ਬਲਜਿੰਦਰ ਕੌਰ ਥੱਪੜ ਮਾਮਲਾ : ਜੇ ਘਰੇਲੂ ਹਿੰਸਾ ਪੀੜਤ ਸ਼ਿਕਾਇਤ ਨਾ ਕਰੇ ਤਾਂ ਕੀ ਹਨ ਕਾਨੂੰਨੀ ਵਿਕਲਪ

ਬਲਜਿੰਦਰ ਕੌਰ

ਤਸਵੀਰ ਸਰੋਤ, Baljinder Kaur /FB

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀ ਇੱਕ ਵਿਧਾਇਕਾ ਦੇ ਪਤੀ ਵੱਲੋਂ ਕਥਿਤ ਤੌਰ 'ਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਨੂੰ ਕਈ ਦਿਨ ਬੀਤ ਗਏ ਹਨ। ਪਰ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਕੋਈ ਸ਼ਿਕਾਇਤ ਨਾ ਹੋਣ ਕਾਰਨ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫ਼ੈਸਰ ਬਲਜਿੰਦਰ ਕੌਰ ਨੂੰ ਉਨ੍ਹਾਂ ਦੇ ਪਤੀ ਵੱਲੋਂ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਨੇ ਘਰੇਲੂ ਬਦਸਲੂਕੀ 'ਤੇ ਬਹਿਸ ਛੇੜ ਦਿੱਤੀ ਹੈ ਅਤੇ ਵਿਧਾਇਕਾ ਦੇ ਇਸ ਮੁੱਦੇ 'ਤੇ ਚੁੱਪ ਰਹਿਣ 'ਤੇ ਸਵਾਲ ਵੀ ਚੁੱਕੇ ਜਾ ਰਹੇ ਹਨ ।

ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਬਲਜਿੰਦਰ 'ਆਪ' ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਵੀ ਹਨ ਅਤੇ ਪੰਜਾਬ ਵਿੱਚ ਪਾਰਟੀ ਦੇ ਮਹਿਲਾ ਵਿੰਗ ਦੇ ਮੁਖੀ ਵੀ ਹਨ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਬਲਜਿੰਦਰ ਫ਼ਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸਨ ਅਤੇ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਐਮ.ਫਿਲ. ਕੀਤੀ ਹੈ।

ਬੀਬੀਸੀ ਪੰਜਾਬੀ ਨੇ ਇੱਕ ਪੁਲਿਸ ਅਧਿਕਾਰੀ ਤੇ ਇੱਕ ਨਾਮੀ ਵਕੀਲ ਨਾਲ ਗੱਲਬਾਤ ਕੀਤੀ ਕਿ ਜੇ ਸ਼ਿਕਾਇਤਕਰਤਾ ਅਜਿਹੇ ਮਾਮਲੇ ਵਿੱਚ ਅੱਗੇ ਨਹੀਂ ਆਉਂਦਾ ਤਾਂ ਸੰਭਾਵਿਤ ਕਾਨੂੰਨੀ ਵਿਕਲਪ ਕੀ ਹੋ ਸਕਦੇ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰੀਟਾ ਕੋਹਲੀ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੀ ਸ਼ਕਤੀ ਅਤੇ ਜ਼ਿੰਮੇਵਾਰੀ ਹੈ।

ਬੀਬੀਸੀ

ਕੀ ਹੈ ਮਾਮਲਾ

  • 'ਆਪ' ਆਗੂ ਬਲਜਿੰਦਰ ਕੌਰ ਨੂੰ ਥੱਪੜ ਮਾਰਨ ਦਾ ਵੀਡੀਓ ਪਿਛਲੇ ਦਿਨੀ ਵਾਇਰਲ ਹੋਇਆ
  • ਥੱਪੜ ਮਾਰਨ ਵਾਲਾ ਵਿਆਕਤੀ ਉਹਨਾਂ ਦਾ ਪਤੀ ਸੁਖਰਾਜ ਸਿੰਘ ਦੱਸਿਆ ਦਾ ਰਿਹਾ ਹੈ
  • ਬਲਜਿੰਦਰ ਕੌਰ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ
  • ਮਹਿਲਾ ਕਮਿਸ਼ਨ ਦੇ ਮੁੱਖੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣਗੇ
  • ਐਨਸੀਆਰਬੀ ਦੀ ਤਾਜ਼ਾ ਰਿਪੋਰਟ ਮੁਤਾਬਕ, ਪੰਜਾਬ ਵਿੱਚ ਔਰਤਾਂ ਖਿਲਾਫ ਅਪਰਾਧ ਦੇ 5662 ਮਾਮਾਲੇ ਦਰਜ ਕੀਤੇ ਗਏ ਹਨ
ਬੀਬੀਸੀ

ਰੀਟਾ ਕੋਹਲੀ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਕਾਨੂੰਨੀ ਸੰਸਥਾ ਹੈ।

ਉਨ੍ਹਾਂ ਨੇ ਕਿਹਾ, "ਇਹ ਸੰਸਥਾ ਸਰਕਾਰ ਨੂੰ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰਨ ਲਈ ਵੀ ਸਲਾਹ ਵੀ ਦਿੰਦੀ ਹੈ। ਜੇ ਸ਼ਿਕਾਇਤਕਰਤਾ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤਾਂ ਮਹਿਲਾ ਕਮਿਸ਼ਨ ਖ਼ੁਦ ਨੋਟਿਸ ਲੈ ਸਕਦਾ ਹੈ।''

ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਆਉਂਦੇ ਹਨ, ਜਿੱਥੇ ਔਰਤਾਂ ਕੁਝ ਕਾਰਨਾਂ ਕਰ ਕੇ ਅੱਗੇ ਨਹੀਂ ਆ ਸਕਦੀਆਂ।

''ਸਾਨੂੰ ਅਜਿਹੀਆਂ ਔਰਤਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜੋ ਅੱਗੇ ਨਹੀਂ ਆ ਸਕਦੀਆਂ ਕਿਉਂਕਿ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ। ਜੇ ਤੁਸੀਂ ਮੇਰੀ ਰਾਇ ਪੁੱਛੋ ਤਾਂ ਇੱਕ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਇੱਕ ਵਿਧਾਇਕ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਲਈ ਇੱਕ ਉਦਾਹਰਨ ਹਨ।"

ਰੀਟਾ ਕੋਹਲੀ ਅੱਗੇ ਕਹਿੰਦੇ ਹਨ ਕਿ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਕਮਿਸ਼ਨ ਦੀ ਚੇਅਰਪਰਸਨ ਦੀ ਹੈ। ਪਰ ਨਾਲ ਹੀ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਦੇ ਡਾਇਰੈਕਟਰ ਮਹਿਲਾ ਕਮਿਸ਼ਨ ਦੇ ਅਹੁਦੇ ਦੇ ਮੈਂਬਰ ਹਨ। ਉਹ ਕਾਰਵਾਈ ਕਰਨ ਲਈ ਪੂਰੀ ਤਰਾਂ ਸਮਰੱਥ ਹਨ।

ਰੀਟਾ ਕੋਹਲੀ ਮੁਤਾਬਕ ਇਹ ਅਪਰਾਧ ਔਰਤਾਂ ਵਿਰੁੱਧ ਵੀ ਹੈ ਅਤੇ ਰਾਜ ਵਿਰੁੱਧ ਵੀ।

ਬੀਬੀਸੀ
ਬੀਬੀਸੀ

ਕਮਿਸ਼ਨ ਕੀ ਕਰ ਸਕਦਾ ਹੈ?

ਰੀਟਾ ਕੋਹਲੀ ਨੇ ਕਿਹਾ ਕਿ ਕਮਿਸ਼ਨ ਖ਼ੁਦ ਹੀ ਕਾਰਵਾਈ ਕਰ ਸਕਦਾ ਹੈ ਅਤੇ ਔਰਤ ਤੇ ਉਸ ਨੂੰ ਥੱਪੜ ਮਾਰਨ ਵਾਲੇ ਨੂੰ ਬੁਲਾ ਸਕਦਾ ਹੈ।

ਪਰ ਬੀਬੀਸੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਹੋਵੇਗਾ ਜੇ ਸ਼ਿਕਾਇਤਕਰਤਾ ਕਮਿਸ਼ਨ ਨੂੰ ਦੱਸਦੇ ਹਨ ਕਿ ਉਹ ਆਪਣੇ ਪਤੀ ਵਿਰੁੱਧ ਕੋਈ ਕਾਰਵਾਈ ਨਹੀਂ ਚਾਹੁੰਦੀ।

ਇਸ ਸਵਾਲ ਦੇ ਜਵਾਬ ਵਿੱਚ ਰੀਟਾ ਕੋਹਲੀ ਨੇ ਕਿਹਾ ਕਿ ਔਰਤ ਨੂੰ ਅਜਿਹਾ ਕਹਿਣ ਦਾ ਪੂਰਾ ਅਧਿਕਾਰ ਹੈ ਅਤੇ ਅਜਿਹੇ 'ਚ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਸਕਦਾ।

ਉਨ੍ਹਾਂ ਅੱਗੇ ਕਿਹਾ, "ਇਹ ਸਭ ਔਰਤ 'ਤੇ ਨਿਰਭਰ ਕਰਦਾ ਹੈ ਕਿ ਉਹ ਕਮਿਸ਼ਨ ਨੂੰ ਕੀ ਕਹਿੰਦੀ ਹੈ। ਉਹ ਕਹਿ ਸਕਦੀ ਹੈ ਕਿ ਇਹ ਇੱਕ ਵਾਰੀ ਦੀ ਹੀ ਘਟਨਾ ਸੀ ਅਤੇ ਉਸ ਨੇ (ਪਤੀ) ਮੁਆਫ਼ੀ ਮੰਗੀ ਹੈ, ਮਾਮਲਾ ਖ਼ਤਮ ਹੋ ਗਿਆ ਹੈ। ਜੇ ਇਹ ਇੱਕ ਨਿਯਮਿਤ ਮਾਮਲਾ ਹੈ ਅਤੇ ਮਰਦ ਉਸ ਨੂੰ ਲਗਾਤਾਰ ਮਾਰਦਾ ਰਿਹਾ ਹੈ ਅਤੇ ਔਰਤ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕਰਦੀ ਹੈ ਤਾਂ ਇਹ ਇੱਕ ਹੋਰ ਗੰਭੀਰ ਅਪਰਾਧ ਹੈ।''

ਬਲਜਿੰਦਰ ਕੌਰ
ਤਸਵੀਰ ਕੈਪਸ਼ਨ, ਬਲਜਿੰਦਰ ਕੌਰ ਨੇ ਥੱਪੜ ਕਾਂਡ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ

ਪੁਲਿਸ ਕੀ ਕਾਰਵਾਈ ਕਰ ਸਕਦੀ ਹੈ?

ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਬਠਿੰਡਾ ਦੇ ਐੱਸਐੱਸਪੀ ਜੇ ਏਲੈਂਚੇਜ਼ੀਅਨ ਨੇ ਕਿਹਾ, "ਹੁਣ ਤੱਕ ਕੋਈ ਰਸਮੀ ਸ਼ਿਕਾਇਤ ਨਹੀਂ ਆਈ ਹੈ।"

ਉਨ੍ਹਾਂ ਕਿਹਾ ਕਿ ਜੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਮਾਮਲਾ ਦਰਜ ਕੀਤਾ ਜਾਵੇਗਾ।

ਅਸੀਂ ਐੱਸਐੱਸਪੀ ਨੂੰ ਪੁੱਛਿਆ ਕਿ ਕੀ ਪੁਲਿਸ ਆਪਣੇ ਤੌਰ 'ਤੇ ਕੋਈ ਕਾਰਵਾਈ ਕਰ ਸਕਦੀ ਹੈ?

ਉਨ੍ਹਾਂ ਨੇ ਕਿਹਾ, "ਕਾਨੂੰਨੀ ਤੌਰ 'ਤੇ ਇਸ 'ਤੇ ਕੋਈ ਰੋਕ ਨਹੀਂ ਹੈ। ਪਰ ਇਹ ਇੱਕ ਵਿਅਕਤੀਗਤ ਮਾਮਲਾ ਹੈ। ਸ਼ਿਕਾਇਤਕਰਤਾ ਨੂੰ ਅੱਗੇ ਆ ਕੇ ਪੁਲਿਸ ਕੇਸ ਦਾ ਸਮਰਥਨ ਕਰਨਾ ਹੋਵੇਗਾ। ਨਹੀਂ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ।"

ਉਧਰ ਵਕੀਲ ਰੀਟਾ ਕੋਹਲੀ ਨੇ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਣ ਲਈ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਦਰਜ ਹੋਣੀ ਜ਼ਰੂਰੀ ਹੈ।

ਅਸੀਂ ਰੀਟਾ ਕੋਹਲੀ ਨੂੰ ਪੁੱਛਿਆ ਕਿ ਜੇ ਕੋਈ ਹੋਰ ਸ਼ਿਕਾਇਤ ਦਾਇਰ ਕਰਦਾ ਹੈ, ਜਿਵੇਂ ਕਿ ਉਨ੍ਹਾਂ ਦੇ ਗੁਆਂਢੀ ਜਾਂ ਹਲਕੇ ਦੇ ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਕੀ ਹੋਵੇਗਾ?

ਰੀਟਾ ਕੋਹਲੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਅਜਿਹਾ ਕਰ ਸਕਦਾ ਹੈ, ਪਰ ਤਾਂ ਵੀ ਮਾਮਲੇ ਦਾ ਕੀ ਹੁੰਦਾ ਹੈ ਉਹ ਤਾਂ ਸ਼ਿਕਾਇਤਕਰਤਾ 'ਤੇ ਹੀ ਨਿਰਭਰ ਕਰੇਗਾ।

ਰੀਟਾ ਕੋਹਲੀ ਨੇ ਅੱਗੇ ਕਿਹਾ ਕਿ ਪੁਲਿਸ ਜਾਂ ਸੂਬਾ ਆਪਣੇ ਤੌਰ 'ਤੇ ਇਸ ਮਾਮਲੇ ਵਿੱਚ ਦਖ਼ਲ ਨਹੀਂ ਦੇ ਸਕਦੇ।

"ਜੇ ਕੋਈ ਸੱਟ ਲੱਗੀ ਹੈ ਅਤੇ ਸੱਟ ਬਾਰੇ ਮੈਡੀਕਲ ਲੀਗਲ ਰਿਪੋਰਟ (MLR) ਹੈ ਤਾਂ ਇਹ ਇੱਕ ਅਜਿਹਾ ਅਪਰਾਧ ਬਣ ਸਕਦਾ ਹੈ ਜਿਸ ਵਿੱਚ ਪੁਲਿਸ ਗ੍ਰਿਫ਼ਤਾਰੀ ਕਰ ਸਕਦੀ ਹੈ। ਅਜਿਹੇ ਵਿੱਚ ਇਹ ਮਾਮਲਾ ਸੂਬੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।''

ਕੀ ਕਹਿੰਦੇ ਹਨ ਅੰਕੜੇ?

ਭਾਰਤ ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਦੀ ਸਥਿਤੀ ਬਾਰੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਮੁਤਾਬਕ ਔਰਤਾਂ ਖਿਲਾਫ ਅਪਰਾਧਾਂ ਦੇ ਮਾਮਲੇ ਕੁਝ ਇਸ ਤਰ੍ਹਾਂ ਹਨ।

ਐਨਸੀਆਰਬੀ ਦੀ ਰਿਪੋਰਟ

ਬਲਜਿੰਦਰ ਕੌਰ ਦੀ ਨਿੱਜੀ ਜ਼ਿੰਦਗੀ ਤੇ ਸਿਆਸੀ ਸਫ਼ਰ

  • ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਦਾ ਵਿਆਹ ਫਰਵਰੀ 2019 ਵਿੱਚ ਹੋਇਆ ਸੀ। ਉਸ ਸਮੇਂ ਉਹ ਆਮ ਆਦਮੀ ਪਾਰਟੀ ਦੇ ਮਾਝਾ ਖੇਤਰ ਦੇ ਯੂਥ ਵਿੰਗ ਦੇ ਕਨਵੀਨਰ ਸਨ।
  • ਬਲਜਿੰਦਰ ਕੌਰ ਦਾ ਪਿਛੋਕੜ ਤਲਵੰਡੀ ਸਾਬੋ ਦੇ ਇੱਕ ਜਾਣੇ-ਪਛਾਣੇ ਪੰਥਕ ਪਰਿਵਾਰ ਦਾ ਹੈ, ਉਨ੍ਹਾਂ ਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਹੈ।
  • ਅੰਗਰੇਜੀ ਵਿਚ ਐੱਮਫਿਲ ਬਲਜਿੰਦਰ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਚ ਪੜ੍ਹਾਉਂਦੇ ਰਹੇ ਹਨ
  • 2011 ਵਿਚ ਭ੍ਰਿਸ਼ਟਾਚਾਰ ਵਿਰੋਧ ਮੁਹਿੰਮ ਦਾ ਹਿੱਸਾ ਬਣੀ ਬਲਜਿੰਦਰ 2012 ਦੌਰਾਨ 'ਆਪ' ਵਿਚ ਸ਼ਾਮਲ ਹੋਏ ਸੀ
  • 2014 ਵਿਚ ਉਨ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਜਿਮਨੀ ਚੋਣ ਲੜੀ ਅਤੇ ਹਾਰ ਗਏ
  • ਇਹ ਚੋਣ ਕਾਂਗਰਸ ਵਿਧਾਇਕ ਜੀਤ ਮਹਿੰਦਰ ਸਿੱਧੂ ਦੇ ਅਸਤੀਫ਼ਾ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਕਾਰਨ ਖਾਲੀ ਹੋਈ ਸੀ
  • ਪਹਿਲਾ ਆਮ ਆਦਮੀ ਪਾਰਟੀ ਨੇ ਇੱਥੋਂ ਗਾਇਕ ਬਲਕਾਰ ਸਿੱਧੂ ਨੂੰ ਮੈਦਾਨ ਵਿਚ ਉਤਾਰਨ ਦਾ ਮਨ ਬਣਾਇਆ ਸੀ, ਪਰ ਐਨ ਮੌਕੇ ਉੱਤੇ ਟਿਕਟ ਬਲਜਿੰਦਰ ਕੌਰ ਨੂੰ ਦੇ ਦਿੱਤੀ ਗਈ
  • 2017 ਵਿਚ ਉਨ੍ਹਾਂ ਅਕਾਲੀ ਵਿਧਾਇਕ ਜੀਤਮਹਿੰਦਰ ਸਿੱਧੂ ਨੂੰ ਮਾਤ ਦਿੱਤੀ ਤੇ ਵਿਧਾਇਕ ਬਣੇ, ਇਸ ਨਾਲ ਉਨ੍ਹਾਂ ਪਿਛਲੀ ਹਾਰ ਦਾ ਹਿਸਾਬ ਪੂਰਾ ਕਰ ਲਿਆ ਸੀ
  • 2019 ਵਿਚ ਬਲਜਿੰਦਰ ਕੌਰ ਨੇ ਬਠਿੰਡਾ ਲੋਕ ਸਭਾ ਚੋਣ ਲੜੀ ਪਰ ਉਹ ਹਾਰ ਗਏ, ਉਦੋਂ ਸੁਖਪਾਲ ਸਿੰਘ ਖਹਿਰਾ ਇੱਥੋਂ ਪਾਰਟੀ ਦੇ ਬਾਗੀ ਉਮੀਦਵਾਰ ਸਨ
  • ਉਹ ਪਾਰਟੀ ਦੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਵੀ ਬਣੇ
  • 2022 ਦੀਆਂ ਚੋਣਾਂ ਵਿਚ ਦੂਜੀ ਵਾਰ ਜਿੱਤ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ
  • 2019 ਵਿਚ ਹੀ ਉਨ੍ਹਾਂ ਪਾਰਟੀ ਦੇ ਯੂਥ ਵਿੰਗ ਦੇ ਆਗੂ ਸੁਖਰਾਜ ਸਿੰਘ ਨਾਲ ਵਿਆਹ ਕਰਵਾਇਆ
  • ਵਿਧਾਇਕਾ ਬਲਜਿੰਦਰ ਕੌਰ ਇੱਕ ਬੇਟੀ ਦੀ ਮਾਂ ਵੀ ਹਨ
  • ਸਿਆਸਤ ਵਿਚ ਉਹ ਆਪਣੀ ਗੱਲ ਧੜੱਲੇ ਨਾਲ ਰੱਖਣ ਲ਼ਈ ਜਾਣੇ ਜਾਂਦੇ ਹਨ, ਇਸੇ ਲਈ ਉਨ੍ਹਾਂ ਦੇ ਥੱਪੜ ਖਾਣ ਦੇ ਬਾਵਜੂਦ ਅਵਾਜ਼ ਨਾ ਚੁੱਕਣ ਤੋਂ ਲੋਕ ਹੈਰਾਨ ਹੋਏ ਹਨ

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)