5G 'ਤੇ ਮੁਕੇਸ਼ ਅੰਬਾਨੀ ਦੇ ਐਲਾਨ ਦਾ ਕੀ ਤੁਹਾਡੇ ਮੋਬਾਇਲ ਦੀ ਸਪੀਡ 'ਤੇ ਕੋਈ ਅਸਰ ਹੋਵੇਗਾ

    • ਲੇਖਕ, ਐਨਾਬੇਲ ਲਿਯਾਂਗ
    • ਰੋਲ, ਬਿਜ਼ਨਸ ਪੱਤਰਕਾਰ, ਬੀਬੀਸੀ

ਮੁਕੇਸ਼ ਅੰਬਾਨੀ ਨੇ ਦੋ ਮਹੀਨਿਆਂ ਵਿੱਚ ਭਾਰਤ ਵਿੱਚ 5ਜੀ ਮੋਬਾਈਲ ਇੰਟਰਨੈੱਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਇਸ ਮਹੱਤਵਕਾਂਸੀ ਪ੍ਰਾਜੈਕਟ 'ਤੇ 25 ਬਿਲੀਅਨ ਡਾਲਰ ਖਰਚ ਕਰੇਨਗੇ।

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ 5ਜੀ ਮੋਬਾਈਲ ਨੈੱਟਵਰਕ ਸਭ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ਵਿੱਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਦਸੰਬਰ 2023 ਤੱਕ ਦੇਸ ਭਰ ਵਿੱਚ ਫੈਲਾਇਆ ਜਾਵੇਗਾ।

ਰਿਲਾਇੰਸ ਸਸਤੇ 5ਜੀ ਸਮਾਰਟਫ਼ੋਨ ਨੂੰ ਵਿਕਸਤ ਕਰਨ ਲਈ ਗੂਗਲ ਨਾਲ ਮਿਲ ਕੇ ਵੀ ਕੰਮ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਬਜਟ ਫ਼ੋਨ ਕਦੋਂ ਆਵੇਗਾ।

ਸੋਮਵਾਰ ਨੂੰ ਉਨ੍ਹਾਂ ਨੇ ਰਿਲਾਇੰਸ ਦੀ ਸਲਾਨਾ ਜਨਰਲ ਮੀਟਿੰਗ (AGM) ਵਿੱਚ ਕਿਹਾ ਸੀ ਕਿ ਇੱਕ ਵਾਰ ਇਸ ਦਾ 5ਜੀ ਨੈੱਟਵਰਕ ਪੂਰੀ ਤਰ੍ਹਾਂ ਨਾਲ ਚਾਲੂ ਹੋਣ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਨੈੱਟਵਰਕ ਬਣ ਜਾਵੇਗਾ।

ਕੰਪਨੀ ਦੀ 5ਜੀ ਸੇਵਾ ਰਿਲਾਇੰਸ ਦੀ ਸਬਸਿਡਰੀ ਕੰਪਨੀ ਜੀਓ ਰਾਹੀਂ ਸ਼ੁਰੂ ਹੋਵੇਗੀ।

ਜੀਓ ਦੇਸ ਦੀ ਸਭ ਤੋਂ ਵੱਡੀ ਮੋਬਾਈਲ ਸੇਵਾ ਕੰਪਨੀ ਹੈ। ਰਿਲਾਇੰਸ ਦੇ ਇਸ ਐਲਾਨ ਨਾਲ ਭਾਰਤ ਵਿੱਚ 5ਜੀ ਮੋਬਾਈਲ ਸੇਵਾ ਕਾਰੋਬਾਰ ਵਿੱਚ ਸਰਵਉੱਚਤਾ ਦੀ ਇੱਕ ਹੋਰ ਲੜਾਈ ਸ਼ੁਰੂ ਹੋ ਸਕਦੀ ਹੈ।

ਇਸ ਮਹੀਨੇ ਦੀ ਸ਼ੁਰੂਆਤ 'ਚ ਮੋਦੀ ਸਰਕਾਰ ਨੇ 19 ਅਰਬ ਡਾਲਰ ਦੇ ਸਪੈਕਟ੍ਰਮ ਵੇਚੇ ਸਨ। ਇਨ੍ਹਾਂ ਵਿੱਚ 5ਜੀ ਸੇਵਾ ਲਈ ਸਪੈਕਟ੍ਰਮ ਸ਼ਾਮਲ ਹੈ। ਇਸ ਵਿੱਚ ਜਿਓ ਨੇ ਸਭ ਤੋਂ ਜ਼ਿਆਦਾ ਸਪੈਕਟਰਮ ਖਰੀਦਿਆ ਸੀ। ਇਸ ਤੋਂ ਬਾਅਦ ਵੋਡਾਫੋਨ, ਭਾਰਤੀ ਏਅਰਟੈੱਲ ਅਤੇ ਇਸ ਸਪੇਸ ਵਿੱਚ ਨਵੇਂ ਖਿਡਾਰੀ, ਅਡਾਨੀ ਡਾਟਾ ਨੈੱਟਵਰਕ ਦਾ ਨੰਬਰ ਆਉਂਦਾ ਸੀ।

5G ਦਾ ਟੀਚਾ

5ਜੀ ਮਤਲਬ ਪੰਜਵੀਂ ਪੀੜ੍ਹੀ ਦੀ ਹਾਈ-ਸਪੀਡ ਮੋਬਾਈਲ ਇੰਟਰਨੈੱਟ ਤਕਨਾਲੋਜੀ ਡਰਾਈਵਰ ਰਹਿਤ ਕਾਰ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਪੋਰਟ ਕਰਦੀ ਹੈ।

5ਜੀ ਇੰਟਰਨੈਟ ਸੇਵਾ ਭਾਰਤ ਨੂੰ ਟ੍ਰਿਲੀਅਨ ਡਾਲਰ ਦੀ ਡਿਜੀਟਲ ਅਰਥਵਿਵਸਥਾ ਬਣਾਉਣ ਦੀ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਮਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, "5G ਮੋਬਾਈਲ ਸੇਵਾ ਨਾ ਸਿਰਫ਼ ਇੰਟਰਨੈੱਟ ਦੀ ਸਪੀਡ ਵਧਾਏਗੀ, ਸਗੋਂ ਇਹ ਵਿਕਾਸ ਅਤੇ ਰੁਜ਼ਗਾਰ ਵਿੱਚ ਵੀ ਤੇਜ਼ੀ ਲਿਆਵੇਗੀ।"

ਏਜੀਐਮ ਵਿੱਚ ਮੁਕੇਸ਼ ਅੰਬਾਨੀ ਨੇ ਆਪਣੇ ਕਾਰੋਬਾਰੀ ਸਾਮਰਾਜ ਵਿੱਚ ਇਸ ਦੇ ਵਾਰਸਾਂ ਨੂੰ ਵੀ ਉਤਾਰਨ ਦੀਆਂ ਯੋਜਨਾਵਾਂ ਦਾ ਵੀ ਵੇਰਵਾ ਦਿੱਤਾ।

ਅੰਬਾਨੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਬੇਟੀ ਈਸ਼ਾ ਰਿਲਾਇੰਸ ਰਿਟੇਲ ਵੈਂਚਰਸ ਦੀ ਮੁਖੀ ਹੋਵੇਗੀ। ਜਦਕਿ ਛੋਟਾ ਬੇਟਾ ਅਨੰਤ ਨਵੀਂ ਊਰਜਾ ਦੇ ਕਾਰੋਬਾਰ ਦਾ ਕੰਮ ਦੇਖੇਗਾ।

ਇਹ ਵੀ ਪੜ੍ਹੋ-

ਇਸ ਸਾਲ ਜੂਨ 'ਚ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਅਨੰਤ ਨੂੰ ਜੀਓ ਦਾ ਚੇਅਰਮੈਨ ਬਣਾਇਆ ਗਿਆ ਸੀ।

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 91.9 ਬਿਲੀਅਨ ਡਾਲਰ ਹੈ ਅਤੇ ਉਹ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਹ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।

ਉਨ੍ਹਾਂ ਦੇ ਪਿਤਾ, ਮਰਹੂਮ ਧੀਰੂਭਾਈ ਅੰਬਾਨੀ ਨੇ ਟੈਕਸਟਾਈਲ ਨਿਰਮਾਣ ਦੀ ਨੀਂਹ ਰੱਖੀ ਸੀ, ਜੋ ਬਾਅਦ ਵਿੱਚ ਰਿਲਾਇੰਸ ਇੰਡਸਟਰੀਜ਼ ਵਿੱਚ ਬਦਲ ਗਈ। ਇਹ ਬਾਜ਼ਾਰ ਮੁੱਲ ਮੁਤਾਬਕ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਮਰਾਜ ਹੈ।

ਰਿਲਾਇੰਸ ਇੰਡਸਟਰੀਜ਼ ਪੈਟਰੋ ਕੈਮੀਕਲ, ਤੇਲ ਅਤੇ ਗੈਸ, ਟੈਲੀਕਾਮ ਅਤੇ ਰਿਟੇਲ ਦੇ ਕਾਰੋਬਾਰ ਵਿੱਚ ਸਰਗਰਮ ਹੈ।

ਜ਼ੁਕਰਬਰਗ ਨਾਲ ਜੁਗਲਬੰਦੀ

ਮੁਕੇਸ਼ ਅੰਬਾਨੀ 5ਜੀ ਸੇਵਾ ਸ਼ੁਰੂ ਕਰਨ ਲਈ 25 ਬਿਲੀਅਨ ਡਾਲਰ ਖਰਚ ਕਰਨ ਦਾ ਇਰਾਦਾ ਰੱਖਦੇ ਹਨ। ਇਸ ਦੇ ਜ਼ਰੀਏ ਉਹ ਟੈਲੀਕਾਮ ਸੈਕਟਰ 'ਚ ਹੀ ਨਹੀਂ ਸਗੋਂ ਰਿਟੇਲ ਸੈਕਟਰ 'ਚ ਵੀ ਆਪਣੇ ਵਿਰੋਧੀਆਂ ਨੂੰ ਹਰਾਉਣਾ ਚਾਹੁੰਦੇ ਹਨ।

ਉਸ ਦੀ ਰਣਨੀਤੀ ਦਾ ਦੂਜਾ ਹਿੱਸਾ ਰਿਲਾਇੰਸ ਅਤੇ ਅਮਰੀਕੀ ਤਕਨਾਲੋਜੀ ਦਿੱਗਜ (ਪਹਿਲਾਂ ਫੇਸਬੁੱਕ ਵਜੋਂ ਜਾਣਿਆ ਜਾਂਦਾ ਸੀ) ਵਿਚਕਾਰ ਗਠਜੋੜ ਹੈ।

ਬੀਬੀਸੀ ਪੱਤਰਕਾਰ ਅਰੁਣੋਦਯ ਮੁਖਰਜੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੱਸਿਆ ਹੈ ਕਿ ਭਾਰਤ ਦੀ ਇੱਕ ਅਰਬ 40 ਕਰੋੜ ਦੀ ਆਬਾਦੀ ਵਿੱਚੋਂ 500 ਮਿਲੀਅਨ ਲੋਕ ਮੈਟਾ ਦੇ ਮੈਸੇਂਜਰ ਸੇਵਾ ਪਲੇਟਫਾਰਮ ਵਾਟਸਐੱਪ ਦੀ ਵਰਤੋਂ ਕਰਦੇ ਹਨ।

ਅੰਬਾਨੀ ਇਸ ਵਿਸ਼ਾਲ ਉਪਭੋਗਤਾ ਆਧਾਰ ਨੂੰ ਆਪਣੇ ਪ੍ਰਚੂਨ ਕਾਰੋਬਾਰ ਲਈ ਵਰਤਣਾ ਚਾਹੁੰਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਭਾਰਤ ਵਾਟਸਐੱਪ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਮੇਟਾ ਦੇ ਮੁਖੀ ਮਾਰਕ ਜ਼ੁਕਰਬਰਗ ਭਾਰਤ ਵਿੱਚ ਵਟਸਐੱਪ ਬਿਜ਼ਨਸ ਪਲੇਟਫਾਰਮ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਹੁਣ ਇੱਕ ਸਾਲ ਤੋਂ ਵੱਧ ਸਮੇਂ ਲਈ ਆਪਣੇ ਪਲੇਟਫਾਰਮ 'ਤੇ ਕਾਰੋਬਾਰ ਕਰਨ ਦੀ ਵੀ ਇਜਾਜ਼ਤ ਦੇ ਰਿਹਾ ਹੈ।

ਇਸ ਗਠਜੋੜ ਦੇ ਨਾਲ, ਰਿਲਾਇੰਸ ਆਪਣੇ ਆਨਲਾਈਨ ਰਿਟੇਲ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਵਿੱਚ ਸਫਲ ਹੋ ਸਕਦਾ ਹੈ। ਮੇਟਾ ਲਈ ਫਾਇਦਾ ਇਹ ਹੋਵੇਗਾ ਕਿ ਇਸ ਨੂੰ ਰਿਲਾਇੰਸ ਵਰਗੇ ਮਾਰਕੀਟ ਲੀਡਰ ਦਾ ਸਮਰਥਨ ਮਿਲੇਗਾ। ਇਸ ਦੇ ਜ਼ਰੀਏ, ਇਹ ਆਪਣੀ ਸੇਵਾ ਨੂੰ ਸਾਰੇ ਵਾਟਸਐੱਪ ਉਪਭੋਗਤਾਵਾਂ ਤੱਕ ਪਹੁੰਚਾਉਣ ਦੇ ਯੋਗ ਹੋਵੇਗਾ। ਇਸ ਨਾਲ ਭਾਰਤ 'ਚ ਵਾਟਸਐੱਪ ਹੋਰ ਮਜ਼ਬੂਤ ​​ਹੋ ਜਾਵੇਗਾ।

ਭਾਰਤ ਦਾ ਪ੍ਰਚੂਨ ਵਪਾਰ ਬਾਜ਼ਾਰ ਲਗਭਗ 700 ਬਿਲੀਅਨ ਡਾਲਰ ਹੈ। ਰਿਟੇਲ ਦੇ ਸਾਰੇ ਵੱਡੇ ਦਿੱਗਜਾਂ ਵਿਚਕਾਰ ਸਖ਼ਤ ਮੁਕਾਬਲਾ ਹੈ। ਰਿਲਾਇੰਸ ਰਿਟੇਲ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਭਰ ਵਿੱਚ ਇਸ ਦੇ 12,000 ਸਟੋਰ ਹਨ।

ਮਿਲ ਕੇ, ਮੇਟਾ ਅਤੇ ਰਿਲਾਇੰਸ ਐਮਾਜ਼ਾਨ ਅਤੇ ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਨੂੰ ਹਰਾਉਣ ਦਾ ਇਰਾਦਾ ਰੱਖਦੇ ਹਨ।

ਤੁਹਾਨੂੰ ਕੀ ਫ਼ਾਇਦਾ ਹੋਵੇਗਾ?

ਬੀਬੀਸੀ ਪੱਤਰਕਾਰ ਸ਼ੁਭਮ ਕੌਲ ਦੀ ਕਲਮ ਤੋਂ-

5ਜੀ, ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਮੋਬਾਈਲ ਨੈੱਟਵਰਕ ਦੀ ਪੰਜਵੀਂ ਪੀੜ੍ਹੀ ਹੈ। ਇਹ ਬਿਹਤਰ ਫ੍ਰੀਕੁਐਂਸੀ 'ਤੇ ਕੰਮ ਕਰਨਗੇ, ਇਸ ਲਈ ਅਪਲੋਡ ਅਤੇ ਡਾਊਨਲੋਡ ਸਪੀਡ ਵਧਣ ਦੀ ਉਮੀਦ ਹੈ।

ਆਈਆਈਟੀ ਰੋਪੜ ਵਿਖੇ ਸਹਾਇਕ ਪ੍ਰੋਫੈਸਰ ਡਾ. ਸੁਦੀਪਤ ਦਾ ਕਹਿਣਾ ਹੈ, "3ਜੀ ਤੋਂ 4ਜੀ ਤੱਕ ਤੁਸੀਂ ਦੇਖ ਸਕਦੇ ਹੋ ਕਿ ਡਾਟਾ ਰੇਟ ਬਹੁਤ ਵਧੀਆ ਹੋ ਗਿਆ ਹੈ। ਆਪਰੇਟਰ ਲਈ ਲਾਗਤ ਘੱਟ ਗਈ ਹੈ ਜਿਸ ਨਾਲ ਡਾਟਾ ਸਸਤਾ ਹੋ ਗਿਆ ਹੈ ਅਤੇ ਉਹ ਹੁਣ ਕਈ ਹੋਰ ਸੇਵਾਵਾਂ ਵੀ ਦੇ ਰਹੇ ਹਨ। 5ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਵਿੱਚ ਸੁਧਾਰ ਹੋ ਜਾਵੇਗਾ ਜਿਵੇਂ ਮੈਪਿੰਗ ਐਪਲੀਕੇਸ਼ਨਾਂ ਬਿਹਤਰ ਹੋ ਜਾਣਗੀਆਂ।"

ਭਾਰਤ ਵਿੱਚ ਮੋਬਾਈਲ ਫੋਨ ਗਾਹਕ ਅਕਸਰ ਕਾਲਾਂ ਡਰੌਪ ਹੋਣ ਬਾਰੇ ਸ਼ਿਕਾਇਤ ਕਰਦੇ ਹਨ। ਤਾਂ ਕੀ 5ਜੀ ਦੇ ਆਉਣ ਨਾਲ ਇਹ ਸ਼ਿਕਾਇਤਾਂ ਦੂਰ ਹੋ ਜਾਣਗੀਆਂ? ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ ਇਸ 'ਤੇ ਜਵਾਬ ਦੇਣਾ ਮੁਸ਼ਕਲ ਹੈ।

ਦੁਨੀਆ ਦੇ ਜਿਨ੍ਹਾਂ ਦੇਸ਼ਾਂ 'ਚ 5ਜੀ ਲਾਂਚ ਕੀਤਾ ਜਾ ਰਿਹਾ ਹੈ, ਉੱਥੇ ਦੇਖਿਆ ਗਿਆ ਹੈ ਕਿ 5G ਮੋਬਾਈਲ ਨੈੱਟਵਰਕ ਦਾ ਬੁਨਿਆਦੀ ਢਾਂਚਾ ਵੱਖਰਾ ਹੈ। 4ਜੀ (LTE) ਅਤੇ 3ਜੀ ਨੈੱਟਵਰਕਾਂ ਤੋਂ ਇਲਾਵਾ ਉੱਚ ਬੈਂਡਵਿਡਥ ਅਤੇ ਘੱਟ ਲੇਟੈਂਸੀ ਵਾਲੀ ਨਵੀਂ ਰੇਡੀਓ ਤਕਨਾਲੋਜੀ ਅਤੇ ਇੱਕ ਵੱਖਰੇ ਨੈੱਟਵਰਕ ਦੀ ਲੋੜ ਹੋਵੇਗੀ।

5ਜੀ ਦੀ ਸਪੀਡ 10 ਜੀਬੀਪੀਐਸ ਤੱਕ ਹੈ ਜੋ ਕਿ 4ਜੀ ਦੀ 100 ਐਮਬੀਪੀਐਸ ਸਪੀਡ ਤੋਂ 100 ਗੁਣਾ ਤੇਜ਼ ਹੈ।

ਸੁਦੀਪਤ ਮੁਤਾਬਕ, "ਜੇਕਰ 4ਜੀ ਦੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ 4ਜੀ ਨਹੀਂ ਸੀ। ਇਹ ਤਕਨੀਕੀ ਤੌਰ 'ਤੇ ਸਿਰਫ 3.8ਜੀ ਹੀ ਰਹਿ ਗਿਆ। ਇਸ ਲਈ 5ਜੀ ਤੋਂ ਬਹੁਤ ਉਮੀਦਾਂ ਹਨ, ਪਰ ਇਹ ਇਸ 'ਤੇ ਕਿੰਨਾ ਖਰਾ ਉਤਰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।"

"ਹਾਲਾਂਕਿ 5ਜੀ ਨੂੰ ਸਿਰਫ਼ ਡਾਟਾ ਸਪੀਡ ਦੇ ਲਿਹਾਜ਼ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਇਹ ਭਵਿੱਖ ਵਿੱਚ 'ਇੰਟਰਨੈੱਟ ਆਫ਼ ਥਿੰਗਜ਼' ਲਈ ਬਹੁਤ ਉਪਯੋਗੀ ਹੋਵੇਗਾ।"

ਸਪੀਡ 5ਜੀ ਦਾ ਸਿਰਫ ਇੱਕ ਹਿੱਸਾ ਹੈ, ਆਉਣ ਵਾਲੇ ਸਮੇਂ ਵਿੱਚ ਇਸਦੀ ਉਪਯੋਗਤਾ ਕਈ ਖੇਤਰਾਂ ਵਿੱਚ ਵਧੇਗੀ। ਇਹ ਸੰਭਵ ਹੈ ਕਿ ਇਹ ਤੁਹਾਡੇ ਰੋਜ਼ਾਨਾ ਦੇ ਕੰਮ ਨੂੰ ਆਸਾਨ ਬਣਾ ਦੇਵੇ।

ਇਸ ਸਮੇਂ ਅਸੀਂ ਜ਼ਿਆਦਾਤਰ ਮੋਬਾਈਲ ਫੋਨਾਂ ਅਤੇ ਕੰਪਿਊਟਰਾਂ 'ਤੇ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਾਂ। ਜਦਕਿ 5ਜੀ ਨਾਲ ਕੁਨੈਕਟ ਹੋਣ ਨਾਲ ਅਸੀਂ ਫਰਿੱਜ, ਟੀਵੀ, ਮਾਈਕ੍ਰੋਵੇਵ ਓਵਨ, ਵਾਸ਼ਿੰਗ ਮਸ਼ੀਨ ਅਤੇ ਏਸੀ ਨੂੰ ਵੀ ਤੇਜ਼ ਰਫ਼ਤਾਰ ਇੰਟਰਨੈੱਟ ਨਾਲ ਜੋੜ ਸਕਾਂਗੇ, ਤੁਸੀਂ ਇੰਟਰਨੈੱਟ ਨਾਲ ਜੋੜ ਕੇ ਹਰ ਚੀਜ਼ ਨੂੰ ਚਲਾ ਸਕਦੇ ਹੋ।

ਤੁਹਾਡਾ ਇੰਟਰਨੈਟ ਦਾ ਬਿਲ ਘਟੇਗਾ?

ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਕੁਝ ਕੰਪਨੀਆਂ ਪਿਛਲੇ ਸਾਲ ਕਈ ਨਵੀਆਂ ਤਕਨੀਕਾਂ ਲੈ ਕੇ ਆਈਆਂ ਸਨ ਅਤੇ ਇਹ ਕਹਿਣਾ ਕਿ 5ਜੀ ਨਾਲ ਕੰਮ ਕਰਨ ਵਾਲੇ ਨਵੇਂ ਡਿਵਾਈਸਾਂ ਨੂੰ ਲੰਬਾ ਸਮਾਂ ਲੱਗੇਗਾ, ਇਹ ਗਲਤ ਹੋਵੇਗਾ।

ਦੇਸ਼ 'ਚ 5ਜੀ ਦੀ ਕੀਮਤ ਕਿੰਨੀ ਹੋਵੇਗੀ, ਇਹ ਇਸ ਗੱਲ 'ਤੇ ਨਿਰਭਰ ਕਰ ਸਕਦਾ ਹੈ ਕਿ ਕੰਪਨੀਆਂ ਸਪੈਕਟਰਮ ਦੀ ਨਿਲਾਮੀ 'ਚ ਕਿੰਨਾ ਪੈਸਾ ਖਰਚ ਕਰਦੀਆਂ ਹਨ।

ਪਰ ਭਾਰਤ ਵਿੱਚ ਟੈਲੀਕਾਮ ਕੰਪਨੀਆਂ ਵਿੱਚ ਮੁਕਾਬਲਾ ਬਹੁਤ ਘੱਟ ਹੈ। ਇਸ ਲਈ ਹਾਵੀ ਹੋਣ ਵਾਲੀ ਕੰਪਨੀ ਆਪਣੀਆਂ ਕੀਮਤਾਂ ਨੂੰ ਉੱਚਾ ਰੱਖ ਸਕਦੀ ਹੈ।

ਪਰ 5ਜੀ ਦੇ ਆਉਣ ਨਾਲ 4ਜੀ ਅਤੇ 3ਜੀ ਸੇਵਾਵਾਂ ਖਤਮ ਨਹੀਂ ਹੋਣਗੀਆਂ, ਇਹ ਇਕੱਠੇ ਚੱਲਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)