਟ ਬਣ ਗਈ ਹੈ।

ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿੱਚ ਪੈਦਾ ਹੋਈ, ਚਾਨੂ ਨੇ ਬਾਲਣ ਦੀਆਂ ਲੱਕੜਾਂ ਚੁੱਕ ਕੇ ਭਾਰ ਚੁੱਕਣਾ ਸਿੱਖਿਆ।

2020 ਟੋਕੀਓ ਓਲੰਪਿਕ ਵਿੱਚ ਮੀਰਾਬਾਈ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਤੇ 2022 ਵਿੱਚ ਮੀਰਾਬਾਈ ਚਾਨੂ ਨੇ ਇੰਗਲੈਂਡ ਦੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ।

ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2022 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਰੋਹ ਵਿੱਚ ਪੁਰਸਕਾਰ ਪ੍ਰਾਪਤ ਕਰਨ ਮੌਕੇ ਚਾਨੂ ਨੇ ਕਿਹਾ, “ਸਾਨੂੰ ਸੋਚ ਬਦਲਣ ਦੀ ਲੋੜ ਹੈ। ਅਜਿਹਾ ਬਿਲਕੁੱਲ ਨਹੀਂ ਹੈ ਕਿ ਜੇ ਕੁੜੀਆਂ ਖੇਡਣਗੀਆਂ ਤਾਂ ਉਨ੍ਹਾਂ ਦੇ ਸਰੀਰ ਵਿੱਚ ਕੁਝ ਬਦਲਾਅ ਆਵੇਗਾ। ਸਾਨੂੰ ਇਸ ਡਰ ਨੂੰ ਪਿੱਛੇ ਛੱਡਣ ਦੀ ਲੋੜ ਹੈ।”

ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਲਈ ਹੋਰ ਸ਼ਾਰਟਲਿਸਟ ਕੀਤੇ ਗਏ ਦਾਅਵੇਦਾਰਾਂ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ, ਮੁੱਕੇਬਾਜ਼ ਨਿਖਤ ਜ਼ਰੀਨ, ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸ਼ਾਮਲ ਸਨ।

ਭਾਵੀਨਾ ਪਟੇਲ
ਤਸਵੀਰ ਕੈਪਸ਼ਨ, ਭਾਵੀਨਾ ਪਟੇਲ ਨੇ ਐਵਾਰਡ ਜਿੱਤਣ ਵੇਲੇ ਕਿਹਾ ਕਿ ਸਰਕਾਰ ਨੂੰ ਪੈਰਾ ਐਥਲੀਟਾਂ ਨੂੰ ਟਰੇਨਿੰਗ ਲਈ ਸਹਿਯੋਗ ਕਰਨਾ ਚਾਹੀਦਾ ਹੈ

ਬੀਬੀਸੀ ਪੈਰਾ ਸਪੋਰਟਸ ਵੀਮੈੱਨ ਆਫ਼ ਦਿ ਈਅਰ ਬਣੀ ਭਾਵੀਨਾ ਪਟੇਲ

ਇਸ ਐਵਾਰਡ ਵਿੱਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਕੈਟੇਗਰੀ ਬੀਬੀਸੀ ਪੈਰਾ ਸਪੋਰਟਸ ਵੀਮੈੱਨ ਆਫ਼ ਦਿ ਈਅਰ ਐਵਾਰਡ ਭਾਵੀਨਾ ਪਟੇਲ ਨੂੰ ਦਿੱਤਾ ਗਿਆ।

ਇਸ ਪੈਰਾ ਟੇਬਲ ਟੈਨਿਸ ਖਿਡਾਰਨ ਨੇ ਟੋਕੀਓ ਵਿੱਚ 2020 ਸਮਰ ਪੈਰਾ-ਓਲੰਪਿਕਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਹ ਉਪਲੱਬਧੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣ ਗਈ। ਪਟੇਲ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

ਇਸ ਮੌਕੇ ਪਟੇਲ ਨੇ ਕਿਹਾ, ''ਇਹ ਵੱਕਾਰੀ ਪੁਰਸਕਾਰ ਜਿੱਤਣਾ ਅਸਲ ਵਿੱਚ ਸੰਤੁਸ਼ਟੀਜਨਕ ਅਹਿਸਾਸ ਹੈ, ਜੋ ਮਹਿਲਾਵਾਂ ਅਤੇ ਖਿਡਾਰਨਾਂ ਨੂੰ ਸਸ਼ਕਤ ਬਣਾਉਣ ਵਾਲੀ ਇੱਕ ਸ਼ਾਨਦਾਰ ਪਹਿਲਕਦਮੀ ਦਾ ਹਿੱਸਾ ਹੈ। ਬੀਬੀਸੀ ਨੂੰ ਪੈਰਾ ਸਪੋਰਟਸ 'ਤੇ ਧਿਆਨ ਕੇਂਦਰਤ ਕਰਦੇ ਅਤੇ ਭਾਰਤ ਨੂੰ ਵਧੇਰੇ ਸਮਾਵੇਸ਼ੀ ਬਣਾਉਂਦੇ ਹੋਏ ਦੇਖਣਾ ਵੀ ਸ਼ਲਾਘਾਯੋਗ ਹੈ।''

ਪ੍ਰੀਤਮ ਸਿਵਾਚ
ਤਸਵੀਰ ਕੈਪਸ਼ਨ, ਪ੍ਰੀਤਮ ਸਿਵਾਚ ਨੂੰ ਬੀਬੀਸੀ ਲਾਈਫ ਟਾਈਮ ਐਚੀਵਮੈਂਟ ਐਵਾਰਡ

ਪ੍ਰੀਤਮ ਸਿਵਾਚ ਨੂੰ ਮਿਲਿਆ ਲਾਈਫ਼ ਟਾਈਮ ਐਚੀਵਮੈਂਟ ਐਵਾਰਡ

ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਪ੍ਰੀਤਮ ਸਿਵਾਚ ਨੂੰ ਭਾਰਤੀ ਖੇਡਾਂ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਅਤੇ ਖਿਡਾਰੀਆਂ ਦੀਆਂ ਪ੍ਰੇਰਕ ਪੀੜ੍ਹੀਆਂ ਲਈ ਬੀਬੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸਿਵਾਚ ਪਹਿਲੀ ਮਹਿਲਾ ਹਾਕੀ ਕੋਚ ਸੀ, ਜਿਨ੍ਹਾਂ ਨੂੰ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਦਰੋਣਾਚਾਰੀਆ ਐਵਾਰਡ ਭਾਰਤ ਵਿੱਚ ਖੇਡ ਕੋਚਾਂ ਦੇ ਸਨਮਾਨ ਲਈ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ।

ਮੀਰਾਬਾਈ ਚਾਨੂ

ਬੀਬੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਹਾਸਲ ਕਰਨ ਸਮੇਂ ਸਿਵਾਚ ਨੇ ਕਿਹਾ, "ਇਸ ਐਵਾਰਡ ਲਈ ਮੇਰੀ ਚੋਣ ਕਰਨ ਲਈ ਮੈਂ ਬੀਬੀਸੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਇਹ ਪੁਰਸਕਾਰ ਪਿਛਲੇ ਤਿੰਨ ਸਾਲਾਂ ਵਿੱਚ ਉੱਘੀਆਂ ਖਿਡਾਰਨਾਂ ਨੂੰ ਪ੍ਰਦਾਨ ਕੀਤਾ ਗਿਆ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇਸ ਸਾਲ ਮੈਨੂੰ ਇਹ ਐਵਾਰਡ ਮਿਲਿਆ ਹੈ। ਇਸ ਐਵਾਰਡ ਦੀ ਖਾਸੀਅਤ ਇਹ ਹੈ ਕਿ ਇਹ ਔਰਤਾਂ ਨੂੰ ਦਿੱਤਾ ਜਾਂਦਾ ਹੈ। ਜਦੋਂ ਸਾਨੂੰ ਅਜਿਹੇ ਐਵਾਰਡ ਮਿਲਦੇ ਹਨ ਤਾਂ ਇਹ ਸਾਨੂੰ ਪ੍ਰੇਰਿਤ ਕਰਦੇ ਹਨ।''

ਨੀਤੂ ਗਨਘਸ

ਬੀਬੀਸੀ ਇਮਰਜਿੰਗ ਪਲੇਅਰ ਆਫ਼ ਦਿ ਈਅਰ - ਮੁੱਕੇਬਾਜ਼ ਨੀਤੂ ਘੰਘਾਸ

ਮੁੱਕੇਬਾਜ਼ ਨੀਤੂ ਘੰਘਾਸ ਨੂੰ ਬੀਬੀਸੀ ਇਮਰਜਿੰਗ ਪਲੇਅਰ ਆਫ਼ ਦਿ ਈਅਰ ਚੁਣਿਆ ਗਿਆ। ਉਹ ਦੋ ਵਾਰ ਦੀ ਯੁਵਾ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਗ਼ਮਾ ਜੇਤੂ ਹਨ।

ਉਨ੍ਹਾਂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਘੱਟੋ ਘੱਟ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਭਾਰਤੀ ਲਾਅਨ ਬਾਲਜ਼ ਮਹਿਲਾ ਟੀਮ ਨੂੰ ਬੀਬੀਸੀ ਚੇਂਜਮੇਕਰ ਆਫ਼ ਦਿ ਈਅਰ ਐਵਾਰਡ ਪ੍ਰਦਾਨ ਕੀਤਾ ਗਿਆ
ਤਸਵੀਰ ਕੈਪਸ਼ਨ, ਭਾਰਤੀ ਲਾਅਨ ਬਾਲਜ਼ ਮਹਿਲਾ ਟੀਮ ਨੂੰ ਬੀਬੀਸੀ ਚੇਂਜਮੇਕਰ ਆਫ਼ ਦਿ ਈਅਰ ਐਵਾਰਡ ਪ੍ਰਦਾਨ ਕੀਤਾ ਗਿਆ

ਲਵਲੀ ਚੌਬੇ, ਰੂਪਾ ਰਾਣੀ ਟਿਰਕੀ, ਪਿੰਕੀ ਅਤੇ ਨਯਨਮੋਨੀ ਸੈਕੀਆ ਨੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਲਾਅਨ ਬਾਲਜ਼ ਮਹਿਲਾ ਟੀਮ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਹ ਇਸ ਖੇਡ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਸੀ। ਇਨ੍ਹਾਂ ਖਿਡਾਰਨਾਂ ਨੂੰ ਬੀਬੀਸੀ ਚੇਂਜਮੇਕਰ ਆਫ਼ ਦਿ ਈਅਰ ਐਵਾਰਡ ਪ੍ਰਦਾਨ ਕੀਤਾ ਗਿਆ।

ਰਾਮਬਾਈ

ਬੀਬੀਸੀ ਵੱਲੋਂ 95 ਸਾਲਾ ਭਗਵਾਨੀ ਦੇਵੀ ਅਤੇ 106 ਸਾਲਾ ਰਾਮਬਾਈ ਨੂੰ ਵਿਸ਼ੇਸ਼ ਸਨਮਾਨ

95 ਸਾਲਾ ਭਗਵਾਨੀ ਦੇਵੀ ਅਤੇ 106 ਸਾਲਾ ਰਾਮਬਾਈ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਾਂਝੇ ਤੌਰ 'ਤੇ ਵਿਸ਼ੇਸ਼ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਦੇਵੀ ਨੇ ਫਿਨਲੈਂਡ ਦੇ ਟਾਂਪਰੇ ਵਿੱਚ 2022 ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਸਪ੍ਰਿੰਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

35 ਸਾਲਾਂ ਤੋਂ ਵੱਧ ਉਮਰ ਦੇ ਐਥਲੀਟਾਂ ਦੇ ਮੁਕਾਬਲੇ ਵਿੱਚ ਦੇਵੀ ਨੇ ਸ਼ਾਟ ਪੁਟ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਰਾਮਬਾਈ ਨੇ ਵਡੋਦਰਾ ਵਿੱਚ 2022 ਨੈਸ਼ਨਲ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਜੋਨਾਥਨ ਮੁਨਰੋ ਨੇ ਬੀਬੀਸੀ ਸਪੋਰਟ ਵੀਮੈੱਨ ਆਫ ਦੀ ਈਅਰ ਬਾਰੇ ਕੀ ਕਿਹਾ

ਬੀਬੀਸੀ ਨਿਊਜ਼ ਦੇ ਡਿਪਟੀ ਸੀਈਓ ਅਤੇ ਜਰਨਲਿਜ਼ਮ ਦੇ ਨਿਰਦੇਸ਼ਕ ਜੋਨਾਥਨ ਮੁਨਰੋ ਨੇ ਸਮਾਰੋਹ ਦਾ ਹਿੱਸਾ ਬਣਨ 'ਤੇ ਆਪਣੀ ਖੁਸ਼ੀ ਪ੍ਰਗਟਾਈ ਅਤੇ ਮੀਰਾਬਾਈ ਚਾਨੂ ਨੂੰ ਲਗਾਤਾਰ ਦੂਜੇ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਜਿੱਤਣ ਲਈ ਵਧਾਈ ਦਿੱਤੀ।

ਉਨ੍ਹਾਂ ਕਿਹਾ: ''ਮੈਂ ਬੀਬੀਸੀ ਇੰਡੀਅਨ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਤੌਰ 'ਤੇ ਖੁਸ਼ ਹਾਂ, ਜਿਸ ਨੂੰ ਅਸੀਂ ਇਸ ਸਾਲ ਸ਼ੁਰੂ ਕੀਤਾ ਗਿਆ ਹੈ।''

ਬੀਬੀਸੀ ਨਿਊਜ਼ ਇੰਟਰਨੈਸ਼ਨਲ ਸਰਵਿਸਿਜ਼ ਦੇ ਸੀਨੀਅਰ ਕੰਟਰੋਲਰ ਅਤੇ ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਲਿਲੀਅਨ ਲੈਂਡਰ ਨੇ ਕਿਹਾ, "ਨਾਮਜ਼ਦ ਹੋਈਆਂ ਸਾਰੀਆਂ ਖਿਡਾਰਨਾਂ ਨੇ ਭਾਰਤ ਦੀਆਂ ਖੇਡ ਪ੍ਰਾਪਤੀਆਂ ਵਿੱਚ ਮਾਣਮੱਤਾ ਯੋਗਦਾਨ ਪਾਇਆ ਹੈ ਅਤੇ ਮੈਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ 'ਤੇ ਮਾਣ ਮਹਿਸੂਸ ਕਰਦੀ ਹਾਂ। ਉਹ ਆਪਣੀਆਂ ਖੇਡਾਂ ਪ੍ਰਤੀ ਅਦੁੱਤੀ ਪ੍ਰਤਿਭਾ, ਲਚਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੀਆਂ ਹਨ। ਉਹ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੇ ਖੇਡ ਜਗਤ ਵਿੱਚ ਔਰਤਾਂ ਲਈ ਸ਼ਾਨਦਾਰ ਮਿਸਾਲ ਹਨ।''

ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਿ ਈਅਰ ਐਵਾਰਡ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਕਸਦ ਭਾਰਤ ਵਿੱਚ ਉਨ੍ਹਾਂ ਖਿਡਾਰਨਾਂ ਦੀ ਉਪਲੱਬਧੀ ਦਾ ਜਸ਼ਨ ਮਨਾਉਣਾ ਸੀ, ਜਿਨ੍ਹਾਂ ਨੇ ਮਹਿਲਾ ਐਥਲੀਟਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਵਿਸ਼ਵ ਪੱਧਰ 'ਤੇ ਆਪਣੀ ਛਾਪ ਛੱਡੀ ਹੈ।

ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਐਵਾਰਡ ਲਈ ਪੰਜ ਨਾਮਜ਼ਦ ਖਿਡਾਰਨਾਂ ਦਾ ਐਲਾਨ ਫਰਵਰੀ ਵਿੱਚ ਕੀਤਾ ਗਿਆ ਸੀ, ਜਿਨ੍ਹਾਂ ਨੂੰ ਉੱਘੇ ਖੇਡ ਪੱਤਰਕਾਰਾਂ, ਲੇਖਕਾਂ ਅਤੇ ਮਾਹਰਾਂ ਦੇ ਜਿਊਰੀ ਪੈਨਲ ਦੁਆਰਾ ਚੁਣਿਆ ਗਿਆ ਸੀ।

ਇਸ ਵਾਰ ਦੀਆਂ ਹੋਈਆਂ ਨਾਮਜ਼ਦ ਖਿਡਾਰਨਾਂ ਬਾਰੇ ਜਾਣੋ

ਮੀਰਾਬਾਈ ਚਾਨੂ

ਮੀਰਾਬਾਈ ਚਾਨੂ

ਤਸਵੀਰ ਸਰੋਤ, Getty Images

ਵੇਟਲਿਫਟਿੰਗ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਏ।

ਉਨ੍ਹਾਂ ਨੇ 2022 ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ।

ਮੀਰਾਬਾਈ ਨੇ 2016 ਤੋਂ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੇ ਸੀ ਅਤੇ ਲਗਭਗ ਖੇਡ ਨੂੰ ਅਲਵਿਦਾ ਕਹਿ ਗਏ ਸੀ। ਪਰ ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਸੋਨ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ।

ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਪੈਦਾ ਹੋਏ ਅਤੇ ਇੱਕ ਚਾਹ ਦਾ ਸਟਾਲ ਚਲਾਉਣ ਵਾਲੇ ਦੀ ਬੇਟੀ ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੇ ਸ਼ੁਰੂਆਤੀ ਪੜਾਵਾਂ ਵਿੱਚ ਬਹੁਤ ਸਾਰੇ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਲਿਆ।

ਮੀਰਾਬਾਈ ਚਾਨੂ ਨੇ 2021 ਲਈ ਵੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ ਸੀ।

ਸਾਕਸ਼ੀ ਮਲਿਕ

ਸਾਕਸ਼ੀ ਮਲਿਕ

ਤਸਵੀਰ ਸਰੋਤ, Getty Images

ਸਾਕਸ਼ੀ ਨੇ 2016 ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ, ਜਿੱਥੇ ਉਨ੍ਹਾਂ ਨੇ 58 ਕਿੱਲੋ ਭਾਰ ਵਰਗ ਵਿੱਚ ਬਰੌਂਜ ਮੈਡਲ ਤਗਮਾ ਜਿੱਤਿਆ।

ਉਹ ਓਲੰਪਿਕ ਮੈਡਲ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਸਨ। ਸਾਕਸ਼ੀ ਹਮੇਸ਼ਾ ਖੇਡਾਂ ਵਿੱਚ ਦਿਲਚਸਪੀ ਰੱਖਦੇ ਸੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਦਾਦਾ ਵੀ ਇੱਕ ਪਹਿਲਵਾਨ ਸਨ ਤਾਂ ਉਹ ਹੋਰ ਪ੍ਰੇਰਿਤ ਹੋਏ।

ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ, ਸਾਕਸ਼ੀ ਦਾ ਕਰੀਅਰ ਹੇਠਾਂ ਵੱਲ ਗਿਆ ਪਰ ਉਨ੍ਹਾਂ ਨੇ 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।

ਇਸ ਤੋਂ ਪਹਿਲਾਂ ਸਾਕਸ਼ੀ ਮਲਿਕ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਅਤੇ ਬਰੌਂਜ਼ ਮੈਡਲ ਜਿੱਤ ਚੁੱਕੇ ਹਨ।

ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਵਿਨੇਸ਼ ਫੋਗਾਟ ਕੁਸ਼ਤੀ ਵਿੱਚ ਦੋ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ। ਉਹ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੋਵਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਹਨ।

ਵਿਨੇਸ਼ ਦੇ ਨਾਮ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤਿੰਨ ਗੋਲਡ ਮੈਡਲ ਹਨ, ਹਾਲਾਂਕਿ ਇਹ ਮੈਡਲ ਵੱਖ-ਵੱਖ ਭਾਰ ਵਰਗਾਂ ਵਿੱਚੋਂ ਆਏ ਹਨ।

ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਦਾ ਤਾਜ਼ਾ ਗੋਲਡ ਮੈਡਲ ਅਗਸਤ 2022 ਵਿੱਚ 53 ਕਿੱਲੋ ਭਾਰ ਵਰਗ ਵਿੱਚ ਆਇਆ ਸੀ।

ਵਿਨੇਸ਼ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਚਚੇਰੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਕਈ ਅੰਤਰਰਾਸ਼ਟਰੀ ਮੈਡਲ ਜਿੱਤੇ ਹਨ।

ਪੀਵੀ ਸਿੰਧੂ

ਪੀਵੀ ਸਿੰਧੂ

ਤਸਵੀਰ ਸਰੋਤ, Getty Images

ਬੈਡਮਿੰਟਨ ਖਿਡਾਰਨ ਪੁਸਾਰਲਾ ਵੈਂਕਟ ਸਿੰਧੂ (ਪੀਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ।

ਟੋਕੀਓ ਖੇਡਾਂ ਦਾ ਬਰੌਂਜ਼ ਮੈਡਲ ਉਨ੍ਹਾਂ ਦੀ ਦੂਜੀ ਓਲੰਪਿਕ ਜਿੱਤ ਹੈ - ਉਨ੍ਹਾਂ ਨੇ 2016 ਵਿੱਚ ਰੀਓ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਸਿੰਧੂ ਨੇ 2022 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ।

ਇਸ ਤੋਂ ਪਹਿਲਾਂ ਸਿੰਧੂ ਨੇ 2021 ਵਿੱਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ (BWF) ਵਿਸ਼ਵ ਟੂਰ ਫਾਈਨਲਜ਼ ਵਿੱਚ ਗੋਲਡ ਮੈਡਲ ਜਿੱਤਿਆ ਸੀ।

ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਏ। ਉਨ੍ਹਾਂ ਨੇ ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ BWF ਵਿਸ਼ਵ ਦਰਜਾਬੰਦੀ ਦੇ ਸਿਖਰਲੇ 20 ਵਿੱਚ ਦਾਖਲਾ ਲਿਆ।

ਉਨ੍ਹਾਂ ਨੂੰ ਲੋਕਾਂ ਵੱਲੋਂ ਕੀਤੀ ਗਈ ਵੋਟਿੰਗ ਤੋਂ ਬਾਅਦ 2019 ਦੇ ਸਭ ਤੋਂ ਪਹਿਲੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਮਿਲਿਆ ਸੀ।

ਨਿਖ਼ਤ ਜ਼ਰੀਨ

ਨਿਖ਼ਤ ਜ਼ਰੀਨ

ਤਸਵੀਰ ਸਰੋਤ, Getty Images

2011 ਵਿੱਚ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ 2022 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨ ਵੱਲ ਵਧੇ।

ਨਿਖਤ ਨੇ ਫਲਾਈਵੇਟ ਵਰਗ ਵਿੱਚ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਮੁੱਕੇਬਾਜ਼ੀ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।

ਇਹ ਜ਼ਰੀਨ ਦੇ ਪਿਤਾ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਖੇਡਾਂ ਨਾਲ ਜਾਣੂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਊਰਜਾਵਾਨ ਧੀ ਆਫਣੀ ਊਰਜਾ ਸਹੀ ਇਸਤੇਮਾਲ ਕਰੇ।

12 ਸਾਲ ਦੀ ਉਮਰ ਵਿੱਚ ਇੱਕ ਮੁਕਾਬਲੇ ਦੌਰਾਨ ਉਨ੍ਹਾਂ ਦੀ ਅੱਖ ਕਾਲੀ ਹੋਣ ਅਤੇ ਉਨ੍ਹਾਂ ਦੇ ਵਿਆਹ ਦੀਆਂ ਸੰਭਾਵਨਾਵਾਂ ਬਾਰੇ ਰਿਸ਼ਤੇਦਾਰਾਂ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਦੀ ਮਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਨੂੰ ਪਾਸੇ ਰੱਖਦਿਆਂ, ਨਿਖਤ ਦੇ ਪਿਤਾ ਨੇ ਧੀ ਨੂੰ ਸੁਪਨਿਆਂ ਪੂਰੇ ਕਰਨ ਲਈ ਉਤਸ਼ਾਹਿਤ ਕੀਤਾ।

ਉਦੋਂ ਤੋਂ ਲੈ ਕੇ ਹੁਣ ਤੱਕ ਨਿਖਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)