You’re viewing a text-only version of this website that uses less data. View the main version of the website including all images and videos.
ਅਕਾਲੀ ਦਲ ਬਾਗ਼ੀ ਸੁਰਾਂ ’ਤੇ ਹੋਇਆ ਸਖ਼ਤ, ਸੁਖਬੀਰ ਦੀ ਪ੍ਰਧਾਨਗੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਚੇਤਾਵਨੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤੀ ਸੁਰਾਂ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਬਣੇ ਰਹਿਣਗੇ।
ਹਾਲਾਂਕਿ ਪਾਰਟੀ ਦੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਸਿੱਧੇ ਰੂਪ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬਦਲਾਅ ਦੀ ਮੰਗ ਕਰਨ ਤੋਂ ਬਾਜ਼ ਆ ਜਾਣ ਨਹੀਂ ਤਾਂ ਅਨੁਸਸ਼ਾਨਿਕ ਕਰਵਾਈ ਲਈ ਤਿਆਰ ਰਹਿਣ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਕੁਝ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਉਪਰ ਸਵਾਲ ਚੁੱਕੇ ਜਾ ਰਹੇ ਸਨ।
"ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਸਨ ਅਤੇ ਹਮੇਸ਼ਾ ਰਹਿਣਗੇ"
ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਉੱਤੇ ਆਗੂਆਂ ਨੂੰ ਪੂਰਨ ਭਰੋਸਾ ਹੈ ਅਤੇ ਉਹ "ਪਾਰਟੀ ਦੇ ਪ੍ਰਧਾਨ ਸਨ ਅਤੇ ਹਮੇਸ਼ਾ ਰਹਿਣਗੇ"।
ਪਾਰਟੀ ਦੇ ਸਾਰੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਾਂ ਨੂੰ ਖਾਸ ਤੌਰ 'ਤੇ ਸੱਦਿਆ ਗਿਆ ਜਿਸ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਕੀ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ।
ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਆਖਿਆ ਕਿ ਉਹ ਆਪਣੇ ਮਤਭੇਦਾਂ ਬਾਰੇ ਪਾਰਟੀ ਦੇ ਢੁੱਕਵੇ ਪਲੇਟਫਾਰਮ 'ਤੇ ਗੱਲਬਾਤ ਕਰਨ ਅਤੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰਨ।
ਉਨ੍ਹਾਂ ਕਿਹਾ ਕਿ ਜੋ ਕੋਈ ਵੀ ਪਾਰਟੀ ਦਾ ਅਨੁਸ਼ਾਸਨ ਭੰਗ ਕਰਦਾ ਹੈ, ਉਹ ਪਾਰਟੀ ਦਾ ਸ਼ੁੱਭ ਚਿੰਤਕ ਨਹੀਂ ਹੋ ਸਕਦਾ ਅਤੇ ਪਾਰਟੀ ਹੁਣ ਤੋਂ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਆਖਿਆ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਪਾਰਟੀ ਲੀਡਰਸ਼ਿਪ 'ਤੇ ਚਰਚਾ ਵੀ ਨਹੀਂ ਕੀਤੀ ਗਈ। ਅਕਾਲੀ ਦਲ ਮੁਤਾਬਕ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਸਫ਼ਲ ਨਹੀਂ ਹੋ ਸਕਦੀ ।
''ਅਕਾਲੀ ਦਲ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ।''
ਇਹ ਵੀ ਪੜ੍ਹੋ:
ਝੂੰਦਾਂ ਕਮੇਟੀ ਦੀਆਂ ਸਿਫ਼ਾਰਿਸ਼ਾਂ ਦਾ ਕੀ ਹੋਇਆ
ਇਕਬਾਲ ਸਿੰਘ ਝੂੰਦਾਂ ਮੁਤਾਬਕ ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਦੀ ਸਬ ਕਮੇਟੀ ਨੇ 42 ਸੁਝਾਅ ਦਿੱਤੇ ਸਨ ਅਤੇ ਇਹ ਸਮੇਂ ਸਮੇਂ ਸਿਰ ਲਾਗੂ ਕਰ ਦਿੱਤੇ ਜਾਣਗੇ।
ਇਕਬਾਲ ਸਿੰਘ ਝੂੰਦਾਂ ਨੇ ਮੰਨਿਆ ਕਿ ਬੀਤੇ ਸਮੇਂ ਵਿਚ ਗਲਤੀਆਂ ਹੋਈਆਂ ਪਰ ਉਹ ਇਹਨਾਂ ਨੂੰ ਦਰੁਸਤ ਕਰਨਗੇ।
ਸੁਖਬੀਰ ਬਾਦਲ ਦੀ ਪ੍ਰਧਾਨਗੀ ਉਪਰ ਸਵਾਲ ਕਿਉਂ?
ਅਸਲ ਵਿੱਚ ਇਸ ਸਾਲ ਫਰਵਰੀ ਮਹੀਨੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ।
ਗੱਲ ਇੱਥੇ ਹੀ ਨਹੀਂ ਰੁਕੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।
ਪਾਰਟੀ ਨੂੰ ਮਿਲੀ ਹਾਰ ਦੀ ਸਮੀਖਿਆ ਲਈ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ।
ਕਮੇਟੀ ਨੇ ਹਾਰ ਦੇ ਕਾਰਨਾਂ ਦੀ ਸਮੀਖਿਆ ਕਰ ਕੇ ਇੱਕ ਰਿਪੋਰਟ ਕੋਰ ਕਮੇਟੀ ਦੇ ਹਵਾਲੇ ਕਰ ਦਿੱਤੀ।
ਇਹ ਰਿਪੋਰਟ ਹਾਲੇ ਤੱਕ ਜਨਤਕ ਨਹੀਂ ਹੋਈ ਪਰ ਇਸ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਜ਼ਰੂਰ ਭੰਗ ਕਰ ਦਿੱਤਾ।
ਬਾਗੀ ਅਕਾਲੀ ਕੌਣ ਹਨ?
ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਕੋਰ ਕਮੇਟੀ ਦੇ ਅੱਗੇ ਅਤੇ ਪਾਰਟੀ ਦੇ ਢਾਂਚੇ ਨੂੰ ਭੰਗ ਕੀਤੇ ਜਾਣ ਉੱਤੇ ਇਤਰਾਜ਼ ਪ੍ਰਗਟ ਦਿੱਤਾ।
ਇਸ ਤੋਂ ਬਾਅਦ ਪਾਰਟੀ ਦੇ ਇੱਕ ਹੋਰ ਆਗੂ ਜਗਮੀਤ ਸਿੰਘ ਬਰਾੜ ਨੇ ਵੀ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਉੱਤੇ ਸਵਾਲ ਚੁੱਕੇ।
ਗੱਲ ਇੱਥੇ ਹੀ ਨਹੀਂ ਰੁਕੀ ਅੰਮ੍ਰਿਤਸਰ ਵਿਖੇ ਪਾਰਟੀ ਦੇ ਕੁਝ ਆਗੂਆਂ ਵੱਲੋਂ ਵੱਖਰੇ ਤੌਰ ਉੱਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਵੀ ਪਾਰਟੀ ਦੇ ਅੰਦਰ ਚੱਲ ਰਹੀ ਉੱਥਲ ਪੁੱਥਲ ਨਾਲ ਹੀ ਜੋੜ ਕੇ ਦੇਖਿਆ ਗਿਆ।
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਨੁਸ਼ਾਸਨੀ ਕਮੇਟੀ ਦਾ ਗਠਨ ਕਰ ਕੇ ਬਾਗ਼ੀ ਆਗੂਆਂ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਨਾ ਸਿਰਫ਼ ਰਾਸ਼ਟਰਪਤੀ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਇਨਕਾਰ ਕੀਤਾ ਸਗੋਂ ਝੂੰਦਾ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰ ਕੇ ਅਕਾਲੀ ਦਲ ਵਿੱਚ ਸਭ ਕੁਝ ਠੀਕ ਨਾ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਇਆਲ਼ੀ ਅਜੇ ਵੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਹੀ ਹਨ।
ਜਾਣਕਾਰਾਂ ਦੀ ਰਾਏ
ਅਕਾਲੀ ਦਲ ਦੇ ਤਾਜ਼ਾ ਘਟਨਾਕ੍ਰਮ ਉੱਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੇ ਐਲਾਨ ਤੋਂ ਬਾਅਦ ਹੁਣ ਦੂਜੀ ਧਿਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਲੜਾਈ ਲੜਨਗੇ ਜਾਂ ਨਹੀਂ।
ਜਗਤਾਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਦੂਜੀ ਧਿਰ ਆਪਣੀ ਪੁਰਾਣੀਆਂ ਮੰਗਾਂ ਉੱਤੇ ਅੜੀ ਰਹਿੰਦੀ ਹੈ ਤਾਂ ਅਕਾਲੀ ਦਲ ਲਈ ਆਉਣ ਵਾਲੇ ਦਿਨ ਕਾਫ਼ੀ ਅਹਿਮ ਅਤੇ ਦਿਲਚਸਪ ਹੋਣ ਦੀ ਉਮੀਦ ਹੈ।
ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣੇ ਰਹਿਣ ਦਾ ਐਲਾਨ ਵਿਰਸਾ ਸਿੰਘ ਵਲਟੋਹਾ ਵੱਲੋਂ ਜਿਸ ਤਰੀਕੇ ਨਾਲ ਕੀਤਾ ਗਿਆ ਹੈ ਉਸ ਤੋਂ ਸਪਸ਼ਟ ਹੈ ਕਿ ਬਾਗ਼ੀ ਸੁਰਾਂ ਨੂੰ ਸਿੱਧੇ ਰੂਪ ਵਿੱਚ ਚੇਤਾਵਨੀ ਦਿੱਤੀ ਗਈ ਹੈ।
ਮਨਪ੍ਰੀਤ ਸਿੰਘ ਇਆਲੀ ਨੇ ਕੀ ਕਿਹਾ
ਆਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੈਂ ਮਨਜਿੰਦਰ ਸਿੰਘ ਸਿਰਸਾ ਨਾਲ ਦਿੱਲੀ ਮੀਟਿੰਗ ਕਰਨ ਗਿਆ ਹੋਇਆ ਹਾਂ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਲੈਣ ਦਿੱਲੀ ਗਏ ਸੀ ਜੋ ਕੈਨੇਡਾ ਤੋਂ ਵਾਪਸ ਆਏ ਹਨ।
"ਅਸੀਂ ਪਾਰਟੀ ਲਈ 23 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਉਹ ਸਾਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਹਨ। ਜੇ ਬੀਜੇਪੀ ਨਾਲ ਮੀਟਿੰਗਾ ਹੀ ਕਰਨੀਆਂ ਸਨ ਤਾਂ ਉਨ੍ਹਾਂ ਨੂੰ ਵੋਟ ਹੀ ਪਾ ਦਿੰਦੇ।"
ਇਆਲੀ ਨੇ ਸਵਾਲ ਚੁੱਕੇ ਕਿ ਜੇ ਉਹ ਕਹਿ ਰਹੇ ਹਨ ਕਿ ਬੀਜੇਪੀ ਪਾਰਟੀ ਨੂੰ ਤੋੜ ਰਹੀ ਹੈ, ਤਾਂ ਕਿਉਂ ਵੋਟ ਪਾਉਂਦੇ ਹੋ ਬੀਜੇਪੀ ਨੂੰ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਨੇ ਕਿਹਾ, "ਜੇ ਇਹ ਸਾਬਿਤ ਕਰ ਦੇਣ ਤਾਂ ਮੈਂ ਅੱਜ ਹੀ ਰਾਜਨੀਤੀ ਛੱਡ ਦੇਵਾਂਗਾ।"
ਇਹ ਵੀ ਪੜ੍ਹੋ: