ਚੰਡੀਗੜ੍ਹ ਵਾਇਰਲ ਵੀਡੀਓ ਵਿਵਾਦ: ਜੇ ਤੁਹਾਡੀ ਨਿੱਜੀ ਵੀਡੀਓ ਕੋਈ ਬਿਨਾਂ ਤੁਹਾਡੀ ਇਜਾਜ਼ਤ ਦੇ ਸੋਸ਼ਲ ਮੀਡੀਆ ’ਤੇ ਪਾ ਦੇਵੇ ਤਾਂ ਤੁਸੀਂ ਕੀ ਕਰ ਸਕਦੇ ਹੋ

    • ਲੇਖਕ, ਟੀਮ ਬੀਬੀਸੀ
    • ਰੋਲ, ਨਵੀਂ ਦਿੱਲੀ

ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਨੇੜੇ ਮੋਹਾਲੀ 'ਚ ਇੱਕ ਨਿੱਜੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਵੀਡੀਓ ਵਾਇਰਲ ਹੋਣ ਦਾ ਵਿਵਾਦ ਵਧਦਾ ਜਾ ਰਿਹਾ ਹੈ।

ਸ਼ਨੀਵਾਰ ਤੱਕ ਯੂਨੀਵਰਸਿਟੀ ਕੈਂਪਸ ਨੂੰ ਵਿਦਿਆਰਥੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਗਰਲਜ਼ ਹੋਸਟਲ ਦੇ ਵਾਰਡਨ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

ਪੁਲਿਸ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਮੁਲਜ਼ਮ ਕੁੜੀ ਅਤੇ ਸ਼ਿਮਲਾ 'ਚ ਰਹਿਣ ਵਾਲਾ ਉਸ ਦਾ ਇੱਕ ਦੋਸਤ ਵੀ ਸ਼ਾਮਿਲ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਇਹ ਕਬੂਲ ਕਰਦੀ ਨਜ਼ਰ ਆ ਰਹੀ ਹੈ ਕਿ ਉਸ ਨੇ ਨਹਾਉਂਦੇ ਸਮੇਂ ਸਾਥੀ ਕੁੜੀਆਂ ਦੀ ਵੀਡੀਓ ਬਣਾਈ ਸੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ 'ਤੇ ਬਹਿਸ ਤੇਜ਼ ਹੋ ਗਈ ਹੈ ਕਿ ਕਿਵੇਂ ਔਰਤਾਂ ਇਸ ਤਰ੍ਹਾਂ ਦੇ ਆਨਲਾਈਨ ਕ੍ਰਾਈਮ ਅਤੇ ਨਿੱਜਤਾ ਦੇ ਉਲੰਘਣ ਤੋਂ ਖ਼ੁਦ ਨੂੰ ਬਚਾਉਣ।

ਆਪਣੇ ਵੱਲੋਂ ਵੀ ਕੁਝ ਸਾਵਧਾਨੀਆਂ ਵਰਤ ਕੇ ਔਰਤਾਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੀਆਂ ਹਨ।

ਇਸ ਬਾਰੇ ਸਾਈਬਰ ਸੁਰੱਖਿਆ ਮਾਹਿਰ ਜਿਤੇਨ ਜੈਨ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵੇਲੇ ਕੁਝ ਗੱਲਾਂ ਦਾ ਖ਼ਿਆਲ ਰੱਖਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਬਾਰੇ ਅਸੀਂ ਇੱਥੇ ਦੱਸ ਰਹੇ ਹਾਂ-

ਕੀ ਕਰੀਏ, ਕੀ ਨਾ ਕਰੀਏ

  • ਸਭ ਤੋਂ ਪਹਿਲਾਂ, ਸੋਸ਼ਲ ਮੀਡੀਆ 'ਤੇ ਆਪਣੀਆਂ ਨਿੱਜੀ ਫੋਟੋਆਂ/ਵੀਡੀਓ ਪੋਸਟ ਕਰਨ ਤੋਂ ਬਚੋ। ਕੋਈ ਵੀ ਇਸ ਦੀ ਵਰਤੋਂ ਕਰ ਸਕਦਾ ਹੈ
  • ਆਪਣੇ ਨਿੱਜੀ ਪਲਾਂ ਵਿੱਚ ਰਹਿੰਦੇ ਹੋਏ ਕੋਸ਼ਿਸ਼ ਕਰੋ ਕਿ ਕਿਸੇ ਨੂੰ ਵੀ ਇਸ ਨੂੰ ਫਿਲਮਾਉਣ ਦੀ ਇਜਾਜ਼ਤ ਨਾ ਦਿਓ
  • ਜੇਕਰ ਤੁਸੀਂ ਅਜੇ ਵੀ ਤਸਵੀਰਾਂ ਪੋਸਟ ਕਰਨਾ ਚਾਹੁੰਦੇ ਹੋ, ਤਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਆਪਣੀ ਪ੍ਰਾਈਵੇਸੀ ਸੈਟਿੰਗਸ ਨੂੰ ਜਨਤਕ ਨਾ ਕਰੋ
  • ਸੈਟਿੰਗਸ ਨੂੰ ਇਸ ਤਰ੍ਹਾਂ ਰੱਖੋ ਕਿ ਸਿਰਫ਼ ਤੁਹਾਡੇ ਦੋਸਤ ਜਾਂ ਤੁਹਾਡੇ ਨਾਲ ਜੁੜੇ ਲੋਕ ਹੀ ਤੁਹਾਡੀਆਂ ਤਸਵੀਰਾਂ ਦੇਖ ਸਕਣ। ਅਣਜਾਣ ਲੋਕ ਉਨ੍ਹਾਂ ਤੱਕ ਨਾ ਪਹੁੰਚਣ
  • ਟਵਿੱਟਰ 'ਤੇ ਅਜਿਹੀਆਂ ਸੈਟਿੰਗਸ ਕੀਤੀਆਂ ਜਾ ਸਕਦੀਆਂ ਹਨ ਕਿ ਲੋਕ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਨੂੰ ਫੌਲੋ ਨਾ ਕਰ ਸਕਣ ਪਰ, ਆਮ ਤੌਰ 'ਤੇ ਲੋਕ ਅਜਿਹਾ ਨਹੀਂ ਕਰਦੇ। ਸੈਟਿੰਗਸ ਨੂੰ ਹੋਰ ਨਿੱਜੀ ਬਣਾ ਕੇ ਤੁਹਾਡਾ ਖਾਤਾ ਵਧੇਰੇ ਸੁਰੱਖਿਅਤ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਵਾਰਦਾਤ ਦੇ ਸੰਖੇਪ ਵੇਰਵਾ

  • ਚੰਡੀਗੜ੍ਹ ਨੇੜੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਖੁਦਕੁਸ਼ੀ ਦੀ ਕਥਿਤ ਕੋਸ਼ਿਸ਼ ਦੀ ਖ਼ਬਰ ਸਾਹਮਣੇ ਆਈ ਸੀ।
  • ਅਸਲ ਵਿੱਚ ਯੂਨੀਵਰਸਿਟੀ ਦੀ ਹੀ ਇੱਕ ਕੁੜੀ ਉੱਤੇ ਇਨ੍ਹਾਂ ਦੀਆਂ ਨਿੱਜੀ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ।
  • ਪੁਲਿਸ ਨੇ ਇੱਕ ਕੁੜੀ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਕੋਲੋਂ 7 ਦਿਨਾਂ ਦੀ ਰਿਮਾਂਡ ਲੈ ਲਈ ਹੈ।
  • ਮੁਲਜ਼ਮ ਕੁੜੀ ਵੀਡੀਓ ਵਿੱਚ ਮੰਨ ਰਹੀ ਹੈ ਕਿ ਉਹ ਸ਼ਿਮਲਾ ਵਿੱਚ ਰਹਿੰਦੇ ਮੁੰਡੇ ਨੂੰ ਵੀਡੀਓ ਭੇਜਦੀ ਸੀ।
  • ਯੂਨੀਵਰਸਿਟੀ ਨੇ ਇਸ ਨੂੰ ਅਫਵਾਹਾਂ, ਸਰਾਸਰ ਝੂਠ ਅਤੇ ਬੇਬੁਨਿਆਦ ਦੱਸਿਆ ਸੀ।
  • ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਕੁੜੀ ਨੂੰ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ।
  • ਪੁਲਿਸ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਖ਼ਤਮ ਕੀਤਾ।

ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਆਵੇ ਤਾਂ ਕੀ ਕਰੀਏ

ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਦੱਸਦੇ ਹਨ ਕਿ ਆਈਪੀਸੀ ਦੀ ਧਾਰਾ 354C ਅਤੇ ਆਈਟੀ ਐਕਟ 66E ਦੇ ਤਹਿਤ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਜਾ ਸਕਦੀ ਹੈ।

  • ਆਈਟੀ ਐਕਟ 66ਈ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਜਾਣ-ਬੁੱਝ ਕੇ ਕਿਸੇ ਵਿਅਕਤੀ ਦੀ ਨਿੱਜੀ ਫੋਟੋ ਖਿੱਚਦਾ ਹੈ ਅਤੇ ਪ੍ਰਕਾਸ਼ਤ ਕਰਦਾ ਹੈ ਜਾਂ ਪ੍ਰਸਾਰਿਤ ਕਰਦਾ ਹੈ, ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਅਤੇ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
  • ਜੇਕਰ ਕਿਸੇ ਵਿਅਕਤੀ ਦਾ ਕੋਈ ਵੀ ਨਿੱਜੀ ਵੀਡੀਓ ਸਾਹਮਣੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਐੱਫਆਈਆਰ ਦਰਜ ਕਰਵਾਓ।
  • ਜਿਸ ਪਲੇਟਫਾਰਮ 'ਤੇ ਇਹ ਵੀਡੀਓ ਫੈਲਾਈ ਜਾ ਰਹੀ ਹੈ, ਉਸ ਤੋਂ ਵੀਡੀਓ ਜਾਂ ਤਸਵੀਰ ਹਟਾਉਣ ਲਈ ਵੀ ਅਪੀਲ ਕੀਤੀ ਜਾ ਸਕਦੀ ਹੈ। ਇਨ੍ਹਾਂ ਕੰਪਨੀਆਂ ਕੋਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਗ੍ਰਿਵਾਂਸ ਰਿਡ੍ਰੇਸਲ ਸਿਸਟਮ) ਹੈ ਜਿੱਥੇ ਵੀਡੀਓ ਨੂੰ ਹਟਾਉਣ ਲਈ ਅਪੀਲ ਕੀਤੀ ਜਾ ਸਕਦੀ ਹੈ, ਪਰ ਇਸ 'ਤੇ ਕਿੰਨੀ ਦੇਰ ਤੱਕ ਕਾਰਵਾਈ ਹੋਵੇਗੀ, ਇਸ ਬਾਰੇ ਕੋਈ ਨਿਸ਼ਚਿਤ ਰੂਪਰੇਖਾ ਨਹੀਂ ਹੈ। ਕੁਝ ਮਾਮਲਿਆਂ ਵਿੱਚ, ਕੇਂਦਰ ਸਰਕਾਰ ਚਾਰ ਘੰਟਿਆਂ ਦੇ ਅੰਦਰ ਇੱਕ ਵੀਡੀਓ ਜਾਂ ਤਸਵੀਰ ਨੂੰ ਹਟਾ ਸਕਦੀ ਹੈ, ਕੁਝ ਮਾਮਲਿਆਂ ਵਿੱਚ ਇਸ ਵਿੱਚ 48 ਘੰਟੇ ਅਤੇ ਕੁਝ ਮਾਮਲਿਆਂ ਵਿੱਚ ਇੱਕ ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ।

ਸਾਲ 2020 ਵਿੱਚ, 'ਬੁਆਏਜ਼ ਲਾਕਰ ਰੂਮ' ਵਿਵਾਦ ਵੇਲੇ, ਆਰਐੱਸਐੱਸ ਦੇ ਪ੍ਰਚਾਰਕ ਕੇਐੱਨ ਗੋਵਿੰਦਾਚਾਰੀਆ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ "ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਐਪਸ ਜਾਅਲੀ ਖ਼ਬਰਾਂ ਅਤੇ ਅਪਰਾਧਿਕ ਸਮੱਗਰੀ ਨਾਲ ਨਜਿੱਠਣ ਵਿੱਚ ਅਸਫ਼ਲ ਸਾਬਤ ਹੋਈਆਂ ਹਨ।"

"ਇਨ੍ਹਾਂ ਕੰਪਨੀਆਂ ਨੂੰ ਆਪਣੇ ਸਥਾਨਕ ਸ਼ਿਕਾਇਤ ਅਧਿਕਾਰੀ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ।"

ਹਾਲਾਂਕਿ, ਇਸ ਪਟੀਸ਼ਨ ਦੇ ਜਵਾਬ ਵਿੱਚ ਫੇਸਬੁੱਕ ਨੇ ਕਿਹਾ ਸੀ ਕਿ "ਬੁਆਏਜ਼ ਲਾਕਰ ਰੂਮ ਵਰਗੇ ਸਮੂਹ ਫੇਸਬੁੱਕ ਨੂੰ ਹਟਾ ਨਹੀਂ ਸਕਦੇ ਕਿਉਂਕਿ ਇਹ ਆਈਟੀ ਐਕਟ ਦੇ ਤਹਿਤ ਕੇਂਦਰ ਸਰਕਾਰ ਦੀਆਂ ਅਖਤਿਆਰੀ ਸ਼ਕਤੀਆਂ ਦੇ ਅਧੀਨ ਆਉਂਦਾ ਹੈ।"

ਅਜਿਹੇ 'ਚ ਇਹ ਕੰਪਨੀਆਂ ਕਿਸੇ ਵੀ ਕੰਟੈਂਟ ਜਾਂ ਅਕਾਊਂਟ ਨੂੰ ਉਦੋਂ ਹੀ ਹਟਾਉਂਦੀਆਂ ਹਨ, ਜਦੋਂ ਕੇਂਦਰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਜਾਂ ਕੋਈ ਅਦਾਲਤੀ ਹੁਕਮ ਹੁੰਦਾ ਹੈ।

ਕਿਵੇਂ ਪਤਾ ਕਰੀਏ ਫੇਕ ਅਕਾਉਂਟ ਹੈ

ਕਈ ਵਾਰ ਅਜਿਹਾ ਹੁੰਦਾ ਹੈ ਕਿ ਫੇਸਬੁੱਕ ਅਕਾਊਂਟ ਉੱਤੇ ਕਿਸੇ ਕੁੜੀ ਦੀ ਤਸਵੀਰ ਲੱਗੀ ਹੁੰਦੀ ਹੈ ਪਰ ਉਹ ਅਕਾਊਂਟ ਕਿਸੇ ਮੁੰਡੇ ਨੇ ਬਣਾਇਆ ਹੁੰਦਾ ਹੈ।

ਇਸ ਤਰ੍ਹਾਂ ਫਰਜ਼ੀ ਨਾਂ ਅਤੇ ਤਸਵੀਰ ਨਾਲ ਫੇਸਬੁੱਕ ਅਕਾਊਂਟ ਬਣਾਇਆ ਜਾਂਦਾ ਹੈ।

ਜਿਤੇਨ ਜੈਨ ਦੱਸਦੇ ਹਨ, "ਅਜਿਹੇ ਅਕਾਊਂਟਸ ਦਾ ਪਤਾ ਲਗਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਵੀ ਫਰੈਂਡ ਰਿਕਵੈਸਕਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਸਾਹਮਣੇ ਵਾਲੇ ਦੇ ਖਾਤੇ ਦੀ ਚੰਗੀ ਤਰ੍ਹਾਂ ਜਾਂਚ ਕਰੋ।"

ਜਿਤੇਨ ਜੈਨ ਮੁਤਾਬਕ, "ਅਜਿਹੇ ਨਕਲੀ ਅਕਾਊਂਟ ਵਿੱਚ ਅਕਸਰ ਸਾਰੀਆਂ ਤਸਵੀਰਾਂ ਉਸੇ ਦਿਨ ਪਾਈਆਂ ਹੁੰਦੀਆਂ ਹਨ।"

"ਉਹ ਸਿਰਫ਼ ਤਿੰਨ-ਚਾਰ ਗਰੁੱਪਾਂ ਨਾਲ ਜੁੜਿਆ ਹੁੰਦਾ ਹੈ ਅਤੇ 10-15 ਦੋਸਤ ਹੁੰਦੇ ਹਨ। ਕਈ ਵਾਰ ਅਜਿਹੇ ਅਕਾਊਂਟ ਵਿੱਚ ਵੱਖ-ਵੱਖ ਕੁੜੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ। ਤਸਵੀਰਾਂ ਇਤਰਾਜ਼ਯੋਗ ਤੱਕ ਹੋ ਸਕਦੀਆਂ ਹਨ।"

ਜਿਤੇਨ ਜੈਨ ਕਹਿੰਦੇ ਹਨ ਕਿ ਅਜਿਹਾ ਵੀ ਹੁੰਦਾ ਹੈ ਕਿ ਪ੍ਰੋਫਾਇਲ ਪਿਕ ਕਿਸੇ ਕੁੜੀ ਦੀ ਹੁੰਦੀ ਹੈ, ਪਰ ਗੈਲਰੀ ਵਿੱਚ ਉਸ ਦੀ ਇੱਕ ਵੀ ਤਸਵੀਰ ਨਹੀਂ ਹੁੰਦੀ ਅਤੇ ਨਾ ਕੋਈ ਪੋਸਟ ਹੁੰਦੀ ਹੈ। ਇਸ ਤਰ੍ਹਾਂ ਦੇ ਅਕਾਊਂਟ ਤੋਂ ਬਚਣਾ ਹੀ ਚਾਹੀਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)