You’re viewing a text-only version of this website that uses less data. View the main version of the website including all images and videos.
ਤਰਨਤਾਰਨ ਦੇ ਪੱਟੀ ਵਿੱਚ ਚਰਚ ਦੀਆਂ ਮੂਰਤੀਆਂ ਦੀ ਭੰਨ-ਤੋੜ ਹੋਈ,ਈਸਾਈ ਭਾਈਚਾਰੇ ਵੱਲੋਂ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਧਰਨਾ ਖ਼ਤਮ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਠਕੁਰਪੁਰ ਵਿਖੇ ਇੱਕ ਚਰਚ ਵਿੱਚ ਕਥਿਤ ਤੌਰ ’ਤੇ ਤੋੜ ਫੋੜ ਕੀਤੀ ਗਈ ਹੈ।
ਇਸ ਘਟਨਾ ਨੂੰ ਮੁਲਜ਼ਮ ਵੱਲੋਂ ਅੰਜਾਮ ਦੇਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈਆਂ ਹਨ।
ਤਸਵੀਰਾਂ ਵਿੱਚ ਇੱਕ ਵਿਅਕਤੀ ਚਰਚ ਦੇ ਅੰਦਰ ਜਾ ਕੇ ਧਾਰਮਿਕ ਮੂਰਤੀਆਂ ਨੂੰ ਤੋੜ ਰਿਹਾ ਹੈ। ਇਸ ਤੋਂ ਇਲਾਵਾ ਚਰਚ ਵਿੱਚ ਇੱਕ ਕਾਰ ਨੂੰ ਵੀ ਅੱਗ ਲਗਾਈ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਰਨਤਾਰਨ ਦੇ ਐੱਸਐੱਸਪੀ ਆਰ ਐਸ ਢਿੱਲੋਂ ਨੇ ਇਸ ਘਟਨਾ ਬਾਰੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।"ਧਾਰਾ 295 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਅਤੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਨੂੰ ਬਾਅਦ ਵਿੱਚ ਪ੍ਰਸ਼ਾਸਨ ਦੇ ਆਸ਼ਵਾਸਨ ਤੋਂ ਬਾਅਦ ਖਤਮ ਕਰ ਦਿੱਤਾ ਗਿਆ।
ਘਟਨਾ ਸਥਲ 'ਤੇ ਪਹੁੰਚੇ ਈਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਆਖਿਆ ਕਿ ਇਹ ਘਟਨਾ ਦੀ ਉਹ ਨਿਖੇਧੀ ਕਰਦੇ ਹਨ।
"ਈਸਾਈ ਭਾਈਚਾਰੇ ਦੇ ਲੋਕ ਅਮਨ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਸਾਡੇ ਦੇਵਤੇ ਉਪਰ ਹਮਲਾ ਸਾਡੇ ਉੱਪਰ ਹਮਲਾ ਹੈ।"
ਪਾਦਰੀ ਨੇ ਦਿੱਤੀ ਪੁਲਿਸ ਨੂੰ ਜਾਣਕਾਰੀ
ਇਸ ਚਰਚ ਦੇ ਪਾਦਰੀ ਫਾਦਰ ਥੋਮਸ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦੇ ਹੋਏ ਘਟਨਾ ਦਾ ਵੇਰਵਾ ਦਿੱਤਾ।
ਫਾਦਰ ਥੋਮਸ ਨੇ ਦੱਸਿਆ,"ਰਾਤ ਤਕਰੀਬਨ 12.45 ਵਜੇ ਕੁਝ ਅਣਪਛਾਤੇ ਲੋਕਾਂ ਨੇ ਚਰਚ ਦੀਆਂ ਮੂਰਤੀਆਂ ਦੀ ਤੋੜਫੋੜ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਚਰਚ ਦੀ ਇਕ ਕਾਰ ਨੂੰ ਅੱਗ ਲਗਾਈ। ਇਸ ਤੋਂ ਬਾਅਦ ਉਹ ਚਰਚ ਦੀ ਕੰਧ ਵੱਲ ਵੀ ਗਏ ਅਤੇ ਪੈਟਰੋਲ ਛਿੜਕਿਆ। ਇਸ ਤੋਂ ਬਾਅਦ ਉਹ ਵਾਪਸ ਚਲੇ ਗਏ।"
"ਇਸ ਤੋਂ ਬਾਅਦ ਅਸੀਂ ਐੱਸਐੱਚਓ ਨੂੰ ਫੋਨ ਕੀਤਾ। ਉਨ੍ਹਾਂ ਨੇ ਮੁਲਾਜ਼ਮ ਭੇਜਿਆ ਅਤੇ ਇਸ ਤੋਂ ਬਾਅਦ ਇਲਾਕੇ ਦੇ ਐੱਸਐੱਸਪੀ,ਡੀਐੱਸਪੀ ਅਤੇ ਆਈਜੀਪੀ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ।"
"ਮੈਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ। ਗੁਰਦੁਆਰਿਆਂ,ਚਰਚਾ ਤੇ ਧਾਰਮਿਕ ਸਥਾਨਾਂ ਉੱਤੇ ਅਜਿਹੀ ਘਟਨਾਵਾਂ ਉੱਪਰ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਆਪਸੀ ਭਾਈਚਾਰੇ ਲਈ ਠੀਕ ਨਹੀਂ ਹੈ।"
ਇਹ ਵੀ ਪੜ੍ਹੋ-