You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲਾ: ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਦਾ ਧਰਨਾ ਖ਼ਤਮ
ਚੰਡੀਗੜ੍ਹ ਯੂਨੀਵਰਸਿਟੀ ਕੁੜੀਆਂ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਅਦਾਲਤ ਨੇ ਤਿੰਨੇ ਮੁਲਜ਼ਮਾਂ ਨੂੰ 7 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਦਰਅਸਲ, ਪੁਲਿਸ ਵੱਲੋਂ ਅੱਜ ਕੁੜੀ ਸਣੇ ਮਾਮਲੇ ਦੇ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਤਿੰਨਾਂ ਮੁਲਜ਼ਮਾਂ ਵੱਲੋਂ ਪੇਸ਼ ਹੋਏ ਵਕੀਲ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਦਿੱਤਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੇ ਮੋਬਾਇਲ ਫੋਨਾਂ ਦੀ ਫੌਰੈਂਸਿਕ ਜਾਂਚ ਹੋਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਸੋਸ਼ਲ ਮੀਡੀਆ ਉੱਤੇ ਕਿਸ-ਕਿਸ ਨੇ ਵੀਡੀਓ ਵਾਇਰਲ ਕੀਤਾ ਹੈ।
ਵਕੀਲ ਨੇ ਜਾਣਕਾਰੀ ਦਿੱਤੀ ਕਿ ਅਜੇ ਤੱਕ ਦੋ ਵੀਡੀਓਜ਼ ਦਾ ਪਤਾ ਲੱਗਾ ਹੈ, ਜਿਸ ਵਿੱਚ ਇੱਕ ਮੁਲਜ਼ਮਾ ਦੀ ਆਪਣੀ ਹੈ ਅਤੇ ਇੱਕ ਕਿਸੇ ਹੋਰ ਕੁੜੀ ਦੀ ਹੈ।
ਵਿਦਿਆਰਥੀਆਂ ਵੱਲੋਂ ਧਰਨਾ ਖ਼ਤਮ
ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਧਰਨੇ ਉੱਤੇ ਬੈਠੇ ਵਿਦਿਆਰਥੀਆਂ ਨੇ ਐਤਵਾਰ ਦੇਰ ਰਾਤ ਆਪਣਾ ਧਰਨਾ ਪ੍ਰਦਰਸ਼ਨ ਉਸ ਵੇਲੇ ਖ਼ਤਮ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਮੰਗਾਂ ਦਾ ਭਰੋਸਾ ਦਿੱਤਾ ਗਿਆ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਇਹ ਧਰਨਾ ਖ਼ਤਮ ਕੀਤਾ ਗਿਆ ਹੈ।
ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ।
24 ਸਤੰਬਰ ਤੱਕ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਤੋਂ ਬਾਅਦ ਸੋਮਵਾਰ ਸਵੇਰੇ ਬੱਚੇ ਹੋਸਟਲ ਤੋਂ ਘਰ ਜਾ ਰਹੇ ਹਨ।
ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਨੇ ਐਤਵਾਰ ਦੇਰ ਸ਼ਾਮ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਦਿਆਰਥੀਆਂ ਨੇ ਪੁਲਿਸ ਅੱਗੇ ਪਾਰਦਰਸ਼ੀ ਜਾਂਚ ਦੀ ਮੰਗ ਰੱਖੀ ਸੀ।
ਵੀਡੀਓ ਵਾਇਰਲ ਮਾਮਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੁਜ਼ਾਹਰਾ ਕਰ ਰਹੇ ਸਨ।
ਯੂਨੀਵਰਸਿਟੀ ਦੇ ਬਾਹਰ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀ ਬਹਿਸ ਵੀ ਹੋਈ ਸੀ।
ਵਿਦਿਆਰਥੀਆਂ ਦਾ ਵੱਡਾ ਇਕੱਠ ਇਨਸਾਫ਼ ਲਈ ਨਾਅਰੇਬਾਜ਼ੀ ਕਰ ਰਿਹਾ ਸੀ। ਵਿਦਿਆਰਥੀਆਂ ਵੱਲੋਂ ਇਸ ਮਾਮਲੇ ਵਿੱਚ ਕੀਤੀ ਜਾ ਰਹੀ ਕਾਰਵਾਈ ਉੱਤੇ ਸਵਾਲ ਚੁੱਕੇ ਜਾ ਰਹੇ ਸਨ।
ਉੱਧਰ ਖਰੜ ਦੀ ਡੀਐੱਸਪੀ ਰੁਪਿੰਦਰਦੀਪ ਕੌਰ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇੱਕ ਇਸ ਮਾਮਲੇ ਵਿੱਚ ਮੁਲਜ਼ਮ ਕੁੜੀ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਦੂਜਾ ਸ਼ਿਮਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਇੱਕ ਮੁੰਡਾ ਸੀ।
ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਅੜੇ ਹੋਏ ਸਨ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਇੱਕ ਕਮੇਟੀ ਬਣਾ ਦਿੱਤੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ 10 ਵਿਦਿਆਰਥੀ ਹੋਣਗੇ।
ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ
- ਜਿੰਨੀ ਵੀ ਪੁਲਿਸ ਦੀ ਜਾਂਚ ਹੋਵੇਗੀ ਸਾਰੀ ਸਾਡੇ 10 ਵਿਦਿਆਰਥੀਆਂ ਸਾਹਮਣੇ ਹੋਵੇਗੀ, ਸਾਡੇ ਕੋਲੋਂ ਕੁਝ ਵੀ ਲੁਕਾਇਆ ਨਾ ਜਾਵੇ। ਪੁਲਿਸ ਸਾਨੂੰ ਹਰ ਚੀਜ਼ ਬਾਰੇ ਜਾਣਕਾਰੀ ਦੇਵੇਗੀ ਕਿ ਉਹ ਕੀ ਕਾਰਵਾਈ ਕਰ ਰਹੇ ਹਨ, ਉਨ੍ਹਾਂ ਦਾ ਅਗਲਾ ਐਕਸ਼ਨ ਕੀ ਹੈ
- ਕੁੜੀਆਂ ਦੇ ਹੋਸਟਲ ਵਿੱਚ ਗ਼ਲਤ ਪ੍ਰਤੀਕਿਰਿਆ ਦੇਣ ਵਾਲੀ ਵਾਰਡਨ ਮੈਡਮ ਨੂੰ ਸਸਪੈਂਡ ਕੀਤਾ ਜਾਵੇ
- ਜਿੰਨੇ ਵੀ ਬਾਥਰੂਮਾਂ ਦੇ ਝਰਨੇ ਖੁੱਲ੍ਹੇ ਹੋਏ ਹਨ, ਉਨ੍ਹਾਂ ਨੂੰ ਬੰਦ ਕੀਤੇ ਜਾਣ
- ਜਿੰਨੇ ਵੀ ਫੋਨ ਤੋੜੇ ਗਏ ਹਨ, ਉਨ੍ਹਾਂ ਦਾ ਮੁਆਵਾਜ਼ਾ ਯੂਨੀਵਰਸਿਟੀ ਵੱਲੋਂ ਦਿੱਤਾ ਜਾਵੇ
- ਮੁਜ਼ਾਹਰੇ ਦੌਰਾਨ ਜਿਹੜੇ ਮੁੰਡਿਆਂ 'ਤੇ ਲਾਠੀਚਾਰਜ਼ ਹੋਇਆ ਹੈ, ਉਸ ਬਾਰੇ ਕਾਰਵਾਈ ਹੋਵੇ ਕਿ ਕਿਸ ਨੇ ਇਸ ਦਾ ਆਦੇਸ਼ ਦਿੱਤਾ ਸੀ ਅਤੇ ਉਨ੍ਹਾਂ ਦਾ ਮੈਡੀਕਲ ਚਾਰਜਸ ਯੂਨੀਵਰਸਿਟੀ ਦੇਵੇ
ਵੀਸੀ ਨੇ ਦੁਆਇਆ ਭਰੋਸਾ
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਆਨੰਦ ਅਗਰਵਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਏ।
ਉਨ੍ਹਾਂ ਨੇ ਇਕੱਠ ਨੂੰ ਕਿਹਾ ਕਿ ਉਹ ਇੱਥੇ ਗੱਲ ਕਰਨ ਲਈ ਆਏ ਹਨ।
ਆਨੰਦ ਅਗਰਵਾਲ ਨੇ ਕਿਹਾ, "ਤੁਸੀਂ ਇਨਸਾਫ਼ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਹਾਂ। ਅਸੀਂ ਵੀ ਚਾਹੁੰਦੇ ਹਾਂ ਕਿ ਇਨਸਾਫ਼ ਹੋਵੇ। ਅਸੀਂ ਤੁਹਾਨੂੰ ਇਨਸਾਫ਼ ਦੁਆਵਾਂਗੇ ਅਤੇ ਅਸੀਂ ਤੁਹਾਡੇ ਨਾਲ ਹਾਂ।"
"ਤੁਸੀਂ ਸਾਡੇ ਵਿਦਿਆਰਥੀ ਹੋ। ਤੁਹਾਡੀਆਂ ਜੋ ਵੀ ਮੰਗਾਂ ਹਨ। ਤੁਸੀਂ ਉਨ੍ਹਾਂ ਨੂੰ ਸਾਡੇ ਸਾਹਮਣੇ ਪੇਸ਼ੇਵਰ ਢੰਗ ਨਾਲ ਰੱਖੋ। ਅਸੀਂ ਇੱਕ-ਇੱਕ ਮੰਗ ਨੂੰ ਤਵੱਜੋ ਦਵਾਂਗੇ।"
ਵੀਸੀ ਨੇ ਅੱਗੇ ਕਿਹਾ, "ਮੇਰਾ ਸੁਝਾਅ ਹੈ ਕਿ ਤੁਸੀਂ ਸਾਨੂੰ ਸਹਿਯੋਗ ਦਿਓ। ਜੇਕਰ ਤੁਸੀਂ ਚਾਹੁੰਦੇ ਹੋ ਇਨਸਾਫ਼ ਹੋਵੇ ਤਾਂ ਸਾਨੂੰ ਸਹਿਯੋਗ ਦੇਣਾ ਪਵੇਗਾ।"
"ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਅਸੀਂ ਤੁਹਾਡੇ ਵੱਲੋਂ ਚੁਣੇ ਗਏ 10 ਵਿਦਿਆਰਥੀਆਂ ਅਤੇ ਡੀਆਈਜੀ ਸਾਹਮਣੇ ਤੁਹਾਡੀਆਂ ਮੰਗਾਂ ਬਾਰੇ ਗੱਲ ਕਰਾਂਗੇ। ਅਸੀਂ ਤੁਹਾਡੀਆਂ ਮੰਗਾਂ ਡੀਆਈਜੀ ਅਤੇ ਪੁਲਿਸ ਸਾਹਮਣੇ ਪੂਰੀਆਂ ਕਰਾਂਗੇ।"
"ਮੈਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਨਾਰਾਜ਼ ਹੋ, ਗੁੱਸੇ ਹੋ ਪਰ ਸਾਨੂੰ ਮੌਕਾ ਤਾਂ ਦਿਓ ਆਪਣੀ ਗੱਲ ਰੱਖਣ ਦਾ।"
ਮਾਮਲਾ ਕੀ ਹੈ
ਦਰਅਸਲ, ਚੰਡੀਗੜ੍ਹ ਯੂਨੀਵਰਸਿਟੀ ਵਿਚ ਬੀਤੀ ਰਾਤ ਕੁਝ ਕੁੜੀਆਂ ਦੇ ਕਥਿਤ ਤੌਰ ਉੱਤੇ ਖੁਦਕੁਸ਼ੀ ਕਰਨ ਦੇ ਦਾਅਵਿਆਂ ਵਾਲੇ ਵੀਡੀਓ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਰਾਤ ਨੂੰ ਕੈਂਪਸ ਵਿੱਚ ਜ਼ੋਰਦਾਰ ਹੰਗਾਮਾ ਹੋ ਗਿਆ ਸੀ।
ਇਸ ਬਾਰੇ ਚੰਡੀਗੜ੍ਹ ਦੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਵੱਲੋਂ ਕਥਿਤ ਖੁਦਕੁਸ਼ੀ ਬਾਰੇ ਯੂਨੀਵਰਸਿਟੀ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਕਿਸੇ ਵੀ ਕੁੜੀ ਨੇ ਖੁਦਕੁਸ਼ੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਕੁੜੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਯੂਨੀਵਰਸਿਟੀ ਨੇ ਕਿਹਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
ਉਧਰ ਮੁਹਾਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਨੇੜੇ ਨਿੱਜੀ ਯੂਨੀਵਰਸਿਟੀ ਵਿਚ 7 ਕੁੜੀਆਂ ਵਲੋਂ ਕਥਿਤ ਖੁਦਕੁਸ਼ੀ ਦੀਆਂ ਖ਼ਬਰਾਂ ਅਫ਼ਵਾਹ ਹੈ। ਕੁੜੀਆਂ ਨੇ ਖੁਦਕੁਸ਼ੀ ਨਹੀ ਕੀਤੀ ਸਗੋਂ ਉਹ ਰੋਸ ਪ੍ਰਗਟਾਵਾ ਕਰਨ ਵੇਲੇ ਗਰਮੀ ਕਾਰਨ ਬੇਹੋਸ਼ ਹੋ ਗਈਆਂ ਸਨ।
ਮਾਮਲੇ ਦੀ ਜਾਂਚ ਕਰ ਰਹੀ ਖਰੜ ਦੀ ਪੁਲਿਸ ਡੀਐੱਸਪੀ ਰੁਪਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ।
ਵਾਰਦਾਤ ਦੇ ਸੰਖੇਪ ਵੇਰਵਾ
- ਚੰਡੀਗੜ੍ਹ ਨੇੜੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ 7 ਕੁੜੀਆਂ ਦੇ ਖੁਦਕੁਸ਼ੀ ਦੀ ਕਥਿਤ ਕੋਸ਼ਿਸ਼ ਦੀ ਖ਼ਬਰ ਸਾਹਮਣੇ ਆਈ।
- ਅਸਲ ਵਿਚ ਯੂਨੀਵਰਸਿਟੀ ਦੀ ਹੀ ਇੱਕ ਕੁੜੀ ਉੱਤੇ ਇਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ।
- ਵਾਇਰਲ ਹੋਏ ਵੀਡੀਓਜ਼ ਵਿਚ ਕੁੜੀਆਂ 60 ਦੇ ਕਰੀਬ ਕੁੜੀਆਂ ਦੀਆਂ ਵੀਡੀਓਜ਼ ਬਣਾਉਣ ਦੇ ਦਾਅਵੇ ਕੀਤੇ।
- ਵਿਦਿਆਰਥੀਆਂ ਦਾ ਵੱਡਾ ਇਕੱਠ ਇਨਸਾਫ਼ ਲਈ ਨਾਅਰੇਬਾਜ਼ੀ ਕਰ ਰਿਹਾ ਹੈ ਤੇ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕ ਰਿਹਾ ਹੈ।
- ਪੁਲਿਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਖਰੜ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
- ਮੁਲਜ਼ਮ ਕੁੜੀ ਵੀਡੀਓ ਵਿਚ ਮੰਨ ਰਹੀ ਹੈ ਕਿ ਉਹ ਸ਼ਿਮਲਾ ਵਿੱਚ ਰਹਿੰਦੇ ਮੁੰਡੇ ਨੂੰ ਵੀਡੀਓ ਭੇਜਦੀ ਸੀ।
- ਪੁਲਿਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਕੁੜੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀਆਂ ਖ਼ਬਰਾਂ ਅਫ਼ਵਾਹ ਹਨ।
- ਜਿਨ੍ਹਾਂ ਕੁੜੀਆਂ ਨੂੰ ਐਂਬੂਲੈਂਸ ਵਿਚ ਲੈ ਕੇ ਗਏ ਸਨ, ਉਹ ਦਰਅਸਲ ਮੁਜ਼ਾਹਰੇ ਦੌਰਾਨ ਬੇਹੋਸ਼ ਹੋ ਗਈਆਂ ਸਨ।
- ਪੁਲਿਸ ਦਾ ਦਾਅਵਾ ਹੈ ਕਿ ਅਜੇ ਤੱਕ ਦੀ ਜਾਂਚ ਵਿਚ ਹੋਰ ਕੁੜੀਆਂ ਦੇ ਵੀਡੀਓਜ਼ ਵਾਇਰਲ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
- ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
- .ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਕੁੜੀ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ।
ਯੂਨੀਵਰਸਿਟੀ ਦਾ ਪੱਖ
ਯੂਨੀਵਰਸਿਟੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰਐੱਸ ਬਾਵਾ ਨੇ ਕਿਹਾ, "ਅਜਿਹੀਆਂ ਅਫ਼ਵਾਹਾਂ ਹਨ ਕਿ 7 ਕੁੜੀਆਂ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਅਸਲੀਅਤ ਇਹ ਹੈ ਕਿ ਕਿਸੇ ਵੀ ਕੁੜੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਘਟਨਾ ਵਿੱਚ ਕਿਸੇ ਵੀ ਕੁੜੀ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕਰਵਾਇਆ ਗਿਆ ਹੈ।"
ਡਾ. ਬਾਵਾ ਨੇ ਅੱਗੇ ਕਿਹਾ, "ਇੱਕ ਹੋਰ ਅਫ਼ਵਾਹ ਹੈ ਜੋ ਮੀਡੀਆ ਰਾਹੀਂ ਫੈਲ ਰਹੀ ਹੈ ਕਿ ਵੱਖ-ਵੱਖ ਵਿਦਿਆਰਥਣਾਂ ਦੇ 60 ਇਤਰਾਜ਼ਯੋਗ ਐੱਮਐੱਮਐੱਸ ਹਨ, ਇਹ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਯੂਨੀਵਰਸਿਟੀ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਕਿਸੇ ਵੀ ਵਿਦਿਆਰਥਣ ਦਾ ਕੋਈ ਵੀ ਵੀਡੀਓ ਨਹੀਂ ਮਿਲਿਆ ਜੋ ਇਤਰਾਜ਼ਯੋਗ ਹੋਵੇ, ਸਿਵਾਏ ਇੱਕ ਕੁੜੀ ਵੱਲੋਂ ਬਣਾਈ ਗਈ ਇੱਕ ਨਿੱਜੀ ਵੀਡੀਓ ਜੋ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਸੀ।"
ਵਿਦਿਆਰਥੀਆਂ ਦੀ ਬੇਨਤੀ 'ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਖ਼ੁਦ ਪੰਜਾਬ ਪੁਲਿਸ ਵਿਭਾਗ ਨੂੰ ਅਗਲੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੇ ਇੱਕ ਕੁੜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਆਈਟੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਹੈ।
ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਯੂਨੀਵਰਸਿਟੀ ਸਾਡੇ ਸਾਰੇ ਵਿਦਿਆਰਥੀਆਂ ਖਾਸ ਕਰਕੇ ਸਾਡੀਆਂ ਬੇਟੀਆਂ ਵਰਗੀਆਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਸਮਰੱਥ ਹੈ।
ਇਹ ਵੀ ਪੜ੍ਹੋ-
ਪੁਲਿਸ ਦਾ ਦਾਅਵਾ
ਡੀਐੱਸਪੀ ਰੁਪਿੰਦਰ ਕੌਰ ਮੁਤਾਬਕ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਵਾਉਣ ਦੇ ਮਾਮਲੇ ਵਿਚ ਐੱਫ਼ਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮ ਵਿਦਿਆਰਥਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਲਈ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਸ ਮਾਮਲੇ ਬਾਰੇ ਪਹਿਲਾਂ ਹੀ ਅਫ਼ਵਾਹਾਂ ਫੈਲ ਰਹੀਆਂ ਹਨ।
ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕਥਿਤ ਖੁਦਕੁਸ਼ੀ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਵਿਚ ਕਿਸੇ ਹੋਰ ਕੁੜੀ ਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਹੈ।
ਐੱਸਐੱਸਪੀ ਨੇ ਦਾਅਵਾ ਕੀਤਾ ਕਿ ਕਥਿਤ ਮੁਲਜ਼ਮ ਕੁੜੀ ਨੇ ਜੋ ਵੀਡੀਓ ਬਣਾਈ ਹੈ, ਉਹ ਉਸੇ ਕੁੜੀ ਦੀ ਆਪਣੀ ਹੈ, ਇਸ ਤੋਂ ਇਲਾਵਾ ਹੋਰ ਕਿਸੇ ਦੀ ਵੀਡੀਓ ਨਹੀਂ ਹੈ।
ਉਨ੍ਹਾਂ ਕਿਹਾ ਜਿਸ ਵੇਲੇ ਜਾਣਕਾਰੀ ਮਿਲੀ ਸੀ ਤਾਂ ਦੱਸਿਆ ਗਿਆ ਸੀ ਕਿ ਹੋਰ ਕੁੜੀਆਂ ਦੀਆਂ ਵੀਡੀਓਜ਼ ਹੋ ਸਕਦੀਆਂ ਹਨ। ਇਸੇ ਲਈ ਐੱਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਹੁਣ ਜਾਂਚ ਵਿਚ ਸਾਹਮਣੇ ਆਇਆ ਹੈ, ਸਿਰਫ਼ ਉਸੇ ਨੇ ਆਪਣੀ ਵੀਡੀਓ ਭੇਜੀ ਹੈ।
ਹੋਸਟਲ ਵਾਰਡਨ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਕੁੜੀ ਵੱਲੋਂ ਹੋਰਾਂ ਦੇ ਵੀਡੀਓ ਬਣਾਉਣ ਮੰਨੇ ਜਾਣ ਉੱਤੇ ਐੱਸਐੱਸਪੀ ਨੇ ਕਿਹਾ ਕਿ ਵਾਰਡਨ ਹੋਰ ਕੁੜੀਆਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਪੁਲਿਸ ਨੇ ਕਿਸ ਅਧਾਰ ਉੱਤੇ ਕੀਤਾ ਦਾਅਵਾ
ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਪੁਲਿਸ ਦਾ ਦਾਅਵਾ ਦੋ ਤੱਥਾਂ ਉੱਤੇ ਅਧਾਰਿਤ ਹੈ, ਭਾਵੇਂ ਕਿ ਮਾਮਲੇ ਦੀ ਅਜੇ ਜਾਂਚ ਜਾਰੀ ਹੈ।
- ਪਹਿਲਾ ਕਥਿਤ ਮੁਲਜ਼ਮ ਕੁੜੀ ਦੇ ਫੋਨ ਵਿਚੋਂ ਕਿਸੇ ਹੋਰ ਕੁੜੀ ਦਾ ਕੋਈ ਵੀ ਵੀਡੀਓ ਨਹੀਂ ਮਿਲਿਆ ਹੈ।
- ਦੂਜਾ ਕੁੜੀ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਹ ਗੱਲ ਪਤਾ ਲੱਗੀ ਹੈ ਕਿ ਕਿਸੇ ਹੋਰ ਕੁੜੀ ਦਾ ਵੀਡੀਓ ਨਹੀਂ ਬਣਾਇਆ ਗਿਆ।
ਐੱਸਐੱਸਪੀ ਮੁਤਾਬਕ ਗ੍ਰਿਫ਼ਤਾਰ ਕੀਤੀ ਗਈ ਕੁੜੀ ਨੂੰ ਉਦੋਂ ਤੱਕ ਕਲੀਨ ਚਿਟ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕਰਨਵੀਨਰ ਅਰਵਿੰਦ ਕੇਜਰੀਵਾਲ ਦੇ ਟਵੀਟ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਇਸ ਬਾਰੇ ਫੈੱਕਟ ਹੀ ਦਿੱਤੇ ਜਾਣ।
ਸ਼ਨੀਵਾਰ ਰਾਤ ਨੂੰ ਕੀ ਹੋਇਆ
ਇਸ ਤੋਂ ਪਹਿਲਾਂ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਖ਼ਬਰ ਦਿੱਤੀ ਸੀ ਕਿ ਚੰਡੀਗੜ੍ਹ ਨੇੜਲੀ ਇੱਕ ਨਿੱਜੀ ਯੂਨੀਵਰਸਿਟੀ ਵਿਚ ਬੀਤੀ ਦੇਰ ਰਾਤ ਘੱਟੋ ਘੱਟ 8 ਕੁੜੀਆਂ ਦੇ ਕਥਿਤ ਤੌਰ ਉੱਤੇ ਖੁਦਕੁਸ਼ੀ ਕਰਨ ਦੇ ਦਾਅਵਿਆਂ ਵਾਲੇ ਵੀਡੀਓ ਸਾਹਮਣੇ ਆਏ ਹਨ।
ਜਿਸ ਤੋਂ ਬਾਅਦ ਰਾਤ ਨੂੰ ਕੈਂਪਸ ਵਿੱਚ ਜ਼ੋਰਦਾਰ ਹੰਗਾਮਾ ਹੋਇਆ।
ਜੋ ਵੀਡੀਓ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਵੀਡੀਓਜ਼ ਵਿੱਚ ਇੱਕ ਕੁੜੀ ਇਹ ਗੱਲ ਸਵੀਕਾਰ ਕਰਦੀ ਦਿਖ ਰਹੀ ਸੀ ਕਿ ਉਸ ਨੇ ਕੁਝ ਅਸ਼ਲੀਲ ਵੀਡੀਓਜ਼ ਬਣਾਈਆਂ ਹਨ।
ਇਹ ਕੁੜੀ ਇਹ ਵੀ ਮੰਨ ਰਹੀ ਸੀ ਕਿ ਉਸ ਨੇ ਇਤਰਾਜ਼ਯੋਗ ਵੀਡੀਓ ਬਣਾ ਕੇ ਸ਼ਿਮਲਾ ਰਹਿੰਦੇ ਇੱਕ ਮੁੰਡੇ ਨੂੰ ਭੇਜੀਆਂ ਹਨ, ਜਿਸ ਨੇ ਇਹ ਵੀਡੀਓ ਵਾਇਰਲ ਕਰ ਦਿੱਤੀਆਂ।
ਇੱਕ ਵਾਇਰਲ ਆਡੀਓ ਵਿੱਚ ਕੁਝ ਯੂਨੀਵਰਸਿਟੀ ਵਿਦਿਆਰਥਣਾਂ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਸੀ ਕਿ ਹੋਸਟਲ ਦੀ ਹੀ ਇੱਕ ਵਿਦਿਆਰਥਣ ਵੱਲੋਂ ਬਾਕੀ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਹਨ।
ਪਹਿਲਾਂ ਸਮਝਿਆ ਗਿਆ ਸੀ ਕਿ ਇਹ ਵੀਡੀਓ 4 ਕੁੜੀਆਂ ਦੇ ਹਨ ਪਰ ਵਾਇਰਲ ਆਡੀਓ ਵਿੱਚ ਇਕ ਵਿਦਿਆਰਥਣ ਆਖਦੀ ਹੈ ਕਿ ਇਸ ਵਿੱਚ ਬਹੁਤ ਸਾਰੀਆਂ ਕੁੜੀਆਂ ਦੀ ਵੀਡੀਓਜ਼ ਹਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।
ਕੁਝ ਵਾਇਰਲ ਤਸਵੀਰਾਂ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ।
ਕੈਂਪਸ ਤੋਂ ਵਿਦਿਆਰਥੀਆਂ ਦੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟਾਉਣ ਦੇ ਵੀਡੀਓ ਵੀ ਸਾਹਮਣੇ ਆ ਰਹੇ ਸਨ। ਪਹਿਲਾਂ ਯੂਨੀਵਰਸਿਟੀ ਨੇ ਆਪਣੇ ਤੌਰ ਉੱਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਨੂੰ ਬੁਲਾਇਆ ਗਿਆ।
ਖਰੜ ਥਾਣੇ ਵਿਚ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਵਿਦਿਆਰਥੀ ਸ਼ਾਂਤ ਹੋਏ। ਯੂਨੀਵਰਿਸਟੀ ਨੇ ਕੈਂਪਸ ਦੇ ਗੇਟ ਬੰਦ ਕੀਤੇ ਸਨ ਅਤੇ ਮੀਡੀਆ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਪਰ ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਤੇ ਐੱਸਐੱਸੀ ਤੇ ਡੀਸੀ ਯੂਨੀਵਰਿਸਟੀ ਪਹੁੰਚੇ ਤਾਂ ਮੀਡੀਆ ਨੂੰ ਵੀ ਅੰਦਰ ਜਾਣ ਦਿੱਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ
ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਕੋਈ ਖ਼ੁਦਕੁਸ਼ੀ ਦੀ ਕੋਸ਼ਿਸ਼ ਨਹੀਂ ਹੋਈ ਅਤੇ ਨਾ ਹੀ ਕੋਈ ਹੋਰ ਵੀਡੀਓ ਉਨ੍ਹਾਂ ਦੇ ਨੋਟਿਸ ਵਿੱਚ ਹੈ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਮੁਲਜ਼ਮ ਦੇ ਫੋਨ ਨੂੰ ਵੀ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੈ।
ਰਾਜਨੀਤਕ ਆਗੂਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ ਅਤੇ ਇਸ ਬਾਰੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਇਕ ਕੁੜੀ ਨੇ ਕਈ ਵਿਦਿਆਰਥਣਾਂ ਦੀ ਵੀਡੀਓ ਰਿਕਾਰਡ ਕਰਕੇ ਵਾਇਰਲ ਕੀਤੇ ਹਨ।ਇਹ ਸ਼ਰਮਨਾਕ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।
ਉੱਚ ਸਿੱਖਿਆ ਮੰਤਰੀ ਮੀਤ ਹੇਅਰ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਕਿਸੇ ਵਿਦਿਆਰਥਣ ਨੇ ਖੁਦਕੁਸ਼ੀ ਨਹੀਂ ਕੀਤੀ ਹੈ ਅਜੇ ਸਰਕਾਰ ਵਿਦਿਆਰਥਣਾਂ ਦੇ ਨਾਲ ਹੈ।
ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ।
ਕਿਸ ਉੱਤੇ ਵੀਡੀਓ ਵਾਇਰਲ ਕਰਨ ਦਾ ਇਲਜ਼ਾਮ
ਵੀਡੀਓ ਵਿੱਚ ਹੋਸਟਲ ਦੀ ਵਾਰਡਨ ਮੁਲਜ਼ਮ ਕੁੜੀ ਦੀ ਪੁੱਛਗਿੱਛ ਕਰ ਰਹੀ ਹੈ, ਜਿਸ ਵਿੱਚ ਕੁੜੀ ਦੱਸਦੀ ਹੈ ਕਿ ਉਹ ਸ਼ਿਮਲਾ ਰਹਿੰਦੇ ਮੁੰਡੇ ਨੂੰ ਵੀਡੀਓਜ਼ ਭੇਜਦੀ ਹੈ।
ਭਾਵੇਂ ਕਿ ਉਹ ਵਾਰਡਨ ਨੂੰ ਉਸ ਮੁੰਡੇ ਬਾਰੇ ਵੀਡੀਓ ਵਿੱਚ ਬਹੁਤੀ ਜਾਣਕਾਰੀ ਨਹੀਂ ਦਿੰਦੀ ਦਿਖ ਰਹੀ।
ਵਾਰਡਨ ਜਦੋਂ ਕੁੜੀ ਨੂੰ ਪੁੱਛਦੀ ਹੈ ਕਿ ਤੇਰਾ ਉਸ ਮੁੰਡੇ ਨਾਲ ਕੀ ਰਿਸ਼ਤਾ ਹੈ, ਤਾਂ ਉਹ ਜਵਾਬ ਦਿੰਦੀ ਹੈ ਕੁਝ ਨਹੀਂ।
ਪਰ ਕੁੜੀ ਮੰਨਦੀ ਹੈ ਕਿ ਉਸ ਨੇ ਅਸ਼ਲੀਲ ਵੀਡੀਓਜ਼ ਬਣਾਈਆਂ ਅਤੇ ਇਸ ਨੂੰ ਸ਼ਿਮਲਾ ਮੁੰਡੇ ਨੂੰ ਭੇਜੀਆਂ ਹਨ।
ਵਾਰਡਨ ਵੀਡੀਓ ਵਿਚ ਉਹ ਪੁੱਛਦੀ ਦਿਖ ਰਹੀ ਹੈ ਕਿ ਤੈਨੂੰ ਉਸ ਮੁੰਡੇ ਦਾ ਕੀ ਡਰ ਹੈ ਕਿ ਤੂੰ ਬਾਕੀ ਕੁੜੀਆਂ ਦੀ ਇੱਜ਼ਤ ਉਛਾਲਣ ਲੱਗੀ ਹੋਈ ਹੈ।
ਵਾਰਡਨ ਇਹ ਵੀ ਪੁੱਛ ਰਹੀ ਹੈ ਕਿ ਤੂੰ ਇਨ੍ਹਾਂ ਦੇ ਵੀਡੀਓ ਕਦੋਂ ਤੋਂ ਬਣਾ ਰਹੀ ਹੈ, ਉਹ ਮੁੰਡਾ ਕੌਣ ਹੈ ਅਤੇ ਤੇਰਾ ਕੀ ਲੱਗਦਾ ਹੈ। ਕੁੜੀ ਜਵਾਬ ਦਿੰਦੀ ਹੈ ਕੁਝ ਨਹੀਂ।
ਵਾਰਡਨ ਕਹਿੰਦੀ ਹੈ ਕਿ ਇਸ ਦੀ ਜਾਂਚ ਹੋਵੇਗੀ ਅਤੇ ਮੁੰਡੇ ਦੀ ਡਿਟੇਲ ਦੇਣੀ ਪਵੇਗੀ। ਤੇਰੇ ਮਾਪਿਆਂ ਨੂੰ ਬੁਲਾਇਆ ਜਾਵੇਗਾ ਅਤੇ ਅੱਜ ਹੀ ਤੈਨੂੰ ਸਸਪੈਂਡ ਕੀਤਾ ਜਾਵੇਗਾ।
ਯੂਨੀਵਰਸਿਟੀ ਦੀ ਹੀ ਇੱਕ ਹੋਰ ਵੀਡੀਓ ਵਿੱਚ ਕੁਝ ਵਿਦਿਆਰਥਣਾਂ ਬੇਹੋਸ਼ੀ ਦੀ ਹਾਲਤ ਵਿੱਚ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਕੈਂਪਸ ਵਿਚ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਵੀ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਵਿੱਚ ਕੁਝ ਕੁੜੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਮਾਮਲੇ ਦੀ ਗਹਿਰਾਈ ਨਾਲ ਹੋਵੇਗੀ ਜਾਂਚ -ਸਰਕਾਰ
ਪੰਜਾਬ ਦੀ ਮਹਿਲਾ ਵਿਕਾਸ ਤੇ ਸਮਾਜਿਕ ਨਿਆਂ ਮੰਤਰੀ ਬਲਜੀਤ ਕੌਰ ਨੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿ ਉਹ ਪੀੜਤ ਵਿਦਿਆਰਥਣਾਂ ਨੂੰ ਆਪ ਮਿਲ ਕੇ ਆਉਣਗੇ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ 'ਤੇ ਟਵੀਟ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਨੇ ਆਖਿਆ ਕਿ ਇਹ ਮਾਮਲਾ ਬਹੁਤ ਹੀ ਸੰਜੀਦਾ ਹੈ ਅਤੇ ਸਾਡੀਆਂ ਧੀਆਂ, ਭੈਣਾਂ ਦੀ ਇੱਜ਼ਤ ਨਾਲ ਜੁੜਿਆ ਹੋਇਆ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੋ ਵੀਡੀਓਜ਼ ਵਾਇਰਲ ਹੋਏ ਹਨ, ਉਨ੍ਹਾਂ ਨੂੰ ਇੰਟਰਨੈੱਟ ਤੋਂ ਹਟਵਾਏ ਜਾਣਗੇ।
ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ-