ਗਾਂਧੀ ਜਯੰਤੀ: ਦੇਸ਼ ਦੀ ਆਜ਼ਾਦੀ ਅਤੇ ਵੰਡ ਤੋਂ ਬਾਅਦ ਜਦੋਂ ਪੰਜਾਬ ਵਿੱਚ ਹਿੰਸਾ ਹੋ ਰਹੀ ਸੀ ਤਾਂ ਗਾਂਧੀ ਕਿੱਥੇ ਸਨ

ਤਸਵੀਰ ਸਰੋਤ, Roli Books
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
9 ਅਗਸਤ, 1947 ਨੂੰ ਨੋਆਖਾਲੀ ਜਾਂਦੇ ਸਮੇਂ ਮਹਾਤਮਾ ਗਾਂਧੀ ਕਲਕੱਤਾ ਵਿਖੇ ਰੁਕੇ ਸਨ। ਉਨ੍ਹੀਂ ਦਿਨੀਂ ਕਲਕੱਤੇ 'ਚ ਫਿਰਕੂ ਦੰਗਿਆਂ ਕਾਰਨ ਮੁਸਲਮਾਨਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਸੀ।
ਉਨ੍ਹਾਂ ਨੇ ਗਾਂਧੀ ਜੀ ਨੂੰ ਬੇਨਤੀ ਕੀਤੀ ਕਿ ਉਹ ਨੋਆਖਾਲੀ ਜਾਣ ਤੋਂ ਪਹਿਲਾਂ ਕੁਝ ਸਮਾਂ ਕਲਕੱਤੇ ਵਿਖੇ ਬਿਤਾਉਣ ਤਾਂ ਜੋ ਸ਼ਹਿਰ 'ਚ ਫੈਲੀ ਫਿਰਕਾਪ੍ਰਸਤੀ ਦੀ ਭਿਆਨਕ ਅੱਗ ਉੱਪਰ ਥੋੜਾ ਪਾਣੀ ਛਿੜਕਿਆ ਜਾ ਸਕੇ।
ਜਿਵੇਂ ਹੀ ਸ਼ਹੀਦ ਸੁਹਰਾਵਰਦੀ, ਜੋ ਉਨ੍ਹੀਂ ਦਿਨੀਂ ਦਿੱਲੀ ਦੇ ਦੌਰੇ 'ਤੇ ਸਨ, ਨੇ ਸੁਣਿਆ ਕਿ ਗਾਂਧੀ ਜੀ ਕਲਕੱਤੇ ਚ ਹਨ, ਤਾਂ ਉਨ੍ਹਾਂ ਨੇ ਆਪਣੀ ਯਾਤਰਾ ਰੋਕ ਕੇ ਕਲਕੱਤਾ ਵਾਪਸ ਜਾਣ ਦਾ ਫੈਸਲਾ ਕੀਤਾ।
ਆਜ਼ਾਦੀ ਤੋਂ ਚਾਰ ਦਿਨ ਪਹਿਲਾਂ, ਬੀਬੀਸੀ ਨੇ ਬ੍ਰਿਟਿਸ਼ ਸਮਰਾਜ ਦੇ ਸਭ ਤੋਂ ਵੱਡੇ ਦੁਸ਼ਮਣ ਰਾਹੀਂ ਇੱਕ ਸੰਦੇਸ਼ ਦੇਣ ਦੀ ਗੁਜ਼ਾਰਿਸ਼ ਕੀਤੀ।
ਗਾਂਧੀ ਜੀ ਦੇ ਸਕੱਤਰ ਰਹਿ ਚੁੱਕੇ ਪਿਆਰੇ ਲਾਲ ਆਪਣੀ ਕਿਤਾਬ 'ਮਹਾਤਮਾ ਗਾਂਧੀ-ਦਿ ਲਾਸਟ ਫ਼ੇਜ਼ 'ਚ ਲਿਖਦੇ ਹਨ, " ਜਿੱਤ ਦੇ ਨਾਲ-ਨਾਲ ਉਹ ਸਮਾਂ ਦੁੱਖ ਦਾ ਵੀ ਸੀ ਅਤੇ ਗਾਂਧੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਕਹਿਣਾ ਚਾਹੀਦਾ।
ਬੀਬੀਸੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਸੁਨੇਹੇ ਦਾ ਕਈ ਭਾਸ਼ਾਵਾਂ 'ਚ ਅਨੁਵਾਦ ਕਰਕੇ ਪ੍ਰਸਾਰਿਤ ਕੀਤਾ ਜਾਵੇਗਾ।
ਨਿਰਮਲ ਕੁਮਾਰ ਬੋਸ ਰਾਹੀਂ ਗਾਂਧੀ ਨੇ ਬੀਬੀਸੀ ਨੂੰ ਸਖ਼ਤ ਸ਼ਬਦਾਂ 'ਚ ਸੁਨੇਹਾ ਭਿਜਵਾਇਆ। ਉਨ੍ਹਾਂ ਨੇ ਬੋਸ ਨੂੰ ਕਿਹਾ, " ਮੈਨੂੰ ਇਸ ਕੰਮ 'ਚ ਨਹੀਂ ਪੈਣਾ ਚਾਹੀਦਾ ਹੈ। ਉਨ੍ਹਾਂ ਨੂੰ ਕਹਿ ਦੇਵੋ ਕਿ ਉਹ ਭੁੱਲ ਜਾਣ ਕਿ ਮੈਨੂੰ ਅੰਗਰੇਜ਼ੀ ਆਉਂਦੀ ਹੈ।"
ਸੁਹਰਾਵਰਦੀ ਨੇ ਗਾਂਧੀ ਨੂੰ ਕਲਕੱਤਾ 'ਚ ਰੁਕਣ ਲਈ ਕਿਹਾ
ਉਸੇ ਸ਼ਾਮ ਜਦੋਂ ਸੁਹਰਾਵਰਦੀ ਨੇ ਕਿਹਾ ਕਿ ਕਲਕੱਤਾ ਨੂੰ ਕੁਝ ਸਮੇਂ ਲਈ ਗਾਂਧੀ ਦੀ ਜ਼ਰੂਰਤ ਹੈ , ਤਾਂ ਗਾਂਧੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਠੀਕ ਹੈ, ਮੈਂ ਨੋਆਖਾਲੀ ਦਾ ਦੌਰਾ ਮੁਲਤਵੀ ਕਰ ਸਕਦਾ ਹਾਂ, ਬਸ਼ਰਤੇ ਤੁਸੀਂ ਮੇਰੇ ਨਾਲ ਰਹਿਣ ਲਈ ਸਹਿਮਤ ਹੋਵੋ। ਸਾਨੂੰ ਉਦੋਂ ਤੱਕ ਕੰਮ ਕਰਨਾ ਪਵੇਗਾ ਜਦੋਂ ਤੱਕ ਕਲਕੱਤੇ ਦਾ ਹਰ ਹਿੰਦੂ ਅਤੇ ਮੁਸਲਮਾਨ ਉਸ ਥਾਂ 'ਤੇ ਨਹੀਂ ਪਰਤ ਜਾਂਦਾ ਜਿੱਥੇ ਉਹ ਪਹਿਲਾਂ ਰਹਿ ਰਿਹਾ ਸੀ।
"ਅਸੀਂ ਆਪਣੇ ਆਖਰੀ ਸਾਹਾਂ ਤੱਕ ਯਤਨ ਕਰਦੇ ਰਹਾਂਗੇ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਬਾਰੇ ਜਲਦੀ 'ਚ ਕੋਈ ਫੈਸਲਾ ਲਵੋ। ਪੁਰਾਣੇ ਸੁਹਰਾਵਰਦੀ ਨੂੰ ਮਰ ਕੇ ਇੱਕ ਫਕੀਰ ਦਾ ਰੂਪ ਧਾਰਨ ਕਰਨਾ ਪਵੇਗਾ।"

ਤਸਵੀਰ ਸਰੋਤ, Roli Books
ਸੁਹਰਾਵਰਦੀ ਨੇ ਗਾਂਧੀ ਦੀ ਪੇਸ਼ਕਸ਼ ਸਵੀਕਾਰ ਕਰ ਲਈ। 12 ਅਗਸਤ ਨੂੰ ਹੋਈ ਪ੍ਰਾਰਥਨਾ ਸਭਾ 'ਚ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਹਿੰਦੂਆਂ ਨੇ ਸੁਹਰਾਵਰਦੀ 'ਤੇ ਭਰੋਸਾ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ।
ਪਰ ਉਹ ਸੁਹਰਾਵਰਦੀ 'ਤੇ ਵਿਸ਼ਵਾਸ ਕਰਨਗੇ ਅਤੇ ਬਦਲੇ 'ਚ ਇਹ ਵੀ ਚਾਹੁਣਗੇ ਕਿ ਉਨ੍ਹਾਂ 'ਤੇ ਵੀ ਭਰੋਸਾ ਕੀਤਾ ਜਾਵੇ। ਗਾਂਧੀ ਨੇ ਕਿਹਾ, "ਅਸੀਂ ਦੋਵੇਂ ਇੱਕ ਹੀ ਛੱਤ ਹੇਠਾਂ ਰਹਾਂਗੇ ਅਤੇ ਇੱਕ ਦੂਜੇ ਤੋਂ ਕੁਝ ਨਹੀਂ ਲੁਕਾਵਾਂਗੇ। ਲੋਕਾਂ 'ਚ ਕਿਸੇ ਵੀ ਸਥਿਤੀ 'ਚ ਸੱਚ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਹੈ।"
ਸੁਹਰਾਵਰਦੀ ਅਤੇ ਗਾਂਧੀ ਦੋਵੇਂ ਹੈਦਰੀ ਮੰਜ਼ਿਲ ਪਹੁੰਚੇ
13 ਅਗਸਤ ਦੀ ਸਵੇਰ ਨੂੰ ਗਾਂਧੀ ਨੇ ਸੋਦਪੁਰ ਆਸ਼ਰਮ ਅਤੇ ਸੁਹਰਾਵਰਦੀ ਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਬੇਲਿਆਘਾਟ 'ਚ ਇੱਕ ਟੁੱਟੇ-ਫੁੱਟੇ ਛੱਡ ਦਿੱਤੇ ਗਏ ਮੁਸਲਮਾਨ ਦੇ ਘਰ ਹੈਦਰੀ ਮੰਜ਼ਿਲ ਪਹੁੰਚ ਗਏ ਸਨ।
ਤੁਸ਼ਾਰ ਗਾਂਧੀ ਆਪਣੀ ਕਿਤਾਬ 'ਲੈਟਸ ਕਿਲ ਗਾਂਧੀ' 'ਚ ਲਿਖਦੇ ਹਨ, " ਠੀਕ 2:28 ਵਜੇ ਗਾਂਧੀ ਨੇ ਆਪਣਾ ਕਮਰਾ ਛੱਡ ਦਿੱਤਾ ਸੀ। ਦੁਪਹਿਰ ਦੇ ਢਾਈ ਵਜੇ ਉਹ ਕਾਰ 'ਚ ਡਰਾਇਵਰ ਦੀ ਨਾਲ ਵਾਲੀ ਸੀਟ 'ਤੇ ਬੈਠ ਕੇ ਹੈਦਰੀ ਮੰਜ਼ਿਲ ਵੱਲ ਰਵਾਨਾ ਹੋ ਗਏ ਸਨ। ਹੈਦਰੀ ਮੰਜ਼ਿਲ ਕਲਕੱਤਾ ਦੇ ਇੱਕ ਗੰਦੇ ਇਲਾਕੇ ਬੇਲੀਆਘਾਟ 'ਚ ਇੱਕ ਮੁਸਲਮਾਨ ਦਾ ਘਰ ਸੀ।
12 ਘੰਟਿਆਂ 'ਚ ਉਸ ਦੀ ਸਫ਼ਾਈ ਕਰਵਾਕੇ ਉਸ ਨੂੰ ਰਹਿਣ ਯੋਗ ਬਣਾਇਆ ਗਿਆ ਸੀ। ਇਹ ਘਰ ਚਾਰੇ ਪਾਸਿਆਂ ਤੋਂ ਖੁੱਲ੍ਹਾ ਸੀ। ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਤਿੰਨ ਕਮਰੇ ਸਾਫ਼ ਕਰਵਾਏ ਗਏ ਸਨ। ਇੱਕ ਕਮਰੇ 'ਚ ਗਾਂਧੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਦੂਜੇ ਕਮਰੇ 'ਚ ਉਨ੍ਹਾਂ ਦੇ ਸਾਥੀ ਰੁੱਕ ਰਹੇ ਸਨ। ਤੀਜੇ ਕਮਰੇ 'ਚ ਗਾਂਧੀ ਦਾ ਦਫ਼ਤਰ ਬਣਾਇਆ ਗਿਆ ਸੀ।"

ਤਸਵੀਰ ਸਰੋਤ, ROLI BOOKS
ਜਿਵੇਂ ਹੀ ਗਾਂਧੀ ਅਤੇ ਸੁਹਰਾਵਰਦੀ ਦੀਆਂ ਕਾਰਾਂ ਉੱਥੇ ਪਹੁੰਚੀਆਂ ਤਾਂ ਨਾਰਾਜ਼ ਭੀੜ੍ਹ ਨੇ ਉਨ੍ਹਾਂ ਦਾ ਸਵਗਤ ਕੀਤਾ। ਪਿਆਰੇ ਲਾਲ ਲਿਖਦੇ ਹਨ, " ਅਜੇ ਭੀੜ ਪ੍ਰਦਰਸ਼ਨ ਕਰ ਹੀ ਰਹੀ ਸੀ ਕਿ ਉੱਥੇ ਇੱਕ ਅੰਗਰੇਜ਼ ਹੋਰੇਸ ਅਲੈਗਜ਼ੈਂਡਰ ਪਹੁੰਚ ਗਏ। ਭੀੜ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਦੇ ਨਾਲ ਇੱਕ ਭਾਰਤੀ ਨੇ ਭੀੜ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਭੀੜ੍ਹ ਨੇ 'ਗਾਂਧੀ ਵਾਪਸ ਜਾਓ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
"ਕੁਝ ਨੌਜਵਾਨਾਂ ਨੇ ਖਿੜਕੀ 'ਤੇ ਚੜ੍ਹ ਕੇ ਉਸ ਕਮਰੇ 'ਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਗਾਂਧੀ ਠਹਿਰੇ ਹੋਏ ਸਨ। ਜਿਵੇਂ ਹੀ ਹੋਰੇਸ ਨੇ ਖਿੜਕੀਆਂ ਬੰਦ ਕਰਨ ਦੀ ਕੋਸ਼ਿਸ਼ ਕੀਤੀ , ਉਨ੍ਹਾਂ 'ਤੇ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਕੇ ਚਾਰੇ ਪਾਸੇ ਫੈਲ ਗਏ।"
ਗਾਂਧੀ 'ਤੇ ਮੁਸਲਮਾਨ ਸਮਰਥਕ ਹੋਣ ਦਾ ਇਲਜ਼ਾਮ
ਉੱਥੇ ਮੌਜੂਦ ਹਿੰਦੂਆਂ ਨੇ ਗਾਂਧੀ 'ਤੇ ਮੁਸਲਮਾਨਾਂ ਦਾ ਸਮਰਥਕ ਹੋਣ ਦਾ ਇਲਜ਼ਾਮ ਲਗਾਏ ਅਤੇ ਉਨ੍ਹਾਂ ਨੂੰ ਬਲੀਆਘਾਟ ਛੱਡਣ ਲਈ ਕਿਹਾ।
ਪਿਆਰੇ ਲਾਲ ਲਿਖਦੇ ਹਨ, "ਗਾਂਧੀ ਨੇ ਇੰਨ੍ਹਾਂ ਲੋਕਾਂ ਨਾਲ ਦੋ ਵਾਰ ਮੁਲਾਕਾਤ ਕੀਤੀ। ਇੰਨ੍ਹਾਂ ਲੋਕਾਂ ਨੇ ਗਾਂਧੀ ਅੱਗੇ ਸ਼ਿਕਾਇਤ ਕੀਤੀ ਕਿ ਉਹ ਪਿਛਲੇ ਸਾਲ 16 ਅਗਸਤ ਨੂੰ ਕਿੱਥੇ ਸਨ, ਜਦੋਂ ਉਨ੍ਹਾਂ ਖਿਲਾਫ 'ਸਿੱਧੀ ਕਾਰਵਾਈ' ਭਾਵ 'ਡਾਇਰੈਕਟ ਐਕਸ਼ਨ' ਸ਼ੁਰੂ ਕੀਤੀ ਗਿਆ ਸੀ ? ਹੁਣ ਮੁਸਲਿਮ ਖੇਤਰ 'ਚ ਕੁਝ ਪਰੇਸ਼ਾਨੀ ਆਈ ਤਾਂ ਤੁਸੀਂ ਆਪ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆ ਗਏ ਹੋ।"
ਗਾਂਧੀ ਨੇ ਜਵਾਬ ਦਿੱਤਾ, "ਅਗਸਤ 1946 ਤੋਂ ਲੈ ਕੇ ਹੁਣ ਤੱਕ ਹੁਗਲੀ ਦਾ ਬਹੁਤ ਸਾਰਾ ਪਾਣੀ ਵਹਿ ਗਿਆ ਹੈ। ਉਸ ਸਮੇਂ ਮੁਸਲਮਾਨਾਂ ਨੇ ਜੋ ਕੁਝ ਵੀ ਕੀਤਾ ਉਹ ਗਲਤ ਸੀ ਪਰ 1946 ਦਾ ਬਦਲਾ 1947 'ਚ ਲੈਣ ਦਾ ਕੀ ਲਾਭ ਹੈ ?”

ਤਸਵੀਰ ਸਰੋਤ, ROLI BOOKS
ਜੇਲਰ ਬੇਲਿਆਘਾਟ ਦੇ ਹਿੰਦੂ ਆਪਣੇ ਮੁਸਲਿਮ ਗੁਆਂਢੀਆਂ ਨੂੰ ਵਾਪਸ ਆਉਣ ਦਾ ਸੱਦਾ ਦੇਣ ਤਾਂ ਉਹ ਮੁਸਲਿਮ ਬਹੁਲ ਖੇਤਰ 'ਚ ਜਾ ਕੇ ਉਨ੍ਹਾਂ ਨੂੰ ਵੀ ਹਿੰਦੂਆਂ ਨੂੰ ਵਾਪਸ ਬਲਾਉਣ ਲਈ ਬੇਨਤੀ ਕਰਨਗੇ। ਗਾਂਧੀ ਦੇ ਇਸ ਸੁਝਾਅ ਨਾਲ ਹਿੰਦੂਆਂ ਦੀ ਨਾਰਾਜ਼ਗੀ ਤੁਰੰਤ ਦੂਰ ਹੋ ਗਈ ਸੀ।"
ਗਾਂਧੀ ਨੇ ਕਿਹਾ, “ਮੈਂ ਆਪਣੇ ਆਪ ਨੂੰ ਤੁਹਾਡੇ ਹਵਾਲੇ, ਤੁਹਾਡੀ ਸੁਰੱਖਿਆ ਹੇਠ ਦੇ ਰਿਹਾ ਹਾਂ। ਤੁਹਾਨੂੰ ਪੂਰੀ ਆਜ਼ਾਦੀ ਹੈ ਕਿ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ। ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪਹੁੰਚ ਗਿਆ ਹਾਂ।”
“ਮੈਂ ਨੋਆਖਾਲੀ ਦੇ ਮੁਸਲਮਾਨਾਂ ਨਾਲ ਵੀ ਇਸੇ ਤਰ੍ਹਾਂ ਗੱਲ ਕੀਤੀ ਹੈ। ਤੁਸੀਂ ਇਹ ਕਿਉਂ ਨਹੀਂ ਦੇਖ ਪਾ ਰਹੇ ਕਿ ਇਸ ਕਦਮ ਨਾਲ ਮੈਂ ਨੋਆਖਾਲੀ ਦੇ ਹਿੰਦੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੁਹਰਾਵਰਦੀ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਛੱਡ ਦਿੱਤੀ ਹੈ?”
ਸੁਹਰਾਵਰਦੀ ਨੇ ਆਪਣੀ ਗਲਤੀ ਮੰਨੀ
ਪਰ ਜਦੋਂ ਦਿੱਲੀ ਵਿਖੇ ਸਰਦਾਰ ਪਟੇਲ ਨੇ ਸੁਣਿਆ ਕਿ ਗਾਂਧੀ ਹੈਦਰੀ ਮੰਜ਼ਿਲ 'ਚ ਰਹਿਣ ਲਈ ਚਲੇ ਗਏ ਹਨ ਤਾਂ ਉਨ੍ਹਾਂ ਨੇ ਗਾਂਧੀ ਨੂੰ ਇੱਕ ਚਿੱਠੀ ਲਿਖ ਕੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਲਿਖਿਆ, "ਫਿਰ ਤੁਹਾਨੂੰ ਕਲਕੱਤੇ ਰੋਕ ਲਿਆ ਗਿਆ ਹੈ ਅਤੇ ਉਹ ਵੀ ਇੱਕ ਅਜਿਹੇ ਘਰ 'ਚ ਜੋ ਕਿ ਖੰਡਰ ਬਣ ਚੁੱਕਿਆ ਹੈ ਅਤੇ ਗੁੰਡਿਆ ਅਤੇ ਬਦਮਾਸ਼ਾਂ ਦਾ ਅੱਡਾ ਹੈ। ਕੀ ਤੁਹਾਡੀ ਸਿਹਤ ਇਸ ਤਣਾਅ ਨੂੰ ਸਹਿਣ ਕਰ ਸਕੇਗੀ? ਮੈਨੂੰ ਪੂਰਾ ਅੰਦਾਜ਼ਾ ਹੈ ਕਿ ਉਹ ਇੱਕ ਗੰਦੀ ਥਾਂ ਹੋਵੇਗੀ। ਮੈਨੂੰ ਆਪਣੇ ਬਾਰੇ ਦੱਸਦੇ ਰਹਿਣਾ।"
ਉਸ ਸ਼ਾਮ ਹੈਦਰੀ ਮੰਜ਼ਿਲ ਦੇ ਵਹਿੜੇ 'ਚ ਹੋਈ ਪ੍ਰਾਰਥਨਾ ਸਭਾ 'ਚ ਦਸ ਹਜ਼ਾਰ ਤੋਂ ਵੀ ਲੋਕ ਹਾਜ਼ਰ ਹੋਏ ਸਨ।
ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ, " ਕੱਲ੍ਹ 15 ਅਗਸਤ ਨੂੰ ਅਸੀਂ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋ ਜਾਵਾਂਗੇ ਪਰ ਅੱਜ ਅੱਧੀ ਰਾਤ ਨੂੰ ਭਾਰਤ ਦੋ ਦੇਸ਼ਾਂ 'ਚ ਵੰਡਿਆ ਜਾਵੇਗਾ।"

ਤਸਵੀਰ ਸਰੋਤ, Getty Images
"ਕੱਲ੍ਹ ਦਾ ਦਿਨ ਇੱਕ ਪਾਸੇ ਖੁਸ਼ੀਆਂ ਅਤੇ ਦੂਜੇ ਪਾਸੇ ਦੁੱਖ ਦਾ ਅਹਿਸਾਸ ਵੀ ਲੈ ਕੇ ਆਵੇਗਾ। ਜੇਕਰ ਕਲੱਕਤੇ 'ਚ 20 ਲੱਖ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋ ਰਹੇ ਹਨ ਤਾਂ ਮੈਂ ਨੋਆਖਾਲੀ ਜਾ ਕੇ ਕਿਹੜੇ ਮੂੰਹ ਨਾਲ ਮੁਸਲਮਾਨਾਂ ਦੇ ਸਾਹਮਣੇ ਹਿੰਦੂਆਂ ਦਾ ਕੇਸ ਪੇਸ਼ ਕਰਾਂਗਾ ?
ਪ੍ਰਾਰਥਨਾ ਤੋਂ ਬਾਅਦ ਗਾਂਧੀ ਆਪਣੇ ਕਮਰੇ 'ਚ ਪਰਤ ਆਏ ਅਤੇ ਥੋੜੀ ਦੇਰ ਬਾਅਦ ਉਹ ਸੜਕ ਵੱਲ ਖੁਲ੍ਹਣ ਵਾਲੀ ਖਿੜਕੀ ਦੇ ਸਾਹਮਣੇ ਆ ਗਏ। ਉਨ੍ਹਾਂ ਵੇਖਿਆ ਕਿ ਹੇਠਾਂ ਖੜ੍ਹੀ ਭੀੜ ਸੁਹਰਾਵਰਦੀ ਦੇ ਖਿਲਾਫ ਨਾਅਰੇ ਲਗਾ ਰਹੀ ਸੀ।

ਇਹ ਵੀ ਪੜ੍ਹੋ-

ਤੁਸ਼ਾਰ ਗਾਂਧੀ ਲਿਖਦੇ ਹਨ , "ਗਾਂਧੀ ਨੇ ਸੁਹਰਾਵਰਦੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਉਨ੍ਹਾਂ ਨੇ ਆਪਣਾ ਇੱਕ ਹੱਥ ਸੁਹਰਾਵਰਦੀ ਅਤੇ ਦੂਜਾ ਹੱਥ ਮਨੂ ਦੇ ਮੋਢੇ 'ਤੇ ਧਰਿਆ। ਭੀੜ੍ਹ 'ਚੋਂ ਕਿਸੇ ਨੇ ਉੱਚੀ ਆਵਾਜ਼ 'ਚ ਸੁਹਰਾਵਰਦੀ ਨੂੰ ਪੁੱਛਿਆ ਕਿ ਕੀ ਤੁਸੀਂ ਇੱਕ ਸਾਲ ਪਹਿਲਾਂ ਕਲਕੱਤੇ 'ਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਸੀ?"
"ਸੁਹਰਾਵਰਦੀ ਨੇ ਉਨ੍ਹਾਂ ਕਤਲਾਂ 'ਚ ਆਪਣੀ ਭੂਮਿਕਾ ਨੂੰ ਸਵੀਕਾਰ ਕਰਦਿਆਂ ਕਿਹਾ, ਹਾਂ, ਮੈਂ ਜ਼ਿੰਮੇਵਾਰ ਸੀ।" ਇਸ ਗੱਲ ਦਾ ਭੀੜ੍ਹ 'ਤੇ ਸਕਾਰਾਤਮਕ ਪ੍ਰਭਾਵ ਪਿਆ।
15 ਅਗਸਤ ਨੂੰ ਗਾਂਧੀ 2 ਵਜੇ ਉੱਠੇ
14 ਅਗਸਤ ਦੀ ਰਾਤ ਨੂੰ ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ ਅਤੇ ਨਹਿਰੂ ਸੰਸਦ ਦੇ ਕੇਂਦਰੀ ਹਾਲ 'ਚ ਆਪਣਾ ਭਾਸ਼ਣ ਦੇ ਰਹੇ ਸਨ, ਉਸ ਸਮੇਂ ਤਿੰਨ ਦਹਾਕਿਆਂ ਤੋਂ ਭਾਰਤ ਦੀ ਆਜ਼ਾਦੀ ਲਈ ਲੜ੍ਹਣ ਵਾਲਾ ਸਭ ਤੋਂ ਵੱਡਾ ਆਗੂ ਹੈਦਰੀ ਮੰਜ਼ਿਲ ਦੇ ਇੱਕ ਹਨੇਰੇ ਕਮਰੇ ਦੇ ਫਰਸ਼ 'ਤੇ ਡੂੰਘੀ ਨੀਂਦ 'ਚ ਸੁੱਤਾ ਪਿਆ ਸੀ।
ਮਾਊਂਟਬੈਟਨ ਅਤੇ ਨਹਿਰੂ ਦੋਵਾਂ ਨੇ ਹੀ ਆਜ਼ਾਦੀ ਵਾਲੇ ਦਿਨ ਗਾਂਧੀ ਨੂੰ ਦਿੱਲੀ 'ਚ ਰਹਿਣ ਲਈ ਬੇਨਤੀ ਕੀਤੀ ਸੀ ਪਰ ਗਾਂਧੀ ਨੇ ਇਹ ਕਹਿ ਕੇ ਉਸ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਕਿ ਕਲਕੱਤੇ 'ਚ ਉਨ੍ਹਾਂ ਦੀ ਵਧੇਰੇ ਜ਼ਰੂਰਤ ਹੈ।

ਤਸਵੀਰ ਸਰੋਤ, ROLI BOOKS
15 ਅਗਸਤ, 1947 ਭਾਰਤ ਦੇ ਕਰੋੜਾਂ ਲੋਕਾਂ ਲਈ ਇੱਕ ਇਤਿਹਾਸਕ ਦਿਨ ਸੀ, ਪਰ ਗਾਂਧੀ ਲਈ ਵੀ ਹੋਰਨਾਂ ਕਾਰਨਾਂ ਕਰਕੇ ਇਹ ਦਿਨ ਬਹੁਤ ਖਾਸ ਸੀ।
ਇਸ ਦਿਨ ਉਨ੍ਹਾਂ ਦੇ ਨਜ਼ਦੀਕੀ ਸਾਥੀ ਮਹਾਦੇਵ ਦੇਸਾਈ ਦੀ ਪੰਜਵੀ ਬਰਸੀ ਸੀ।
ਪ੍ਰਮੋਦ ਕੁਮਾਰ ਆਪਣੀ ਕਿਤਾਬ 'ਗਾਂਧੀ ਐਨ ਇਲਸਟ੍ਰੇਟਿਡ ਬਾਇਓਗ੍ਰਾਫੀ' 'ਚ ਲਿਖਦੇ ਹਨ, " ਉਸ ਦਿਨ ਗਾਂਧੀ ਹੈਦਰੀ ਮੰਜ਼ਿਲ 'ਚ ਜਾਗਣ ਦੇ ਆਪਣੇ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਹੀ ਉੱਠ ਗਏ ਸਨ। ਪਿਛਲੇ ਪੰਜ ਸਾਲਾਂ ਦੀ ਤਰ੍ਹਾਂ ਹੀ ਉਨ੍ਹਾਂ ਨੇ 15 ਅਗਸਤ ਨੂੰ ਵਰਤ ਰੱਖਿਆ ਅਤੇ ਆਪਣੇ ਸਕੱਤਰ ਦੀ ਯਾਦ 'ਚ ਸਾਰੀ ਗੀਤਾ ਪੜ੍ਹਵਾਈ।"
ਗਾਂਧੀ ਨੂੰ ਮਿਲਣ ਵਾਲਿਆਂ ਦੀ ਭੀੜ
ਗਾਂਧੀ ਦੇ ਮੁਸਲਮਾਨ ਮੇਜ਼ਬਾਨਾਂ ਨੇ ਪੂਰੇ ਘਰ ਨੂੰ ਤਿਰੰਗੇ ਝੰਡੇ ਨਾਲ ਸਜ਼ਾਇਆ ਸੀ। ਸਵੇਰ ਹੋਣ ਤੋਂ ਪਹਿਲਾਂ ਹੀ ਰਬਿੰਦਰ ਨਾਥ ਟੈਗੋਰ ਦਾ ਗੀਤ ਗਾਉਂਦਾ ਹੋਇਆ ਕੁੜੀਆਂ ਦਾ ਇੱਕ ਟੋਲਾ ਉੱਥੇ ਪਹੁੰਚਿਆ।
ਜਦੋਂ ਉਹ ਗਾਂਧੀ ਦੇ ਕਮਰੇ ਦੀ ਖਿੜਕੀ ਹੇਠਾਂ ਪਹੁੰਚੇ ਤਾਂ ਉਨ੍ਹਾਂ ਨੇ ਗਾਉਣਾ ਬੰਦ ਕਰ ਦਿੱਤਾ ਅਤੇ ਉੱਥੇ ਹੋ ਰਹੀ ਪ੍ਰਾਰਥਨਾ 'ਚ ਸ਼ਾਮਲ ਹੋ ਗਈਆਂ। ਕੁਝ ਦੇਰ ਬਾਅਦ ਕੁੜੀਆਂ ਦਾ ਇੱਕ ਹੋਰ ਟੋਲਾ ਉੱਥੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਵੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
ਦੁਪਹਿਰ ਨੂੰ ਗਾਂਧੀ ਬੇਲਿਆਘਾਟ ਦੇ ਇੱਕ ਮੈਦਾਨ 'ਚ ਇੱਕ ਪ੍ਰਾਰਥਨਾ ਸਭਾ 'ਚ ਗਏ, ਜਿਸ 'ਚ ਹਿੰਦੂ, ਮੁਸਲਮਾਨ ਅਤੇ ਸਮਾਜ ਦੇ ਹਰ ਤਬਕੇ ਦੇ ਲੋਕ ਸ਼ਾਮਲ ਹੋਏ। ਉੱਥੇ ਸਾਰਿਆਂ ਨੇ ਇੱਕ ਹੀ ਸੁਰ 'ਚ ਨਾਅਰਾ ਬੁਲੰਦ ਕੀਤਾ- 'ਹਿੰਦੂ-ਮੁਸਲਿਮ ਇੱਕ ਹੋਣ'।
ਉਸ ਦਿਨ ਕਲਕੱਤੇ 'ਚ ਆਜ਼ਾਦੀ ਦੇ ਸਵਾਗਤ ਲਈ ਹਰ ਪਾਸੇ ਰੌਸ਼ਨੀ ਕੀਤੀ ਗਈ ਸੀ, ਪਰ ਗਾਂਧੀ ਇਸ ਸਭ ਤੋਂ ਦੂਰ ਰਹੇ।
ਰਾਜ ਮੋਹਨ ਗਾਂਧੀ, ਗਾਂਧੀ ਦੀ ਜੀਵਨੀ ' ਮੋਹਨ ਦਾਸ' 'ਚ ਲਿਖਦੇ ਹਨ, "ਉਸ ਦਿਨ ਹੈਦਰੀ ਮੰਜ਼ਿਲ 'ਚ ਗਾਂਧੀ ਨੂੰ ਮਿਲਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਉਨ੍ਹਾਂ ਨੂੰ ਮਿਲਣ ਵਾਲਿਆਂ 'ਚ ਪ੍ਰਫੁੱਲ ਘੋਸ਼ ਦੀ ਅਗਵਾਈ ਵਾਲਾ ਨਵੀਂ ਮੰਤਰੀ ਮੰਡਲ, ਪੱਛਮੀ ਬੰਗਾਲ ਦੇ ਰਾਜਪਾਲ ਰਾਜਗੋਪਾਲਾਚਾਰੀ, ਵਿਦਿਆਰਥੀ, ਕਮਿਊਨਿਸਟ ਅਤੇ ਬਹੁਤ ਸਾਰੇ ਆਮ ਲੋਕ ਸ਼ਾਮਲ ਸਨ।
ਬ੍ਰਿਟਿਸ਼ ਲੋਕਾਂ ਨੂੰ ਆਪਣਾ ਪਿਆਰ ਭੇਜਿਆ
ਉਸੇ ਸ਼ਾਮ ਉਨ੍ਹਾਂ ਨੇ ਇੰਗਲੈਂਡ 'ਚ ਆਪਣੀ ਮਹਿਲਾ ਮਿੱਤਰ ਅਗਾਥਾ ਹੈਰੀਸਨ ਨੂੰ ਇੱਕ ਪੱਤਰ ਲਿਖਿਆ, "ਪਿਆਰੀ ਅਗਾਥਾ, ਮੈਂ ਚਰਖਾ ਕੱਤਦੇ ਸਮੇਂ ਤੈਨੂੰ ਇਹ ਚਿੱਠੀ ਲਿਖ ਰਿਹਾ ਹਾਂ। ਤੈਨੂੰ ਪਤਾ ਹੈ ਕਿ ਅੱਜ ਵਰਗੇ ਮੌਕਿਆਂ ਨੂੰ ਮਨਾਉਣ ਦਾ ਮੇਰਾ ਆਪਣਾ ਵੱਖਰਾ ਤਰੀਕਾ ਹੈ, ਪ੍ਰਾਰਥਨਾ ਕਰਕੇ ਪ੍ਰਮਾਤਮਾ ਦਾ ਧੰਨਵਾਦ ਕਰਨਾ। ਇਸ ਤੋਂ ਬਾਅਦ ਵਰਤ ਦਾ ਸਮਾਂ ਹੈ ਬ੍ਰਿਟੇਨ 'ਚ ਮੇਰੇ ਸਾਰੇ ਦੋਸਤਾਂ ਨੂੰ ਪਿਆਰ।"
ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਦਿਨ ਸਾਰੇ ਬਰਤਾਨੀਆ ਵਾਸੀਆਂ ਨੂੰ ਆਪਣਾ ਪਿਆਰ ਭੇਜਿਆ ਸੀ।

ਤਸਵੀਰ ਸਰੋਤ, Getty Images
ਉਸੇ ਦਿਨ ਗਾਂਧੀ ਨੇ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਵੀ ਇੱਕ ਚਿੱਠੀ ਲਿਖੀ ਸੀ -"ਮੈਂ ਇੱਕ ਮੁਸਲਮਾਨ ਦੇ ਘਰ 'ਚ ਰਹਿ ਰਿਹਾ ਹਾਂ ।ਉਹ ਸਾਰੇ ਹੀ ਬਹੁਤ ਚੰਗੇ ਹਨ। ਮੈਨੂੰ ਆਪਣੇ ਮੁਸਲਿਮ ਦੋਸਤਾਂ ਤੋਂ ਲੋੜੀਂਦੀ ਮਦਦ ਮਿਲ ਰਹੀ ਹੈ ।"
"ਮੈਨੂੰ ਦੱਖਣੀ ਅਫ਼ਰੀਕਾ 'ਚ ਬਿਤਾਏ ਅਤੇ ਖ਼ਿਲਾਫਤ ਦੇ ਦਿਨ ਬਹੁਤ ਯਾਦ ਆ ਰਹੇ ਹਨ। ਹਿੰਦੂ ਅਤੇ ਮੁਸਲਮਾਨ ਇੱਕ ਹੀ ਦਿਨ 'ਚ ਦੋਸਤ ਬਣ ਗਏ ਹਨ। ਮੈਨੂੰ ਨਹੀਂ ਪਤਾ ਇਹ ਕਦੋਂ ਤੱਕ ਚੱਲੇਗਾ? ਹੁਣ ਇੰਝ ਲੱਗ ਰਿਹਾ ਹੈ ਕਿ ਸੁਹਰਾਵਰਦੀ ਵੀ ਬਦਲ ਗਏ ਹਨ।"
ਕਲਕੱਤਾ ਸ਼ਹਿਰ ਦਾ ਕਾਰ ਰਾਹੀਂ ਦੌਰਾ
ਆਪਣੀ ਪ੍ਰਾਰਥਨਾ ਸਭਾ 'ਚ ਗਾਂਧੀ ਨੇ ਕਲਕੱਤਾ 'ਚ ਲੋਕਾਂ ਦੇ ਦਿਲਾਂ 'ਚ ਆਈ ਤਬਦੀਲੀ ਪ੍ਰਤੀ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਲਾਹੌਰ ਤੋਂ ਆ ਰਹੀਆਂ ਪਾਗਲਪਨ ਦੀਆਂ ਖ਼ਬਰਾਂ ਅਤੇ ਚਟਗਾਉਂ, ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ, 'ਚ ਆਏ ਹੜ੍ਹ 'ਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਲਕੱਤਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਅੰਗਰੇਜ਼ ਭਾਰਤ 'ਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ ਜਿਸ ਤਰ੍ਹਾਂ ਦੇ ਵਿਵਹਾਰ ਦੀ ਅਸੀਂ ਉਮੀਦ ਕਰਦੇ ਹਾਂ।

ਤਸਵੀਰ ਸਰੋਤ, RUPA
"ਫਿਰ ਉਨ੍ਹਾਂ ਨੇ ਇੱਕ ਅਸਾਧਾਰਨ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕਲਕੱਤੇ ਦੀਆਂ ਸੜਕਾਂ 'ਤੇ ਕਾਰ ਰਾਹੀਂ ਘੁੰਮਾਇਆ ਜਾਵੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ ਕਿ ਕਲਕੱਤੇ ਦੇ ਲੋਕਾਂ ਦੇ ਮਨਾਂ 'ਚ ਆਈ ਤਬਦੀਲੀ ਸੱਚਮੁੱਚ ਇੱਕ ਚਮਤਕਾਰ ਹੈ ਜਾਂ ਫਿਰ ਇੱਕ ਹਾਦਸਾ।
ਅਗਲੇ ਦਿਨ ਭਾਵ 16 ਅਗਸਤ ਨੂੰ ਗਾਂਧੀ ਨੇ 'ਹਰੀਜਨ' ਦੇ ਅੰਕ 'ਚ ਲਿਖਿਆ , "ਕਲਕੱਤਾ ਦੇ ਲੋਕਾਂ ਦੇ ਦਿਲਾਂ 'ਚ ਤਬਦੀਲੀ ਦਾ ਸਿਹਰਾਂ ਮੇਰੇ ਸਿਰ ਬੰਨਿਆ ਜਾ ਰਿਹਾ ਹੈ, ਪਰ ਮੈਂ ਇਸ ਦਾ ਹੱਕਦਾਰ ਨਹੀਂ ਹਾਂ ਅਤੇ ਨਾ ਹੀ ਸੁਹਰਾਵਰਦੀ ਇਸ ਦੇ ਹੱਕਦਾਰ ਹਨ।"
"ਇਹ ਬਦਲਾਵ ਇੱਕ ਜਾਂ ਦੋ ਵਿਅਕਤੀਆਂ ਦੇ ਯਤਨਾਂ ਸਦਕਾ ਨਹੀਂ ਆ ਸਕਦਾ ਹੈ। ਅਸੀਂ ਤਾਂ ਉਸ ਪ੍ਰਮਾਤਮਾ ਦੇ ਹੱਥ ਦੇ ਖਿਡੌਣੇ ਹਾਂ। ਉਹ ਹੀ ਸਾਨੂੰ ਆਪਣੀ ਧੁਨ 'ਤੇ ਨਚਾਉਂਦਾ ਹੈ।"
ਮਾਊਂਟਬੈਟਨ ਨੇ ਗਾਂਧੀ ਨੂੰ 'ਵਨ ਮੈਨ' ਆਰਮੀ' ਕਿਹਾ
18 ਅਗਸਤ ਨੂੰ ਈਦ ਸੀ। ਉਸ ਦਿਨ ਮੋਹਮੰਡਨ ਸਪੋਰਟਿੰਗ ਫੁੱਟਬਾਲ ਕਲੱਬ ਦੇ ਮੈਦਾਨ 'ਤੇ ਗਾਂਧੀ ਦੀ ਪ੍ਰਾਰਥਨਾ ਸਭਾ 'ਚ ਲਗਭਗ 5 ਲੱਖ ਹਿੰਦੂ ਅਤੇ ਮੁਸਲਮਾਨ ਸ਼ਾਮਲ ਹੋਏ ਸਨ। ਹਰ ਰੋਜ਼ ਉਨ੍ਹਾਂ ਦੀਆਂ ਸਭਾਵਾਂ 'ਚ ਭੀੜ ਵੱਧਦੀ ਹੀ ਜਾ ਰਹੀ ਸੀ।
15 ਅਗਸਤ ਨੂੰ ਗਾਂਧੀ ਨੂੰ ਪਟਨਾ ਤੋਂ ਇੱਕ ਟੈਲੀਫੋਨ ਸੁਨੇਹਾ ਆਇਆ ਕਿ ਕਲਕੱਤਾ ਦੇ ਜਾਦੂ ਦਾ ਅਸਰ ਉੱਥੇ ਵੀ ਵੇਖਣ ਨੂੰ ਮਿਲ ਰਿਹਾ ਹੈ।
24 ਅਗਸਤ ਨੂੰ ਸੰਵਿਧਾਨ ਸਭਾ ਦੀ ਬੈਠਕ 'ਚ ਮੁਸਲਿਮ ਲੀਗ ਨੇ ਕਲਕੱਤਾ 'ਚ ਸ਼ਾਂਤੀ ਬਹਾਲ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਭਾਈਚਾਰਕ ਸਾਂਝ ਵਧਾਉਣ ਲਈ ਗਾਂਧੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ ਅਤੇ ਕਿਹਾ ਕਿ ਇਸ ਨਾਲ ਹਜ਼ਾਰਾਂ ਮਾਸੂਮ ਲੋਕਾਂ ਦੀ ਜਾਨ ਬਚ ਗਈ ਹੈ।

ਤਸਵੀਰ ਸਰੋਤ, Getty Images
ਲ਼ਾਰਡ ਮਾਊਂਟਬੈਟਨ ਨੇ ਵੀ ਮਹਾਤਮਾ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ, " ਪੰਜਾਬ 'ਚ ਸਾਡੇ ਕੋਲ 55 ਹਜ਼ਾਰ ਫੌਜੀ ਹਨ, ਪਰ ਫਿਰ ਵੀ ਉੱਥੇ ਦੰਗੇ ਜਾਰੀ ਹਨ। ਬੰਗਾਲ 'ਚ ਸਾਡੇ ਕੋਲ ਸਿਰਫ ਇੱਕ ਹੀ ਵਿਅਕਤੀ ਹੈ, ਉਹ ਹੋ ਤੁਸੀਂ ਅਤੇ ਉੱਥੇ ਦੰਗੇ ਪੂਰੀ ਤਰ੍ਹਾਂ ਨਾਲ ਰੁੱਕ ਗਏ ਹਨ। ਇੱਕ ਪ੍ਰਸ਼ਾਸਕ ਦੇ ਤੌਰ 'ਤੇ, ਕੀ ਮੈਨੂੰ ਇੱਕ ਮੈਂਬਰੀ ਸੀਮਾ ਬਲ ਅਤੇ ਉਸ ਦੇ ਨੰਬਰ 2 ਸੁਹਰਾਵਰਦੀ ਅੱਗੇ ਸਨਮਾਨ ਪ੍ਰਗਟ ਕਰਨ ਦੀ ਇਜਾਜ਼ਤ ਹੈ?"
"ਤੁਹਾਨੂੰ 15 ਅਗਸਤ ਨੂੰ ਸੰਵਿਧਾਨ ਸਭਾ 'ਚ ਵੱਜੀਆਂ ਤਾੜੀਆਂ ਦੀ ਆਵਾਜ਼ ਸੁਣਨੀ ਚਾਹੀਦੀ ਸੀ। ਉਸ ਸਮੇਂ ਅਸੀਂ ਸਾਰੇ ਸਿਰਫ ਤੁਹਾਡੇ ਬਾਰੇ ਹੀ ਸੋਚ ਰਹੇ ਸੀ।"
ਸ਼ਾਂਤੀ ਲਈ ਵਰਤ
ਗਾਂਧੀ ਸੁਹਰਾਵਰਦੀ ਦੇ ਨਾਲ ਨੋਆਖਾਲੀ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਉਨ੍ਹਾਂ 'ਤੇ ਨਹਿਰੂ ਅਤੇ ਪਟੇਲ ਦਾ ਦਬਾਅ ਸੀ ਕਿ ਉਹ ਪੰਜਾਬ ਜਾਣ, ਜਿੱਥੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਸਨ। ਪਰ 31 ਅਗਸਤ ਨੂੰ ਹੈਦਰੀ ਮੰਜ਼ਿਲ 'ਤੇ ਹੋਏ ਹਿੰਸਕ ਪ੍ਰਦਰਸ਼ਨ ਨੇ ਗਾਂਧੀ ਨੂੰ ਇੱਕ ਵਾਰ ਫਿਰ ਯੋਜਨਾ ਬਦਲਣ ਲਈ ਮਜਬੂਰ ਕਰ ਦਿੱਤਾ।
ਗੁੱਸੇ 'ਚ ਆਏ ਹਿੰਦੂਆਂ ਨੇ ਰਾਤ ਦੇ 10 ਵਜੇ ਘਰ ਦੀਆਂ ਖਿੜਕੀਆਂ-ਦਰਵਾਜ਼ੇ ਅਤੇ ਛੱਤ ਦੇ ਪੱਖੇ ਤੋੜ ਦਿੱਤੇ ਸਨ। ਗਾਂਧੀ 'ਤੇ ਪੱਥਰ ਅਤੇ ਲਾਠੀਆਂ ਸੁੱਟੀਆਂ ਗਈਆਂ ਸਨ।

ਤਸਵੀਰ ਸਰੋਤ, ROLI BOOKS
ਰਾਜਮੋਹਨ ਗਾਂਧੀ ਲਿਖਦੇ ਹਨ, "ਇਸ ਦੌਰਾਨ ਆਭਾ ਅਤੇ ਮਨੂ ਨੇ ਗਾਂਧੀ ਦਾ ਸਾਥ ਨਾ ਛੱਡਿਆ। ਗਾਂਧੀ ਨੇ ਹੱਥ ਜੋੜ ਕੇ ਗੁੱਸੇ 'ਚ ਆਈ ਭੀੜ ਨੂੰ ਵਾਪਸ ਪਰਤਨ ਲਈ ਕਿਹਾ, ਪਰ ਭੀੜ ਉਦੋਂ ਹੀ ਪਿੱਛੇ ਹਟੀ ਜਦੋਂ ਪੁਲਿਸ ਸੁਪਰਡੈਂਟ ਉੱਥੇ ਪਹੁੰਚੇ।
ਗਾਂਧੀ ਰਾਤ ਦੇ ਸਾਢੇ 12 ਵਜੇ ਸੌਣ ਲਈ ਗਏ, ਪਰ ਤਿੰਨ ਘੰਟੇ ਬਾਅਦ ਮੁੜ ਉੱਠ ਖਲੋਤੇ। ਉਨ੍ਹਾਂ ਨੇ ਪੱਤਰ ਲਿਖ ਕੇ ਸਰਦਾਰ ਪਟੇਲ ਨੂੰ ਸਾਰੀ ਘਟਨਾ ਦਾ ਵੇਰਵਾ ਦਿੱਤਾ।

ਤਸਵੀਰ ਸਰੋਤ, ROLI BOOKS
ਸਵੇਰੇ ਜਦੋਂ ਕਲਕੱਤੇ 'ਚ ਹੋਈ ਹਿੰਸਾ 'ਚ ਤਕਰੀਬਨ 50 ਲੋਕਾਂ ਦੀ ਮੌਤ ਦੀ ਖ਼ਬਰ ਗਾਂਧੀ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਹੁਣ ਨਾ ਤਾਂ ਨੋਆਖਾਲੀ ਜਾਣਗੇ ਅਤੇ ਨਾ ਹੀ ਪੰਜਾਬ। ਉਹ ਉਦੋਂ ਤੱਕ ਹੈਦਰੀ ਮੰਜ਼ਿਲ 'ਚ ਰਹਿ ਕੇ ਹੀ ਵਰਤ ਰੱਖਣਗੇ ਜਦੋਂ ਤੱਕ ਕਲਕੱਤੇ 'ਚ ਸ਼ਾਂਤੀ ਮੁੜ ਬਹਾਲ ਨਹੀਂ ਹੋ ਜਾਂਦੀ।
ਗਾਂਧੀ ਦੇ ਵਰਤ ਦਾ ਤੁਰੰਤ ਪ੍ਰਭਾਵ ਪਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਚਾਨਕ ਹੀ ਕਲਕੱਤੇ 'ਚ ਖੂਨ-ਖਰਾਬਾ ਰੁਕ ਗਿਆ।
ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ਸ਼ਹਿਰ ਭਰ 'ਚ ਸ਼ਾਂਤੀ ਮਾਰਚ ਕੱਢਿਆ। ਕਲਕੱਤਾ ਦੇ ਲਗਭਗ 500 ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀ ਡਿਊਟੀ ਦੌਰਾਨ ਗਾਂਧੀ ਦੇ ਸਮਰਥਨ 'ਚ ਵਰਤ ਰੱਖਿਆ।
ਸ਼ਾਂਤੀ ਦੇ ਵਾਅਦੇ ਤੋਂ ਬਾਅਦ ਤੋੜਿਆ ਵਰਤ
ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਗਾਂਧੀ ਦੇ ਸਾਹਮਣੇ ਉਨ੍ਹਾਂ ਨੌਜਵਾਨ ਹਿੰਦੂਆਂ ਨੂੰ ਲੈ ਕੇ ਆਏ, ਜਿੰਨ੍ਹਾਂ ਨੇ ਇਸ ਹਿੰਸਾ 'ਚ ਆਪਣੀ ਸ਼ਮੂਲੀਅਤ ਨੂੰ ਕਬੂਲਿਆ ਸੀ। ਉਨ੍ਹਾਂ ਨੇ ਆਪਣੇ ਸਾਰੇ ਹਥਿਆਰ ਗਾਂਧੀ ਦੇ ਅੱਗੇ ਰੱਖ ਦਿੱਤੇ। ਗਾਂਧੀ ਨੇ ਉਨ੍ਹਾਂ ਨੂੰ ਵੇਖ ਕੇ ਕਿਹਾ, " ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਸਟੇਨ ਗਨ ਵੇਖ ਰਿਹਾ ਹਾਂ।"
ਜਦੋਂ 4 ਸਤੰਬਰ ਨੂੰ ਇੱਕ ਹੋਰ ਸਮੂਹ ਨੇ ਗਾਂਧੀ ਦੇ ਸਾਹਮਣੇ ਆ ਕੇ ਕਿਹਾ ਕਿ ਉਹ ਕੋਈ ਵੀ ਸਜ਼ਾ ਭੁਗਤਨ ਲਈ ਤਿਆਰ ਹਨ , ਪਰ ਪਹਿਲਾਂ ਤੁਸੀਂ ਆਪਣਾ ਵਰਤ ਤੋੜ ਦਿਓ , ਤਾਂ ਗਾਂਧੀ ਦਾ ਜਵਾਬ ਸੀ, "ਪਹਿਲਾਂ ਤੁਸੀਂ ਮੁਸਲਮਾਨਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਉਨ੍ਹਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੈ।"

ਤਸਵੀਰ ਸਰੋਤ, ROLI BOOKS
"ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਸਾਰੇ ਧਰਮਾਂ ਦੇ ਲੋਕਾਂ ਵੱਲੋਂ ਸ਼ਾਂਤੀ ਕਾਇਮ ਰੱਖਣ ਦੇ ਵਾਅਦੇ ਨਾਲ 4 ਸਤੰਬਰ ਨੂੰ ਗਾਂਧੀ ਨੇ 72 ਘੰਟੇ ਬਾਅਦ ਆਪਣਾ ਵਰਤ ਤੋੜਿਆ।"
ਪੱਛਮੀ ਬੰਗਾਲ ਦੇ ਰਾਜਪਾਲ ਚੱਕਰਵਰਤੀ ਰਾਜਗੋਪਾਲਾਚਾਰੀਆ ਨੇ ਸ਼ਹਿਰ ਦੇ ਰੋਟਰੀ ਕਲੱਬ 'ਚ ਦਿੱਤੇ ਆਪਣੇ ਭਾਸ਼ਣ 'ਚ ਕਿਹਾ, " ਗਾਂਧੀ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪਰ ਮੈਂ ਨਹੀਂ ਸਮਝਦਾ ਕਿ ਉਹ ਸਾਰੀਆਂ ਪ੍ਰਾਪਤੀਆਂ ਕਲਕੱਤੇ ਦੀ ਸ਼ਾਂਤੀ ਬਹਾਲ ਕਰਨ ਦੀ ਇਸ ਪ੍ਰਾਪਤੀ ਜਿੰਨੀਆਂ ਮਹਾਨ ਹਨ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












