ਕੁਮਾਰ ਵਿਸ਼ਵਾਸ਼ ਤੇ ਤੇਜਿੰਦਰਪਾਲ ਬੱਗਾ ਖ਼ਿਲਾਫ਼ ਪੰਜਾਬ ਪੁਲਿਸ ਦੇ ਪਰਚੇ ਹਾਈਕੋਰਟ ਨੇ ਕਿਸ ਅਧਾਰ ਉੱਤੇ ਰੱਦ ਕੀਤੇ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝਟਕਾ ਦਿੰਦਿਆਂ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਖ਼ਿਲਾਫ਼ ਦਰਜ ਮਾਮਲੇ ਰੱਦ ਕਰ ਦਿੱਤੇ ਹਨ।

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ਼ ਭੜਕਾਊ ਬਿਆਨ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕੁਮਾਰ ਵਿਸ਼ਵਾਸ਼ ਅਤੇ ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਪੰਜਾਬ ਵਿਚ ਦਰਜ ਮਾਮਲੇ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ।

ਅਦਾਲਤ ਨੇ ਫੈਸਲੇ ਵਿਚ ਕੀ ਕਿਹਾ

ਕੁਮਾਰ ਵਿਸ਼ਵਾਸ਼ ਬਾਰੇ ਫ਼ੈਸਲਾ ਸੁਣਾਉਂਦਿਆਂ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਰੋਕਣ ਲਈ ਇਹ ਇਸ ਅਦਾਲਤ ਲਈ ਢੁਕਵਾਂ ਕੇਸ ਹੈ।

ਅਦਾਲਤ ਨੇ ਕਿਹਾ, ''ਕਿਉਂਕਿ ਸ਼ਿਕਾਇਤ ਅਤੇ ਜਾਂਚ ਵਿੱਚ ਕੋਈ ਵੀ ਸਮੱਗਰੀ ਸ਼ਾਮਲ ਨਹੀਂ ਹੈ ਜੋ ਘਟਨਾ ਨੂੰ ਦੂਰੋਂ ਵੀ ਜੋੜਦੀ ਹੋਵੇ।''

ਉਨ੍ਹਾਂ ਨੇ ਅੱਗੇ ਕਿਹਾ, "ਅਦਾਲਤ ਦੀ ਗ਼ੈਰ-ਦਖ਼ਲਅੰਦਾਜ਼ੀ ਦੇ ਨਤੀਜੇ ਵਜੋਂ ਨਿਆਂ ਦਾ ਘਾਣ ਹੋ ਜਾਵੇਗਾ ਅਤੇ ਇਸ ਤਰ੍ਹਾਂ, ਅਦਾਲਤ ਸੀਆਰਪੀਸੀ ਦੀ ਧਾਰਾ 482 ਦੇ ਅਧੀਨ ਅੰਦਰੂਨੀ ਅਧਿਕਾਰ ਖੇਤਰ ਨੂੰ ਲਾਗੂ ਕਰਦੀ ਹੈ ਅਤੇ ਐੱਫਆਈਆਰ ਨੂੰ ਰੱਦ ਕਰਦੀ ਹੈ।"

ਜਦਕਿ ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਟਵੀਟ ਕਰਕੇ ਪੰਜਾਬ ਵਿਚ ਨਫ਼ਰਤ ਫੈਲਾਉਣ ਦੇ ਇਲਜ਼ਾਮ ਲਾਏ ਗਏ ਸਨ।

ਫੈਸਲੇ ਤੋਂ ਬਾਅਦ ਮੀਡੀਆ ਨੂੰ ਪ੍ਰਤੀਕਰਮ ਦਿੰਦਿਆ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਇਸ ਨੂੰ ਸਿੱਧਾ ਸੱਤਾ ਦੀ ਦੁਰਵਰਤੋਂ ਦਾ ਕੇਸ ਦੱਸਿਆ ਹੈ।

ਤੇਜਿੰਦਰਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਹਾਈਕੋਰਟ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੂੰਹ ਉੱਤੇ ''ਕਰਾਰੀ ਚਪੇੜ'' ਦੱਸਿਆ ਹੈ।

ਕੁਮਾਰ ਵਿਸ਼ਵਾਸ ਖ਼ਿਲਾਫ਼ ਮਾਮਲਾ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ਼ ਭੜਕਾਊ ਬਿਆਨ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ।

ਅਪ੍ਰੈਲ 2022 ਵਿਚ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਵੀ ਪਹੁੰਚੀ ਸੀ, ਜਿਸ ਸਬੰਧੀ ਕੁਮਾਰ ਵਿਸ਼ਵਾਸ ਨੇ ਆਪ ਆਪਣੇ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਸੀ।

ਕੁਮਾਰ ਵਿਸ਼ਵਾਸ ਨੇ ਪੰਜਾਬ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਰਜ ਕੇਸ ਨੂੰ ਰੱਦ ਕਰ ਦਿੱਤਾ ਹੈ।

ਫੈਸਲੇ ਤੋਂ ਬਾਅਦ ਮੀਡੀਆ ਨੂੰ ਪ੍ਰਤੀਕਰਮ ਦਿੰਦਿਆ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਇਸ ਨੂੰ ਸਿੱਧਾ ਸੱਤਾ ਦੀ ਦੁਰਵਰਤੋਂ ਦਾ ਕੇਸ ਦੱਸਿਆ ਹੈ।

ਰੂਪਨਗਰ ਦੇ ਡੀਐੱਸਪੀ ਹਰਬੀਰ ਸਿੰਘ ਅਟਵਾਲ ਮੁਤਾਬਕ ਭੜਕਾਊ ਬਿਆਨ ਦੇਣ ਦੇ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਦੇ ਖਿਲਾਫ਼ ਥਾਣਾ ਸਦਰ ਰੂਪਨਗਰ ਵਿਖੇ ਅਪ੍ਰੈਲ 2022 ਨੂੰ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਦੱਸਿਆ ਸੀ ਕਿ ਇਹ ਮੁਕੱਦਮਾ ਨੰਬਰ 25, ਮਿਤੀ 12.04.22 ਨੂੰ 153, 153 ਏ, 505, 505 (2), 116 ਆਰ/ਡਬਲਯੂ 143, 147, 323, 341, 120-ਬੀ ਆਈਪੀਸੀ ਅਤੇ 125 ਲੋਕ ਪ੍ਰਤੀਨਿਧ ਐਕਟ ਅਧੀਨ ਦਰਜ ਕੀਤਾ ਗਿਆ ਸੀ।

ਪੁਲਿਸ ਅਨੁਸਾਰ, ਕੁਮਾਰ ਵਿਸ਼ਵਾਸ ਮਾਮਲੇ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਜਦੋਂ ਉਹ ਆਪਣੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੁੰਮ ਰਹੇ ਸਨ ਤਾਂ ਕੁਝ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਧਮਕਾਇਆ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਅਜਿਹੀਆਂ ਘਟਨਾਵਾਂ ਪੰਜਾਬ ਵਿਚ ਪਾਰਟੀ ਵਰਕਰਾਂ ਨਾਲ ਲਗਾਤਾਰ ਵਾਪਰ ਰਹੀਆਂ ਹਨ। ਇਸ ਸਭ ਕੁਝ ਕੁਮਾਰ ਵਿਸ਼ਵਾਸ ਵਲੋਂ ਅਰਵਿੰਦ ਕੇਜਰੀਵਾਲ ਦਾ ਨਾਲ ਖਾਲਿਸਤਾਨੀਆਂ ਨਾਲ ਜੋੜੇ ਜਾਣ ਤੋਂ ਬਾਅਦ ਹੋ ਰਿਹਾ ਹੈ

ਤੇਜਿੰਦਰਪਾਲ ਬੱਗਾ ਦੇ ਵਕੀਲ ਚੇਤਨ ਮਿੱਤਲ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ

  • ਭਾਸ਼ਣ ਵਿਚੋਂ ਕੁਝ ਸ਼ਬਦਾਂ ਦੀ ਚੋਣ ਕਰਕੇ ਉਸਦੇ ਅਰਥ ਨਹੀਂ ਕੱਢੇ ਜਾ ਸਕਦੇ, ਇਹ ਪੂਰਾ ਬਿਆਨ ਪੜ੍ਹਨਾ ਪਵੇਗਾ
  • ਭਾਜਪਾ ਵਿਰੋਧੀ ਪਾਰਟੀ ਹੈ, ਉਸ ਦੇ ਆਗੂ ਦੇ ਵਿਰੋਧੀ ਆਗੂ ਲਈ ਸਖ਼ਤ ਸ਼ਬਦ ਹੋ ਸਕਦੇ ਹਨ, ਪਰ ਅਪਰਾਧ ਨਹੀਂ ਬਣਦਾ
  • 'ਜੀਨੇ ਨਹੀਂ ਦੂੰਗਾ' ਸ਼ਬਦ ਇੱਕ ਸਿਆਸੀ ਆਗੂ ਦੇ ਮੂੰਹੋ ਨਿਕਲੇ ਹਨ ਜਾਂ ਗੈਂਗਸਟਰ, ਇਸ ਵਿਚਾਲੇ ਫਰਕ ਸਮਝਣਾ ਪਵੇਗਾ
  • ਅਦਾਲਤ ਨੇ ਸਿਆਸੀ ਆਗੂ ਤੇ ਗੈਂਗਸਟਰ ਦੇ ਸ਼ਬਦਾਂ ਵਿਚ ਅੰਤਰ ਹੋਣ ਦੀ ਮਿਸਾਲ ਦਿੱਤੀ।
  • ਲੋਕਤੰਤਕ ਵਿਚ ਜੇਕਰ ਕੋਈ ਸਿਆਸੀ ਆਗੂ ਲੋਕਾਂ ਨੂੰ ਵਿਰੋਧੀ ਧਿਰ ਬਾਰੇ ਦੱਸ ਰਹੀ ਹੈ,ਉਹ ਅਧਾਰ ਉੱਤੇ ਪਰਚਾ ਨਹੀਂ ਹੋ ਸਕਦਾ

ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਦਰਜ ਮਾਮਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਤਜਿੰਦਰ ਬੱਗਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੋਹਾਲੀ ਸਾਈਬਰ ਥਾਣੇ ਵਿੱਚ ਇੱਕ ਅਪ੍ਰੈਲ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ।

ਇਹ ਟਿੱਪਣੀ ਕੇਜਰੀਵਾਲ ਵੱਲੋਂ ਫਿਲਮ 'ਕਸ਼ਮੀਰ ਫਾਈਲਜ਼' ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੀਤੀ ਗਈ ਸੀ।

ਇਹ ਐੱਫਆਈਆਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁਹਾਲੀ ਦੇ ਵਸਨੀਕ ਸਨੀ ਆਹਲੂਵਾਲੀਆ ਦੀ ਸ਼ਿਕਾਇਤ ਤੋਂ ਬਾਅਦ ਦਰਜ ਹੋਈ ਸੀ।

ਬੱਗਾ ਖਿਲਾਫ਼ ਇਹ ਮਾਮਲਾ ਇਸੇ ਸਾਲ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਬੱਗਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਖਿਲਾਫ਼ ਬੋਲਦੇ ਰਹਿਣਗੇ।

ਇਹ ਵੀ ਪੜ੍ਹੋ-

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ ਸੀ, ''ਅਰਵਿੰਦ ਕੇਜਰੀਵਾਲ ਜੇ ਤੁਹਾਨੂੰ ਲੱਗਦਾ ਹੈ ਕਿ ਝੂਠੇ ਕੇਸ ਕਰ ਕੇ ਡਰਾ ਲਓਗੇ ਤਾਂ ਇਹ ਤੁਹਾਡੀ ਗਲਤਫ਼ਹਿਮੀ ਹੈ। ਜਿੰਨੀ ਤਾਕਤ ਹੈ ਨਾ ਓਨੇ ਕਿੱਸ ਦਰਜ ਕਰ, ਫਿਰ ਵੀ ਤੁਹਾਡੀ ਪੋਲ ਇਸੇ ਤਰ੍ਹਾਂ ਖੋਲ੍ਹਦਾ ਰਹਾਂਗਾ।''

ਕੇਜਰੀਵਾਲ 'ਤੇ ਟਿੱਪਣੀ ਕਰਨ ਵਾਲੇ ਵਿਵਾਦ ਤੋਂ ਪਹਿਲਾਂ ਵੀ ਬੱਗਾ ਕਈ ਵਾਰ ਵਿਵਾਦਾਂ ਵਿੱਚ ਰਹੇ ਹਨ।

2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਬੱਗਾ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਨਾਗਰਿਕਤਾ ਕਾਨੂੰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਬੰਧਨ ਵਿੱਚ ਚੋਣਾਂ ਲੜਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹਰੀਨਗਰ ਤੋਂ ਭਾਜਪਾ ਨੇ ਬਾਅਦ ਵਿੱਚ ਬੱਗਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ।

2020 ਦੀਆਂ ਚੋਣਾਂ ਸਮੇਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਉਪਰ ਤਿੰਨ ਐਫਆਈਆਰ ਦਰਜ ਸਨ।

ਇਨ੍ਹਾਂ ਵਿੱਚੋਂ ਇੱਕ ਪ੍ਰਸ਼ਾਂਤ ਭੂਸ਼ਨ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀ ਜਦੋਂ ਕਿ ਦੋ ਵਿਰੋਧ ਪ੍ਰਦਰਸ਼ਨ ਕਾਰਨ ਦਰਜ ਹੋਈਆਂ ਸਨ। ਇਕ ਵਿਰੋਧ ਪ੍ਰਦਰਸ਼ਨ ਕਾਂਗਰਸ ਦਫ਼ਤਰ ਦੇ ਬਾਹਰ ਕੀਤਾ ਗਿਆ ਸੀ ਜਦੋਂ ਕਿ ਦੂਜਾ ਪ੍ਰਦਰਸ਼ਨ ਕਸ਼ਮੀਰ ਵਿੱਚ ਧਾਰਾ 370 ਦੇ ਮਾਮਲੇ ਵਿੱਚ ਸੀ।

2017 ਵਿੱਚ ਉਨ੍ਹਾਂ ਨੂੰ ਦਿੱਲੀ ਭਾਜਪਾ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)