'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਵਿਆਹ ਮਗਰੋਂ ਬੋਲੇ 'ਜ਼ਿੰਮੇਵਾਰੀਆਂ ਵੰਡਾਉਣ ਵਾਲਾ ਚਾਹੀਦਾ ਸੀ'
- ਲੇਖਕ, ਕੁਲਵੀਰ ਨਮੋਲ/ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਲੱਖੇਵਾਲ ਦਾ ਵਿਆਹ ਅੱਜ ਪਟਿਆਲਾ ਨੇੜਲੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਸਾਦੇ ਸਮਾਗਮ ਦੌਰਾਨ ਹੋਇਆ।
ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।
ਵਿਆਹ ਸਮਾਗਮ ਵਿੱਚ ਸਿਰਫ ਨੇੜਲੇ ਪਰਿਵਾਰਕ ਰਿਸ਼ਤੇਦਾਰ ਅਤੇ ਕਰੀਬੀ ਸੱਦੇ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਨਵੇਂ ਜੋੜੇ ਨੂੰ ਵਧਾਈ ਦਿੱਤੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਇਕ ਦੀ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ।

ਤਸਵੀਰ ਸਰੋਤ, BBC/GURMINDER GREWAL
ਜ਼ਿੰਮੇਵਾਰੀਆਂ ਵੰਡਾਉਣ ਵਾਲਾ ਚਾਹੀਦਾ ਸੀ- ਨਰਿੰਦਰ ਕੌਰ ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵਿਆਹ ਮਗਰੋਂ ਕਿਹਾ, "ਅਸੀਂ ਆਮ ਪਰਿਵਾਰ ਵਿੱਚੋਂ ਹਾਂ ਅਤੇ ਸਮਰੱਥਾ ਮੁਤਾਬਕ ਛੋਟਾ ਜਿਹਾ ਸਮਾਗਮ ਰੱਖਿਆ ਸੀ। ਲੋਕਾਂ ਨੂੰ ਵੀ ਇਹੋ ਸੁਨੇਹਾ ਦਿੰਦੇ ਹਾਂ ਅਤੇ ਪਹਿਲ ਆਪਣੇ ਆਪ ਤੋਂ ਕਰਨੀ ਜਰੂਰੀ ਹੁੰਦੀ ਹੈ।''
''ਜੋ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਉਸ ਤੋਂ ਬਾਅਦ ਪਰਿਵਾਰਕ ਜਿੰਮੇਵਾਰੀ ਵਿੱਚ ਬੱਝੀ ਹਾਂ। ਲੋਕਾਂ ਲਈ ਜਿਵੇਂ ਜ਼ਿੰਮੇਵਾਰੀਆਂ ਨਿਭਾਉਂਦੀ ਹਾਂ ਉਸੇ ਤਰ੍ਹਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣ ਦੀ ਕੋਸ਼ਿਸ਼ ਕਰਾਂਗੀ। ਜ਼ਿੰਮੇਵਾਰੀਆਂ ਵੱਡੀਆਂ ਸੀ ਅਤੇ ਇਹਨਾਂ ਨੂੰ ਵੰਡਾਉਣ ਵਾਲਾ ਚਾਹੀਦਾ ਸੀ ਜਿਸ ਲਈ ਇਹ ਫ਼ੈਸਲਾ ਲਿਆ।"
ਆਓ ਹੁਣ ਜਾਣ ਲੈਂਦੇ ਹਾਂ ਨਰਿੰਦਰ ਕੌਰ ਭਰਾਜ ਜਿਸ ਨੂੰ ਆਪਣਾ ਜੀਵਨ ਸਾਥੀ ਬਣਾਉਣ ਜਾ ਰਹੇ, ਉਹ ਕੌਣ ਹਨ...

ਤਸਵੀਰ ਸਰੋਤ, @mandeep_lakhewal
ਮਨਦੀਪ ਸਿੰਘ ਲੱਖੇਵਾਲ
ਨਰਿੰਦਰ ਜਿਸ 'ਆਪ' ਵਰਕਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ, ਉਨ੍ਹਾਂ ਦਾ ਨਾਂ ਮਨਦੀਪ ਸਿੰਘ ਲੱਖੇਵਾਲ ਹੈ ਅਤੇ ਉਹ ਸੰਗਰੂਰ ਦੇ ਪਿੰਡ ਲੱਖੇਵਾਲ ਦੇ ਵਸਨੀਕ ਹਨ।
29 ਸਾਲਾ ਮਨਦੀਪ ਸਿੰਘ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਜੀ ਮੁਖਤਿਆਰ ਸਿੰਘ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸਨ।
ਦਾਦੇ ਤੋਂ ਬਾਅਦ ਹੁਣ ਮਨਦੀਪ ਦੇ ਪਿਤਾ ਮੇਜਰ ਸਿੰਘ ਵੀ ਕਿਸਾਨ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਮਨਦੀਪ ਸਿੰਘ ਅਤੇ ਨਰਿੰਦਰ ਕੌਰ ਭਰਾਜ ਨੇ ਸਕੂਲੀ ਸਿੱਖਿਆ ਇੱਕੋ ਸਕੂਲ 'ਚੋਂ ਇਕੱਠਿਆਂ ਹੀ ਪ੍ਰਾਪਤ ਕੀਤੀ ਹੈ।
ਮਨਦੀਪ ਸਿੰਘ ਦਾ ਪਿੰਡ ਲੱਖੇਵਾਲ, ਨਰਿੰਦਰ ਦੇ ਪਿੰਡ ਭਰਾਜ ਤੋਂ ਲਗਭਗ ਸਵਾ ਕਿੱਲੋਮੀਟਰ ਦੂਰ ਹੈ।

ਤਸਵੀਰ ਸਰੋਤ, NArinder Kaur Bharaj/FB
ਮਨਦੀਪ ਸਿੰਘ ਵੀ ਸਾਲ 2014 ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਰਹੇ ਹਨ ਅਤੇ ਸਾਲ 2022 ਦੀਆਂ ਚੋਣਾਂ ਸਮੇਂ ਉਹ ਨਰਿੰਦਰ ਕੌਰ ਦੇ ਸਭ ਤੋਂ ਨਜ਼ਦੀਕੀ ਲੋਕਾਂ ਵਜੋਂ ਦੇਖੇ ਗਏ।
ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ 'ਤੇ ਇਕੱਠੀਆਂ ਦੇਖੀਆਂ ਜਾਂਦੀਆਂ ਹਨ।
ਮਨਦੀਪ ਸਿੰਘ ਦੇ ਦੋਸਤ ਗੁਰਬਖ਼ਸ਼ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਦੀਪ ਸਿੰਘ ਨੇ ਚੰਨੋ ਦੇ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਨਦੀਪ ਨੂੰ ਕ੍ਰਿਕਟ ਖੇਡਣਾ ਕਾਫ਼ੀ ਪਸੰਦ ਹੈ ਅਤੇ ਉਹ ਅਕਸਰ ਨੇੜਲੇ ਪਿੰਡ ਦੇ ਟੂਰਨਾਮੈਂਟ ਵਿੱਚ ਕ੍ਰਿਕਟ ਖੇਡਣ ਜਾਂਦੇ ਹਨ ਅਤੇ ਉਹ ਪਿੰਡ ਦੇ ਗਰਾਊਂਡ ਵਿੱਚ ਅਕਸਰ ਦੋਸਤਾਂ ਨਾਲ ਵੀ ਕ੍ਰਿਕਟ ਖੇਡਦੇ ਹਨ।
ਇਸ ਤੋਂ ਇਲਾਵਾ ਮਨਦੀਪ ਨੂੰ ਜਿੰਮ ਕਰਨ ਦਾ ਵੀ ਕਾਫੀ ਸ਼ੌਕ ਹੈ।

- 7 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ 'ਆਪ' ਵਿਧਾਇਕ ਨਰਿੰਦਰ ਕੌਰ ਭਰਾਜ।
- ਪਾਰਟੀ ਦੇ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਲੈਣਗੇ ਲਾਵਾਂ।
- ਨਰਿੰਦਰ ਅਤੇ ਮਨਦੀਪ ਨੇ ਇਕੱਠਿਆਂ ਹੀ ਇੱਕੋ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
- ਨਰਿੰਦਰ ਦੇ ਨਾਨਕੇ ਪਿੰਡ ਦੇ ਗੁਰੂਦੁਆਰੇ 'ਚ ਸਧਾਰਨ ਢੰਗ ਨਾਲ ਹੋਣਗੀਆਂ ਵਿਆਹ ਦੀਆਂ ਰਸਮਾਂ।
- ਮੁੱਖ ਮੰਤਰੀ ਭਗਵੰਤ ਮਾਨ ਸਣੇ ਪਾਰਟੀ ਦੇ ਹੋਰ ਮੈਂਬਰ ਕਰਨਗੇ ਸਮਾਗਮ 'ਚ ਸ਼ਿਰਕਤ।

ਨਰਿੰਦਰ ਕੌਰ ਭਰਾਜ ਦਾ ਪਿਛੋਕੜ
27 ਸਾਲਾ ਨਰਿੰਦਰ ਕੌਰ ਭਰਾਜ ਨੇ ਇਸ ਸਾਲ ਪੰਜਾਬ ਵਿੱਚ ਹੋਈਆਂ ਚੋਣਾਂ 'ਚ, ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਵਿਜੇਇੰਦਰ ਸਿੰਗਲਾ ਨੂੰ 36 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਉਹ ਸੰਗਰੂਰ ਤੋਂ ਪਹਿਲੀ ਮਹਿਲਾ ਵਿਧਾਇਕ ਹਨ।
ਨਰਿੰਦਰ ਕੌਰ ਉਸ ਸਮੇਂ ਸੁਰਖੀਆਂ 'ਚ ਆਏ ਸੀ ਜਦੋਂ 2014 'ਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ 'ਆਪ' ਉਮੀਦਵਾਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਲਈ ਪੋਲਿੰਗ ਏਜੰਟ ਬੂਥ ਬਣਾਇਆ ਸੀ।
ਇਸ ਤੋਂ ਬਾਅਦ ਨਰਿੰਦਰ ਕੌਰ ਭਾਰਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ-

ਨਰਿੰਦਰ ਕੌਰ ਇੱਕ ਜ਼ਿੰਮੀਦਾਰ ਪਰਿਵਾਰ ਨਾਲ ਸਬੰਧ ਰਖਦੇ ਹਨ ਤੇ ਖੇਤੀਬਾੜੀ ਦਾ ਸਾਰਾ ਕੰਮ ਵੀ ਖੁਦ ਦੇਖਦੇ ਰਹੇ ਹਨ। ਪਸ਼ੂਆਂ ਨੂੰ ਸਾਂਭਣ ਦਾ ਕੰਮ ਹੋਵੇ ਜਾਂ ਆੜ੍ਹਤੀਆਂ ਨਾਲ ਹਿਸਾਬ-ਕਿਤਾਬ, ਸਭ ਉਹੀ ਦੇਖਦੇ ਹਨ।
ਪਿਤਾ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਸਨ। ਨਰਿੰਦਰ ਕੌਰ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੈ।
ਸਾਲ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਆਮ ਆਦਮੀ ਪਾਰਟੀ ਲਈ ਬੂਥ ਉਸ ਵੇਲੇ ਲਗਾਇਆ ਸੀ ਜਦੋਂ ਉੱਥੇ ਕੋਈ ਬੂਥ ਲਗਾਉਣ ਲਈ ਤਿਆਰ ਨਹੀਂ ਸੀ ਤੇ ਇਸ ਤਰ੍ਹਾਂ ਉਨ੍ਹਾਂ ਨੇ ਪੋਲਿੰਗ ਏਜੰਟ ਦੇ ਤੌਰ 'ਤੇ ਆਪਣੀ ਸ਼ੁਰੂਆਤ ਕੀਤੀ ਸੀ।

ਤਸਵੀਰ ਸਰੋਤ, NArinder Kaur Bharaj/FB
ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ 'ਚ ਨਰਿੰਦਰ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ ਅਤੇ ਉਸ ਮਾਹੌਲ 'ਚ ਹੀ ਉਹ ਬਹੁਤ ਦਲੇਰ ਹੋ ਗਏ।
ਉਨ੍ਹਾਂ ਦੱਸਿਆ, "ਕੋਈ ਵੀ ਚੁਣੌਤੀ ਹੋਵੇ, ਮੈਂ ਕਦੇ ਨਹੀਂ ਸੋਚਿਆ ਕਿ ਮੈਂ ਕੁੜੀ ਹਾਂ ਜਾਂ ਮੁੰਡਾ।"
ਸਿਆਸਤ 'ਚ ਆਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਸਿਆਸਤ 'ਚ ਕਿਸੇ ਪਲਾਨਿੰਗ ਨਾਲ ਨਹੀਂ ਆਈ ਸੀ।"

"ਸਾਲ 2014 'ਚ ਜਦੋਂ ਭਗਵੰਤ ਮਾਨ ਜੀ ਲੋਕ ਸਭਾ ਚੋਣਾਂ ਲੜ ਰਹੇ ਸਨ, ਕੋਈ ਸਾਡੇ ਪਿੰਡ 'ਚ ਉਨ੍ਹਾਂ ਲਈ ਬੂਥ ਲਗਾਉਣ ਲਈ ਤਿਆਰ ਨਹੀਂ ਸੀ, ਨਾ ਹੀ ਕੋਈ ਲਗਾਉਣ ਦੇ ਰਿਹਾ ਸੀ।"
"ਮੈਨੂੰ ਲੱਗਿਆ ਕਿ ਇੱਕ ਨਾਗਰਿਕ ਹੋਣ ਦਾ ਫਰਜ਼ ਹੈ ਮੇਰਾ ਅਤੇ ਸਿਸਟਮ ਦੇ ਨਾਲ ਵੀ ਮੇਰੀ ਟੱਕਰ ਚਲੱਦੀ ਹੀ ਰਹਿੰਦੀ ਸੀ, ਸਿਸਟਮ ਨੂੰ ਬਦਲਣ ਲਈ ਮੈਂ ਸੋਚਿਆ ਕਿ ਕੋਈ ਨੀ ਲੱਗਾ ਰਿਹਾ ਤਾਂ ਚਲੋ ਮੈਂ ਲਗਾ ਲੈਂਦੀ ਹੈ।"
"ਮੈਂ ਇੱਕ ਬੂਥ ਲਗਾਇਆ ਸੀ ਸਿਰਫ਼, ਪੋਲਿੰਗ ਏਜੰਟ ਬਣੀ ਸੀ। ਉੱਥੋਂ ਹੀ ਸਿਆਸਤ ਦੀ ਸ਼ੁਰੂਆਤ ਹੋਈ।"
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

ਇਹ ਵੀ ਪੜ੍ਹੋ-













