You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਦੀ ਲੋਕ ਮਿਲਣੀ: ‘ਨਸ਼ੇ ਕਾਰਨ ਮੇਰੇ ਪੋਤੇ ਦੀ ਮੌਤ ਹੋਈ, ਸਰਕਾਰ ਨਸ਼ਾ ਖ਼ਤਮ ਕਰੇ’
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ 'ਲੋਕ ਮਿਲਣੀ' ਸਮਾਗਮ ਉਲੀਕਿਆ ਗਿਆ, ਜਿਸ ਵਿੱਚ ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ।
ਦਰਅਸਲ, ਪੰਜਾਬ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ 'ਤੇ ਇਸ 'ਲੋਕ ਮਿਲਣੀ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਇੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਦੂਰ-ਦੁਰਾਡਿਓਂ ਲੋਕ ਮੁੱਖ ਮੰਤਰੀ ਨੂੰ ਮਿਲਣ ਲਈ ਸਵੇਰ ਤੋਂ ਪਹੁੰਚਣੇ ਸ਼ੁਰੂ ਹੋ ਗਏ ਸਨ।
ਇਸ ਦੌਰਾਨ ਲੋਕ, ਨਸ਼ਾ, ਕਰਜ਼ਾ, ਭੂ-ਮਾਫੀਆ, ਤਹਿਸੀਲਦਾਰਾਂ ਖਿਲਾਫ਼ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਦੀ ਆਸ ਵਿੱਚ ਪਹੁੰਚੇ।
ਮਿਲਣੀ ਦੌਰਾਨ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਤਹਿਸੀਲਦਾਰ ਖ਼ਿਲਾਫ਼ ਮਿਲੀ ਸ਼ਿਕਾਇਤ ਉੱਤੇ ਭਗਵੰਤ ਮਾਨ ਨੇ ਮੌਕੇ ਉੱਤੇ ਹੀ ਦੋ ਤਹਿਸੀਲਦਾਰਾਂ ਖਿਲਾਫ਼ ਕਾਰਵਾਈ ਦੇ ਆਦੇਸ਼ ਵੀ ਜਾਰੀ ਕੀਤੇ ਹਨ।
ਕੁਝ ਲੋਕਾਂ ਨੂੰ ਤਾਂ ਅੰਦਰ ਭਗਵੰਤ ਮਾਨ ਨਾਲ ਬੈਠਕ ਕਰਨ ਲਈ ਅੰਦਰ ਜਾਣ ਦਿੱਤਾ ਗਿਆ ਪਰ ਕਈ ਲੋਕ ਬਾਹਰ ਇੰਤਜ਼ਾਰ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੂੰ ਮਿਲਣ ਆਏ ਕੁਝ ਲੋਕਾਂ ਨਾਲ ਬੀਬੀਸੀ ਪੰਜਾਬੀ ਨੇ ਗੱਲ ਕੀਤੀ।
ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਅੰਦਰ ਨਾ ਜਾਣ ਦੇਣ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਹਾਲਾਂਕਿ, ਮੁੱਖ ਮੰਤਰੀ ਨੇ ਟਵੀਟ ਕਰ ਕੇ ਆਖਿਆ ਕਿ ਭਵਿੱਖ ਵਿੱਚ ਵੀ ਇਹ 'ਲੋਕ ਮਿਲਣੀ' ਜਾਰੀ ਰਹੇਗੀ।
'ਨਸ਼ਿਆਂ ਦੇ ਮਾਮਲੇ ਚ ਹੋਵੇ ਇਨਸਾਫ਼'
ਫਤਿਹਗੜ੍ਹ ਸਾਹਿਬ ਤੋਂ ਆਏ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ, "ਸਾਡੇ ਪਿੰਡ ਵਿੱਚ ਚਿੱਟਾ ਵਿਕਦਾ ਹੈ ਅਤੇ ਪੁਲਿਸ ਕੁਝ ਨਹੀਂ ਕਰ ਰਹੀ। ਉਹ ਇਨ੍ਹਾਂ ਨੂੰ ਫੜ ਲੈਂਦੇ ਅਤੇ ਫੇਰ ਛੱਡ ਦਿੰਦੇ ਹਨ। ਸਾਨੂੰ ਕੋਈ ਇੱਥੇ ਲੈ ਕੇ ਆਉਣ ਵਾਲਾ ਵੀ ਨਹੀਂ ਸੀ। ਮੈਂ ਪਿੰਡ ਵਾਲਿਆਂ ਨਾਲ ਆਈ ਹਾਂ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵੀ ਵਿਕ ਗਈ ਹੈ। ਭਾਵੁਕ ਹੁੰਦੇ ਹੋਏ ਇਨ੍ਹਾਂ ਔਰਤਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਸਕਦੇ ਹਨ।
ਰਾਜਪੁਰਾ ਤੋਂ ਆਏ ਕਿਸਾਨ ਸਵਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੋਲ ਕਰਜ਼ੇ ਦੀ ਸਮੱਸਿਆ ਦਾ ਮੁੱਦਾ ਚੁੱਕਣਾ ਚਾਹੁੰਦੇ ਸਨ।
ਉਨ੍ਹਾਂ ਨੇ ਦੱਸਿਆ, "2015 ਵਿੱਚ ਮੈਂ ਕਰਜ਼ਾ ਲਿਆ ਸੀ। 2017 ਵਿੱਚ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਆਖਿਆ ਗਿਆ ਕਿ ਕਰਜ਼ਾ ਮਾਫ ਹੋ ਗਿਆ। ਕਰਜ਼ਾ ਮੁਆਫ਼ ਨਹੀਂ ਹੋਇਆ ਸੀ ਅਤੇ ਬੈਂਕ ਵੱਲੋਂ ਰਕਮ ਨੂੰ ਵਧਾ ਦਿੱਤਾ ਗਿਆ ਹੈ ਅਤੇ ਪੁਲਿਸ ਕੇਸ ਵੀ ਕਰ ਦਿੱਤਾ ਗਿਆ ਹੈ।"
ਸਵਰਨ ਸਿੰਘ ਅੱਗੇ ਦੱਸਦੇ ਹਨ, "ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਟੀਵੀ ਉਪਰ ਜਨਤਾ ਦਰਬਾਰ ਦੀ ਮਸ਼ਹੂਰੀ ਕੀਤੀ ਜਾ ਰਹੀ ਸੀ ਉਸ ਨੂੰ ਦੇਖ ਕੇ ਹੀ ਮੈਂ ਇੱਥੇ ਆਇਆ ਹਾਂ। ਹੁਣ ਪੰਜਾਬ ਪੁਲਿਸ ਮੈਨੂੰ ਅੰਦਰ ਜਾਣ ਤੋਂ ਰੋਕ ਰਹੀ ਹੈ।"
ਦਿੜ੍ਹਬਾ ਤੋਂ ਆਏ ਮਿੱਠੂ ਰਾਮ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਭੂ ਮਾਫੀਆ ਹਨ।
ਉਨ੍ਹਾਂ ਨੇ ਕਿਹਾ, "ਸਾਡੇ ਇਲਾਕੇ ਵਿੱਚ ਭੂ ਮਾਫ਼ੀਆ ਜ਼ਮੀਨਾਂ 'ਤੇ ਕਬਜ਼ਾ ਕਰਦਾ ਹੈ। ਸਾਡੀ ਮੰਗ ਹੈ ਕਿ ਪੰਜਾਬ ਪੁਲਿਸ ਇਨ੍ਹਾਂ ਲੋਕਾਂ 'ਤੇ ਕਾਰਵਾਈ ਕਰੇ।"
ਪੰਜਾਬ 'ਚ ਬਾਦਲ ਪਿੰਡ ਦੇ ਆਈਟੀਆਈ ਵਿਖੇ ਮੁਲਾਜ਼ਮ ਆਪਣੀ ਸਮੱਸਿਆ ਲੈ ਕੇ ਜਨਤਾ ਮਿਲਣੀ ਵਿਖੇ ਪਹੁੰਚੇ ਸਨ।
ਠੇਕੇ 'ਤੇ ਭਰਤੀ ਹੋਏ ਆਈਟੀਆਈ ਕਰਮਚਾਰੀ ਵੀ ਇੱਥੇ ਪਹੁੰਚੇ ਸਨ ਤੇ ਉਨ੍ਹਾਂ ਨੇ ਇਲਜ਼ਾਮ ਲਗਾਏ ਗਏ ਉਨ੍ਹਾਂ ਨੂੰ ਪਹਿਲਾਂ ਸਰਕਾਰ ਵੱਲੋਂ ਬੁਲਾਇਆ ਗਿਆ ਅਤੇ ਹੁਣ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਅਸੀਂ ਠੇਕੇ ਉੱਤੇ ਕੰਮ ਕਰਦੇ ਹਾਂ, ਸਰਕਾਰ ਪੱਕੇ ਮੁਲਾਜ਼ਮ ਰੱਖਣ ਲਈ ਨੌਕਰੀ ਤਾਂ ਕੱਢ ਰਹੀ ਹੈ ਪਰ ਪੱਕਿਆਂ ਦੀ ਥਾਂ ਜੋ ਕੱਚੇ ਮੁਲਾਜ਼ਮ ਹਟਣਗੇ, ਉਨ੍ਹਾਂ ਬਾਰੇ ਸਰਕਾਰ ਕੁਝ ਨਹੀਂ ਕਰ ਰਹੀ ਹੈ। ਸਾਨੂੰ ਵਿਭਾਗ ਵਿੱਚ ਰੱਖਿਆ ਜਾਵੇ।”
ਇਹ ਵੀ ਪੜ੍ਹੋ: