ਕੁਮਾਰ ਵਿਸ਼ਵਾਸ ਤੋਂ ਬਾਅਦ ਅਲਕਾ ਲਾਂਬਾ ਦੇ ਘਰ ਵੀ ਪਹੁੰਚੀ ਪੰਜਾਬ ਪੁਲਿਸ ਨੇ ਕੀ ਕਾਰਵਾਈ ਕੀਤੀ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ਼ ਭੜਕਾਊ ਬਿਆਨ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ।

ਬੁੱਧਵਾਰ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਵੀ ਪਹੁੰਚੀ, ਜਿਸ ਸਬੰਧੀ ਕੁਮਾਰ ਵਿਸ਼ਵਾਸ ਨੇ ਆਪ ਆਪਣੇ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ 'ਆਪ' ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਨਾਂਅ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

ਆਪਣੇ ਟਵੀਟ ਵਿੱਚ ਵਿਸ਼ਵਾਸ ਨੇ ਲਿਖਿਆ, "ਸਵੇਰੇ-ਸਵੇਰੇ ਪੰਜਾਬ ਪੁਲਿਸ ਦਰਵਾਜ਼ੇ 'ਤੇ ਪਧਾਰੀ ਹੈ। ਇੱਕ ਸਮੇਂ, ਮੇਰੇ ਦੁਆਰਾ ਹੀ ਪਾਰਟੀ 'ਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਚੇਤਾਵਨੀ ਦੇ ਰਿਹਾ ਹਾਂ ਤੁਸੀਂ, ਦਿੱਲੀ 'ਚ ਬੈਠੇ ਜਿਸ ਆਦਮੀ ਨੂੰ, ਪੰਜਾਬ ਦੇ ਲੋਕਾਂ ਦੁਆਰਾ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ। ਦੇਸ਼ ਮੇਰੀ ਚੇਤਾਵਨੀ ਨੂੰ ਯਾਦ ਰੱਖੇ।''

ਪਰ ਹਾਲ ਹੀ ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਖਾਲਿਸਤਾਨੀਆਂ ਨਾਲ ਸੰਪਰਕ ਰੱਖਣ ਦੇ ਗੰਭੀਰ ਦੋਸ਼ ਲਾਏ ਸਨ।

ਪੰਜਾਬ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਮੀਡੀਆ ਚੈਨਲਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸਨ ਤਾਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇੱਕ ਦਿਨ ਉਹ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਖਾਲਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ।

ਅਲਕਾ ਲਾਂਬਾ ਦੇ ਘਰ ਵੀ ਪਹੁੰਚੀ ਪੰਜਾਬ ਪੁਲਿਸ

ਕੁਮਾਰ ਵਿਸ਼ਵਾਸ ਤੋਂ ਬਾਅਦ ਅਲਕਾ ਲਾਂਬਾ ਨੇ ਵੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਘਰ ਵੀ ਪੁਲਿਸ ਪਹੁੰਚ ਗਈ ਹੈ।

ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਲਿਖਿਆ, "ਮੇਰੇ ਘਰ ਵੀ ਪੰਜਾਬ ਪੁਲਿਸ ਪਹੁੰਚ ਗਈ ਹੈ।"

ਇਸ ਤੋਂ ਕੁਝ ਦੇਰ ਬਾਅਦ ਹੀ ਅਲਕਾ ਲਾਂਬਾ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਰੋਪੜ ਪੁਲਿਸ ਵੱਲੋਂ ਦਿੱਤੇ ਗਏ ਇੱਕ ਨੋਟਿਸ ਦੀ ਤਸਵੀਰ ਵੀ ਸ਼ੇਅਰ ਕੀਤੀ।

ਉਨ੍ਹਾਂ ਨੇ ਭਗਵੰਤ ਮਾਨ ਸਰਕਾਰ 'ਤੇ ਇਲਜ਼ਾਮ ਲਗਾਉਂਦਿਆ ਲਿਖਿਆ, "ਪੰਜਾਬ ਪੁਲਿਸ ਘਰ ਦੀ ਕੰਧ 'ਤੇ ਇੱਕ ਨੋਟਿਸ ਚਿਪਕਾ ਕੇ ਗਈ ਹੈ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਧਮਕੀ ਵੀ ਦੇ ਕੇ ਗਈ ਹੈ ਕਿ 26 ਅਪ੍ਰੈਲ ਨੂੰ ਥਾਣੇ ਵਿੱਚ ਪੇਸ਼ ਨਾ ਹੋਏ ਤਾਂ ਅੰਜਾਮ ਬੁਰਾ ਹੋਵੇਗਾ।"

"ਕਾਂਗਰਸ ਦੀ ਇਹ ਗਾਂਧੀਵਾਦੀ ਸਿਪਾਹੀ ਵੱਡੇ ਸੰਘੀਆਂ ਕੋਲੋਂ ਨਹੀਂ ਡਰੀ ਤਾਂ ਛੋਟੇ ਦੀ ਤਾਂ ਗੱਲ ਹੀ ਛੱਡ ਦਿਓ।"

ਇਹ ਵੀ ਪੜ੍ਹੋ:

ਭੜਕਾਉ ਬਿਆਨ ਦੇਣ ਕਾਰਨ ਮਾਮਲਾ ਦਰਜ

ਰੂਪਨਗਰ ਦੇ ਡੀਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਭੜਕਾਊ ਬਿਆਨ ਦੇਣ ਦੇ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਦੇ ਖਿਲਾਫ਼ ਥਾਣਾ ਸਦਰ ਰੂਪਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਮੁਕੱਦਮਾ ਨੰਬਰ 25, ਮਿਤੀ 12.04.22 ਨੂੰ 153, 153 ਏ, 505, 505 (2), 116 ਆਰ/ਡਬਲਯੂ 143, 147, 323, 341, 120-ਬੀ ਆਈਪੀਸੀ ਅਤੇ 125 ਲੋਕ ਪ੍ਰਤੀਨਿਧ ਐਕਟ ਅਧੀਨ ਦਰਜ ਕੀਤਾ ਗਿਆ ਹੈ।

ਪੁਲਿਸ ਅਨੁਸਾਰ, ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਜਦੋਂ ਉਹ ਆਪਣੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੁੰਮ ਰਹੇ ਸਨ ਤਾਂ ਕੁਝ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ। ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ ਹਨ।

ਇਹ ਸਭ ਕੁਝ ਉਦੋਂ ਸ਼ੁਰੂ ਹੋਇਆ, ਜਦੋਂ ਕੁਮਾਰ ਵਿਸ਼ਵਾਸ ਨੇ ਨਿਊਜ਼ ਚੈਨਲਾਂ/ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਭੜਕਾਊ ਬਿਆਨ ਦਿੱਤੇ ਅਤੇ 'ਆਪ' ਦੇ ਵੱਖਵਾਦੀ ਤੱਤਾਂ ਨਾਲ ਸਬੰਧਾਂ ਦਾ ਇਲਜ਼ਾਮ ਲਗਾਇਆ। ਇਨ੍ਹਾਂ ਬਿਆਨਾਂ ਅਤੇ ਵੀਡੀਓਜ਼ ਦੇ ਸਿੱਟੇ ਵਜੋਂ ਪੰਜਾਬ ਸੂਬੇ ਦਾ ਸ਼ਾਂਤਮਈ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ।

ਜਾਂਚ ਦੇ ਹਿੱਸੇ ਵਜੋਂ ਕੁਮਾਰ ਵਿਸ਼ਵਾਸ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਤੱਥਾਂ ਤੇ ਕਾਨੂੰਨ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।

ਕੁਮਾਰ ਵਿਸ਼ਵਾਸ ਦੇ ਟਵੀਟ ਤੋਂ ਬਾਅਦ ਇਹ ਰਹੀ ਸਿਆਸੀ ਪ੍ਰਤੀਕਿਰਿਆ

ਆਮ ਆਦਮੀ ਪਾਰਟੀ ਨੇ ਪੰਜਾਬ ਨੇ ਦਿੱਲੀ ਵਿਚ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ ਕੀਤੀ ਹੈ। ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ, ''ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੈ ਕਿ ਸਾਰੇ ਕਾਂਗਰਸੀ ਭਾਜਪਾ ਆਗੂ ਕੁਮਾਰ ਵਿਸ਼ਵਾਸ਼ ਦਾ ਬਚਾਅ ਕਰਨ ਲੱਗੇ ਹੋਏ ਹਨ ਆਖ਼ਰ ਕਾਂਗਰਸੀਆਂ ਨੂੰ ਭਾਜਪਾ ਆਗੂਆਂ ਨਾਲ ਇੰਨਾ ਪਿਆਰ ਕਿਉਂ? ਪੰਜਾਬ ਪੁਲਿਸ ਉੱਤੇ ਭਰੋਸਾ ਰੱਖੋ, ਪੰਜਾਬ ਪੁਲਿਸ ਨੂੰ ਆਪਣਾ ਕੰਮ ਕਿਉਂ ਨਹੀਂ ਕਰਨ ਦਿੰਦੇ?''

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ 'ਆਪ' ਪਾਰਟੀ 'ਤੇ ਨਿਸ਼ਾਨਾ ਸਾਧਿਆ।

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਬਦਲਾਖੋਰੀ ਲਈ ਝੂਠੇ ਪਰਚੇ ਪਾਉਣ ਦੀਆਂ ਹਰਕਤਾਂ ਅਕਾਲੀ ਦਲ ਅਤੇ ਕਾਂਗਰਸ, ਦੋਵਾਂ ਦੀਆਂ ਸਰਕਾਰਾਂ ਨੇ ਕੀਤੀਆਂ ਤੇ ਪੰਜਾਬੀਆਂ ਨੇ ਦੋਵੇਂ ਪਾਰਟੀਆਂ ਨੂੰ ਨਕਾਰ ਦਿੱਤਾ।''

''ਬਦਲਾਅ ਦਾ ਵਾਅਦਾ ਕਰਕੇ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ 'ਆਪ' (ਪੰਜਾਬ) ਵੀ ਅਜਿਹੇ ਘਟੀਆ ਹਥਕੰਡੇ ਅਪਣਾਵੇਗੀ, ਇਹ ਨਹੀਂ ਸੋਚਿਆ ਸੀ।''

''ਭਗਵੰਤ ਮਾਨ, ਕੀ ਇਹੀ ਤੁਹਾਡਾ ਇਨਕਲਾਬ ਹੈ।''

ਕਾਂਗਰਸ ਆਗੂ ਸੁਖਪਾਲ ਖਹਿਰਾ ਵੇ ਵੀ ਇੱਕ ਟਵੀਟ ਕਰਕੇ ਆਪਣਾ ਵਿਰੋਧ ਦਰਜ ਕੀਤਾ ਹੈ।

ਖਹਿਰਾ ਨੇ ਆਪਣੇ ਟਵੀਟ 'ਚ ਲਿਖਿਆ ਕਿ ''ਡਾਕਟਰ ਕੁਮਾਰ ਵਿਸ਼ਵਾਸ ਦੁਆਰਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬਿਆਨ ਦੇਣ ਲਈ, ਵਿਸ਼ਵਾਸ ਖ਼ਿਲਾਫ਼ ਹੋਈ ਸਿਆਸੀ ਬਦਲਾਖੋਰੀ ਦੀ ਇਸ ਕਾਰਵਾਈ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।''

ਉਨ੍ਹਾਂ ਅੱਗੇ ਲਿਖਿਆ, ''ਆਮ ਆਦਮੀ ਪਾਰਟੀ ਤੇ ਰਿਵਾਇਤੀ ਪਾਰਟੀਆਂ 'ਚ ਕੀ ਫ਼ਰਕ ਹੈ?''

ਉਨ੍ਹਾਂ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਲਿਖਿਆ ਕਿ ''ਪੰਜਾਬ ਪੁਲਿਸ ਦਾ ਇਸਲਤੇਮਾਲ ਸਿਆਸੀ ਮਸਲੇ ਸੈੱਟ ਕਰਨ ਲਈ ਨਾ ਕਰਨ।''

ਪਤੱਰਕਾਰ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਰਹੇ ਆਸ਼ੂਤੋਸ਼ ਨੇ ਆਪਣੇ ਟਵੀਟ 'ਚ ਕਿਹਾ ਕਿ ''ਪੰਜਾਬ ਪੁਲਿਸ ਨੂੰ ਡਾਕਟਰ ਕੁਮਾਰ ਵਿਸ਼ਵਾਸ ਦੇ ਘਰ ਭੇਜਣਾ ਚੰਗੀ ਗੱਲ ਨਹੀਂ।''

ਉਨ੍ਹਾਂ ਕਿਹਾ ਕਿ, ''ਇਹ ਸਰਕਾਰੀ ਤੰਤਰ ਦੀ ਦੁਵਰਤੋਂ ਹੈ।''

ਆਸ਼ੂਤੋਸ਼ ਨੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਲਿਖਦਿਆਂ ਕਿਹਾ, ''ਭਗਵੰਤ ਮਾਨ ਨੇ ਇੱਕ ਮੁੱਖ ਮੰਤਰੀ ਵਜੋਂ ਬਹੁਤ ਦੂਰ ਤੱਕ ਜਾਣਾ ਹੈ, ਉਨ੍ਹਾਂ ਨੂੰ ਪੰਜਾਬ ਨੂੰ ਵਧੇਰੇ ਖੁਸ਼ਹਾਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ...।

ਉਨ੍ਹਾਂ ਅੱਗੇ ਲਿਖਿਆ, ''ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਅਜਿਹਾ ਨਾ ਹੋਣ ਦੇਣ , ਇਸਨੂੰ ਤੁਰੰਤ ਰੋਕਣਾ ਚਾਹੀਦਾ ਹੈ।''

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਨੇ ਕੁਮਾਰ ਵਿਸ਼ਵਾਸ ਦੇ ਟਵੀਟ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ, "ਕੰਬ ਕਿਉਂ ਰਹੇ ਹੋ? ਜੋ ਤੁਸੀਂ ਚੋਣਾਂ ਤੋਂ ਪਹਿਲਾਂ ਕਿਹਾ ਸੀ, ਪੰਜਾਬ ਪੁਲਿਸ ਉਸੇ ਦਾ ਤਾਂ ਸਬੂਤ ਲੈਣ ਪਹੁੰਚੀ ਹੈ, ਦੇ ਦਿਓ। ਗੱਲ ਖਤਮ। ਇਸ ਤਰ੍ਹਾਂ ਕਿਵੇਂ ਕੰਮ ਚੱਲੇਗਾ?''

ਉਨ੍ਹਾਂ ਅੱਗੇ ਲਿਖਿਆ, ''ਮੈਂ ਪੰਜਾਬ ਦੀ ਜਿੱਤ ਦੀ ਖੁਸ਼ੀ 'ਚ ਮਠਿਆਈ ਖੁਆਉਣ ਆਇਆ ਸੀ, ਉਹ ਵੀ ਤੁਸੀਂ ਨਹੀਂ ਖਾਧੀ। ਫਿਲਹਾਲ ਤੁਸੀਂ ਪੰਜਾਬ ਪੁਲਿਸ ਦੀ ਚੇਤਾਵਨੀ ਯਾਦ ਰੱਖੋ ਡਾਕਟਰ ਕੁਮਾਰ ਵਿਸ਼ਵਾਸ!''

ਇਸੇ ਸਿਲਸਿਲੇ 'ਚ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ 'ਤੇ ਸਵਾਲ ਉਠਾਉਂਦੇ ਹੋਏ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਹਰੀਸ਼ ਚੌਧਰੀ ਨੇ ਕੇਜਰੀਵਾਲ 'ਤੇ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।

ਪੰਜਾਬ ਪੁਲਿਸ ਦੀ ਸਿਆਸੀ ਆਗੂਆਂ ਖਿਲਾਫ ਐੱਫਆਈਆਰ

ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ 3 ਅਜਿਹੇ ਆਗੂਆਂ 'ਤੇ ਐੱਫਆਈਆਰ ਦਰਜ ਕੀਤੀਆਂ ਹਨ, ਜੋ ਕਿ ਪੰਜਾਬ ਤੋਂ ਨਹੀਂ ਹਨ ਅਤੇ ਦੂਜਿਆਂ ਪਾਰਟੀਆਂ ਨਾਲ ਸਬੰਧਿਤ ਹਨ।

ਅਜਿਹੀ ਪਿਛਲੀ ਐੱਫਆਈਆਰ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਥਿਤ ਤੌਰ 'ਤੇ ਛੇੜ ਛਾੜ ਕੀਤੀ ਹੋਈ ਵੀਡੀਓ ਕਲਿੱਪ ਸ਼ੇਅਰ ਕਰਨ ਦੇ ਇਲਜ਼ਾਮ 'ਚ ਹੋਈ ਸੀ, ਜਿਸ ਵਿੱਚ ਦਿੱਲੀ ਭਾਜਪਾ ਦੇ ਆਗੂ ਨਵੀਨ ਜਿੰਦਲ ਖਿਲਾਫ ਐੱਫ਼ਆਈਆਰ ਦਰਜ ਕੀਤੀ ਗਈ।

ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਇਹ ਤੀਜੀ ਐੱਫ਼ਆਈਆਰ ਸੀ ਜੋ ਭਾਜਪਾ ਦੇ ਕਿਸੇ ਆਗੂ ਵਿਰੁੱਧ ਦਰਜ ਹੋਈ ਜੋ ਪੰਜਾਬ ਸੂਬੇ ਤੋਂ ਵੀ ਨਹੀਂ ਹਨ।

ਉਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਅਤੇ ਭਾਜਪਾ ਵਰਕਰ ਪ੍ਰੀਤੀ ਗਾਂਧੀ ਖ਼ਿਲਾਫ਼ ਵੀ ਅਜਿਹੇ ਹੀ ਵੱਖ-ਵੱਖ ਮਾਮਲਿਆਂ ਵਿੱਚ ਐੱਫਆਈਆਰ ਦਰਜ ਕੀਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)