You’re viewing a text-only version of this website that uses less data. View the main version of the website including all images and videos.
ਪੰਜਾਬ ਵਿਚ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਬਦਲਿਆ ਰੂਟ, ਇਹ ਹਨ ਨਵੇਂ ਰਾਹ
ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਇਹ ਖੇਪ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।
ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸਮੁੰਦਰੀ ਬੰਦਰਗਾਹਾਂ ਰਾਹੀਂ ਡਰੱਗ ਤਸਕਰੀ ਦਾ ਨਵਾਂ ਟਰੈਂਡ ਸਾਹਮਣੇ ਆ ਰਿਹਾ ਕਿਉਂਕਿ ਜ਼ਮੀਨ ਉੱਤੇ ਸਖ਼ਤੀ ਕੀਤੀ ਗਈ ਹੈ।
ਤਾਜ਼ਾ ਕਾਰਵਾਈ ਵਿੱਚ, ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਐਤਵਾਰ ਨੂੰ ਗੁਜਰਾਤ ਤੋਂ ਆ ਰਹੇ ਇੱਕ ਟਰੱਕ ਦੇ ਇੱਕ ਟੂਲ ਬਾਕਸ ਵਿੱਚ ਲੁਕੀ ਹੋਈ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਪੰਜਾਬ) ਗੌਰਵ ਯਾਦਵ ਨੇ ਦੱਸਿਆ, "ਇਹ ਬਹੁਤ ਵੱਡੀ ਖੇਪ ਸਮੁੰਦਰੀ ਰਸਤਿਓਂ ਭਾਰਤ ਵਿੱਚ ਆਈ ਸੀ ਅਤੇ ਗੁਜਰਾਤ ਦੇ ਭੁਜ ਇਲਾਕੇ ਤੋਂ ਟਰੱਕਾਂ ਰਾਹੀਂ ਪੰਜਾਬ ਵਿੱਚ ਆ ਰਹੀ ਸੀ।"
"ਨਵਾਂ ਸ਼ਹਿਰ ਪੁਲਿਸ ਜਾਣਕਾਰੀ ਇਕੱਠੀ ਕਰ ਕੇ ਇਸ ਫੜਿਆ ਅਤੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ।"
ਆਈਜੀਪੀ ਨੇ ਗਿੱਲ ਅੱਜ ਇਸ ਬਾਰੇ ਹੋ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਪੰਜਾਬ ਵਿਚ ਤਾਜ਼ਾ ਬਰਾਮਦਗੀਆਂ
ਉਨ੍ਹਾਂ ਨੇ ਕਿਹਾ ਕਿ ਇਹ ਬਰਾਮਦਗੀ ਪਿਛਲੇ ਹਫ਼ਤੇ ਸੂਬੇ ਵਿੱਚ ਬਰਾਮਦ ਕੀਤੀ ਗਈ 13.51 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ ਹੈ, ਜਿਸ ਨਾਲ ਹੈਰੋਇਨ ਦੀ ਹਫ਼ਤਾਵਾਰੀ ਜ਼ਬਤ ਕੀਤੀ ਮਾਤਰਾ 51.51 ਕਿਲੋਗ੍ਰਾਮ ਹੋ ਗਈ ਹੈ।
- ਪੰਜਾਬ ਪੁਲਿਸ ਨੇ ਡਰੱਗਜ਼ ਦੀ ਖੇਪ ਫੜ੍ਹਨ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ
- ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ
- ਡੀਜੀਪੀ ਪੰਜਾਬ ਗੌਰਵ ਯਾਦਵ ਮੁਤਾਬਕ, "ਇਹ ਬਹੁਤ ਵੱਡੀ ਖੇਪ ਸਮੁੰਦਰੀ ਰਸਤਿਓਂ ਭਾਰਤ ਵਿੱਚ ਆਈ ਸੀ ਅਤੇ ਗੁਜਰਾਤ ਦੇ ਭੁਜ ਇਲਾਕੇ ਤੋਂ ਟਰੱਕਾਂ ਰਾਹੀਂ ਪੰਜਾਬ ਵਿੱਚ ਆ ਰਹੀ ਸੀ"
- ਪੁਲਿਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਸੂਬੇ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ 370 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ
- 1.09 ਕਰੋੜ ਰੁਪਏ ਦੀ ਡਰੱਗ ਮਨੀ, 13 ਕਿਲੋ ਅਫੀਮ, 12 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਅਤੇ 1.36 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਸਣੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ
- ਪੰਜਾਬ ਪੁਲਿਸ ਮੁਤਾਬਕ, ਪਿਛਲੇ ਸਮੇਂ ਵਿੱਚ ਜੰਮੂ ਕਸ਼ਮੀਰ ਡਰੱਗ ਸਪਲਾਈ ਦੇ ਨਵੇਂ ਰਸਤੇ ਵਜੋਂ ਉੱਭਰਿਆ ਹੈ
- ਗੁਜਰਾਤ ਅਤੇ ਮਹਾਰਾਸ਼ਟਰ ਤੋਂ ਵੀ ਪੰਜਾਬ ਅਤੇ ਦੋਵੇਂ ਸੂਬਿਆਂ ਦੀ ਪੁਲਿਸ ਨੇ ਡਰੱਗ ਜ਼ਬਤ ਕੀਤੇ ਗਏ ਹਨ
ਡਰੱਗ ਰਿਕਵਰੀ 'ਤੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੂਰੇ ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐਸ) ਐਕਟ ਤਹਿਤ 33 ਵਪਾਰਕ (ਕਮਰਸ਼ੀਅਲ) ਸਮੇਤ, 283 ਐੱਫਆਈਆਰਜ਼ ਦਰਜ ਕਰਕੇ 370 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ 1.09 ਕਰੋੜ ਰੁਪਏ ਦੀ ਡਰੱਗ ਮਨੀ, 13 ਕਿਲੋ ਅਫੀਮ, 12 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਅਤੇ 1.36 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਸਣੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਆਈਜਪੀ ਗਿੱਲ ਨੇ ਦੱਸਿਆ ਕਿ ਸੂਬੇ ਦੇ ਨਾਜ਼ੁਕ ਰਸਤਿਆਂ 'ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਕਿਹੜੇ-ਕਿਹੜੇ ਰਸਤਿਓਂ ਹੋਈ ਤਸਕਰੀ ਜ਼ਬਤ
ਇੱਕ ਜੁਲਾਈ ਵਿੱਚ ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ 16.80 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਆਈਜੀ ਬਾਰਡਰ ਰੇਂਜ ਮਨੀਸ਼ ਚਾਵਲਾ ਦੱਸਿਆ ਸੀ ਕਿ ਜੰਮੂ-ਕਸ਼ਮੀਰ ਪੰਜਾਬ ਰਾਹੀਂ ਨਸ਼ਿਆਂ ਦੀ ਆਵਾਜਾਈ ਲਈ ਇੱਕ ਨਵੇਂ ਰੂਟ ਵਜੋਂ ਉਭਰਿਆ ਹੈ।
ਇਹ ਖੇਪ ਨੂੰ ਗੁਆਂਢੀ ਸੂਬੇ ਜੰਮੂ ਤੋਂ ਲਿਆਉਣ ਲਈ ਰਾਸ਼ਟਰੀ ਰਾਜਮਾਰਗ ਰਾਹੀਂ ਦੋ ਕਾਰਾਂ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਡੱਬਿਆਂ ਵਿਚ ਲੁਕਾ ਕੇ ਲਿਆਂਦਾ ਸੀ।
ਗੁਜਰਾਤ ਦੀ ਬੰਦਰਗਾਹ ਤੋਂ 75 ਕਿਲੋ ਹੈਰੋਇਨ
12 ਜੁਲਾਈ ਵਿੱਚ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਗੁਜਰਾਤ ਦੇ ਏਟੀਐੱਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁੰਦਰਾ ਬੰਦਰਗਾਹ 'ਤੇ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ ਹੋਈਆਂ ਸਨ ਅਤੇ ਖੇਪ ਨੂੰ ਪੰਜਾਬ ਦੇ ਰਸਤੇ ਕਿਸੇ ਹੋਰ ਥਾਂ 'ਤੇ ਭੇਜਿਆ ਜਾਣਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਤਸਕਰੀ ਬਾਰੇ ਜਾਣਕਾਰੀ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਏਟੀਐੱਸ ਨਾਲ ਸਾਂਝੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਖੇਪ ਯੂਏਈ ਤੋਂ ਆਈ ਹੈ। ਇਸ ਨੂੰ ਕੱਪੜੇ ਦੇ ਕੰਨਟੇਨਰ ਵਿੱਚ ਰੱਖ ਭੇਜਿਆ ਗਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਮੁੰਬਈ ਤੋਂ 73 ਕਿਲੋ ਹੈਰੀਇਨ ਜ਼ਬਤ
15 ਜੁਲਾਈ ਵਿੱਚ ਹੀ ਨਵੀਂ ਮੁੰਬਈ ਪੁਲਿਸ ਨਾਹਵਾ ਸ਼ੇਵਾ ਕੰਨਟੇਨਰ ਵਿੱਚੋਂ ਕਰੀਬ 73 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਪੰਜਾਬ ਡੀਜੀਪੀ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੀ ਸਾਂਝੀ ਮੁਹਿੰਮ ਸੀ। ਇਸ ਨੂੰ ਕੇਂਦਰੀ ਏਜੰਸੀਆਂ ਦਾ ਵੀ ਪੂਰਾ ਸਮਰਥਨ ਹਾਸਿਲ ਸੀ।
ਇਹ ਬਰਮਦਗੀ ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਮਿਲ ਕੇ ਮੁੰਦਰਾ ਬੰਦਰਗਾਹ 'ਤੇ ਇੱਕ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦੇ 72 ਘੰਟਿਆਂ ਹੋਈ ਸੀ।
ਹੋਰ ਸਰਹੱਦੀ ਰਸਤੇ
ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨੇ 2018 ਵਿਚ ਪੰਜਾਬ ਵਿਚ ਨਸ਼ੇ ਪਹੁੰਚਣ ਦੇ ਰੂਟ ਬਾਰੇ ਇੱਕ ਰਿਪੋਰਟ ਕੀਤੀ ਸੀ।
ਉਨ੍ਹਾਂ ਨੇ ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਪੰਜਾਬ ਵਿਚ ਭਾਰਤ -ਪਾਕ 553 ਕਿਲੋਮੀਟਰ ਸਰਹੱਦ ਉੱਤੇ ਬੀਐਸਐਫ ਦੀਆਂ 20 ਬਟਾਲੀਅਨਾਂ ਤਾਇਨਾਤ ਹਨ।
ਭਾਰਤ ਪਾਕਿਸਤਾਨ ਸਰਹੱਦ ਰਾਹੀ ਤਸਕਰੀ ਮੁੱਖ ਤੌਰ ਉੱਤੇ ਹੁੰਦੀ ਹੈ, ਜਿਸ ਨੂੰ ਰੋਕਣ ਲਈ ਇਨ੍ਹਾਂ ਕੋਲ ਰਾਤ ਨੂੰ ਦੇਖ ਸਕਣ ਵਾਲੇ ਯੰਤਰ ਅਤੇ ਦੂਜੇ ਅਤਿ-ਆਧੁਨਿਕ ਉਪਕਰਨ ਉਪਲੱਬਧ ਹਨ।
ਬੀਐਸਐਫ ਦੇ ਅਧਿਕਾਰੀ ਮੁਤਾਬਕ, "ਸਰਹੱਦ ਉੱਤੇ ਭਾਵੇ ਕੰਡਿਆਲੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਪਰ ਦਰਿਆ, ਹੜ੍ਹ , ਧੁੰਦ, ਹਨ੍ਹੇਰਾ ਅਤੇ ਮੌਸਮੀ ਬਦਲਾਅ ਨਸ਼ਾਂ ਤਸਕਰਾਂ ਲਈ ਸੁਖਾਲਾ ਰਾਹ ਤਿਆਰ ਕਰਦੇ ਹਨ।"
ਇਸ ਬੀਬੀਸੀ ਪੱਤਰਕਾਰ ਨੇ ਬੀਐਸਐਫ ਦਾ ਇੱਕ ਪ੍ਰੇਜਨਟੇਸ਼ ਦੇਖਿਆ ਸੀ ਜਿਸ ਨਾਲ ਪਤਾ ਲੱਗਾ ਕਿਸਾਨ ਕਿਸ ਤਰ੍ਹਾਂ ਡਰੱਗਜ਼ ਨੂੰ ਲੁਕਾਉਣ ਲਈ ਟੋਇਆ ਬਣਾਉਂਦੇ ਹਨ।
ਇਹ ਵੀ ਪੜ੍ਹੋ-
ਬੀਐਸਐਫ ਦੇ ਇੱਕ ਅਧਿਕਾਰੀ ਦੱਸਦੇ ਹਨ, "ਇਹ ਸੁੱਕੇ ਘਾਹ ਵਿੱਚ ਸੂਈ ਲੱਭਣ ਵਰਗਾ ਹੈ ਕਿਉਂਕਿ ਇਹ ਲੁਕਾਉਣ ਦੇ ਤਰੀਕੇ ਬਦਲਦੇ ਰਹਿੰਦੇ ਹਨ।"
ਇਹ ਅਧਿਕਾਰੀ ਕਹਿੰਦੇ, "ਪੰਜਾਬ ਦੀ ਸੀਮਾ 'ਤੇ ਤਸਕਰੀ ਦੀ ਗੱਲ ਕਰੀਏ ਤਾਂ ਇਸ ਵਿੱਚ 95 ਫੀਸਦੀ ਹੈਰੋਈਨ ਅਤੇ ਹੋਰ ਡਰੱਗਜ਼ ਹੈ, ਜਦਕਿ ਪੰਜ ਫੀਸਦੀ ਹਥਿਆਰ ਹੈ।"
ਹਾਲ ਦੇ ਸਾਲਾਂ ਵਿੱਚ ਸੀਮਾ 'ਤੇ ਡਰੱਗਜ਼ ਫੜੇ ਜਾਣ ਦੀ ਘਟਨਾਵਾਂ ਵਿੱਚ ਇਜ਼ਾਫ਼ਾ ਹੋਇਆ ਹੈ।
ਸਾਲ 2016 ਵਿੱਚ 30 ਕਿਲੋ ਹੈਰੋਈਨ ਜ਼ਬਤ ਕੀਤੀ ਗਈ ਜਦਕਿ 2017 ਵਿੱਚ ਇਹ ਮਾਤਰਾ 279 ਕਿਲੋ ਤੱਕ ਪਹੁੰਚ ਗਈ। ਉੱਥੇ ਹੀ 2018 ਦੇ ਸਾਲ ਪਹਿਲੇ 7 ਮਹੀਨਿਆਂ ਦਾ ਅੰਕੜਾ ਕਰੀਬ 164 ਕਿਲੋ ਸੀ।
ਤਸਕਰੀ ਦੇ ਰਾਹ
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਤਤਕਾਲੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਸੀ ਕਿ ਪੰਜਾਬ ਵਿੱਚ ਹੈਰੋਇਨ ਦਾ ਉਤਪਾਦਨ ਨਹੀਂ ਹੁੰਦਾ।
ਇਹ ਸਰਹੱਦ ਪਾਰ ਤੋਂ ਸੂਬੇ ਵਿਚ ਆਉਂਦੀ ਹੈ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਹੁਣ ਇਹ ਸਪਲਾਈ ਲਾਈਨ ਕੱਟ ਦਿੱਤੀ ਗਈ ਹੈ।
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਨ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਨਾਲ ਕੰਮ ਕਰ ਰਹੇ ਬਾਰਡਰ ਜ਼ੋਨ ਦੇ ਆਈ ਜੀ ਰਾਜੇਸ਼ ਕੁਮਾਰ ਜੈਸਵਾਲ ਨੇ ਆਖਿਆ ਸੀ ਕਿ ਹੈਰੋਇਨ ਜ਼ਿਆਦਾਤਰ ਆਫਗਾਨਿਸਤਾਨ ਤੋਂ ਪਾਕਿਸਤਾਨ ਹੁੰਦੀ ਹੋਈ ਪੰਜਾਬ ਵਿੱਚ ਆਉਂਦੀ ਹੈ।
ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਉੱਤੇ ਸਖ਼ਤੀ ਹੋ ਜਾਂਦੀ ਹੈ ਤਾਂ ਤਸਕਰ ਰਾਜਸਥਾਨ ਰਾਹੀਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਇੱਥੇ ਵੀ ਸਖ਼ਤੀ ਹੋ ਜਾਂਦੀ ਹੈ ਤਾਂ ਕਿਸੇ ਹੋਰ ਥਾਂ ਉੱਤੇ ਤਸਕਰੀ ਜਾਰੀ ਰਹਿੰਦੀ ਹੈ।
ਜਲੰਧਰ ਜ਼ੋਨ ਦੇ ਆਈ ਜੀ ਪ੍ਰਮੋਦ ਬੇਨ ਨੇ ਆਖਿਆ ਕਿ ਤਸਕਰ ਸਮੇਂ- ਸਮੇਂ 'ਤੇ ਆਪਣਾ ਰੂਟ ਅਤੇ ਨੀਤੀ ਬਦਲਦੇ ਰਹਿੰਦੇ ਹਨ।
ਉਨ੍ਹਾਂ ਕਿਹਾ, "ਪੰਜਾਬ ਅੰਤਰਰਾਸ਼ਟਰੀ ਸਰਹੱਦ ਤੋਂ ਨਸ਼ਿਆਂ ਕਾਰਨ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਇਸ ਕੰਮ 'ਚ ਲੱਗੇ ਤਸਕਰ ਇੱਕ ਥਾਂ ਉੱਤੇ ਰਹਿ ਕੇ ਕੰਮ ਨਹੀਂ ਕਰਦੇ, ਉਹ ਅੰਮ੍ਰਿਤਸਰ ਤੋਂ ਫਿਰੋਜ਼ਪੁਰ-ਫਾਜ਼ਿਲਕਾ ਅਤੇ ਹੋਰ ਪਾਸਿਆਂ ਤੋਂ ਆਪਣਾ ਇਹ ਧੰਦਾ ਜਾਰੀ ਰੱਖਦੇ ਹਨ।''
ਸਰਹੱਦੀ ਖੇਤਰ ਹੋਣ ਕਰਕੇ ਪੰਜਾਬ ਅਖੌਤੀ ਡਰੱਗ ਤਸਕਰੀ ਦਾ ਰਸਤਾ ਹੈ, ਜਿਸ ਵਿੱਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵੀ ਆਉਂਦੇ ਹਨ।
ਸਾਲਾਂ ਤੋਂ ਪੰਜਾਬ ਭਾਰਤ ਵਿੱਚ ਕਿਤੇ ਵੀ ਡਰੱਗ ਦੀ ਸਪਲਾਈ ਦਾ ਬਿੰਦੂ ਬਣਿਆ ਹੋਇਆ ਹੈ।
ਪਿਛਲੇ 2 ਦਹਾਕਿਆਂ ਤੋਂ ਪੰਜਾਬ ਇੱਕ ਵੱਡਾ ਉਪਭੋਗਤਾ ਬਣ ਕੇ ਵੀ ਉਭਰਿਆ ਹੈ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਸੂਤਰਾਂ ਦੇ ਹਵਾਲੇ ਨਾਲ ਤਸਕਰੀ, ਹੈਰੋਇਨ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੀ ਹੈ।
ਉਨ੍ਹਾਂ ਮੁਤਾਬਕ ਜਦੋਂ ਸੁਰੱਖਿਆ ਬਲਾਂ ਨੇ ਆਪਣੇ ਆਪਰੇਸ਼ਨਾਂ ਨੂੰ ਤੇਜ਼ ਕੀਤਾ ਤਾਂ ਤਸਕਰਾਂ ਨੇ ਹੋਰ ਰਸਤਾ ਇਜ਼ਾਦ ਕੀਤਾ ਅਤੇ ਉਹ ਪੰਜਾਬ, ਰਾਜਸਥਾਨ ਜਾਂ ਜੰਮੂ-ਕਸ਼ਮੀਰ ਵੀ ਹੋ ਸਕਦੇ ਹਨ।
ਐਸਟੀਐਫ ਦੇ ਸਰਹੱਦੀ ਜ਼ੋਨ ਦੇ ਇੰਸਪੈਕਟਰ ਜਨਰਲ ਰਾਜੇਸ਼ ਕੁਮਰ ਜੈਸਵਾਲ ਦਾ ਕਹਿਣਾ ਹੈ, "ਹਾਲਾਂਕਿ, ਭਰਤ-ਪਾਕਿਸਤਾਨ ਸਰਹੱਦੀ ਮਾਰਗ ਸਾਧਾਰਨ ਹੈ ਪਰ ਅਸੀਂ ਦਿੱਲੀ ਤੋਂ ਵੀ ਨਾਰਕੋਟਿਕਸ ਬਰਾਮਦ ਕੀਤਾ ਹੈ।"
ਉਨ੍ਹਾਂ ਨੇ ਦੱਸਿਆ, "ਇਹ ਦਿੱਲੀ ਕਿਸੇ ਰੋਹ ਰਸਤਿਓਂ ਪਹੁੰਚਿਆ ਹੈ।"
ਜੈਸਵਾਲ ਦਾ ਕਹਿਣਾ ਹੈ, "ਅਫ਼ੀਮ ਅਤੇ ਭੁੱਕੀ ਪੰਜਾਬ ਵਿੱਚ ਆਮ ਤੌਰ 'ਤੇ ਦੇਸ ਦੇ 27 ਜ਼ਿਲ੍ਹਿਆਂ ਵਿਚੋਂ ਆਉਂਦੀ ਹੈ। ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਜੰਮੂ ਵਿੱਚ ਉਗਾਈ ਜਾਂਦੀ ਹੈ ਅਤੇ ਜੰਮੂ-ਕਸ਼ਮੀਰ ਰਾਹੀਂ ਵੀ ਆਉਂਦੀ ਹੈ। ਇਨ੍ਹਾਂ 27 ਜ਼ਿਲ੍ਹਿਆਂ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਇਹ ਇਨ੍ਹਾਂ ਦਾ ਉਤਪਾਦਨ ਕਰਦੇ ਹਨ। "
ਐਸਟੀਐਫ ਅਧਿਕਾਰੀ ਦੀ ਕਹਿਣਾ ਹੈ ਕਿ ਉੱਥੇ ਹੀ ਫਰਮਾਕਿਊਟੀਕਲ ਡਰੱਗ ਪੰਜਾਬ ਵਿੱਚ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਂਦਾ ਹੈ, ਭੰਗ ਅਤੇ ਚਰਸ ਦੀ ਉਤਪਾਦਨ ਹਿਮਾਚਲ 'ਚ ਹੁੰਦਾ ਹੈ।