ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਮੁਲਜ਼ਮ ਦੀਪਕ ਟੀਨੂੰ ਮੁੜ ਕਾਬੂ, ਕੌਣ ਹੈ ਇਹ ਗੈਂਗਸਟਰ ਤੇ ਕੀ ਸੀ ਇਸ ਦੀ ਭੂਮਿਕਾ

ਤਸਵੀਰ ਸਰੋਤ, Deepak Tinu/FB
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਫਰਾਰ ਕਥਿਤ ਮੁਲਜ਼ਮ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਦੁਪਹਿਰ ਵੇਲੇ ਅਜਮੇਰ ਨੇੜਲੇ ਪਿੰਡ ਕੇਕੜੀ ਤੋਂ ਕੀਤੀ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਮੁਤਾਬਕ ਟੀਨੂੰ ਕੋਲੋ 5 ਗਰਨੇਡ ਅਤੇ 2 ਪਿਸਟਲ ਵੀ ਬਰਾਮਦ ਕੀਤੇ ਗਏ ਹਨ।
ਧਾਲੀਵਾਲ ਦੇ ਦਾਅਵੇ ਮੁਤਾਬਕ ਇਸ ਨੂੰ ਰੋਹਿਤ ਗੋਦਾਰਾ ਅਤੇ ਜੈਕ ਨਾਂ ਦੇ ਵਿਅਕਤੀਆਂ , ਜੋ ਅਜਰਬੈਜਾਨ ਵਿਚ ਬੈਠੇ ਹਨ, ਨੇ ਇਸ ਨੂੰ ਲੁਕਣ ਵਿਚ ਮਦਦ ਕੀਤੀ ਸੀ।
ਖ਼ਬਰ ਏਜੰਸੀ ਐਐੱਨਆਈ ਨਾਲ ਗੱਲ ਕਰਦਿਆਂ ਐੱਚਜੀਐੱਸ ਧਾਲੀਵਾਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੀਪਕ ਟੀਨੂੰ ਦਾ ਬਹੁਤ ਵੱਡਾ ਰੋਲ ਸੀ ਅਤੇ ਇਹ ਲਾਰੇਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦਾ ਕਾਫ਼ੀ ਸਰਗਰਮ ਮੈਂਬਰ ਹੈ।
ਉਨ੍ਹਾਂ ਦੱਸਿਆ ਕਿ ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਗੁਆਂਢੀ ਸੂਬਿਆਂ ਤੇ ਇੱਥੋਂ ਤੱਕ ਕਿ ਨੇਪਾਲ ਆਦਿ ਦੇ ਬਾਰਡਰ 'ਤੇ ਵੀ ਉਸ ਦੀ ਭਾਲ਼ ਜਾਰੀ ਸੀ।
ਉਨ੍ਹਾਂ ਕਿਹਾ ''ਅੱਜ ਸਾਨੂੰ ਵੱਡੀ ਸਫਲਤਾ ਮਿਲੀ ਹੈ, ਟੀਨੂੰ ਨੂੰ ਕੇਕੜੀ, ਅਜਮੇਰ (ਰਾਜਸਥਾਨ) ਤੋਂ ਦੁਪਹਿਰੇ ਗ੍ਰਿਫ਼ਤਾਰ ਕੀਤਾ ਗਿਆ ਹੈ।''
''ਇਸ ਕੋਲ 5 ਗ੍ਰੇਨੇਡ ਮਿਲੇ ਹਨ ਤੇ 2 ਵਧੀਆ ਕੁਆਲਿਟੀ ਦੇ ਸੈਮੀਆਟੋਮੈਟਿਕ ਪਿਸਟਲ ਮਿਲੇ ਹਨ।''

ਤਸਵੀਰ ਸਰੋਤ, ANI
ਦੀਪਕ ਟੀਨੂੰ ਲੰਘੀ 2 ਅਕਤੂਬਰ ਨੂੰ ਮਾਨਸਾ (ਪੰਜਾਬ) ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ।
ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਸੀ ਅਤੇ ਉਦੋਂ ਤੋਂ ਹੀ ਪੁਲਿਸ ਨੂੰ ਟੀਨੂੰ ਦੀ ਭਾਲ਼ ਸੀ।
ਜਾਣਕਾਰੀ ਮੁਤਾਬਰ ਟੀਨੂੰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ 'ਗੈਂਗਸਟਰ' ਦੱਸਿਆ ਜਾਂਦਾ ਹੈ।
ਜਿਸ ਵੇਲੇ ਟੀਨੂੰ ਹਿਰਾਸਤ 'ਚੋਂ ਫ਼ਰਾਰ ਹੋਇਆ ਸੀ, ਉਸ ਵੇਲੇ ਮਾਨਸਾ ਪੁਲਿਸ ਉਸ ਨੂੰ ਦੋ ਦਿਨ ਪਹਿਲਾਂ ਹੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਪਰ ਮਾਨਸਾ ਲਿਆਈ ਸੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਟੀਨੂੰ ਨੂੰ ਟਰਾਂਜ਼ਿਟ ਰਿਮਾਂਡ ਉੱਪਰ ਤਿਹਾੜ ਜੇਲ੍ਹ ਤੋਂ 4 ਜੁਲਾਈ ਨੂੰ ਲਿਆਈ ਸੀ।
ਸਿੱਧੂ ਮੂਸੇਵਾਲਾ ਦਾ ਕਤਲ ਇਸ ਸਾਲ 29 ਮਈ ਨੂੰ ਹੋਇਆ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ 34 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰਮਾਂਈਂਡ ਗੋਲਡੀ ਬਰਾੜ ਨੂੰ ਮੰਨਿਆ ਜਾ ਰਿਹਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਇਸ ਕਤਲ ਦੀ ਸਾਜਿਸ਼ ਘੜੀ ਸੀ।

ਤਸਵੀਰ ਸਰੋਤ, BC
- ਸਿੱਧੂ ਮੂਸੇਵਾਲਾ ਕਤਲ ਕੇਸ 'ਚ ਫਰਾਰ ਕਥਿਤ ਮੁਲਜ਼ਮ ਦੀਪਕ ਟੀਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ।
- 29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ ਜੋ ਇਸੇ ਮਹੀਨੇ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਸੀ।
- ਦੀਪਕ ਟੀਨੂੰ ਦਾ ਸੰਬੰਧ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਸਮਝੇ ਜਾਂਦੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਦੱਸਿਆ ਜਾਂਦਾ ਹੈ।
- ਸਿੱਧੂ ਮੂਸੇ ਵਾਲੇ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
- ਟੀਨੂੰ ਖ਼ਿਲਾਫ਼ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 10 ਕਤਲ ਦੇ ਅਤੇ 14 ਇਰਾਦਾ ਕਤਲ ਅਤੇ 10 ਹੋਰ ਮਾਮਲੇ ਵੀ ਦਰਜ ਹਨ।
- ਪੁਲੀਸ ਰਿਕਾਰਡ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ ਕਿ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਇਆ ਹੈ।

ਤਸਵੀਰ ਸਰੋਤ, BC
ਦੀਪਕ ਟੀਨੂੰ ਕੌਣ ਹੈ
29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਉਸ ਉੱਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ।
ਟੀਨੂੰ ਖ਼ਿਲਾਫ਼ ਹੁਣ ਤੱਕ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਧੀਨ 10 ਅਤੇ ਇਰਾਦਾ ਕਤਲ ਦੀ ਧਾਰਾ 307 ਅਧੀਨ 14 ਮਾਮਲਿਆਂ ਤੋਂ ਇਲਾਵਾ 10 ਹੋਰ ਮਾਮਲੇ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਦੀਪਕ ਟੀਨੂੰ ਖ਼ਿਲਾਫ਼ ਪਹਿਲਾ ਮਾਮਲਾ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਉਸ ਦਾ ਨਾਂ ਉੱਥੇ ਹੋਈ ਇੱਕ ਗੋਲੀਬਾਰੀ ਵਿੱਚ ਸਾਹਮਣੇ ਆਇਆ ਸੀ।
15 ਜੁਲਾਈ 2017 ਦੌਰਾਨ ਕੋਟਕਪੁਰਾ ਵਿੱਚ ਹੋਏ ਲਵੀ ਦਿਓਰਾ ਕਤਲ ਮਾਮਲੇ ਦੇ ਪੰਜ ਮੁਲਜ਼ਮਾਂ ਵਿੱਚ ਇੱਕ ਟੀਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਪਹਿਲਾਂ ਪੁਲਿਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਹੋਇਆ ਸੀ ਫਰਾਰ
ਪੁਲੀਸ ਰਿਕਾਰਡ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ ਕਿ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਇਆ ਹੈ।
ਟੀਨੂੰ 17 ਜੂਨ 2017 ਨੂੰ ਪੰਚਕੂਲਾ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਅੰਬਾਲਾ ਦੀ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋ ਗਿਆ ਸੀ।
ਦੀਪਕ ਟੀਨੂੰ ਜਦੋਂ ਪੰਚਕੂਲਾ ਤੋਂ ਫਰਾਰ ਹੋਇਆ ਸੀ ਤਾਂ ਉਸ ਵੇਲੇ ਉਸ ਨੂੰ ਮੈਡੀਕਲ ਚੈੱਕਅੱਪ ਲਈ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਹ ਡਿਊਟੀ ਉੱਤੇ ਤਾਇਨਾਤ ਸਿਪਾਹੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਫ਼ਰਾਰ ਹੋ ਗਿਆ ਸੀ।
ਇਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਦਸੰਬਰ 2017 ਵਿਚ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ-

ਸਿੱਧੂ ਮੂਸੇਵਾਲਾ ਕੇਸ ਵਿੱਚ ਕੀ ਭੂਮਿਕਾ ਹੈ?
ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਮਾਨਸਾ ਪੁਲਿਸ ਵੱਲੋਂ ਅਦਾਲਤ ਵਿੱਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਇਸ ਚਾਰਜਸ਼ੀਟ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਵਿੱਚ ਕੰਮ ਕਰਦਾ ਸੀ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਦੀਪਕ ਟੀਨੂੰ ਸਿੱਧੂ ਮੁੱਸੇਵਾਲਾ ਕਤਲਕਾਂਡ ਵਿੱਚ ਸ਼ਾਮਿਲ ਸੀ।
ਪੁਲਿਸ ਮੁਤਾਬਕ ਦੀਪਕ ਟੀਨੂੰ ਲਾਰੈਂਸ ਬਿਸ਼ਨੋਈ ਗੈਂਗ ਲਈ ਫਾਇਨਾਂਸਰ ਵਜੋਂ ਕੰਮ ਕਰਦਾ ਸੀ।
ਪੁਲਿਸ ਮੁਤਾਬਕ ਦੀਪਕ ਟੀਨੂੰ ਦੀ ਲਾਰੈਂਸ ਬਿਸ਼ਨੋਈ ਨਾਲ ਆਖਰੀ ਗੱਲਬਾਤ ਇਸੇ ਸਾਲ 27 ਮਈ ਨੂੰ ਹੋਈ ਸੀ।
ਇਸ ਤੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, SIDHU MOOSEWALA/fb
ਸਿੱਧੂ ਮੂਸੇਵਾਲਾ ਦਾ ਕਤਲ
29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇ ਵਾਲੇ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਦੋ ਹੋਰ ਵਿਅਕਤੀਆਂ ਨਾਲ ਮਾਨਸਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਮੂਸਾ ਤੋਂ ਜਵਾਹਰਕੇ ਪਿੰਡ ਜਾ ਰਹੇ ਸੀ ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਘਟਨਾ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਕੁਝ ਗੈਂਗਜ਼ ਤੋਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਸਨ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ।

ਤਸਵੀਰ ਸਰੋਤ, BC
ਇਹ ਵੀ ਪੜ੍ਹੋ

ਤਸਵੀਰ ਸਰੋਤ, BC
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












