ਝਾਰਖੰਡ : ਦਲਿਤ ਕੁੜੀ ਨੇ ਖੁਦ ਨੂੰ ਲਾਈ ਅੱਗ, ਟੀਚਰ ਉੱਤੇ ਕਲਾਸ ਵਿਚ ਕੱਪੜੇ ਉਤਰਵਾਉਣ ਦਾ ਇਲਜ਼ਾਮ

    • ਲੇਖਕ, ਮੁਹੰਮਦ ਸਰਤਾਜ ਆਲਮ
    • ਰੋਲ, ਬੀਬੀਸੀ ਹਿੰਦੀ ਲਈ, ਜਮਸ਼ੇਦਪੁਰ ਤੋਂ

ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਸਕੂਲ ਅਧਿਆਪਿਕਾ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨੌਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਝਿੜਕਿਆ, ਕੁੱਟਿਆ ਅਤੇ ਫਿਰ ਉਸ ਦੇ ਕੱਪੜੇ ਲਹਾਏ। ਸਕੂਲ ਵਿੱਚ ਪ੍ਰੀਖਿਆ ਚੱਲ ਰਹੀ ਸੀ ਅਤੇ ਅਧਿਆਪਿਕਾ ਡਿਊਟੀ 'ਤੇ ਸੀ।

ਇਲਜ਼ਾਮ ਹੈ ਕਿ ਵਿਦਿਆਰਥਣ ਪ੍ਰੀਖਿਆ ਦੌਰਾਨ ਨਕਲ ਕਰ ਰਹੀ ਸੀ। ਪੀੜਤ ਵਿਦਿਆਰਥਣ ਦਲਿਤ ਹੈ ਅਤੇ ਕੁਝ ਲੋਕ ਇਸ ਨੂੰ ਜਾਤੀਵਾਦ ਦੇ ਨਜ਼ਰੀਏ ਤੋਂ ਵੀ ਦੇਖ ਰਹੇ ਹਨ।

ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਸਕੂਲ ਅਧਿਆਪਿਕਾ ਦੇ ਵਤੀਰੇ ਤੋਂ ਦੁਖੀ ਵਿਦਿਆਰਥਣ ਨੇ ਸ਼ਰਮਿੰਦਗੀ ਦੇ ਆਲਮ 'ਚ ਆਪਣੇ ਸਰੀਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਡਾਕਟਰ ਮੁਤਾਬਕ ਵਿਦਿਆਰਥਣ 70 ਫੀਸਦੀ ਸੜ ਗਈ ਹੈ।

ਇਸ ਮਾਮਲੇ ਵਿੱਚ ਪੁਲੀਸ ਨੇ ਅਧਿਆਪਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  • ਝਾਰਖੰਡ ਦੇ ਜਮਸ਼ੇਦਪੁਰ ਵਿੱਚ ਦਲਿਤ ਵਿਦਿਆਰਥਣ ਨੇ ਖ਼ੁਦ ਨੂੰ ਲਗਾਈ ਅੱਗ।
  • ਕਰੀਬ 70 ਫੀਸਦੀ ਝੁਲਸੀ ਕੁੜੀ ਦਾ ਜਮਸ਼ੇਦਪੁਰ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
  • ਸਕੂਲ ਅਧਿਆਪਿਕਾ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨੌਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਝਿੜਕਿਆ, ਕੁੱਟਿਆ ਅਤੇ ਫਿਰ ਉਸ ਦੇ ਕੱਪੜੇ ਲਹਾਏ।
  • ਪੁਲਿਸ ਨੇ ਕੇਸ ਦਰਜ ਕਰ ਕੇ, ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
  • ਪੀੜਤ ਵਿਦਿਆਰਥਣ ਰੀਤੂ ਦੀ ਭੈਣ ਪੂਨਮ ਮੁਖੀ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।
  • ਡਾਕਟਰ ਅਨੁਸਾਰ ਜਦੋਂ ਮਰੀਜ਼ ਦਾ ਸਰੀਰ ਚਾਲੀ ਫੀਸਦੀ ਤੋਂ ਵੱਧ ਸੜ ਜਾਂਦਾ ਹੈ ਤਾਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ।

ਪੀੜਤ ਦੀ ਭੈਣ ਦਾ ਇਲਜ਼ਾਮ

ਪੀੜਤ ਵਿਦਿਆਰਥਣ ਰੀਤੂ ਦੀ ਭੈਣ ਪੂਨਮ ਮੁਖੀ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਪੂਨਮ ਨੇ ਦੱਸਿਆ ਕਿ ਰਿਤੂ ਸ਼ੁੱਕਰਵਾਰ ਸ਼ਾਮੀਂ ਜਮਸ਼ੇਦਪੁਰ ਦੇ ਸ਼ਾਰਦਾਮਣੀ ਗਰਲਜ਼ ਹਾਈ ਸਕੂਲ ਤੋਂ ਘਰ ਪਹੁੰਚੀ।

ਇਸ ਤੋਂ ਬਾਅਦ ਰਿਤੂ ਨੇ ਆਪਣੀ ਭੈਣ ਪੂਨਮ ਮੁਖੀ ਨੂੰ ਕਿਹਾ ਕਿ 'ਵੱਡੀ ਮਾਂ ਤੁਹਾਨੂੰ ਸਾਰਿਆਂ ਨੂੰ ਬੁਲਾ ਰਹੀ ਹੈ।'

ਪੂਨਮ ਆਪਣੀਆਂ ਦੋ ਭੈਣਾਂ ਨਾਲ ਵੱਡੀ ਮਾਂ ਦੇ ਘਰ ਪਹੁੰਚੀ ਪਰ ਵੱਡੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਨਹੀਂ ਸੱਦਿਆ।

ਪੂਨਮ ਮੁਤਾਬਕ ਇਹ ਸੁਣ ਕੇ ਉਹ ਤੁਰੰਤ ਆਪਣੇ ਘਰ ਵੱਲ ਭੱਜੀ।

ਪੂਨਮ ਦੱਸਦੀ ਹੈ, "ਜਿਵੇਂ ਹੀ ਮੈਂ ਆਪਣੀ ਗਲੀ ਵਿੱਚ ਦਾਖ਼ਲ ਹੋਈ, ਮੇਰੀ ਭੈਣ ਚੀਕਦੀ ਹੋਈ ਮੇਰੇ ਵੱਲ ਦੌੜੀ। ਉਸ ਦੇ ਸਰੀਰ ਤੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਮੈਂ ਅਤੇ ਗੁਆਂਢਣ ਅੰਟੀ ਭੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।"

ਪੂਨਮ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਰਿਤੂ ਅਜਿਹਾ ਕਰ ਸਕਦੀ ਹੈ, ਨਹੀਂ ਤਾਂ ਉਹ ਉਸ ਨੂੰ ਘਰ ਵਿਚ ਇਕੱਲੀ ਛੱਡ ਕੇ ਆਪਣੀ ਵੱਡੀ ਮਾਂ ਦੇ ਘਰ ਨਾ ਜਾਂਦੀ।

ਪੂਨਮ ਮੁਖੀ ਦਾ ਕਹਿਣਾ ਹੈ, "ਜਦੋਂ ਅਸੀਂ ਸਾਰੇ ਕਮਰੇ ਤੋਂ ਬਾਹਰ ਨਿਕਲੇ ਤਾਂ ਰਿਤੂ ਨੂੰ ਖਾਲੀ ਕਮਰਾ ਮਿਲਿਆ ਅਤੇ ਉਸ ਨੇ ਇਹ ਕਦਮ ਚੁੱਕਿਆ।"

ਪੂਨਮ ਮੁਤਾਬਕ ਰਿਤੂ ਦਾ ਸਰੀਰ ਕਾਫੀ ਸੜ ਗਿਆ ਸੀ ਪਰ ਹਸਪਤਾਲ ਜਾਂਦੇ ਹੋਏ ਉਸ ਨੇ ਰਿਤੂ ਨੂੰ ਪੁੱਛਿਆ, 'ਤੂੰ ਅਜਿਹਾ ਕਿਉਂ ਕੀਤਾ?'

ਪੂਨਮ ਮੁਤਾਬਕ ਰਿਤੂ ਨੇ ਦੱਸਿਆ, "ਅੱਜ ਪ੍ਰੀਖਿਆ ਵੇਲੇ ਅਧਿਆਪਿਕਾ ਚੰਦਰਾ ਦਾਸ ਨੂੰ ਸ਼ੱਕ ਹੋਇਆ ਕਿ ਮੈਂ ਨਕਲ ਕੀਤੀ ਹੈ, ਇਸ 'ਤੇ ਉਨ੍ਹਾਂ ਨੇ ਮੈਨੂੰ ਬਹੁਤ ਡਾਂਟਿਆ, ਫਿਰ ਮੈਨੂੰ ਕਾਫੀ ਕੁੱਟਿਆ।"

"ਇਸ ਤੋਂ ਬਾਅਦ ਪ੍ਰੀਖਿਆ ਕੇਂਦਰ ਵਿੱਚ ਵਿਚਾਲੇ ਖੜ੍ਹਾ ਕਰ ਕੇ ਭਰੀ ਕਲਾਸ ਵਿੱਚ ਮੇਰੇ ਵਿਦਿਆਰਥੀਆਂ ਸਾਹਮਣੇ ਸਾਰੇ ਕੱਪੜੇ ਉਤਰਵਾ ਦਿੱਤੇ। ਆਧਿਆਪਿਕਾ ਦੀ ਇਸ ਹਰਕਤ ਤੋਂ ਬਹੁਤ ਸ਼ਰਮਿੰਦਾ ਸੀ, ਇਸ ਲਈ ਮੈਂ ਇਹ ਕਦਮ ਚੁੱਕਿਆ।"

ਪੂਨਮ ਮੁਖੀ ਦਾ ਦਾਅਵਾ ਹੈ ਕਿ ਜਦੋਂ ਉਹ ਅੱਗ ਨਾਲ ਬੁਰੀ ਤਰ੍ਹਾਂ ਸੜੀ ਹਾਲਤ ਵਿੱਚ ਉਸ ਦੀ ਭੈਣ ਝੂਠ ਨਹੀਂ ਬੋਲ ਸਕਦੀ।

ਬਰਨ ਕੇਅਰ ਯੂਨਿਟ ਵਿੱਚ ਭਰਤੀ

ਰਿਤੂ ਨੂੰ ਇਲਾਜ ਲਈ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ 'ਮਹਾਤਮਾ ਗਾਂਧੀ ਮੈਮੋਰੀਅਲ' ਲੈ ਕੇ ਗਏ। ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਹਸਪਤਾਲ ਨੇ ਉਸ ਨੂੰ ਟਾਟਾਸਟੀਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ।

ਉਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਰ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਰਿਤੂ ਦੇ ਪਰਿਵਾਰ ਦੀ ਆਰਥਿਕ ਹਾਲਤ ਤਰਸਯੋਗ ਹੈ। ਉਹ ਹਸਪਤਾਲ ਦਾ ਖਰਚਾ ਨਹੀਂ ਚੁੱਕ ਸਕਦੇ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲਾ ਬਰੇਲੀਆ ਨੇ ਬੀਬੀਸੀ ਨੂੰ ਦੱਸਿਆ, "ਮੈਂ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਡੀਸੀ ਨੂੰ ਇੱਕ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਰਿਤੂ ਦਾ ਟਾਟਾ ਸਟੀਲ ਦੇ ਹਸਪਤਾਲ ਟੀਐੱਮਐੱਚ ਵਿੱਚ ਮੁਫ਼ਤ ਇਲਾਜ ਕੀਤਾ ਜਾਵੇ।"

ਰੀਤੂ ਦੇ ਭਰਾ ਸਾਗਰ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ।

ਰਿਤੂ ਟਾਟਾ ਮੇਨ ਹਸਪਤਾਲ ਦੇ ਬਰਨ ਕੇਅਰ ਯੂਨਿਟ ਵਿੱਚ ਦਾਖ਼ਲ ਹੈ। ਉੱਥੋਂ ਦੇ ਡਾਕਟਰ ਮੁਤਾਬਕ 'ਮਰੀਜ਼ ਦਾ 70 ਫੀਸਦੀ ਸਰੀਰ ਸੜ ਗਿਆ ਹੈ।'

ਡਾਕਟਰ ਅਨੁਸਾਰ ਜਦੋਂ ਮਰੀਜ਼ ਦਾ ਸਰੀਰ ਚਾਲੀ ਫੀਸਦੀ ਤੋਂ ਵੱਧ ਸੜ ਜਾਂਦਾ ਹੈ ਤਾਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ।

ਇਹ ਵੀ ਪੜ੍ਹੋ-

ਕੀ ਕਿਹਾ ਸਾਥੀ ਵਿਦਿਆਰਥਣਾਂ ਨੇ?

ਬੀਬੀਸੀ ਨੇ ਘਟਨਾ ਬਾਰੇ ਜਾਣਕਾਰੀ ਲਈ ਰਿਤੂ ਨਾਲ ਪੜ੍ਹ ਰਹੀਆਂ ਕੁਝ ਵਿਦਿਆਰਥਣਾਂ ਨਾਲ ਸੰਪਰਕ ਕੀਤਾ।

ਰਿਤੂ ਦੀ ਸਹਿਪਾਠੀ ਅਨੀਸ਼ਾ ਸਾਹੂ ਦਾ ਦਾਅਵਾ ਹੈ, "ਜਦੋਂ ਚੰਦਰਾ ਮੈਮ ਨੇ ਰਿਤੂ ਨੂੰ ਕੱਪੜੇ ਉਤਾਰਨ ਲਈ ਕਿਹਾ ਤਾਂ ਕਲਾਸ ਵਿੱਚ 50 ਵਿਦਿਆਰਥਣਾਂ ਮੌਜੂਦ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਰੀਤੂ 'ਤੇ ਹੱਸਣ ਲੱਗੀਆਂ, ਜਿਸ ਕਾਰਨ ਰਿਤੂ ਬਹੁਤ ਸ਼ਰਮਿੰਦਾ ਸੀ।"

ਰਿਤੂ ਦੀ ਸਹਿਪਾਠੀ ਮਨੀਸ਼ਾ ਨਾਇਕ ਨੇ ਦਾਅਵਾ ਕੀਤਾ, "ਕੱਪੜੇ ਉਤਾਰਨ ਦੀ ਘਟਨਾ ਤੋਂ ਬਾਅਦ ਚੰਦਰਾ ਮੈਮ ਰੀਤੂ ਨੂੰ ਪ੍ਰਿੰਸੀਪਲ ਕੋਲ ਲੈ ਗਏ। ਇਸ ਤੋਂ ਬਾਅਦ ਚੰਦਰਾ ਮੈਮ ਰੀਤੂ ਨੂੰ ਪ੍ਰੀਖਿਆ ਹਾਲ ਵਿੱਚ ਲੈ ਆਏ।"

"ਪਰ ਅੱਗੇ ਦੀ ਪ੍ਰੀਖਿਆ ਲਈ ਕਾਪੀ ਨਹੀਂ ਦਿੱਤੀ ਅਤੇ ਕਿਹਾ ਕਿ ਹੁਣ ਪ੍ਰੀਖਿਆ ਦੇ ਕੇ ਦਿਖਾਓ। ਰਿਤੂ ਰੋਂਦੀ ਰਹੀ, ਉਸ ਸਮੇਂ ਉਸ ਦਾ ਸਰੀਰ ਕੰਬ ਰਿਹਾ ਸੀ।"

ਇਕ ਹੋਰ ਵਿਦਿਆਰਥਣ ਪ੍ਰਿਯੰਕਾ ਕੁਮਾਰੀ ਨੇ ਇਲਜ਼ਾਮ ਲਗਾਇਆ, "ਚੰਦਰਾ ਮੈਮ ਹਮੇਸ਼ਾ ਸਾਰੀਆਂ ਵਿਦਿਆਰਥਣਾਂ ਨੂੰ ਪਰੇਸ਼ਾਨ ਕਰਦੀ ਹੈ।"

"ਜਦੋਂ ਵੀ ਅਸੀਂ ਆਪਣੇ ਮਾਤਾ-ਪਿਤਾ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ ਪਰ ਉਹ (ਪ੍ਰਿੰਸੀਪਲ) ਮਾਤਾ-ਪਿਤਾ ਨੂੰ ਕਹਿੰਦੇ ਹਨ ਕਿ ਇਹ ਛੋਟੀਆਂ ਗੱਲਾਂ ਹਨ।"

ਅਨੀਸ਼ਾ ਸਾਹੂ, ਮਨੀਸ਼ਾ ਨਾਇਕ, ਪ੍ਰਿਅੰਕਾ ਕੁਮਾਰੀ ਅਤੇ ਭਾਰਤੀ ਕੁਮਾਰੀ ਦਾ ਇਲਜ਼ਾਮ ਹੈ, "ਅਧਿਆਪਿਕਾ ਚੰਦਰਾ ਦਾਸ ਅਕਸਰ ਸਕੂਲ ਦੀਆਂ ਵਿਦਿਆਰਥਣਾਂ ਲਈ ਮਾੜੀ ਸ਼ਬਦਾਵਲੀ ਵਰਤਦੀ ਹੈ।"

ਵਿਦਿਆਰਥਣਾਂ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਉਸ ਨੂੰ ਇੱਥੇ ਲਿਖਣਾ ਸੰਭਵ ਨਹੀਂ ਹੈ।

ਰਿਤੂ ਦਾ ਪਰਿਵਾਰ

ਰਿਤੂ ਜਮਸ਼ੇਦਪੁਰ ਦੀ ਛਾਇਆਨਗਰ ਬਸਤੀ ਦੀ ਰਹਿਣ ਵਾਲੀ ਹੈ। ਇਸ ਬਸਤੀ ਵਿੱਚ ਤਿੰਨ ਸੌ ਦੇ ਕਰੀਬ ਘਰ ਹਨ, ਜਿਨ੍ਹਾਂ ਵਿੱਚ ਸ਼ਾਇਦ ਹੀ ਕਿਸੇ ਘਰ ਦੀ ਛੱਤ ਪੱਕੀ ਹੋਵੇ।

ਰਿਤੂ ਦੇ ਘਰ ਵਿੱਚ ਇੱਕ ਕਮਰਾ ਹੈ ਜਿਸ ਦੀ ਛੱਤ ਵੀ ਟੀਨਾ ਦੀ ਬਣੀ ਹੋਈ ਹੈ।

ਰਿਤੂ ਦੇ ਰਿਸ਼ਤੇਦਾਰ ਲਕਸ਼ਮਣ ਪ੍ਰਸਾਦ ਨੇ ਦੱਸਿਆ ਕਿ ਰਿਤੂ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਸਨ।

ਦਸ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਚਾਰ ਧੀਆਂ ਅਤੇ ਇਕ ਪੁੱਤਰ ਦੀ ਜ਼ਿੰਮੇਵਾਰੀ ਰਿਤੂ ਦੀ ਮਾਂ ਸਰਸਵਤੀ ਦੇਵੀ ਦੇ ਮੋਢਿਆਂ 'ਤੇ ਆ ਗਈ।

ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਨੂੰ ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ।

ਰੀਤੂ ਦੇ ਭਰਾ ਸਾਗਰ ਮੁਖੀ ਵੀ ਮਾਂ ਨਾਲ ਕੰਮ ਕਰਦੇ ਹਨ। ਪਰ ਉਹ ਸਿੱਖਿਆ ਵੀ ਹਾਸਿਲ ਕਰ ਰਹੇ ਹਨ। ਚਾਰੇ ਭੈਣਾਂ ਪੜ੍ਹ ਰਹੀਆਂ ਹਨ।

ਰਿਤੂ ਦੀ ਗੁਆਂਢਣ ਅਨੀਤਾ ਪ੍ਰਮਾਣਿਕ ਕਹਿੰਦੀ ਹੈ, "ਸਰਸਵਤੀ ਦੇਵੀ ਦੇ ਸਾਰੇ ਬੱਚੇ ਪੜ੍ਹਾਈ ਵਿੱਚ ਬਹੁਤ ਚੰਗੇ ਹਨ। ਪਰ ਰਿਤੂ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੀਆ ਵਿਦਿਆਰਥਣ ਹੈ। ਉਹ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੀ ਰਹੀ ਹੈ।"

ਅਨੀਤਾ ਅੱਗੇ ਕਹਿੰਦੀ ਹੈ, "ਸਰਕਾਰ ਕਹਿੰਦੀ ਹੈ ਬੱਚਿਆਂ ਨੂੰ ਪੜ੍ਹਾਓ, ਹੁਣ ਦੱਸੋ ਜੇਕਰ ਸਕੂਲ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਬੱਚਿਆਂ ਨੂੰ ਸਕੂਲ ਭੇਜਣ ਦੀ ਹਿੰਮਤ ਕਿਵੇਂ ਹੋਏਗੀ।"

ਇਸ ਪੂਰੇ ਮਾਮਲੇ 'ਚ ਸ਼ਾਰਦਾਮਣੀ ਗਰਲਜ਼ ਹਾਈ ਸਕੂਲ ਦੀ ਪ੍ਰਿੰਸੀਪਲ ਗੀਤਾ ਰਾਣੀ ਨੇ ਪੂਰੇ ਮਾਮਲੇ ਵਿੱਚ ਇਹੀ ਕਿਹਾ ਕਿ ਵਿਦਿਆਰਥਣ ਦੀ ਚਿੱਟ ਅਧਿਆਪਿਕਾ ਨੇ ਕਿਵੇਂ ਫੜੀ ਇਸ ਦੀ ਮੈਨੂੰ ਜਾਣਕਾਰੀ ਨਹੀਂ ਹੈ।

ਜਾਂਚ ਕਮੇਟੀ

ਜ਼ਿਲ੍ਹਾ ਸਿੱਖਿਆ ਅਫ਼ਸਰ ਨਿਰਮਲਾ ਬਰੇਲੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰਾਂ ਦੀ ਜਾਂਚ ਕਮੇਟੀ ਬਣਾਈ ਗਈ ਹੈ।

ਉਨ੍ਹਾਂ ਕਿਹਾ, "ਜੇਕਰ ਅਧਿਆਪਿਕਾ ਦੋਸ਼ੀ ਨਿਕਲੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਕਾਰਵਾਈ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਤੈਅ ਕੀਤੀ ਜਾਵੇਗੀ।"

"ਰਹੀ ਗੱਲ ਕਾਨੂੰਨੀ ਕਾਰਵਾਈ ਦੀ ਤਾਂ ਇਹ ਪੁਲਿਸ ਪੱਧਰ 'ਤੇ ਹੀ ਹੋਵੇਗੀ।"

ਇਸ ਮਾਮਲੇ ਵਿੱਚ ਜਮਸ਼ੇਦਪੁਰ ਦੇ ਸੀਤਾਰਾਮ ਡੇਰੇ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ, "ਲਗਭਗ ਪੰਜਾਹ ਸਾਲ ਦੀ ਅਧਿਆਪਿਕਾ ਚੰਦਰਾ ਦਾਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323, 341, 509, ਪੋਸਕੋ ਐਕਟ ਦੀ ਧਾਰਾ 12 ਅਤੇ ਜੇਜੇ ਦੀ ਧਾਰਾ 75 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।"

ਜਮਸ਼ੇਦਪੁਰ ਦੇ ਐੱਸਐੱਸਪੀ ਪ੍ਰਭਾਤ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਅਧਿਆਪਿਕਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।"

ਮੁਖੀ ਸਮਾਜ ਨਾਲ ਸਬੰਧਤ ਸਾਬਕਾ ਮੰਤਰੀ ਦੁਲਾਲ ਭੂਈਆਂ ਨੇ ਕਿਹਾ, "ਰਿਤੂ ਮੁਖੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਸਕੂਲ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਦਲਿਤ ਵਿਦਿਆਰਥੀਆਂ ਨਾਲ ਮਤਰੇਇਆ ਵਾਲਾ ਸਲੂਕ ਕੀਤਾ ਜਾਂਦਾ ਹੈ।"

ਉਨ੍ਹਾਂ ਦਾ ਇਲਜ਼ਾਮ ਹੈ, "ਰਿਤੂ ਨਾਲ ਵਾਪਰੀ ਇਹ ਘਟਨਾ ਕਿਤੇ ਨਾ ਕਿਤੇ ਜਾਤੀਵਾਦ ਨਾਲ ਜੁੜੀ ਹੋਈ ਹੈ।"

ਸਾਬਕਾ ਮੰਤਰੀ ਭੂਈਆਂ ਨੇ ਮੰਗ ਕੀਤੀ ਹੈ ਕਿ ਜਾਂਚ ਲਈ ਪ੍ਰੀਖਿਆ ਹਾਲ ਦੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਖੀ ਜਾਵੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)