18ਵੀਂ ਸਦੀ 'ਚ ਵਰਤੀ ਜਾਂਦੀ ਗੁਬਾਰੇ ਰਾਹੀਂ ਜਾਸੂਸੀ ਦੀ ਤਕਨੀਕ ਅੱਜ ਵੀ ਕਿਵੇਂ ਵਰਤੀ ਜਾ ਰਹੀ

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਟਲੀ ਦਾ ਇੱਕ ਗੁਬਾਰਾ ਪਹਿਲੇ ਵਿਸ਼ਵ ਯੁੱਧ ਦੋਰਾਨ

ਅਮਰੀਕਾ ਦੇ ਅਸਮਾਨ 'ਚ ਦੇਖੇ ਗਏ ਕਥਿਤ ਚੀਨੀ ਗੁਬਾਰੇ ਨੂੰ ਲੈ ਕੇ ਵਿਵਾਦ ਵਧ ਰਿਹਾ ਹੈ।

ਚੀਨ ਦੇ ਸ਼ੱਕੀ ਜਾਸੂਸੀ ਗੁਬਾਰੇ ਨੂੰ ਅਮਰੀਕੀ ਐਫ਼-22 ਫਲਾਇਟ ਜੈੱਟ ਨੇ ਦੱਖਣੀ ਕੈਰੋਲਿਨਾ ਦੇ ਅਟਲਾਂਟਿਕ ਤੱਟ ਨੇੜੇ 4 ਫ਼ਰਵਰੀ ਨੂੰ ਸੁੱਟ ਦਿੱਤਾ ਸੀ।

ਹਾਲਾਂਕਿ ਚੀਨ ਕਿਸੇ ਵੀ ਤਰ੍ਹਾਂ ਦੇ ਜਾਸੂਸੀ ਗੁਬਾਰੇ ਨੂੰ ਭੇਜਣ ਦੀ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ।

ਇਸ ਵਿਵਾਦ ਨੂੰ ਲੈ ਕੇ ਵਿਸ਼ਵ ਪੱਧਰ ਉਪਰ ਵੱਖ-ਵੱਖ ਦੇਸ਼ਾਂ ਵੱਲੋਂ ਦਿੱਤੇ ਜਾ ਰਹੇ ਤਰਕਾਂ ਨਾਲ ਆਪਸੀ ਪਾੜਾ ਵਧ ਰਿਹਾ ਹੈ।

ਮਨੁੱਖੀ ਇਤਿਹਾਸ ਦੀਆਂ ਜੰਗਾਂ ਵਿੱਚ, ਆਪਣੇ ਦੁਸ਼ਮਣ ਦੀ ਜਾਣਕਾਰੀ ਲਈ ਫੌਜਾਂ ਵੱਲੋਂ ਜਾਸੂਸੀ ਗੁਬਾਰਿਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਡਰੋਨ, ਸੈਟੇਲਾਈਟ ਅਤੇ ਉੱਚ ਦਰਜੇ ਦੇ ਜਾਸੂਸੀ ਜਹਾਜ਼ਾਂ ਦੇ ਸਮੇਂ ਵਿੱਚ ਕੀ ਜਾਸੂਸੀ ਵਾਲੇ ਗੁਬਾਰਿਆਂ ਦੀ ਹਾਲੇ ਵੀ ਕੋਈ ਵੱਡਾ ਦੇਸ਼ ਵਰਤੋਂ ਕਰ ਸਕਦਾ ਹੈ?

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 18ਵੀਂ ਸਦੀ ਵਿੱਚ ਗੁਬਾਰੇ ਦੀ ਖੋਜ ਦੀ ਇੱਕ ਪੇਂਟਿੰਗ

ਗੁਬਾਰਿਆਂ ਰਾਹੀਂ ਕਦੋਂ-ਕਦੋਂ ਹੋਈ ਜਾਸੂਸੀ

ਇੰਟਰਨੈਸ਼ਨਲ ਸਪਾਈ ਮਿਊਜ਼ਮ ਵਿੱਚ ਇਤਿਹਾਸਕਾਰ ਐਂਡਰਿਊ ਹੈਮੰਡ ਨੇ ਬੀਬੀਸੀ ਨੂੰ ਦੱਸਿਆ ਕਿ 1794 ਵਿੱਚ ਫ਼ਰਾਂਸੀਸੀ ਕ੍ਰਾਂਤੀ ਦੀ ਜੰਗ ਸਮੇਂ ਫਲੂਰਸ ਦੀ ਲੜਾਈ ਵਿੱਚ ਵੱਡੀ ਗਿਣਤੀ ਯੂਰਪੀ ਦੇਸ਼ ਫ਼ਰਾਂਸ ਦੇ ਖ਼ਿਲਾਫ਼ ਸੀ।

ਐਂਡਰਿਊ ਹੈਮੰਡ ਨੇ ਕਿਹਾ, "ਪਰ ਫ਼ਰਾਂਸ ਇਨ੍ਹਾਂ ਦੇਸ਼ਾਂ ਨੂੰ ਅਸਮਾਨ ਤੋਂ ਦੇਖ ਰਿਹਾ ਸੀ।"

ਹੈਮੰਡ ਮੁਤਾਬਕ, ਸਾਲ 1860 ਵਿੱਚ ਅਮਰੀਕੀ ਖਾਨਾਜੰਗੀ ਦੌਰਾਨ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਜਾਸੂਸੀ ਗੁਬਾਰਿਆਂ ਦੀ ਵਰਤੋਂ ਕੀਤੀ ਸੀ।

ਉਹ ਕਹਿੰਦੇ ਹਨ ਕਿ 1910-1945 ਦੌਰਾਨ ਹੋਈਆਂ ਸੰਸਾਰ ਜੰਗਾਂ ਵਿੱਚ ਇਨ੍ਹਾਂ ਦੀ ਵਰਤੋ ਹੋਈ ਸੀ, ਇਸ ਸਮੇਂ ਕੈਮਰੇ ਨੇ ਵੀ ਖੇਡ ਬਦਲ ਦਿੱਤੀ ਸੀ।

ਐਂਡਰਿਊ ਹੈਮੰਡ ਅਨੁਸਾਰ, ਸ਼ੀਤ ਯੁੱਧ ਦੇ ਸਮੇਂ (1950-1990) ਰੂਸ ਅਤੇ ਅਮਰੀਕਾ ਨੇ ਜਾਸੂਸੀ ਜਹਾਜ਼ਾਂ ਦੀ ਵਰਤੋਂ ਕੀਤੀ ਸੀ।

ਉਹ ਕਹਿੰਦੇ ਹਨ, "11 ਸਤੰਬਰ 2000 ਨੂੰ ਅਮਰੀਕਾ ਉੱਪਰ ਹਮਲੇ ਤੋਂ ਬਾਅਦ ਜਾਸੂਸੀ ਲਈ ਡਰੋਨ ਦੀ ਵਰਤੋਂ ਕੀਤੀ ਗਈ।"

Banner

ਗੁਬਾਰੇ ਰਾਹੀਂ ਜਾਸੂਸੀ ਬਾਰੇ ਖਾਸ ਗੱਲਾਂ:

  • ਗੁਬਾਰੇ ਰਾਹੀਂ ਜਾਸੂਸੀ ਕਰਨ ਦੀ ਤਕਨੀਕ ਦੀ ਅੱਜ ਵੀ ਮੰਗ ਹੈ
  • ਅਮਰੀਕਾ ਨੇ ਚੀਨ ਦੇ ਸ਼ੱਕੀ ਜਾਸੂਸੀ ਗੁਬਾਰੇ ਨੂੰ 4 ਫ਼ਰਵਰੀ ਨੂੰ ਸੁੱਟ ਦਿੱਤਾ ਸੀ
  • ਚੀਨ ਕਿਸੇ ਵੀ ਤਰ੍ਹਾਂ ਦੇ ਜਾਸੂਸੀ ਗੁਬਾਰੇ ਨੂੰ ਭੇਜਣ ਦੀ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ
  • ਸਾਲ 1794 ਵਿੱਚ ਫ਼ਰਾਂਸੀਸੀ ਕ੍ਰਾਂਤੀ ਦੀ ਜੰਗ ਸਮੇਂ ਗੁਬਾਰੇ ਦੀ ਵਰਤੋਂ ਕੀਤੀ ਗਈ ਸੀ
  • ਅਮਰੀਕੀ ਖਾਨਾਜੰਗੀ, ਦੋ ਸੰਸਾਰ ਜੰਗਾਂ ਸਮੇਂ ਵੀ ਇਸ ਤਕਨੀਕ ਦੀ ਵਰਤੋਂ ਹੋਈ ਸੀ
Banner

ਸੈਨਿਕ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਲੜਾਈਆਂ ਦੇ ਸਮੇਂ ਗੁਬਾਰਿਆਂ ਨੂੰ ਅਸਮਾਨ ਵਿੱਚ ਛੱਡ ਦਿੱਤਾ ਜਾਂਦਾ ਸੀ।

ਉਹ ਕਹਿੰਦੇ ਹਨ ਕਿ ਇਸ ਦੀ ਵਰਤੋਂ ਇਹ ਦੇਖਣ ਲਈ ਕੀਤੀ ਜਾਂਦੀ ਸੀ ਕਿ ਦੁਸ਼ਮਣ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ?

ਬਾਜਵਾ ਕਹਿੰਦੇ ਹਨ, "ਤੋਪਾਂ ਨੂੰ ਉੱਪਰੋਂ ਮਿਲੀ ਜਾਣਕਾਰੀ ਤੋਂ ਬਾਅਦ ਲਗਾਇਆ ਜਾਂਦਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਨਿਸ਼ਾਨਾ ਕਿੱਥੇ ਲਗਾਉਣਾ ਹੈ। ਇਹ ਸਭ ਝੰਡਿਆਂ ਜਾਂ ਵਾਇਰਲੈਸ ਰਾਹੀਂ ਮਿਲੀ ਜਾਣਕਾਰੀ ਤੋਂ ਬਾਅਦ ਕੀਤਾ ਜਾਂਦਾ ਸੀ।"

ਉਨ੍ਹਾਂ ਮੁਤਾਬਕ, "ਇਹ ਸਰਵੇਖਣ ਕਰਨ ਅਤੇ ਜਾਣਕਾਰੀ ਲੈਣ ਦਾ ਇੱਕ ਤਰੀਕਾ ਹੈ। ਗੁਬਾਰੇ ਦੀ ਵਰਤੋਂ ਹਵਾ ਅਤੇ ਮੌਸਮ ਦੀ ਜਾਣਕਾਰੀ ਤੋਂ ਇਲਾਵਾ ਧਮਾਕਾ ਕਰਨ ਲਈ ਵੀ ਕੀਤੀ ਜਾਂਦੀ ਸੀ। ਕਈ ਵਾਰ ਗੁਬਾਰੇ ਵਿੱਚ ਬੰਬ ਵੀ ਰੱਖੇ ਜਾਂਦੇ ਸਨ। ਜਿਸ ਇਲਾਕੇ ਵਿੱਚ ਜਾ ਕੇ ਇਹ ਫਟਦਾ ਸੀ, ਉੱਥੇ ਲੋਕ ਮਾਰੇ ਜਾਂਦੇ ਸਨ।"

ਗੂਬਾਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਨਿਕ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਗੁਬਾਰੇ ਦੀ ਵਰਤੋਂ ਇਹ ਦੇਖਣ ਲਈ ਕੀਤੀ ਜਾਂਦੀ ਸੀ ਕਿ ਦੁਸ਼ਮਣ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ?

ਫਰਾਂਸੀਸੀ ਜੰਗ ਤੋਂ ਹੁਣ ਤੱਕ ਗੁਬਾਰੇ ਦੀ ਮੰਗ ਕਿਉਂ ਹੋ ਰਹੀ ਹੈ

ਨਿਊਯਾਰਕ ਟਾਇਮ ਦੀ ਇੱਕ ਰਿਪੋਰਟ ਮੁਤਾਬਕ ਗੁਬਾਰੇ ਦੀ ਤਕਨੀਕ ਸਮੇਂ ਦੇ ਹਿਸਾਬ ਨਾਲ ਬਦਲਦੀ ਰਹੀ ਹੈ।

ਇਸ ਤਕਨੀਕ ਨਾਲ ਨਜ਼ਰ ਰੱਖਣ ਦਾ ਕੰਮ ਲਗਾਤਾਰ ਚੱਲਦਾ ਆ ਰਿਹਾ ਹੈ।

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇੱਕ ਸ਼ੱਕੀ ਵਸਤੂ ਜੋ ਕਿ ਗੁਬਾਰੇ ਵਰਗੀ ਗੋਲ ਸੀ, ਅਮਰੀਕਾ ਵਿੱਚ ਉੱਡ ਰਹੀ ਸੀ

ਰਿਪੋਰਟ ਮੁਤਾਬਾਕ, ਇਨਫਰਾਰੈੱਡ ਅਤੇ ਰੰਗੀਨ ਵੀਡੀਓ ਕੈਮਰਿਆਂ ਨਾਲ ਭਰੇ ਹੋਏ ਅਮਰੀਕੀ ਨਿਗਰਾਨੀ ਗੁਬਾਰੇ ਯੁੱਧ ਦੌਰਾਨ ਅਫਗਾਨਿਸਤਾਨ ਵਿੱਚ ਨਿਰੰਤਰ ਮੌਜੂਦ ਸਨ। ਇਨ੍ਹਾਂ ਨੂੰ ਐਰੋਸਟੈਟਸ ਵਜੋਂ ਜਾਣਿਆ ਜਾਂਦਾ ਹੈ।

ਹੀਲੀਅਮ ਗੁਬਾਰੇ ਪਹਿਲੀ ਵਾਰ 2004 ਵਿੱਚ ਇਰਾਕ ਵਿੱਚ ਵਰਤੇ ਗਏ ਸਨ।

ਇਹ ਅਮਰੀਕਾ ਦੀ ਦੱਖਣੀ ਸਰਹੱਦ ਦੀ ਨਿਗਰਾਨੀ ਕਰਨ ਲਈ ਵੀ ਵਰਤੇ ਗਏ ਹਨ।

ਸਾਲ 2014 ਵਿੱਚ ਬੀਬੀਸੀ ਦੇ ਇੱਕ ਲੇਖ ਵਿੱਚ ਲਿਖਿਆ ਗਿਆ ਸੀ ਕਿ, "ਏਰੋਸਟੈਟਸ ਨੂੰ ਅੱਜ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ ਉੱਤੇ, ਗਾਜ਼ਾ ਦੇ ਨਾਲ ਇਜ਼ਰਾਈਲ ਦੀ ਗੜਬੜ ਵਾਲੀ ਸਰਹੱਦ ਕੋਲ ਅਤੇ ਇੱਥੋਂ ਤੱਕ ਕਿ ਕੇਂਦਰੀ ਕਾਬੁਲ ਵਿੱਚ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਅਮਰੀਕੀ ਫੌਜ ਸੰਭਾਵਿਤ ਤਾਲਿਬਾਨੀ ਗਤੀਵਿਧੀਆਂ 'ਤੇ ਨਜ਼ਰ ਰੱਖਦੀ ਹੈ।"

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਅਸਮਾਨ ਤੋਂ ਗਿਰਾਏ ਗਏ ਗੁਬਾਰੇ ਦੇ ਅਵਸ਼ੇਸ਼

ਸਭ ਦੀਆਂ ਨਜਰਾਂ ਅਸਮਾਨ ਉਪਰ

ਜਾਣਕਾਰਾਂ ਦਾ ਕਹਿਣਾ ਹੈ ਕਿ ਸੈਟੇਲਾਇਟ ਰਾਹੀਂ ਉੱਪਰ ਤੋਂ ਜਾਸੂਸੀ ਕੀਤੀ ਜਾਂਦੀ ਹੈ।

ਗੁਬਾਰਾ ਉਸੇ ਉਚਾਈ ਉੱਪਰ ਖੜ੍ਹਾ ਰਹਿਦਾ ਹੈ, ਜਿੱਥੇ ਉਸ ਨੂੰ ਛੱਡਿਆ ਗਿਆ ਹੋਵੇ।

ਇਹ ਗੁਬਾਰੇ ਸੈਟੇਲਾਇਟ ਨਾਲੋਂ ਆਮ ਤੌਰ 'ਤੇ ਜ਼ਿਆਦਾ ਸਾਫ਼ ਤਸਵੀਰਾਂ ਲੈ ਸਕਦੇ ਹਨ।

ਇਤਿਹਾਸਕਾਰ ਐਂਡਰਿਊ ਹੈਮੰਡ ਕਹਿੰਦੇ ਹਨ ਕਿ ਮੇਰੇ ਲਈ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ 1794 ਦੀ ਤਕਨੀਕ ਹਾਲੇ ਤੱਕ ਕਿਵੇਂ ਚੱਲ ਰਹੀ ਹੈ?

ਉਹ ਕਹਿੰਦੇ ਹਨ, "ਹਰ ਚੀਜ ਦੇ ਫਾਇਦੇ ਅਤੇ ਨੁਕਸਾਨ ਹੁੰਦੇ ਹਨ। ਕਬੂਤਰਾਂ ਦੀ ਮਦਦ ਨਾਲ ਖਿੱਚੀਆਂ ਤਸਵੀਰਾਂ ਨੂੰ ਸਮਝਣਾ ਔਖਾ ਹੁੰਦਾ ਹੈ। ਜਹਾਜ਼ ਸਿੱਧੇ ਅਤੇ ਤੇਜ਼ ਜਾਂਦੇ ਹਨ। ਜਹਾਜ਼ ਕਈ ਦਿਨ ਇੱਕੋਂ ਥਾਂ ਉੱਪਰ ਨਹੀਂ ਰੁਕ ਸਕਦੇ।"

ਐਂਡਰਿਊ ਹੈਮੰਡ ਕਹਿੰਦੇ ਹਨ, "ਜੇਕਰ ਅਸੀਂ ਕੁਝ ਦੇਖਦੇ ਹਾਂ, ਸੁਣ ਸਕਦੇ ਹਾਂ ਅਤੇ ਉਸ ਨੂੰ ਛੂਹ ਸਕਦੇ ਹਾਂ ਤਾਂ ਅਸੀਂ ਇਸ ਉੱਪਰ ਯਕੀਨ ਕਰਦੇ ਹਾਂ ਪਰ ਇਹ ਸਾਇਬਰ ਯੁੱਗ ਹੈ, ਏਥੇ ਜ਼ੀਰੋਆਂ ਅਤੇ ਨੰਬਰ ਹਨ। ਜੇਕਰ ਇਹ ਆਰਟੀਫਿਸ਼ਲ ਇਟੈਲੀਜੈਂਸ ਹੈ ਤਾਂ ਇਹ ਕਾਫੀ ਮੁਸ਼ਕਿਲ ਹੈ ਪਰ ਇਸ ਲਈ ਅਸੀਂ ਸੋਚ ਸਕਦੇ ਹਾਂ ਕਿ ਚੀਨੀ ਇਸ ਗੁਬਾਰੇ ਰਾਹੀਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਸਨ।"

ਸੈਨਿਕ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਮੁਤਾਬਕ, "ਗੁਪਤ ਜਾਣਕਾਰੀ ਇਕੱਠੀ ਕਰਨ ਦੀ ਤਕਨੀਕ ਵਿੱਚ ਸਧਾਰ ਹੁੰਦਾ ਗਿਆ। ਜਦੋਂ ਗੁਬਾਰਾ ਉੱਡਦਾ ਹੈ ਤਾਂ ਇਹ ਚੰਗੇ ਕੈਮਰਿਆਂ ਨਾਲ ਸਿੱਧੀ ਫੀਡ ਭੇਜ ਸਕਦਾ ਹੈ। ਇਨਫਰਾਰੈੱਡ ਨਾਲ ਤੁਸੀਂ ਹਥਿਆਰਾਂ ਦੇ ਹੋਣ ਬਾਰੇ ਪਤਾ ਕਰ ਸਕਦੇ ਹੋ, ਦੁਸ਼ਮਣ ਦੀ ਗਿਣਤੀ ਅਤੇ ਗੱਡੀਆਂ ਆਦਿ ਦਾ ਵੀ ਪਤਾ ਲੱਗ ਜਾਂਦਾ ਹੈ।"

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਸਮਾਨ ਵਿੱਚ ਮਾਰ ਗਿਰਾਇਆ ਗਿਆ ਗੁਬਾਰਾ

ਗੁਬਾਰੇ ਕਾਰਨ ਅਮਰੀਕਾ ਤੇ ਚੀਨ ਵਿਚਕਾਰ ਦੂਰੀ ਵਧੀ

ਜਾਸੂਸੀ ਗੁਬਾਰੇ ਦੇ ਵਿਵਾਦ ਕਾਰਨ ਅਮਰੀਕਾ ਅਤੇ ਚੀਨ ਵਿਚਾਲੇ ਦੂਰੀ ਵਧ ਰਹੀ ਹੈ।

ਇਸ ਕਾਰਨ ਕੌਮਾਂਤਰੀ ਭਾਈਚਾਰੇ ਵਿਚ ਧਰੁਵੀਕਰਨ ਦਾ ਖ਼ਤਰਾ ਵੀ ਬਣ ਰਿਹਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਥਿਤ ਚੀਨੀ ਜਾਸੂਸੀ ਗੁਬਾਰੇ ਨੂੰ ਗੋਲੀ ਮਾਰਨ ਲਈ 'ਮਾਫੀ ਨਹੀਂ ਮੰਗਣਗੇ'।

ਕੁਝ ਘੰਟਿਆਂ ਬਾਅਦ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 'ਤਣਾਅ ਵਧਾਉਂਦੇ ਹੋਏ, ਅਮਰੀਕਾ ਗੱਲਬਾਤ ਜਾਰੀ ਰੱਖਣ ਲਈ ਨਹੀਂ ਕਹਿ ਸਕਦਾ'।

ਚੀਨ ਲਗਾਤਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਉਸ ਨੇ ਕੋਈ ਜਾਸੂਸੀ ਗੁਬਾਰਾ ਭੇਜਿਆ ਹੈ।

ਗੁਬਾਰੇ ਤੇ ਜਾਸੂਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੀਜਿੰਗ ਅਤੇ ਵਾਸ਼ਿੰਗਟਨ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ, ਲੋਕਾਂ ਨੇ ਇਸ ਮਾਮਲੇ ਨੂੰ ਨੇੜਿਓਂ ਦੇਖਣਾ ਸ਼ੁਰੂ ਕਰ ਦਿੱਤਾ ਹੈ।

ਪਰ ਅਮਰੀਕਾ ਵੀ ਆਪਣੇ ਇਲਜ਼ਾਮਾਂ ਦੇ ਸਮਰਥਨ ਵਿੱਚ ਲਗਾਤਾਰ ਨਵੇਂ ਸਬੂਤ ਪੇਸ਼ ਕਰ ਰਿਹਾ ਹੈ।

ਇਨ੍ਹਾਂ ਵਿਵਾਦਾਂ ਤੋਂ ਬਿਨਾਂ ਬੀਜਿੰਗ ਅਤੇ ਵਾਸ਼ਿੰਗਟਨ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ, ਲੋਕਾਂ ਨੇ ਇਸ ਮਾਮਲੇ ਨੂੰ ਨੇੜਿਓਂ ਦੇਖਣਾ ਸ਼ੁਰੂ ਕਰ ਦਿੱਤਾ ਹੈ।

ਰਾਸ਼ਟਰੀ ਸੁਰੱਖਿਆ ਅਤੇ ਭੂ-ਰਾਜਨੀਤਿਕ ਸਥਿਰਤਾ ਦੀਆਂ ਪੇਚੀਦਗੀਆਂ ਕਾਰਨ ਇਹ ਘਟਨਾ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਨਤੀਜਾ ਇਹ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ 'ਤੇ ਹੋਰ ਪੱਕੀਆਂ ਹੋ ਗਈਆਂ ਹਨ।

ਚੀਨ ਜਾਂ ਅਮਰੀਕਾ ਪ੍ਰਤੀ ਸਾਵਧਾਨੀ ਵਾਲਾ ਰਵੱਈਆ ਰੱਖਣ ਵਾਲੇ ਦੇਸ਼ਾਂ ਦਾ ਭਰੋਸਾ ਘਟਦਾ ਜਾ ਰਿਹਾ ਹੈ।

ਇਸ ਕਾਰਨ ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਦੂਰੀ ਨੂੰ ਘਟਾਉਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ।

ਇਸ ਘਟਨਾ ਨੇ ਚੀਨ ਦੀ ਜਾਸੂਸੀ ਪਹੁੰਚ ਬਾਰੇ ਕੁਝ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਸਰਕਾਰਾਂ ਹੁਣ ਇਸ ਗੱਲ ਦਾ ਮੁਲਾਂਕਣ ਕਰ ਰਹੀਆਂ ਹਨ ਕਿ ਉਹ ਚੀਨ ਦੀ ਨਿਗਰਾਨੀ ਸਮਰੱਥਾ ਬਾਰੇ ਕਿੰਨਾ ਕੁ ਜਾਣਦੇ ਹਨ।

Banner

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)