ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਵਾਲੇ ਗੁਲਾਬ ਨਬੀ ਆਜ਼ਾਦ ਦੇ ਅਸਤੀਫ਼ੇ ਦੀਆਂ ਪੰਜ ਗੱਲਾਂ, ਕੈਪਟਨ ਸਣੇ ਕਿਹੜੇ ਆਗੂ ਛੱਡ ਚੁੱਕੇ ਹਨ ਪਾਰਟੀ

ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ 5 ਪੰਨਿਆਂ ਦਾ ਇੱਕ ਪੱਤਰ ਲਿਖ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਅਸਤੀਫ਼ਾ ਭੇਜਿਆ ਹੈ।

ਇਸ ਪੱਤਰ ਵਿੱਚ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਵਿਸਥਾਰ ਨਾਲ ਦੱਸਿਆ ਹੈ। ਆਪਣੇ ਪੱਤਰ ਵਿੱਚ, ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨਾਲ ਆਪਣੇ ਲੰਬੇ ਸਬੰਧਾਂ ਦੇ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਆਪਣੇ ਸਬੰਧਾਂ ਨੂੰ ਵੀ ਯਾਦ ਕੀਤਾ ਹੈ।

ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਕਾਂਗਰਸ ਪਾਰਟੀ ਵਿੱਚ ਅਜਿਹੀ ਸਥਿਤੀ ਪੈਦਾ ਹੋ ਗਈ ਹੈ, ਜਿੱਥੋਂ ਵਾਪਸੀ ਕਰਨੀ ਮੁਸ਼ਕਿਲ ਹੈ।

ਇਸ ਮਹੀਨੇ 18 ਅਗਸਤ ਨੂੰ ਗੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਦੀ ਚੋਣ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ।

ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਨੂੰ ਕਾਂਗਰਸ ਨੇ ਮੰਦਭਾਗਾ ਦੱਸਿਆ ਹੈ।

ਲੀਡਰਸ਼ਿਪ ਤੋਂ ਨਾਰਾਜ਼ ਦੱਸੇ ਜਾਂਦੇ ਰਹੇ ਹਨ ਆਜ਼ਾਦ

ਕਾਂਗਰਸ ਵਿੱਚ ਛੇਤੀ ਹੀ ਸੰਗਠਨਾਤਮਕ ਚੋਣਾਂ ਹੋਣ ਜਾ ਰਹੀਆਂ ਹਨ। ਜੋ ਪਿਛਲੇ ਕੁੱਝ ਸਮੇਂ ਤੋਂ ਮੁਲਤਵੀ ਹੁੰਦੇ ਰਹੇ ਹਨ।

ਗੁਲਾਮ ਨਬੀ ਆਜ਼ਾਦ ਲੰਬੇ ਸਮੇਂ ਤੋਂ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਦੱਸੇ ਜਾਂਦੇ ਰਹੇ ਹਨ।

ਉਨ੍ਹਾਂ ਨੂੰ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਦੇ ਜੀ-23 ਸਮੂਹ ਦਾ ਹਿੱਸਾ ਵੀ ਮੰਨਿਆ ਜਾਂਦਾ ਸੀ।

ਇਸ ਸਮੂਹ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਸੰਗਠਨ ਵਿੱਚ ਫੇਰਬਦਲ ਦੀ ਮੰਗ ਕਰਨ ਲਈ ਪੱਤਰ ਲਿਖਿਆ ਸੀ ਅਤੇ ਇਹ ਇਲਜ਼ਾਮ ਵੀ ਲਗਾਇਆ ਸੀ ਕਿ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਰਾਹੁਲ ਗਾਂਧੀ ਬਾਰੇ ਅਜ਼ਾਦ ਨੇ ਕੀ ਕੁਝ ਕਿਹਾ

ਗੁਲਾਮ ਨਬੀ ਅਜ਼ਾਦ ਨੇ ਰਾਹੁਲ ਗਾਂਧੀ ਦੀ ਅਗਵਾਈ ਬਾਰੇ ਵੀ ਆਪਣੀ ਚਿੱਠੀ ਵਿੱਚ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲਿਖਿਆ-

ਆਜ਼ਾਦ ਨੇ ਕਿਹਾ ਹੈ ਕਿ ਪਾਰਟੀ ਦੀ ਵਾਗਡੋਰ ਨਾਤਜ਼ਰਬੇਕਾਰ ਲੋਕਾਂ ਦੇ ਹੱਥਾਂ ਵਿੱਚ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ-'ਰਾਹੁਲ ਗਾਂਧੀ ਵੱਲੋਂ ਮੀਡੀਆ ਦੇ ਸਾਹਮਣੇ ਸਰਕਾਰੀ ਆਰਡੀਨੈਂਸ ਨੂੰ ਪਾੜ ਕੇ ਸੁੱਟਣਾ, ਉਸ ਆਰਡੀਨੈਂਸ ਨੂੰ ਕਾਂਗਰਸ ਦੇ ਤਜਰਬੇਕਾਰ ਨੇਤਾਵਾਂ ਨੇ ਬੜੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤਾ ਸੀ।'

ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਰਾਹੁਲ ਗਾਂਧੀ ਦੇ ਇਸ ਵਤੀਰੇ ਨੂੰ 'ਬਚਕਾਨਾ' ਦੱਸਿਆ ਹੈ। ਉਨ੍ਹਾਂ ਨੇ ਕਿਹਾ, "ਇਸ ਵਿਹਾਰ ਕਾਰਨ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੇ ਸਨਮਾਨ ਨੂੰ ਭਾਰੀ ਠੇਸ ਪਹੁੰਚੀ ਹੈ।"

ਉਨ੍ਹਾਂ ਨੇ ਲਿਖਿਆ, "ਤੁਹਾਡੀ ਅਗਵਾਈ ਵਿੱਚ ਅਤੇ ਫਿਰ 2014 ਤੋਂ 2022 ਦਰਮਿਆਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ, ਅਸੀਂ ਨਾ ਸਿਰਫ਼ ਦੋ ਲੋਕ ਸਭਾ ਚੋਣਾਂ ਹਾਰੇ, ਸਗੋਂ ਪਾਰਟੀ 49 ਵਿੱਚੋਂ 39 ਵਿਧਾਨ ਸਭਾ ਚੋਣਾਂ ਹਾਰੀ। ਪਾਰਟੀ ਸਿਰਫ਼ ਚਾਰ ਵਿਧਾਨ ਸਭਾ ਚੋਣਾਂ ਹੀ ਜਿੱਤ ਸਕੀ। ਛੇ ਸੂਬਿਆਂ ਵਿੱਚ ਇਹ ਸੱਤਾਧਾਰੀ ਗੱਠਜੋੜ ਵਿੱਚ ਸ਼ਾਮਲ ਸੀ, ਅੱਜ ਪਾਰਟੀ ਦੋ ਸੂਬਿਆਂ ਵਿੱਚ ਸਰਕਾਰ ਵਿੱਚ ਹੈ, ਅਤੇ ਦੋ ਹੋਰ ਵਿੱਚ ਇਹ ਇੱਕ ਕਮਜ਼ੋਰ ਗੱਠਜੋੜ ਭਾਈਵਾਲ ਹੈ।"

ਉਸ ਦਾ ਕਹਿਣਾ ਹੈ ਕਿ 2019 ਵਿੱਚ ਹਾਰ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਰਹੀ ਹੈ, "ਰਾਹੁਲ ਗਾਂਧੀ ਨੇ ਕਾਹਲੀ ਵਿੱਚ ਅਸਤੀਫਾ ਦੇ ਦਿੱਤਾ ਹੈ ਅਤੇ ਸਾਰੇ ਸੀਨੀਅਰ ਨੇਤਾਵਾਂ ਤੋਂ ਆਪਣੇ ਆਪ ਨੂੰ ਕੱਟ ਲਿਆ ਹੈ।"

ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਮੁਖਾਤਿਬਕ ਕਰਕੇ ਲਿਖਿਆ,''ਉਦੋਂ ਤੋਂ ਤੁਸੀਂ ਪਿਛਲੇ ਤਿੰਨ ਸਾਲਾਂ ਤੋਂ ਅੰਤਰਿਮ ਪ੍ਰਧਾਨ ਰਹੇ ਹੋ।''

ਸਭ ਤੋਂ ਮਾੜੀ ਗੱਲ, ਉਸਨੇ ਕਿਹਾ, ਇਹ ਹੈ ਕਿ "ਪਾਰਟੀ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ।"

ਆਜ਼ਾਦ ਨੇ ਲਿਖਿਆ ਹੈ ਕਿ ਇਸ ਰਿਮੋਟ ਕੰਟਰੋਲ ਕਲਚਰ ਨੇ ਪਹਿਲਾਂ ਯੂਪੀਏ ਸਰਕਾਰ ਅਤੇ ਫਿਰ ਪਾਰਟੀ ਨੂੰ ਤਬਾਹ ਕੀਤਾ।

ਗੁਲਾਮ ਨਬੀ ਆਜ਼ਾਦ ਦੇ ਪੱਤਰ ਦੇ 5 ਨੁਕਤੇ

  • ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ ਗੁਲਾਮ ਨਬੀ ਆਜ਼ਾਦ ਨੇ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੀ ਇਹ ਹਾਲਤ ਇਸ ਲਈ ਹੋਈ ਹੈ ਕਿਉਂਕਿ ਪਿਛਲੇ ਅੱਠ ਸਾਲਾਂ ਤੋਂ ਲੀਡਰਸ਼ਿਪ ਨੇ ਅਜਿਹੇ ਵਿਅਕਤੀ ਨੂੰ ਅੱਗੇ ਰੱਖਿਆ ਜੋ ਕਦੇ ਵੀ ਗੰਭੀਰ ਨਹੀਂ ਸੀ।
  • ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਸਿਆਸਤ ਵਿੱਚ ਆਉਣ ਤੋਂ ਬਾਅਦ ਅਤੇ ਖਾਸ ਕਰਕੇ ਜਦੋਂ ਉਨ੍ਹਾਂ ਨੂੰ 2013 ਵਿੱਚ ਪਾਰਟੀ ਦਾ ਉਪਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ਨੇ ਪਾਰਟੀ ਦੇ ਅੰਦਰ ਸਲਾਹ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ
  • ਆਜ਼ਾਦ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਅਤੇ ਤਜ਼ਰਬੇਕਾਰ ਆਗੂਆਂ ਨੂੰ ਪਾਸੇ ਕਰ ਦਿੱਤਾ ਗਿਆ ਅਤੇ ਗੈਰ-ਤਜਰਬੇਕਾਰ ਅਤੇ ਚਾਪਲੂਸਾਂ ਨੂੰ ਪਾਰਟੀ ਦੇ ਮਾਮਲਿਆਂ ਵਿੱਚ ਪਹਿਲ ਦਿੱਤੀ ਜਾਣ ਲੱਗੀ।
  • ਕਾਂਗਰਸ ਪਾਰਟੀ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ। 8 ਸਾਲਾਂ 'ਚ ਮਹਿਜ਼ 5 ਵਿਧਾਨ ਸਭਾ ਚੋਣਾਂ ਹੀ ਕਾਂਗਰਸ ਜਿੱਤ ਪਾਈ ਹੈ।
  • ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਉਹ ਇਹ ਅਸਤੀਫ਼ਾ ਬਹੁਤ ਹੀ ਭਾਰੀ ਮਨ ਨਾਲ ਦੇ ਰਹੇ ਹਨ।

ਕਾਂਗਰਸ ਨੇ ਦੱਸਿਆ ਮੰਦਭਾਗਾ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਬਾਰੇ ਟਿੱਪਣੀ ਕੀਤੀ।

ਉਨ੍ਹਾਂ ਨੇ ਕਿਹਾ, ''ਅਸੀਂ ਉਹ ਚਿੱਠੀ ਪੜ੍ਹੀ ਹੈ। ਇਹ ਬਹੁਤ ਮੰਦਭਾਗਾ ਹੈ। ਜਿਸ ਵੇਲੇ ਕਾਂਗਰਸ ਦੀ ਪ੍ਰਧਾਨ, ਰਾਹੁਲ ਗਾਂਧੀ ਅਤੇ ਪੂਰੀ ਕਾਂਗਰਸ, ਭਾਜਪਾ ਨਾਲ ਮਹਿੰਗਾਈ, ਬੇਰੁਜ਼ਗਾਰੀ ਦੇ ਮੁੱਦੇ ਉੱਤੇ ਲੜ ਰਹੀ, ਅਜਿਹੇ ਸਮੇਂ ਵਿੱਚ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।''

ਪਿਛਲੇ ਸਮੇਂ ਵਿੱਚ ਇਨ੍ਹਾਂ ਵੱਡੇ ਆਗੂਆਂ ਨੇ ਛੱਡਿਆ ਕਾਂਗਰਸ ਦਾ ਸਾਥ

ਕਾਂਗਰਸ ਲਈ ਸਿਰਫ਼ ਇੱਕ ਹਫ਼ਤੇ ਵਿੱਚ ਹੀ ਇਹ ਦੂਜਾ ਝਟਕਾ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਸੰਚਾਲਨ (ਸਟੀਅਰਿੰਗ) ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਆਨੰਦ ਸ਼ਰਮਾ ਨੇ ਸੋਨੀਆ ਗਾਂਧੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਸੀ ਕਿ ਉਹ "ਆਪਣੇ ਸਵੈਮਾਣ ਨਾਲ ਸਮਝੌਤਾ" ਨਹੀਂ ਕਰਨਗੇ।

ਇਸੇ ਸਾਲ ਮਈ ਮਹੀਨੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਕਪਿਲ ਵੀ ਜੀ-23 ਸਮੂਹ ਦਾ ਹਿੱਸਾ ਰਹੇ ਹਨ।

ਉਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਪਾਰਟੀ ਨਾਲ ਪੁਰਾਣ ਰਿਸ਼ਤਾ ਸੀ ਅਤੇ ਇਹ ਇਹ ਉਨ੍ਹਾਂ ਸੌਖਾ ਨਹੀਂ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਰਟੀ ਵਿੱਚ ਚੱਲ ਰਹੇ ਕਲੇਸ਼ ਦੇ ਕਾਰਨ ਅਤੇ ਹਾਈ ਕਮਾਨ ਦੁਆਰਾ ਵਾਰ-ਵਾਰ ਦਿੱਲੀ ਸੱਦੇ ਜਾਣ ਦੀ ਨਾਰਾਜ਼ਗੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ।

'ਇੱਕ ਪਾਰਟੀ ਨਾਲੋਂ ਸਿਆਸਤ ਦਾ ਭਵਿੱਖ ਵੱਡੀ ਚਿੰਤਾ'

ਕਾਂਗਰਸ ਦੇ ਅੰਦਰ ਪੈਦਾ ਹੋਈ ਸਿਆਸੀ ਸਥਿਤੀ ਅਤੇ ਪਾਰਟੀ ਦੇ ਸਿਆਸੀ ਭਵਿੱਖ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਡਾ਼ ਪ੍ਰਮੋਦ ਨਾਲ ਗੱਲਬਾਤ ਕੀਤੀ।

''ਅਜੋਕੇ ਸਮੇਂ ਵਿੱਚ ਚੋਣਾਂ ਦਾ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਲੀ ਭੂਮਿਕਾ ਨਹੀਂ ਹੈ। ਸਗੋਂ ਚੋਣਾਂ ਤੋਂ ਬਾਅਦ ਪੈਸਾ ਜਾਂ ਸਿਰਫ਼ ਸੱਤਾ ਵਿੱਚ ਆਉਣ ਦੀ ਮਹੱਤਵਕਾਂਸ਼ਾ, ਦੀ ਅਹਿਮੀਅਤ ਵਧ ਗਈ ਹੈ। ਸਗੋਂ ਚੋਣਾਂ ਵਿੱਚੋਂ ਵਿਚਾਰਧਾਰਾ, ਨਜ਼ਰੀਆ, ਉਦੇਸ਼ ਅਤੇ ਲੋਕਾਂ ਨਾਲ ਜੁੜੀ ਹੋਈ ਸਿਆਸਤ ਦੀ ਗੈਰ-ਮੌਜੂਦਗੀ ਵਿੱਚ ਚੋਣਾਂ ਆਪਣੇ-ਆਪ ਵਿੱਚ ਇੱਕ ਰਸਮ ਬਣ ਗਈਆਂ ਹਨ।''

''ਇਸ ਵਰਤਾਰੇ ਕਾਰਨ ਸਿਆਸੀ ਪਾਰਟੀਆਂ ਦੀ ਭੂਮਿਕਾ ਵੀ ਇੰਨੀ ਗੌਣ ਬਣਾ ਦਿੱਤੀ ਹੈ ਕਿ ਉਹ ਸਿਰਫ਼ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨਾ, ਪੈਸੇ ਦੀ ਵਰਤੋਂ ਕਰਨਾ ਹੀ ਮੁੱਖ ਰਹਿ ਗਿਆ ਹੈ।''

''ਅਜੋਕੇ ਪ੍ਰਸੰਗ ਵਿੱਚ ਸਾਨੂੰ ਲੋਕਾਂ ਨਾਲ ਜੁੜੀ ਹੋਈ ਸਿਆਸਤ ਦਾ ਭਵਿੱਖ ਦੇਖਣਾ ਚਾਹੀਦਾ ਹੈ। ਮੈਨੂੰ ਉਸਦਾ ਭਵਿੱਖ ਚੰਗਾ ਨਹੀਂ ਨਜ਼ਰ ਆ ਰਿਹਾ ਹੈ।''

ਉਹ ਕਹਿੰਦੇ ਹਨ, ਇਸ ਲਈ ''ਮੈਨੂੰ ਲਗਦਾ ਹੈ ਕਿ ਸਿਆਸੀ ਪਾਰਟੀਆਂ ਦਾ ਭਵਿੱਖ ਇੰਨੀ ਵੱਡੀ ਚਰਚਾ ਦਾ ਵਿਸ਼ਾ ਨਹੀਂ ਹੈ ਜਿੰਨੀ ਵੱਡੀ ਚਰਚਾ ਦਾ ਵਿਸ਼ਾ ਇਹ ਹੈ, ਕਿ ਸਾਡੇ ਲੋਕਤੰਤਰ ਦੇ ਮੁੱਖ ਔਜਾਰ ਚੋਣਾਂ ਆਪਣਾ ਲੋਕਤੰਤਰੀ ਮੰਤਵ ਪੂਰਾ ਕਰਨ ਵਿੱਚ ਗੈਰ-ਪ੍ਰਸੰਗਿਕ ਹੋ ਗਿਆ ਹੈ।''

ਡਾ਼ ਪ੍ਰਮੋਦ ਕਹਿੰਦੇ ਹਨ ਕਿ ਸਿਆਸੀ ਪਾਰਟੀਆਂ ਜਦੋਂ ਧਰਮਸ਼ਾਲਾਵਾਂ ਬਣ ਗਈਆਂ ਹਨ, ਜਿਨ੍ਹਾਂ ਵਿੱਚ ਆਉਣ-ਜਾਣ ਲਈ ਕੋਈ ਨਿਯਮਾਂ ਨਹੀਂ ਹਨ। ਧਰਮਸ਼ਾਲਾਵਾਂ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਚੱਲੀ ਜਾਣਗੀਆਂ।

ਉਹ ਸਵਾਲ ਚੁੱਕਦੇ ਹਨ ਕਿ ਦੇਖਣ ਵਾਲੀ ਗੱਲ ਇਹ ਹੈ ਕੀ ਇਹ ਪਾਰਟੀਆਂ ਬਦਲਣ ਵਾਲੇ ਆਗੂ ਕਿਸੇ ਅਸੂਲ ਕਾਰਨ ਅਜਿਹਾ ਕਰ ਰਹੇ ਹਨ ਜਾਂ ਨਹੀਂ।

ਉਹ ਕਹਿੰਦੇ ਹਨ ਕਿ ਬਿਨਾਂ ਦਿਸ਼ਾਂ ਜਾਂ ਸਟੀਅਰਿੰਗ ਦੇ ਚੱਲ ਰਹੀ ਸਿਆਸਤ ਜਿਸ ਦੀ ਨਾ ਕੋਈ ਦਿਸ਼ਾ ਹੈ ਅਤੇ ਨਾ ਹੱਦ। ਉਹ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਨਾਕਿ ਕੋਈ ਸਿਆਸੀ ਪਾਰਟੀ।

ਜ਼ਿਕਰਯੋਗ ਹੈ ਕਿ ਗੁਲਾਮ ਨਬੀ ਅਜ਼ਾਦ ਦੇ ਅਸਤੀਫ਼ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕਈ ਵੱਡੇ ਸਿਆਸੀ ਆਗੂਆਂ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਤੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)