ਕਿਵੇਂ ਇੱਕ ਮਾਂ ਨੇ ਆਪਣੀ ਧੀ ਦੇ 'ਮ੍ਰਿਤਕ' ਬਲਾਤਕਾਰੀ ਬਾਰੇ ਪਤਾ ਕੀਤਾ

ਤਸਵੀਰ ਸਰੋਤ, SWASTIK PA
ਪਿਛਲੇ ਸਾਲ ਭਾਰਤ ਦੇ ਉੱਤਰੀ ਰਾਜ ਬਿਹਾਰ ਵਿੱਚ ਇੱਕ ਔਰਤ ਨੂੰ ਦੱਸਿਆ ਗਿਆ ਸੀ ਕਿ ਉਸ ਦੀ ਧੀ ਦੇ ਬਲਾਤਕਾਰੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਖਿਲਾਫ਼ ਚੱਲ ਰਿਹਾ ਕੇਸ ਬੰਦ ਹੋ ਗਿਆ ਹੈ।
ਮਾਂ ਨੂੰ ਇਹ ਗੱਲ ਮਨਘੜਤ ਲੱਗੀ ਤੇ ਉਸ ਨੇ ਸੱਚ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕੇਸ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਆਖਰਕਾਰ ਮਾਂ ਆਪਣੀ ਧੀ ਨੂੰ ਨਿਆਂ ਦਿਵਾਉਣ ਵਿੱਚ ਕਾਮਯਾਬ ਰਹੀ।
ਇਸ ਮਾਮਲੇ ਵਿੱਚ ਪਿਤਾ ਨੇ ਆਪਣੇ ਪੁੱਤ ਦੀ ਮੌਤ ਦੀ ਕਾਲਪਨਿਕ ਘਟਨਾ ਰਚੀ ਤੇ ਇਸ ਦੇ ਸਬੂਤ ਵੀ ਦਿੱਤੇ। ਨਕਲੀ ਸਸਕਾਰ ਤੇ ਹੋਰ ਕਾਰਵਾਈਆਂ ਵੀ ਕੀਤੀਆਂ ਗਈਆਂ।
ਜਿਨ੍ਹਾਂ ਦਾ ਪਰਦਾਫ਼ਾਸ਼ ਇੱਕ ਮਾਂ ਨੇ ਕੀਤਾ , ਜੋ ਆਪਣੀ ਧੀ ਦੇ ਬਲਾਤਕਾਰੀ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਸੀ।
ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੇ ਦ੍ਰਿੜਤਾ ਦੀ ਮਿਸਾਲ ਬਣੀ ਇਸ ਕਹਾਣੀ ਦੀ ਪੜਤਾਲ ਕੀਤੀ।
'ਬਲਾਤਕਾਰੀ ਦੀ ਮੌਤ'
ਪਿਛਲੇ ਸਾਲ ਫਰਵਰੀ ਮਹੀਨੇ ਦੀ ਇੱਕ ਸਵੇਰ ਦੋ ਵਿਅਕਤੀ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਕਹੀ ਜਾਂਦੀ ਗੰਗਾ ਦੇ ਕੰਢੇ ਇੱਕ ਸ਼ਮਸ਼ਾਨਘਾਟ ਵਿੱਚ ਪਹੁੰਚੇ।
ਬੇਸ਼ੱਕ ਉਹ ਉੱਥੇ ਹਿੰਦੂ ਧਰਮ ਮੁਤਾਬਿਕ ਅੰਤਿਮ ਸਸਕਾਰ ਕਰਨ ਲਈ ਆਏ ਹੋਏ ਸਨ। ਉਨ੍ਹਾਂ ਕੋਲ ਸਸਕਾਰ ਕਰਨ ਲਈ ਬਾਲਣ ਵੀ ਸੀ।
ਪਰ ਇੱਕ ਅਜੀਬ ਗੱਲ ਸੀ, ਉਹ ਆਏ ਤਾਂ ਸਸਕਾਰ ਕਰਨ ਪਰ ਬਿਨ੍ਹਾਂ ਕਿਸੇ ਲਾਸ਼ ਦੇ।
ਉਨ੍ਹਾਂ ਨੇ ਸ਼ਮਸ਼ਾਨਘਾਟ ਵਿੱਚ ਸਸਕਾਰ ਦਾ ਡਰਾਮਾ ਕੀਤਾ।
ਉਨ੍ਹਾਂ ਬੰਦਿਆਂ ਨੇ ਜ਼ਮੀਨ 'ਤੇ ਚਿਤਾ ਬਣਾਈ। ਫਿਰ, ਉਨ੍ਹਾਂ ਵਿੱਚੋਂ ਇੱਕ ਖ਼ੁਦ ਹੀ ਚਿਤਾ ਉੱਤੇ ਪੈ ਗਿਆ। ਉਸ ਨੇ ਆਪਣੇ ਆਪ ਨੂੰ ਚਿੱਟੇ ਰੰਗ ਦੇ ਕਫ਼ਨ ਨਾਲ ਢੱਕ ਲਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ।
ਦੂਜੇ ਨੇ ਫਿਰ ਉਦੋਂ ਤੱਕ ਹੋਰ ਲੱਕੜਾਂ ਦਾ ਢੇਰ ਲਗਾਇਆ ਜਦੋਂ ਤੱਕ ਕਿ ਪਹਿਲੇ ਆਦਮੀ ਦਾ ਸਿਰ ਲੱਕੜਾਂ ਹੇਠੋਂ ਨਜ਼ਰ ਆਉਣਾ ਬੰਦ ਨਾ ਹੋ ਗਿਆ।
ਇਸ ਮੌਕੇ ਦੀਆਂ ਦੋ ਤਸਵੀਰਾਂ ਲਈਆਂ ਗਈਆਂ। ਇਹ ਸਪੱਸ਼ਟ ਨਹੀਂ ਹੈ ਕਿ ਤਸਵੀਰਾਂ ਕਿਸ ਨੇ ਲਈਆਂ ਜਾਂ ਕੋਈ ਤੀਜਾ ਵਿਅਕਤੀ ਉੱਥੇ ਮੌਜੂਦ ਸੀ ਜਾਂ ਨਹੀਂ।

ਤਸਵੀਰ ਸਰੋਤ, SWASTIK PAL
ਪਿਤਾ ਦਾ ਸਾਥ
'ਮ੍ਰਿਤਕ' ਵਿਅਕਤੀ 39 ਸਾਲਾ ਨੀਰਜ ਮੋਦੀ ਸੀ, ਜੋ ਸਰਕਾਰੀ ਸਕੂਲ ਦਾ ਅਧਿਆਪਕ ਸੀ। ਦੂਜਾ ਵਿਅਕਤੀ ਉਸ ਦਾ ਪਿਤਾ ਰਾਜਾਰਾਮ ਮੋਦੀ ਸੀ, ਜੋ ਸੱਠ ਕੁ ਸਾਲ ਦਾ ਕਿਸਾਨ ਸੀ।
ਰਾਜਾਰਾਮ ਮੋਦੀ ਫਿਰ ਇੱਕ ਵਕੀਲ ਨਾਲ ਕਰੀਬ 100 ਕਿਲੋਮੀਟਰ ਦੂਰ ਇੱਕ ਅਦਾਲਤ ਵਿੱਚ ਗਿਆ।
ਉੱਥੇ ਉਸ ਨੇ ਇੱਕ ਹਫ਼ਲਨਾਮੇ 'ਤੇ ਦਸਤਖ਼ਤ ਕੀਤੇ ਕਿ ਉਸ ਦੇ ਪੁੱਤਰ ਨੀਰਜ ਮੋਦੀ ਦੀ 27 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਦੇ ਘਰ ਵਿੱਚ ਮੌਤ ਹੋ ਗਈ ਸੀ।
ਉਸ ਨੇ ਸਬੂਤ ਵਜੋਂ ਸਸਕਾਰ ਦੀਆਂ ਦੋ ਤਸਵੀਰਾਂ ਅਤੇ ਅੰਤਿਮ ਰਸਮਾਂ ਲਈ ਖਰੀਦੀ ਗਈ ਲੱਕੜ ਦੀਆਂ ਰਸੀਦਾਂ ਵੀ ਦਿੱਤੀਆਂ।
ਇਹ ਘਟਨਾਕ੍ਰਮ ਪੁਲਿਸ ਵੱਲੋਂ ਨੀਰਜ ਮੋਦੀ ਦੇ ਖਿਲਾਫ਼ ਬਲਾਤਕਾਰ ਦੇ ਦੋਸ਼ ਆਇਦ ਕੀਤੇ ਜਾਣ ਤੋਂ ਛੇ ਦਿਨ ਬਾਅਦ ਹੋਇਆ ਸੀ।

ਤਸਵੀਰ ਸਰੋਤ, SWASTIK PAL
ਬਲਾਤਕਾਰ ਦਾ ਮਾਮਲਾ
ਮੋਦੀ 'ਤੇ ਅਕਤੂਬਰ 2018 ਵਿੱਚ ਇੱਕ 12 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹ ਲੜਕੀ ਉਸ ਦੀ ਵਿਦਿਆਰਥਣ ਵੀ ਸੀ।
ਲੜਕੀ ਨੂੰ ਉਦੋਂ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਉਹ ਕਮਾਦ ਵਿਚ ਇਕੱਲੀ ਸੀ। ਉਸ ਦੇ ਹਮਲਾਵਰ ਨੇ ਦਾਅਵਾ ਕੀਤਾ ਕਿ ਉਸ ਨੇ ਹਮਲੇ ਦੀ ਵੀਡਿਓ ਬਣਾਈ ਹੈ ਅਤੇ ਉਹ ਇਸ ਨੂੰ ਵਾਇਰਲ ਕਰੇਗਾ।
ਲੜਕੀ ਦੀ ਮਾਂ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਤੁਰੰਤ ਬਾਅਦ ਮੋਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ।
ਪਿਛਲੇ ਸਾਲ ਨੀਰਜ ਮੋਦੀ ਦੀ 'ਮੌਤ' ਤੋਂ ਬਾਅਦ ਬਹੁਤ ਤੇਜ਼ੀ ਨਾਲ ਸਥਿਤੀ ਬਦਲੀ।
ਉਸ ਦੇ ਪਿਤਾ ਵੱਲੋਂ ਅਦਾਲਤ ਨੂੰ ਸੂਚਿਤ ਕਰਨ ਤੋਂ ਦੋ ਮਹੀਨੇ ਬਾਅਦ ਸਥਾਨਕ ਅਧਿਕਾਰੀਆਂ ਨੇ ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ।
ਮਈ ਵਿੱਚ ਅਦਾਲਤ ਨੇ ਕਾਰਵਾਈ ਬੰਦ ਕਰ ਦਿੱਤੀ ਕਿਉਂਕਿ 'ਕੇਸ ਦੇ ਇੱਕਲੌਤੇ ਮੁਲਜ਼ਮ' ਦੀ ਮੌਤ ਹੋ ਚੁੱਕੀ ਸੀ।
ਮਾਂ ਦਾ ਸ਼ੱਕ ਕਰਨਾ
ਸਿਰਫ਼ ਇੱਕ ਵਿਅਕਤੀ ਨੂੰ ਸ਼ੱਕ ਸੀ ਕਿ ਅਧਿਆਪਕ ਨੇ ਉਸ ਦੀ ਮੌਤ ਦਾ ਝੂਠਾ ਡਰਾਮਾ ਬਣਾਇਆ ਸੀ ਅਤੇ ਸਜ਼ਾ ਤੋਂ ਬਚਣ ਲਈ ਉਹ ਛੁਪ ਗਿਆ।
ਉਹ ਵਿਅਕਤੀ ਸੀ ਲੜਕੀ ਦੀ ਮਾਂ। ਇੱਕ ਗਰੀਬ ਔਰਤ ਜੋ ਮੋਦੀ ਦੀ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ।
ਜਦੋਂ ਮੈਂ ਹਾਲ ਹੀ ਵਿੱਚ ਉਸ ਮਾਂ ਨੂੰ ਮਿਲਿਆ ਸੀ, ਤਾਂ ਉਸ ਨੇ ਕਿਹਾ, "ਜਿਸ ਪਲ ਮੈਨੂੰ ਪਤਾ ਲੱਗਾ ਕਿ ਨੀਰਜ ਮੋਦੀ ਮਰ ਗਿਆ ਹੈ, ਮੈਨੂੰ ਪਤਾ ਸੀ ਕਿ ਇਹ ਝੂਠ ਹੈ। ਮੈਨੂੰ ਯਕੀਨ ਸੀ ਕਿ ਉਹ ਜ਼ਿੰਦਾ ਹੈ।"
ਭਾਰਤ ਵਿੱਚ 10 ਵਿੱਚੋਂ ਸੱਤ ਮੌਤਾਂ ਦੇਸ਼ ਦੇ ਕਰੀਬ 700,000 ਪਿੰਡਾਂ ਵਿੱਚ ਹੁੰਦੀਆਂ ਹਨ। ਸ਼ਹਿਰਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਤੁਲਨਾ ਵਿੱਚ ਪਿੰਡਾਂ ਵਿੱਚ ਕਿਤੇ ਵੱਧ ਮੌਤਾਂ ਘਰਾਂ ਵਿੱਚ ਹੁੰਦੀਆਂ ਹਨ।

ਤਸਵੀਰ ਸਰੋਤ, SWASTIK PAL
ਮੌਤ ਦੀ ਪ੍ਰਮਾਣਕਤਾ ਕਰਦਾ ਸਰਟੀਫ਼ਿਕੇਟ
ਇੱਕ 54 ਸਾਲ ਪੁਰਾਣੇ ਕਾਨੂੰਨ ਵਿੱਚ ਜਨਮ ਅਤੇ ਮੌਤ ਦੇ ਤੱਥਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ, ਪਰ ਮੌਤ ਦੇ ਕਾਰਨਾਂ ਦੀ ਨਹੀਂ।
ਜਦੋਂ ਬਿਹਾਰ ਦੇ ਕਿਸੇ ਪਿੰਡ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਆਪਣਾ ਵਿਲੱਖਣ ਬਾਇਓਮੀਟ੍ਰਿਕ ਪਛਾਣ ਨੰਬਰ ਜਮ੍ਹਾ ਕਰਵਾਉਣਾ ਪੈਂਦਾ ਹੈ।
ਇਸ ਦੇ ਨਾਲ ਹੀ ਪਿੰਡ ਦੇ ਪੰਜ ਨਿਵਾਸੀਆਂ ਦੇ ਦਸਤਖ਼ਤ ਲੈਣੇ ਪੈਂਦੇ ਹਨ, ਜੋ ਮੌਤ ਨੂੰ ਪ੍ਰਮਾਣਿਤ ਕਰਦੇ ਹਨ।
ਇਸ ਦੇ ਬਾਅਦ ਇਨ੍ਹਾਂ ਨੂੰ ਫਿਰ ਸਥਾਨਕ ਪੰਚਾਇਤ ਜਾਂ ਗ੍ਰਾਮ ਸਭਾ ਨੂੰ ਦੇਣਾ ਹੁੰਦਾ ਹੈ। ਇੱਕ ਸਥਾਨਕ ਰਜਿਸਟਰਾਰ ਸਮੇਤ ਇਸ ਦੇ ਮੈਂਬਰ ਕਾਗਜ਼ਾਂ ਦੀ ਜਾਂਚ ਕਰਦੇ ਹਨ। ਜੇ ਸਭ ਕੁਝ ਠੀਕ ਹੋਵੇ ਤਾਂ ਇੱਕ ਹਫ਼ਤੇ ਦੇ ਅੰਦਰ ਮੌਤ ਦਾ ਸਰਟੀਫ਼ਿਕੇਟ ਜਾਰੀ ਕਰਨਾ ਹੁੰਦਾ ਹੈ।
ਪੀੜਤ ਲੜਕੀ ਦੇ ਵਕੀਲ ਜੈ ਕਰਨ ਗੁਪਤਾ ਨੇ ਕਿਹਾ, "ਸਾਡੇ ਪਿੰਡ ਸੰਘਣੇ ਅਤੇ ਆਪਸ ਵਿੱਚ ਜੁੜੇ ਹੋਏ ਹਨ। ਹਰ ਕੋਈ ਹਰ ਕਿਸੇ ਨੂੰ ਜਾਣਦਾ ਹੈ। ਇਸ ਲਈ ਅਜਿਹਾ ਨਹੀਂ ਹੁੰਦਾ ਕਿ ਕਿਸੇ ਨੂੰ ਮੌਤ ਬਾਰੇ ਪਤਾ ਨਾ ਲੱਗਿਆ ਹੋਵੇ।"
ਰਾਜਾਰਾਮ ਮੋਦੀ ਨੇ ਪੰਜ ਪਿੰਡ ਵਾਸੀਆਂ ਦੇ ਦਸਤਖਤ ਅਤੇ ਬਾਇਓਮੈਟ੍ਰਿਕ ਪਛਾਣ ਨੰਬਰ ਅਤੇ ਹਲਫਨਾਮਾ ਪੇਸ਼ ਕੀਤਾ ਸੀ ਕਿ ਉਸ ਦਾ ਪੁੱਤਰ ਮਰ ਗਿਆ ਹੈ। ਅਜਿਹਾ ਕਰਕੇ ਉਸ ਨੇ ਆਪਣੇ ਪੁੱਤਰ ਦੀ ਮੌਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਸੀ।
ਦਸਤਾਵੇਜ਼ ਵਿੱਚ ਮੌਤ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਸੀ। ਬਾਲਣ ਦੀ ਦੁਕਾਨ ਤੋਂ ਲਈ ਰਸੀਦ ਵਿੱਚ ਦਰਜ ਸੀ ਕਿ ਮੌਤ 'ਬਿਮਾਰੀ' ਕਾਰਨ ਹੋਈ ਸੀ।
ਫ਼ਰਜੀ ਮੌਤ ਦਾ ਪਤਾ ਲੱਗਣਾ
ਪਿਛਲੇ ਮਈ ਮਹੀਨੇ ਵਿੱਚ ਇੱਕ ਦਿਨ ਲੜਕੀ ਦੀ ਮਾਂ ਨੂੰ ਵਕੀਲ ਤੋਂ ਪਤਾ ਲੱਗਾ ਕਿ ਨੀਰਜ ਮੋਦੀ ਦੇ ਖ਼ਿਲਾਫ਼ ਕੇਸ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਦੀ ਮੌਤ ਹੋ ਚੁੱਕੀ ਹੈ।
ਉਸ ਨੇ ਮੈਨੂੰ ਪੁੱਛਿਆ, "ਪਰ ਕਿਵੇਂ ਕਿਸੇ ਨੂੰ ਵੀ ਅਧਿਆਪਕ ਦੀ ਮੌਤ ਦਾ ਪਤਾ ਨਹੀਂ ਲੱਗਿਆ? ਮੌਤ ਤੋਂ ਬਾਅਦ ਕੋਈ ਰਸਮ ਕਿਉਂ ਨਹੀਂ ਕੀਤੀ ਗਈ? ਮੌਤ ਬਾਰੇ ਕੋਈ ਗੱਲ ਕਿਉਂ ਨਹੀਂ ਹੋਈ?"
ਉਸ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਤੋਂ ਪੁੱਛਦੀ ਰਹੀ ਕਿ ਕੀ ਨੀਰਜ ਮੋਦੀ ਮਰ ਗਿਆ ਹੈ, ਪਰ ਕਿਸੇ ਨੇ ਇਹ ਖ਼ਬਰ ਨਹੀਂ ਸੁਣੀ ਸੀ।
ਫਿਰ ਉਹ ਮਾਮਲੇ ਦੀ ਜਾਂਚ ਲਈ ਅਦਾਲਤ ਵਿੱਚ ਗਈ, ਪਰ ਜੱਜਾਂ ਨੇ ਅਧਿਆਪਕ ਦੇ ਜੀਵਤ ਹੋਣ ਨੂੰ ਸਾਬਤ ਕਰਨ ਲਈ ਸਬੂਤ ਮੰਗੇ।
ਮਈ ਦੇ ਅੱਧ ਵਿੱਚ, ਮਾਂ ਨੇ ਇੱਕ ਸੀਨੀਅਰ ਸਥਾਨਕ ਅਧਿਕਾਰੀ ਨੂੰ ਦਰਖਾਸਤ ਦਿੱਤੀ। ਜਿਸ ਵਿੱਚ ਉਸ ਨੇ ਕਿਹਾ ਕਿ ਪਿੰਡ ਦੀ ਗ੍ਰਾਮ ਸਭਾ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਤੋਂ ਬਾਅਦ ਬਹੁਤ ਕੁਝ ਸਪੱਸ਼ਟ ਹੋਣ ਲੱਗਿਆ।
ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਗ੍ਰਾਮ ਸਭਾ ਨੂੰ ਸੂਚਿਤ ਕੀਤਾ।
ਇਸ ਦੇ ਮੈਂਬਰਾਂ ਨੇ ਰਾਜਾਰਾਮ ਮੋਦੀ ਤੋਂ ਉਸ ਦੇ ਪੁੱਤਰ ਦੀ ਮੌਤ ਬਾਰੇ ਹੋਰ ਸਬੂਤ ਮੰਗੇ,"ਮ੍ਰਿਤਕ ਦੀਆਂ ਮੌਤ ਤੋਂ ਬਾਅਦ ਦੀਆਂ ਫੋਟੋਆਂ, ਸਸਕਾਰ, ਜਲਦੀ ਹੋਈ ਚਿਤਾ, ਅੰਤਿਮ ਰਸਮਾਂ ਅਤੇ ਪੰਜ ਗਵਾਹਾਂ ਦੀ ਗਵਾਹੀ (ਪਹਿਲੇ ਗਵਾਹਾਂ ਨਾਲੋਂ ਅਲੱਗ ਵਿਅਕਤੀ)।"

ਤਸਵੀਰ ਸਰੋਤ, SWASTIK PAL
ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਬੇਖ਼ਬਰ ਹੋਣਾ
ਗ੍ਰਾਮ ਸਭਾ ਦੇ ਮੈਂਬਰਾਂ ਨੇ ਲਗਭਗ 250 ਘਰਾਂ ਵਾਲੇ ਪਿੰਡ ਦੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ। ਨੀਰਜ ਮੋਦੀ ਦੀ ਮੌਤ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ।
ਸਿਰ ਮੁੰਨਾਉਣਾ (ਮੁੰਡਣ) ਹਿੰਦੂ ਧਰਮ ਵਿੱਚ ਸੋਗ ਮਨਾਉਣ ਦੀ ਪਰੰਪਰਾ ਹੈ ਜੋ ਆਮ ਤੌਰ 'ਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ 'ਤੇ ਕਰਵਾਈ ਜਾਂਦੀ ਹੈ।
ਫਿਰ ਵੀ ਮੋਦੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਆਪਣਾ ਸਿਰ ਨਹੀਂ ਮੁੰਨਵਾਇਆ ਸੀ।
ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰੋਹਿਤ ਕੁਮਾਰ ਪਾਸਵਾਨ ਨੇ ਕਿਹਾ, ''ਇੱਥੋਂ ਤੱਕ ਕਿ ਨੀਰਜ ਮੋਦੀ ਦੇ ਰਿਸ਼ਤੇਦਾਰਾਂ ਨੂੰ ਵੀ ਉਸ ਦੀ ਮੌਤ ਜਾਂ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ।''
''ਉਹ ਕਹਿੰਦੇ ਰਹੇ ਕਿ ਜੇਕਰ ਮੌਤ ਹੁੰਦੀ ਤਾਂ ਅੰਤਿਮ ਰਸਮਾਂ ਘਰ ਵਿੱਚ ਹੀ ਹੁੰਦੀਆਂ।"
ਗ੍ਰਾਮ ਸਭਾ ਦੇ ਮੈਂਬਰਾਂ ਨੇ ਰਾਜਾਰਾਮ ਮੋਦੀ ਤੋਂ ਦੁਬਾਰਾ ਪੁੱਛਗਿੱਛ ਕੀਤੀ। ਉਹ ਆਪਣੇ ਪੁੱਤਰ ਦੀ ਮੌਤ ਦਾ ਤਾਜ਼ਾ ਸਬੂਤ ਦੇਣ ਵਿੱਚ ਅਸਫਲ ਰਹੇ।
ਗ੍ਰਾਮ ਸਭਾ ਦੇ ਸਕੱਤਰ ਧਰਮਿੰਦਰ ਕੁਮਾਰ ਨੇ ਕਿਹਾ, "ਜਦੋਂ ਅਸੀਂ ਉਸ ਤੋਂ ਹੋਰ ਸਵਾਲ ਪੁੱਛੇ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।"
ਜਾਂਚ ਤੋਂ ਬਾਅਦ ਸਿੱਟਾ ਨਿਕਲਿਆ ਕਿ ਨੀਰਵ ਮੋਦੀ ਨੇ ਆਪਣੀ ਮੌਤ ਦਾ ਡਰਾਮਾ ਰਚਿਆ ਸੀ। ਪਿਤਾ-ਪੁੱਤਰ ਦੋਵਾਂ ਨੇ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ ਬਣਾਏ ਸਨ।
ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਿਆ ਕਿ ਸਕੂਲ ਦੇ ਅਧਿਆਪਕ ਨੇ ਆਪਣੇ ਪੰਜ ਵਿਦਿਆਰਥੀਆਂ ਦੇ ਮਾਪਿਆਂ ਦੇ ਬਾਇਓਮੈਟ੍ਰਿਕ ਪਛਾਣ ਨੰਬਰ ਲਏ ਸਨ।
ਆਪਣੀ ਹੀ ਮੌਤ ਦਾ ਸਰਟੀਫਿਕੇਟ ਲੈਣ ਲਈ ਇੱਕ ਕਾਗਜ਼ 'ਤੇ ਉਨ੍ਹਾਂ ਦੇ ਜਾਅਲੀ ਦਸਤਖਤ ਕੀਤੇ ਸਨ।
ਉਸ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਕਿ ਉਹ ਵਿਦਿਆਰਥੀਆਂ ਨੂੰ ਜੋ ਵਜ਼ੀਫਾ ਲੁਆਉਣਾ ਚਾਹੁੰਦਾ ਹੈ, ਉਸ ਲਈ ਉਨ੍ਹਾਂ ਦੇ ਇਨ੍ਹਾਂ ਪਛਾਣ ਨੰਬਰਾਂ ਦੀ ਲੋੜ ਹੈ।
23 ਮਈ ਨੂੰ ਅਧਿਕਾਰੀਆਂ ਨੇ ਨੀਰਜ ਮੋਦੀ ਦਾ ਮੌਤ ਦਾ ਸਰਟੀਫਿਕੇਟ ਰੱਦ ਕਰ ਦਿੱਤਾ। ਪੁਲਿਸ ਨੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ।
ਪਾਸਵਾਨ ਨੇ ਕਿਹਾ, ''ਮੈਂ ਆਪਣੇ ਕਰੀਅਰ ਵਿੱਚ ਕਦੇ ਵੀ ਇਸ ਤਰ੍ਹਾਂ ਦੇ ਮਾਮਲੇ ਦੀ ਜਾਂਚ ਨਹੀਂ ਕੀਤੀ। ਸਾਜ਼ਿਸ਼ ਹੋਈ ਸੀ ਪਰ ਪਰ ਸਿਰੇ ਨਹੀਂ ਚੜ੍ਹੀ ਸੀ।''

ਤਸਵੀਰ ਸਰੋਤ, THE NEWS POST
ਕੇਸ ਮੁੜ ਸ਼ੁਰੂ ਹੋਣਾ
ਜੁਲਾਈ ਵਿੱਚ ਅਦਾਲਤ ਨੇ ਕੇਸ ਨੂੰ ਦੁਬਾਰਾ ਇਹ ਕਹਿੰਦੇ ਹੋਏ ਖੋਲ੍ਹਿਆ ਕਿ ਮੁਲਜ਼ਮ ਨੂੰ ਸਜ਼ਾ ਤੋਂ ਬਚਾਉਣ ਲਈ ਅਦਾਲਤ ਨੂੰ ਨਾਲ ਧੋਖਾਧੜੀ ਕੀਤੀ ਗਈ ਅਤੇ ਗੁੰਮਰਾਹ ਕੀਤਾ ਗਿਆ ਸੀ।
ਅਧਿਆਪਕ ਦਾ ਪਤਾ ਲਗਾਉਣ ਦੀ ਲੜਾਈ ਲੜਨ ਵਾਲੀ ਅਣਥੱਕ ਮਾਂ ਉਸ ਦੀ ਗ੍ਰਿਫ਼ਤਾਰੀ ਲਈ ਅਦਾਲਤ ਵਿੱਚ ਗਈ।
ਅਕਤੂਬਰ ਵਿੱਚ ਖੁਦ ਨੂੰ ਮ੍ਰਿਤਕ ਐਲਾਨੇ ਜਾਣ ਦੇ ਨੌਂ ਮਹੀਨੇ ਬਾਅਦ ਨੀਰਜ ਮੋਦੀ ਨੇ ਆਪਣੇ ਆਪ ਨੂੰ ਅਦਾਲਤ ਅੱਗੇ ਪੇਸ਼ ਕੀਤਾ।
ਮੁਕੱਦਮੇ ਦੌਰਾਨ ਉਸ ਨੇ ਬਲਾਤਕਾਰ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣਾ ਬਚਾਅ ਕੀਤਾ ਸੀ। ਹੁਣ ਉਹ ਕਚਹਿਰੀ ਤੋਂ ਬਾਹਰ ਨਿਕਲਿਆ ਤਾਂ ਨਿਰਾਸ਼ ਤੇ ਹੱਥਕੜ੍ਹੀਆਂ ਵਿੱਚ ਜਕੜਿਆ ਹੋਇਆ ਸੀ।
ਪਿਛਲੇ ਮਹੀਨੇ ਅਦਾਲਤ ਨੇ ਨੀਰਜ ਮੋਦੀ ਨੂੰ ਬੱਚੀ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਅਤੇ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ। ਉਸ ਨੇ ਪੀੜਤ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ।
ਰਾਜਾਰਾਮ ਮੋਦੀ ਵੀ ਜੇਲ੍ਹ ਵਿੱਚ ਹੈ ਜੋ ਧੋਖਾਧੜੀ ਅਤੇ ਬੇਈਮਾਨੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਵਿੱਚ ਉਸ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ।
ਹੁਣ ਦੋਵਾਂ ਪਿਓ-ਪੁੱਤਰ ਖ਼ਿਲਾਫ਼ ਫ਼ਰਜੀ ਮੌਤ ਦੇ ਸਰਟੀਫਿਕੇਟ ਬਣਾਉਣ ਨਾਲ ਸਬੰਧਤ ਮਾਮਲਾ ਚੱਲ ਰਿਹਾ ਹੈ।
ਤਿੰਨ ਸਾਲਾਂ ਬਾਅਦ ਮਿਲਿਆ ਇਨਸਾਫ਼
ਬੱਚੀ ਦੀ ਮਾਂ ਨੇ ਕਿਹਾ, "ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਮੈਂ ਇਹ ਯਕੀਨੀ ਬਣਾਉਣ ਲਈ ਅਦਾਲਤ ਦੇ ਚੱਕਰ ਲਾਏ ਤਾਂ ਕਿ ਮੇਰੀ ਧੀ 'ਤੇ ਜਿਨਸੀ ਹਮਲਾ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ।"
"ਅਤੇ ਫਿਰ ਇੱਕ ਦਿਨ ਉਸ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਉਹ ਮਰ ਗਿਆ ਹੈ। ਇੱਕ ਆਦਮੀ ਇਸ ਤਰ੍ਹਾਂ ਹਵਾ ਵਿੱਚ ਕਿਵੇਂ ਗਾਇਬ ਹੋ ਸਕਦਾ ਹੈ?''
''ਵਕੀਲ ਨੇ ਮੈਨੂੰ ਦੱਸਿਆ ਕਿ ਮੌਤ ਨੂੰ ਝੂਠਾ ਸਾਬਤ ਕਰਨ ਲਈ ਨਵਾਂ ਕੇਸ ਲੜਨ ਲਈ ਬਹੁਤ ਸਾਰਾ ਪੈਸਾ ਖਰਚ ਕਰਨਾ ਪਵੇਗਾ। ਹੋਰਨਾਂ ਨੇ ਮੈਨੂੰ ਕਿਹਾ ਕਿ ਮੁਲਜ਼ਮ ਜੇਲ੍ਹ ਤੋਂ ਬਾਹਰ ਆ ਕੇ ਬਦਲਾ ਲਵੇਗਾ।''
''ਮੈਂ ਕੋਈ ਪਰਵਾਹ ਨਹੀਂ ਕੀਤੀ। ਮੈਂ ਕਿਹਾ ਕਿ ਮੈਂ ਪੈਸਿਆਂ ਦਾ ਇੰਤਜ਼ਾਮ ਕਰ ਲਵਾਂਗੀ। ਮੈਂ ਡਰਨ ਵਾਲੀ ਨਹੀਂ ਹਾਂ। ਮੈਂ ਜੱਜ ਅਤੇ ਅਧਿਕਾਰੀਆਂ ਨੂੰ ਕਿਹਾ 'ਸੱਚਾਈ ਦਾ ਪਤਾ ਲਗਾਓ।''ਬੱਚੀ ਦੀ ਮਾਂ ਨੇ ਕਿਹਾ, "ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਮੈਂ ਇਹ ਯਕੀਨੀ ਬਣਾਉਣ ਲਈ ਅਦਾਲਤ ਦੇ ਚੱਕਰ ਲਾਏ ਤਾਂ ਕਿ ਮੇਰੀ ਧੀ 'ਤੇ ਜਿਨਸੀ ਹਮਲਾ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ।"

ਤਸਵੀਰ ਸਰੋਤ, SWASTIK PAL
ਗਰੀਬੀ ਤੇ ਹੌਸਲਾ
ਅਸੀਂ ਭਾਰਤ ਦੇ ਸਭ ਤੋਂ ਗਰੀਬ ਰਾਜਾਂ ਵਿੱਚੋਂ ਇੱਕ ਬਿਹਾਰ ਦੇ ਅੰਦਰਲੇ ਹਿੱਸੇ ਵਿੱਚ ਸਥਿਤ ਪੀੜਤ ਦੇ ਪਿੰਡ ਤੱਕ ਪਹੁੰਚਣ ਲਈ ਖੁੱਲ੍ਹੇ ਸੀਵਰਾਂ, ਝੌਂਪੜੀਆਂ, ਪੀਲੇ ਸਰ੍ਹੋਂ ਦੇ ਖੇਤਾਂ ਅਤੇ ਧੂੰਏਂ ਨਾਲ ਭਰੇ ਹੋਏ ਇੱਟਾਂ ਦੇ ਭੱਠਿਆਂ ਤੱਕ ਟੋਇਆਂ ਨਾਲ ਭਰੀਆਂ ਸੜਕਾਂ 'ਤੇ ਘੰਟਿਆਂ ਬੱਧੀ ਗੱਡੀ ਚਲਾਈ।
ਇੱਕ ਭੀੜੀ, ਪਰ ਪੱਕੀ ਗਲੀ ਵਿੱਚ ਸੈਟੇਲਾਈਟ ਡਿਸ਼ਾਂ ਨਾਲ ਢਕੇ ਇੱਟਾਂ ਦੇ ਘਰਾਂ ਕੋਲੋਂ ਹੋ ਕੇ ਗੁਜ਼ਰਦੀ ਹੈ।
ਇਹ ਮਾਂ ਆਪਣੇ ਦੋ ਸਕੂਲ ਜਾ ਰਹੇ ਪੁੱਤਰਾਂ ਅਤੇ ਆਪਣੀ ਧੀ ਨਾਲ ਟੀਨ ਅਤੇ ਕਾਨ੍ਹਿਆਂ ਦੀ ਛੱਤ ਵਾਲੇ ਬਿਨਾਂ ਕੋਈ ਖਿੜਕੀ ਵਾਲੇ ਇੱਟਾਂ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਹੈ।
ਉਨ੍ਹਾਂ ਦਾ ਸਭ ਤੋਂ ਵੱਡੀ ਧੀ ਵਿਆਹੀ ਹੋਈ ਹੈ ਅਤੇ ਕਿਤੇ ਹੋਰ ਰਹਿੰਦੀ ਹੈ।
ਉਸ ਉਦਾਸ, ਹਨੇਰੇ ਕਮਰੇ ਵਿੱਚ ਸਮਾਨ ਪਿਆ ਸੀ, ਇੱਕ ਬੈਂਤ ਦਾ ਮੰਜਾ, ਅਨਾਜ ਰੱਖਣ ਲਈ ਇੱਕ ਸਟੀਲ ਦਾ ਪੀਪਾ, ਜ਼ਮੀਨ 'ਤੇ ਬਣਾਇਆ ਹੋਇਆ ਮਿੱਟੀ ਦਾ ਚੁੱਲ੍ਹਾ ਅਤੇ ਫਟੇ ਪੁਰਾਣੇ ਕੱਪੜੇ।
ਪਰਿਵਾਰ ਕੋਲ ਰਹਿਣ ਲਈ ਆਪਣੀ ਕੋਈ ਜ਼ਮੀਨ ਨਹੀਂ ਹੈ।
ਪਿੰਡ ਵਿੱਚ ਪਾਣੀ ਅਤੇ ਬਿਜਲੀ ਦੀ ਪਾਈਪ ਪਾਈ ਗਈ ਸੀ, ਪਰ ਕੋਈ ਨੌਕਰੀ ਨਹੀਂ ਸੀ। ਇਸ ਲਈ ਲੜਕੀ ਦਾ ਪਿਤਾ 1,700 ਕਿਲੋਮੀਟਰ ਤੋਂ ਵੀ ਵੱਧ ਦੂਰ ਇੱਕ ਦੱਖਣੀ ਸੂਬੇ ਵਿੱਚ ਮਜ਼ਦੂਰੀ ਕਰਨ ਚਲਾ ਗਿਆ। ਜਿੱਥੇ ਭਾਰ ਢੋਹਣ ਦਾ ਕੰਮ ਕਰਦਾ ਹੈ ਤੇ ਪੈਸੇ ਕਮਾ ਕੇ ਪਰਿਵਾਰ ਨੂੰ ਭੇਜੇ।
2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਵੱਡੇ ਪੱਧਰ 'ਤੇ ਟਾਇਲਟ-ਨਿਰਮਾਣ ਪ੍ਰੋਗਰਾਮ ਤੋਂ ਬਾਅਦ ਭਾਰਤ ਦੇ 100 ਫ਼ੀਦ ਪਿੰਡਾਂ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਕਰ ਦਿੱਤਾ ਹੈ।
ਫਿਰ ਵੀ ਇਸ ਘਰ ਦੇ ਸਮੇਤ ਕਈ ਘਰਾਂ ਵਿੱਚ ਹੁਣ ਵੀ ਪੈਖ਼ਾਨਾ ਨਹੀਂ ਹੈ।
ਇਸੇ ਕਾਰਨ ਉਸ ਦੀ ਲੜਕੀ ਨੇੜਲੇ ਗੰਨੇ ਦੇ ਖੇਤ ਵਿੱਚ ਪੈਖ਼ਾਨੇ ਲਈ ਗਈ ਸੀ।

ਤਸਵੀਰ ਸਰੋਤ, SWASTIK PAL
ਜੱਜ ਲਾਅ ਕੁਸ਼ ਕੁਮਾਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਉਦੋਂ ਹੀ ਨੀਰਜ ਮੋਦੀ ਪਿੱਛੇ ਤੋਂ ਉਸ ਦੇ ਕੋਲ ਆਇਆ ਸੀ, ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਬੱਚੀ ਨਾਲ ਜ਼ਬਰਦਸਤੀ ਕੀਤੀ ਸੀ।
ਜੱਜ ਨੇ ਕਿਹਾ ਕਿ ਉਸ ਨੇ ਉਸ ਨੂੰ ਚੁੱਪ ਰਹਿਣ ਲਈ ਵੀ ਕਿਹਾ ਸੀ ਕਿਉਂਕਿ ਉਸ ਨੇ ਇਸ ਕੰਮ ਦਾ ਵੀਡੀਓ ਰਿਕਾਰਡ ਕੀਤਾ ਸੀ। ਉਸ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਉਹ ਵੀਡੀਓ ਵਾਇਰਲ ਕਰ ਸਕਦਾ ਹੈ।
ਜਿਨਸੀ ਹਮਲੇ ਤੋਂ 10 ਦਿਨਾਂ ਬਾਅਦ ਡਰੀ ਹੋਈ ਲੜਕੀ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ। ਉਸ ਦੀ ਮਾਂ ਪੁਲਿਸ ਕੋਲ ਗਈ, ਅਗਲੇ ਕੁਝ ਦਿਨਾਂ ਵਿੱਚ, ਉਸ ਦੀ ਧੀ ਨੇ ਸਬੂਤ ਦਿੱਤੇ।
ਉਸ ਨੇ ਪੁਲਿਸ ਨੂੰ ਦੱਸਿਆ, ''ਨੀਰਜ ਮੋਦੀ ਅਕਸਰ ਮੈਨੂੰ ਸਕੂਲ ਵਿੱਚ ਕੁੱਟਦਾ ਸੀ।''
ਨੀਰਜ ਮੋਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੜਕੀ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ, ਪਰ ਜ਼ਮਾਨਤ 'ਤੇ ਬਾਹਰ ਆਉਣ 'ਤੇ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ।
ਉਹ ਚਾਰ ਸਾਲਾਂ ਤੋਂ ਸਕੂਲ ਨਹੀਂ ਗਈ ਹੈ। ਉਸ ਦੀਆਂ ਸਕੂਲ ਦੀਆਂ ਕਿਤਾਬਾਂ ਕਬਾੜ ਵਿੱਚ ਵੇਚ ਦਿੱਤੀਆਂ ਗਈਆਂ ਹਨ।
ਕਮਜ਼ੋਰ ਤੇ ਪੀਲੀ ਪਈ ਘਬਰਾਈ ਹੋਈ ਇਹ ਕੁੜੀ ਹੁਣ ਆਪਣਾ ਜ਼ਿਆਦਾਤਰ ਸਮਾਂ ਹਨੇਰੇ ਕਮਰੇ ਵਿੱਚ ਹੀ ਬਿਤਾਉਂਦੀ ਹੈ।
ਉਸ ਦੀ ਮਾਂ ਨੇ ਕਿਹਾ, ''ਇੱਕ ਵਿਦਿਆਰਥੀ ਦੇ ਰੂਪ ਵਿੱਚ ਉਸ ਦਾ ਜੀਵਨ ਖ਼ਤਮ ਹੋ ਗਿਆ ਹੈ। ਮੈਂ ਉਸ ਨੂੰ ਕਿਤੇ ਬਾਹਰ ਭੇਜਣ ਤੋਂ ਬਹੁਤ ਡਰਦੀ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਉਸ ਦਾ ਵਿਆਹ ਕਰ ਸਕਾਂਗੇ।''
ਕਈ ਸਵਾਲ ਅਣਸੁਲਝੇ ਰਹਿੰਦੇ ਹਨ। ਕਾਗਜ਼ਾਂ ਦੀ ਠੀਕ ਜਾਂਚ ਕੀਤੇ ਬਗ਼ੈਰ ਗ੍ਰਾਮ ਸਭਾ ਨੇ ਸਰਟੀਫਿਕੇਟ ਕਿਵੇਂ ਜਾਰੀ ਕੀਤਾ?
ਪੀੜਤਾ ਦੀ ਮਾਂ ਦਾ ਕਹਿਣਾ ਹੈ,"ਜਦੋਂ ਮੈਂ ਬਾਅਦ ਵਿੱਚ ਉਨ੍ਹਾਂ ਨੂੰ ਚੁਣੌਤੀ ਦਿੱਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗਲਤੀ ਨਾਲ ਅਜਿਹਾ ਕੀਤਾ ਹੈ।''
ਭਾਰਤ ਵਿੱਚ ਮੌਤ ਦਾ ਪੰਜੀਕਰਨ
ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਭਾਤ ਝਾਅ, ਜਿਨ੍ਹਾਂ ਨੇ ਦੁਨੀਆ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਰ ਦੇ ਸਭ ਤੋਂ ਵੱਡੇ ਅਧਿਐਨਾਂ ਵਿੱਚੋਂ ਇੱਕ ਦੀ ਕਲਪਨਾ ਕੀਤੀ, ਨੇ ਕਿਹਾ ਕਿ ਨੀਰਜ ਮੋਦੀ ਦਾ ਮਾਮਲਾ ''ਬਹੁਤ ਹੀ ਅਸਾਧਾਰਨ'' ਹੈ।
ਉਨ੍ਹਾਂ ਨੇ ਭਾਰਤ ਵਿੱਚ ਲੱਖਾਂ ਮੌਤਾਂ ਦੇ ਅਧਿਐਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ, ''ਸਾਡੇ ਕੰਮ ਵਿੱਚ, ਸਾਡੇ ਅੱਗੇ ਇਸ ਤਰ੍ਹਾਂ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ।''
ਝਾਅ ਨੇ ਕਿਹਾ, ''ਅਜਿਹੀ ਦੁਰਵਰਤੋਂ ਦੀ ਬਹੁਤ ਘੱਟ ਸੰਭਾਵਨਾ ਹੈ, ਅਤੇ ਸਾਨੂੰ ਮੌਤ ਦੀ ਰਜਿਸਟ੍ਰੇਸ਼ਨ ਨੂੰ ਹੋਰ ਸਪੱਸ਼ਟ ਬਣਾਉਣ ਦੀ ਲੋੜ ਹੈ ਤਾਂ ਜੋ ਵਿਗਾੜ ਦੀ ਸੰਭਾਵਨਾ ਹੀ ਨਾ ਰਹੇ।''
ਭਾਰਤ ਵਿੱਚ ਮਰਦਾਂ ਦੀ ਤੁਲਨਾਂ ਵਿੱਚ ਜ਼ਿਆਦਾ ਔਰਤਾਂ ਅਤੇ ਅਮੀਰਾਂ ਦੀ ਤੁਲਨਾ ਵਿੱਚ ਜ਼ਿਆਦਾ ਗਰੀਬ ਮੌਤ ਅਤੇ ਮੈਡੀਕਲ ਰਜਿਸਟ੍ਰੇਸ਼ਨ ਘੱਟ ਕਰਵਾਉਂਦੇ ਹਨ।
ਇਹ ਸੰਪਤੀਆਂ ਦੇ ਤਬਾਦਲੇ ਅਤੇ ਹੋਰ ਕਾਰਜਾਂ ਨੂੰ ਵਧੇਰੇ ਮੁਸ਼ਕਲ ਬਣਾਉਂਦਾ ਹੈ।
''ਸੰਭਾਵਤ ਤੌਰ 'ਤੇ ਗਰੀਬੀ ਦੇ ਜਾਲ ਵਿੱਚ ਯੋਗਦਾਨ ਪਾਉਂਦਾ ਹੈ।''
ਘਰ ਵਾਪਸ ਆਉਣ 'ਤੇ ਮਾਂ ਲਈ ਜ਼ਿੰਦਗੀ ਉਥਲ-ਪੁਥਲ ਅਤੇ ਬੇਚੈਨੀ ਨਾਲ ਘਿਰੀ ਹੋਈ ਨਜ਼ਰ ਆਉਂਦੀ ਹੈ।
''ਮੈਂ ਸੱਚਾਈ ਤੱਕ ਪਹੁੰਚਣ ਲਈ ਪਿੰਡ ਅਤੇ ਅਧਿਕਾਰੀਆਂ ਦੀ ਪੈਰਵੀ ਕੀਤੀ। ਮੈਨੂੰ ਖੁਸ਼ੀ ਹੈ ਕਿ ਜਿਸ ਵਿਅਕਤੀ ਨੇ ਮੇਰੀ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਜ਼ਿੰਦਗੀ ਵੀ ਬਰਬਾਦ ਹੋਈ ਤੇ ਉਹ ਹੁਣ ਜੇਲ੍ਹ ਵਿੱਚ ਹੈ।''
''ਪਰ ਮੇਰੀ ਧੀ ਦਾ ਜੀਵਨ ਖਤਮ ਹੋ ਗਿਆ ਹੈ। ਉਸ ਦਾ ਕੀ ਹੋਵੇਗਾ?''
ਇਹ ਵੀ ਪੜ੍ਹੋ-













