ਰਣਵੀਰ ਸਿੰਘ ਦੀਆਂ ਨਗਨ ਤਸਵੀਰਾਂ: ਕਾਮਸੂਤਰ ਦੇ ਮੁਲਕ ਵਿਚ ਨਗਨਤਾ ਬਾਰੇ ਦੁਬਿਧਾ, ਕਿਸ ਕਾਨੂੰਨ ਤਹਿਤ ਦਰਜ ਹੋਇਆ ਹੈ ਮਾਮਲਾ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਪਿਛਲੇ ਦਿਨੀਂ ਪੇਪਰ ਨਾਮ ਦੇ ਰਸਾਲੇ ਨੂੰ ਦੱਸਿਆ, ''ਮੈਂ ਹਜ਼ਾਰ ਲੋਕਾਂ ਸਾਹਮਣੇ ਨੰਗਾ ਹੋ ਸਕਦਾ ਹਾਂ, ਬਸ ਗੱਲ ਇੰਨੀ ਕੁ ਹੈ ਉਹ ਅਸਹਿਜ ਹੋ ਜਾਣਗੇ।''

ਅਜਿਹਾ ਹੀ ਹੋਇਆ, ਜਦੋਂ ਉਨ੍ਹਾਂ ਨੇ ਇਸੇ ਰਸਾਲੇ ਲਈ ਨਗਨ ਤਸਵੀਰਾਂ ਖਿਚਵਾਈਆਂ। ਜਿਵੇਂ ਹੀ ਰਣਵੀਰ ਦੀਆਂ ਇਹ ਤਸਵੀਰਾਂ ਨਸ਼ਰ ਹੋਈਆਂ ਇੰਟਰਨੈਟ ਉੱਪਰ ਉਨ੍ਹਾਂ ਦੇ ਪੱਖ਼ ਅਤੇ ਵਿਰੋਧ ਵਿੱਚ ਦਲੀਲਬਾਜ਼ੀ ਹੋਣ ਲੱਗੀ।

ਭਾਵੇਂ ਕਿ ਸ਼ੁਰੂ ਵਿੱਚ ਬਹੁਤੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਸਨ ਪਰ ਬਾਅਦ ਵਿੱਚ ਵਿਰੋਧੀ ਸੁਰਾਂ ਤੇਜ਼ ਹੋ ਗਈਆਂ।

ਤਸਵੀਰਾਂ ਦਾ ਮਜ਼ਾਕ ਬਣਾਉਣ ਵਾਲੇ ਮੀਮਜ਼ ਅਤੇ ਚੁਟਕਲਿਆਂ ਦਾ ਇੰਟਰਨੈਟ ਉੱਪਰ ਹੜ੍ਹ ਆ ਗਿਆ। ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮਰਦਾਂ ਦੀ ਬੇਇੱਜ਼ਤੀ ਕਰਵਾਈ ਹੈ।

ਰਣਵੀਰ ਸਿੰਘ ਤੇ ਰੂੜੀਵਾਦੀ ਰਵਾਇਤਾਂ

ਗੱਲ ਇੱਥੇ ਹੀ ਨੂੰ ਖ਼ਤਮ ਹੋਈ ਸਗੋਂ ਪੁਲਿਸ ਨੇ ਰਣਵੀਰ ਖਿਲਾਫ਼ ''ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ'' ਦੇ ਇਲਜ਼ਾਮਾਂ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ।

ਰਣਵੀਰ ਸਿੰਘ ਕੋਈ ਰਵਾਇਤੀ ਸਟਾਰ ਨਹੀਂ ਹਨ। ਉਨ੍ਹਾਂ ਵਿੱਚ ਅਥਾਹ ਦੀ ਊਰਜਾ ਅਤੇ ਆਤਮ ਵਿਸ਼ਵਾਸ ਹੈ।

ਉਨ੍ਹਾਂ ਦਾ ਭੜਕੀਲਾ ਪਹਿਰਾਵਾ, ਗਹਿਣੇ ਲੋਕਾਂ ਦਾ ਧਿਆਨ ਖਿੱਚਦੇ ਹਨ। ਵੋਗ ਰਸਾਲੇ ਨੇ ਉਨ੍ਹਾਂ ਦੇ ਫ਼ੈਸ਼ਨ ਬਾਰੇ ਲਿਖਿਆ ਕਿ ਉਨ੍ਹਾਂ ਦਾ ਫ਼ੈਸ਼ਨ ਬਦਲ ਰਹੇ ਫ਼ੈਸ਼ਨ ਦਾ ਅਨੁਸਾਰੀ ਹੈ।

ਪੇਪਰ ਰਸਾਲੇ ਨੇ ਲਿਖਿਆ ਹੈ ਕਿ ਸਿੰਘ ਨੇ ਰੂੜੀਵਾਦੀ ਭਾਰਤੀ ਸਮਾਜ ਵਿੱਚ ਅਮਲੀ ਰੂਪ ਵਿੱਚ ਮਰਦਾਨਗੀ ਨਾਲ ਜੁੜੀ ਹਰ ਰੂੜੀਵਾਦੀ ਰਵਾਇਤ ਨੂੰ ਚੁਣੌਤੀ ਦਿੱਤੀ ਹੈ।

ਟਫ਼ਸ ਯੂਨੀਵਰਸਿਟੀ ਤੋਂ ਲਿਟਰੇਚਰ ਅਤੇ ਸੈਕਸੂਐਲਿਟੀ ਵਿੱਚ ਪੀਐੱਚਡੀ ਕਰ ਰਹੇ ਰਾਹੁਲ ਸੇਨ ਮੁਤਾਬਕ, ''ਉਨ੍ਹਾਂ ਕੋਲ ਇੱਕ ਆਦਰਸ਼ ਮਰਦਾਨਾ ਸਰੀਰ ਹੈ ਪਰ ਉਹ ਅਜਿਹਾ ਪਹਿਰਾਵਾ ਪਾਉਂਦੇ ਹਨ ਜੋ ਔਰਤ-ਮਰਦ ਦੇ ਵਿਚਕਾਰਲਾ ਹੈ।''

''ਉਹ ਕਟੱੜਵਾਦੀ ਨਹੀਂ ਹਨ ਅਤੇ ਸੈਕਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਉਹ ਭਾਰਤ ਦੇ ਮਰਦਾਨਗੀ ਦੇ ਢਾਂਚੇ ਵਿੱਚ ਪੂਰੇ ਨਹੀਂ ਉਤਰਦੇ। ਇਸ ਨਾਲ ਕਾਫ਼ੀ ਉਤਸੁਕਤਾ ਵੀ ਪੈਦਾ ਹੁੰਦੀ ਹੈ ਅਤੇ ਬਹੁਤ ਸਾਰੇ ਪੁਰਸ਼ ਅਸਹਿਜ ਵੀ ਮਹਿਸੂਸ ਕਰਦੇ ਹਨ।''

ਰਣਵੀਰ ਸਿੰਘ ਦੀਆਂ ਤਸਵੀਰਾਂ ਨਾਲ ਕੁਝ ਲੋਕਾਂ ਵਿਚ ਜੋ ਵਿਵਾਦ ਖੜ੍ਹਾ ਹੋਇਆ ਹੈ, ਉਹ ਭਾਰਤ ਦੇਸ ਦੀ ''ਜੰਗਲੀ-ਨੈਤਿਕ ਸ਼ਸ਼ੋਪੰਜ'' ਹੈ।

ਕਾਮਸੂਤਰ ਤੇ ਭਾਰਤੀਆਂ ਦੀ ਦੁਬਿਧਾ

ਭਾਰਤ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿਚਾਰ ਨਾ ਤਾਂ ਰੂੜੀਵਾਦੀ ਹਨ ਅਤੇ ਨਾ ਹੀ ਬਹੁਤੇ ਅਗਾਂਹਵਧੂ। ਸਗੋਂ ਦੋਵਾਂ ਦਾ ਮਿਲਗੋਭਾ ਹਨ।

ਭਾਰਤ ਦੇ ਕਈ ਛੋਟੇ ਕਸਬਿਆਂ ਦੇ ਮੰਦਰਾਂ ਵਿੱਚ ਕਾਮੁਕ ਕਲਾਕਾਰੀ ਦੇਖਣ ਨੂੰ ਮਿਲ ਜਾਂਦੀ ਹੈ।

ਔਰਤ ਮਰਦ ਦੇ ਜਿਣਸੀ ਸੰਬੰਧਾਂ ਬਾਰੇ ਦੁਨੀਆਂ ਦੀ ਪਹਿਲੀ ਲਿਖਤੀ ਕਿਤਾਬ ਕਾਮਸੂਤਰ, ਭਾਰਤ ਵਿੱਚ ਲਿਖੀ ਗਈ ਸੀ।

ਮਾਡਲ ਅਤੇ ਅਦਾਕਾਰਾ ਪ੍ਰੋਤਿਮਾ ਬੇਦੀ ਨੇ ਸਾਲ 1974 ਵਿੱਚ ਇੱਕ ਫ਼ਿਲਮ ਰਸਾਲੇ ਲਈ ਬੰਬਈ ਦੇ ਸਮੁੰਦਰੀ ਕੰਢੇ ਉੱਪਰ ਤਸਵੀਰਾਂ ਖਿਚਵਾਈਆਂ ਸਨ।

ਭਾਰਤ ਵਿੱਚ ਨਗਨਤਾ ਕੋਈ ਅਸਾਧਰਾਨ ਨਹੀਂ ਹੈ। ਕੁੰਭ ਮੇਲੇ ਉੱਪਰ ਹਜ਼ਾਰਾਂ ਨਾਂਗਾ ਸਾਧੂ ਦੇਸ ਦੇ ਕੋਨੇ-ਕੋਨੇ ਤੋਂ ਇਸ਼ਨਾਨ ਕਰਨ ਪਹੁੰਚਦੇ ਹਨ।

ਮੈਸਕੂਲਰ ਇੰਡੀਆ ਕਿਤਾਬ ਦੇ ਲੇਖਕ ਮਿਸ਼ੇਲ ਬਾਸ ਮੁਤਾਬਕ ਇੰਸਟਾਗ੍ਰਾਮ ਅਤੇ ਟਿੱਕਟੌਕ ਅਜਿਹੇ ਭਾਰਤੀ ਮਰਦਾਂ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ, ਜੋ ਕਾਮੁਕ ਅੰਦਾਜ਼ ਵਿੱਚ ਨਾਂ ਮਾਤਰ ਕੱਪੜਿਆਂ ਵਿੱਚ ਆਪਣੇ ਸਰੀਰ ਦਾ ਮੁਜ਼ਾਹਰਾ ਕਰਦੇ ਹਨ।

ਉਨ੍ਹਾਂ ਵਿੱਚੋਂ ਕੁਝ ਦੇ ਤਾਂ ਨਾ ਸਿਰਫ਼ ਹਜ਼ਾਰਾਂ ਵਿੱਚ ਸਗੋਂ ਲੱਖਾਂ ਵਿੱਚ ਫੌਲੋਵਰ ਹਨ। ਉਨ੍ਹਾਂ ਦੀਆਂ ਕੁਝ ਤਸਵੀਰਾਂ ਉੱਪਰ ਭਾਵੇਂ ਨਫ਼ਰਤੀ ਟਿੱਪਣੀਆਂ ਆਉਂਦੀਆਂ ਹੋਣ ਪਰ ਜ਼ਿਆਦਾਤਰ ਲੋਕ ਹਾਂ ਮੁਖੀ ਪ੍ਰਤੀਕਿਰਿਆ ਹੀ ਦਿੰਦੇ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਜ਼ਿਆਦਾਤਰ ਭਾਰਤੀ ਅਦਾਕਾਰਾਂ ਨੇ ਐਕਸ਼ਨ ਦ੍ਰਿਸ਼ਾਂ ਦੇ ਫਿਲਮਾਂਕਣ ਸਮੇਂ ਕਦੇ ਨਾ ਕਦੇ ਤਾਂ ਆਪਣੀ ਕਮੀਜ਼ ਉਤਾਰੀ ਹੀ ਹੈ।

ਇਹ ਵੀ ਪੜ੍ਹੋ:

ਜਦੋਂ ਰਣਵੀਰ ਵਰਗੇ ਭਾਰਤੀ ਮਰਦ ਆਪਣੇ ਸਰੀਰ ਦੀ ਨੁਮਾਇਸ਼ ਦੇ ਤੈਅ ਮਾਪੰਦਡਾਂ ਤੋਂ ਹਟਵਾਂ ਵਿਹਾਰ ਕਰਦੇ ਹਨ ਤਾਂ ਬਾਸ ਨੂੰ ਇਨ੍ਹਾਂ ਤਸਵੀਰਾਂ ਵਿੱਚ 1970ਵਿਆਂ ਵਾਲਾ ਸੁਹਜ ਨਜ਼ਰ ਆਉਂਦਾ ਹੈ।

ਇਸ ਤੋਂ ਉੱਠਦੇ ਵਿਵਾਦਾਂ ਤੋਂ ਬਾਸ ਨੂੰ ਲਗਦਾ ਹੈ ਕਿ ਭਾਰਤ ਵਿੱਚ ਮਰਦਾਂ ਲਈ ਆਪਣਾ ਕੋਮਲ ਪੱਖ (ਜਾਂ ਜਿਸ ਨੂੰ ਦਿਖਾਉਣਾ ਕਿੰਨਾ ਅਸਧਾਰਣ ਹੈ।

ਭਾਰਤ ਦੀ ਉੱਘੀ ਨਾਵਲਕਾਰ ਅਤੇ ਕਾਲਮ ਨਵੀਸ ਸ਼ੋਭਾ ਡੇਅ ਕਹਿੰਦੇ ਹਨ, ''ਮੈਨੂੰ ਇਹ ਬਹਿਸ ਸਮਝ ਨਹੀਂ ਆਉਂਦੀ। ਨਗਨਤਾ ਭਾਰਤ ਵਿੱਚ ਨਵਾਂ ਮੁੱਦਾ ਨਹੀਂ ਹੈ। ਰਣਵੀਰ ਸਿੰਘ ਦੇ ਕੇਸ ਵਿੱਚ (ਇਹ) ਉਨ੍ਹਾਂ ਦਾ ਸਰੀਰ ਹੈ ਤੇ ਉਨ੍ਹਾਂ ਦੀ ਚੋਣ ਹੈ।''

ਐੱਮਐੱਫ਼ ਹੁਸੈਨ ਅਤੇ ਅਕਬਰ ਪਦਮਾਸੀ ਵਰਗੇ ਕਾਲਾਕਾਰਾਂ ਨੂੰ ਆਪਣੇ ਚਿੱਤਰਾਂ ਵਿੱਚ ਦੇਵੀ-ਦੇਵਤਿਆਂ ਨੂੰ ਨਗਨ ਦਰਸਾਉਣ ਅਤੇ ਔਰਤ ਦੀ ਛਾਤੀ ਉੱਪਰ ਮਰਦ ਦੇ ਹੱਥ ਦਿਖਾਉਣ ਕਾਰਨ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਰਣਵੀਰ ਨਗਨ ਤਸਵੀਰਾਂ ਵਾਲੇ ਪਹਿਲੇ ਨਹੀਂ

ਭਾਰਤ ਵਿੱਚ ਨਗਨਤਾ ਦੇ ਮਸਲੇ ਉੱਪਰ ਟੀਵੀ ਲੜੀਵਾਰਾਂ ਅਤੇ ਫਿਲਮਾਂ ਦੇ ਸੈਟਾਂ ਦੀ ਤੋੜਭੰਨ ਹੋ ਜਾਂਦੀ ਹੈ। ਰਣਵੀਰ ਸਿੰਘ ਨਗਨ ਤਸਵੀਰਾਂ ਖਿਚਵਾਉਣ ਵਾਲੇ ਪਹਿਲੇ ਅਦਾਕਾਰ ਨਹੀਂ ਹਨ।

ਸਾਲ 1995 ਵਿੱਚ ਮਿਲਿੰਦ ਸੋਮਨ ਅਤੇ ਮਧੂ ਸਪਰੇ ਨੇ ਬੂਟਾਂ ਦੀ ਇੱਕ ਮਸ਼ਹੂਰੀ ਲਈ ਆਪਣੇ ਦੁਆਲੇ ਪਾਈਥਨ ਸੱਪ (ਸਰਾਲ) ਵਲੇਟ ਕੇ ਤਸਵੀਰਾਂ ਖਿਚਵਾਈਆਂ ਸਨ। ਦੋਵਾਂ ਅਦਾਕਾਰਾਂ ਖਿਲਾਫ਼ ਨੰਗੇਜ ਦਾ ਮੁਕੱਦਮਾ 14 ਸਾਲ ਅਦਾਲਤਾਂ ਵਿੱਚ ਚਲਦਾ ਰਿਹਾ।

ਬਰਾਂਡ ਸਟੈਰੈਟਿਜਿਸਟ ਅੰਬੀ ਪਰਮੇਸ਼ਵਰਨ ਦੱਸਦੇ ਹਨ,''ਜਦੋਂ ਤੱਕ ਉਨ੍ਹਾਂ ਦੋਵਾਂ ਨੂੰ ਇਸ ਵਿੱਚੋਂ ਬਰੀ ਕੀਤਾ ਗਿਆ ਉਦੋਂ ਤੱਕ ਮਧੂ ਸਪਰੇ ਦੇਸ ਛੱਡ ਚੁੱਕੇ ਸਨ ਤੇ ਬੂਟਾਂ ਦੀ ਕੰਪਨੀ ਦੇਸ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਅਤੇ ਕੋਈ ਨਹੀਂ ਜਾਣਦਾ ਕਿ ਪਾਈਥਨ ਸੱਪ ਦਾ ਕੀ ਬਣਿਆ।''

ਨਗਨਤਾ ਬਾਰੇ ਸ਼ਿਕਾਇਤਾਂ ਦਾ ਸਿਲਸਿਲਾ

ਮੁੰਬਈ ਦੀ ਮਸ਼ਹੂਰੀਆਂ ਦੇ ਸਟੈਂਡਰਡਜ਼ ਬਾਰੇ ਸੰਸਥਾ ਨੂੰ ਫਾਹਸ਼ ਮਸ਼ਹੂਰੀਆਂ ਬਾਰੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ।

ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਜੋ ਕਿ ਔਰਤਾਂ ਦੇ ਅੰਦਰੂਨੀ ਕੱਪੜਿਆਂ ਦੇ ਦਿਖਾਵੇ ਬਾਰੇ ਸਨ।

ਇੱਕ ਇਸ਼ਤਿਹਾਰ ਵਿੱਚ ਦੋ ਕੁੜੀਆਂ ਆਪਣੀਆਂ ਟੀ-ਸ਼ਰਟ ਇੱਕ-ਦੂਜੀ ਨੂੰ ਆਪਣੇ ਅੰਦਰੂਨੀ ਕੱਪੜੇ ਦਿਖਾਉਣ ਲਈ ਲਾਹ ਰਹੀਆਂ ਸਨ। ਹਾਲਾਂਕਿ ਇਹ ਦੋਵੇਂ ਸ਼ਿਕਾਇਤਾਂ ਰੱਦ ਕਰ ਦਿੱਤੀਆਂ ਗਈਆਂ।

ਬ੍ਰਿੰਦਾ ਬੋਸ ਲੇਖਿਕਾ ਹਨ ਅਤੇ ਉਨ੍ਹਾਂ ਨੇ ਟ੍ਰਾਂਸਲੇਟਿੰਗ ਡਿਜ਼ਾਇਰ: ਦਿ ਪੋਲਿਟਿਕਸ ਆਫ਼ ਜੈਂਡਰ ਐਂਡ ਕਲਚਰ ਇਨ ਇੰਡੀਆ ਕਿਤਾਬ ਲਿਖੀ ਹੈ।

ਉਹ ਕਹਿੰਦੇ ਹਨ, ''ਜਿੰਨੀ ਅਜ਼ਾਦੀ ਹੈ ਉਨੀਂ ਹੀ ਸ਼ਸ਼ੋਪੰਜ ਹੈ। ਫਿਰ ਮੌਰਲ ਬ੍ਰਿਗੇਡ ਹੈ, ਜੋ ਇੱਕੋ ਸਮੇਂ ਅਸਹਿਜ ਵੀ ਹੈ ਅਤੇ ਜਗਿਆਸੂ ਵੀ ਹੈ। ਇੱਕ ਜੰਗਲੀ ਕਿਸਮ ਦੀ ਸ਼ਸ਼ੋਪੰਜ ਸਾਡੇ ਸਾਰਿਆਂ ਵਿੱਚ ਹੈ।''

ਦੋ ਸਾਲ ਪਹਿਲਾਂ ਚੇਨੱਈ ਦੇ ਫੋਟੋਗ੍ਰਾਫ਼ਰ ਵੈਂਕਟ ਰਾਮ ਵੀ ਅਜਿਹੀ ਸ਼ਸ਼ੋਪੰਜ ਕਾਰਨ ਖੜ੍ਹੇ ਹੋਏ ਵਿਵਾਦ ਵਿੱਚ ਫ਼ਸ ਗਏ ਸਨ।

ਉਨ੍ਹਾਂ ਨੇ ਇੱਕ ਟੈਟੂ ਕਲਾਕਾਰ ਦੀ ਨਗਨ ਤਸਵੀਰ ਖਿੱਚੀ ਸੀ। ਉਨ੍ਹਾਂ ਨੇ ਇਹ ਤਸਵੀਰ ਬੌਡੀ ਪੌਜ਼ਿਟੀਵਿਟੀ (ਸਰੀਰ ਪ੍ਰਤੀ ਹਾਂਮੁਖੀ ਹੋਣ ਦੀ ਭਾਵਨਾ) ਨਾਲ ਜੁੜੀ ਲਹਿਰ ਤਹਿਤ ਖਿੱਚੀ ਸੀ, ਕਿ ਸਰੀਰ ਜਿਹੋ-ਜਿਹਾ ਵੀ ਹੋਵੇ ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਹਿੰਮਤ ਜੁਟਾਈ ਅਤੇ ਤਸਵੀਰ ਇੰਸਟਾਗ੍ਰਾਮ ਉੱਪਰ ਪੋਸਟ ਕਰ ਦਿੱਤੀ, ਜਿੱਥੇ ਉਨ੍ਹਾਂ ਦੇ ਨੱਬੇ ਹਜ਼ਾਰ ਫੌਲੋਵਰ ਸਨ।

ਰਾਮ ਦੱਸਦੇ ਹਨ, ''ਜ਼ਿਆਦਾਤਰ ਨੇ ਇਸ ਨੂੰ ਪਸੰਦ ਕੀਤਾ। ਦੂਸਰੇ ਜ਼ਿਆਦਾ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਅਸੀਂ ਤੁਹਾਡੀ ਇੱਜ਼ਤ ਕਰਦੇ ਸੀ ਤੁਸੀਂ ਅਜਿਹਾ ਕਿਵੇਂ ਕੀਤਾ?''

ਫਿਰ ਕੁਝ ਅਜੀਬ ਹੋਇਆ ਉਨ੍ਹਾਂ ਦੇ ਦੋ ਹਜ਼ਾਰ ਫੌਲੋਵਰ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਅਤੇ ਅੱਠ ਹਜ਼ਾਰ ਨਵੇਂ ਬਣ ਗਏ, ਉਹ ਵੀ ਸਿਰਫ਼ ਇੱਕ ਦਿਨ ਵਿੱਚ।

''ਇਹ ਇਕ ਸੁਨਾਮੀ ਵਾਂਗ ਸੀ ਕਿ ਲੋਕਾਂ ਮੈਨੂੰ ਫੈਲੌ ਕਰ ਸਨ ਤੇ ਕਈ ਅਨਫੌਲੋ ਕਰ ਰਹੇ ਸਨ। ਜ਼ਿਆਦਾ ਲੋਕ ਫ਼ੌਲੋ ਕਰ ਰਹੇ ਸਨ। ਅਲੱੜ੍ਹ ਤਾਂ ਬੇਹੱਦ ਪ੍ਰਸ਼ੰਸਾ ਕਰ ਰਹੇ ਸਨ। ਇਹ ਇੱਕ ਉਲਝਾਅ ਦੇਣ ਵਾਲਾ ਅਨੁਭਵ ਸੀ।''

ਨਗਨਤਾ ਬਾਰੇ ਭਾਰਤੀ ਨਜ਼ਰੀਆ

ਇਸ ਸਾਲ ਰਾਮ ਨੇ ਦੋ ਮਾਡਲਾਂ ਨਾਲ ਬੇਅਰ ਨਾਮ ਦੀ ਸੀਰੀਜ਼ ਸ਼ੂਟ ਕੀਤੀ ਹੈ। ਉਨ੍ਹਾਂ ਨੇ ਇਹ ਤਸਵੀਰਾਂ ਇੰਸਟਾਗ੍ਰਾਮ ਉੱਪਰ ਵੀ ਪਾਈਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਤਸਵੀਰਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਕੋਈ ਟਰੋਲਿੰਗ ਨਹੀਂ ਹੋਈ।

ਉਹ ਕਹਿੰਦੇ ਹਨ ਕਿ ਜਦੋਂ ਤੱਕ ਪੇਸ਼ਕਾਰੀ ਕਲਾਤਮਕ ਰਹਿੰਦੀ ਹੈ ਉਦੋਂ ਤੱਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਔਰਤਾਂ ਤੇ ਮਰਦ ਨਗਨ ਤਸਵੀਰਾਂ ਖਿਚਵਾਉਣ ਲਈ ਸਾਹਮਣੇ ਆਉਂਦੇ ਹਨ।

ਆਪਣੀ ਅਗਲੀ ਸੀਰੀਜ਼ ਵਿੱਚ ਉਹ ਮਰਦਾਂ ਦੀਆਂ ਤਸਵੀਰਾਂ ਖਿੱਚਣ ਜਾ ਰਹੇ ਹਨ।

ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਤੁਹਾਨੂੰ ਰਵਾਇਤੀ ਮੀਡੀਆ ਨਾਲੋਂ ਜ਼ਿਆਦਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਦੀ ਅਜ਼ਾਦੀ ਦਿੰਦਾ ਹੈ।

ਵਿਨੋਦ ਮਹਿਤਾ ਕਦੇ ਹੁਣ ਬੰਦ ਹੋ ਚੁੱਕੇ ਦੋਬੋਨਾਇਰ ਰਸਾਲੇ ਦੇ ਸੰਪਾਦਕ ਰਹੇ ਸਨ। ਇਹ ਅੰਗਰੇਜ਼ੀ ਦੇ ਨੰਗੇਜਵਾਦੀ ਰਸਾਲੇ ਪਲੇਬੁਆਇ ਦਾ ਭਾਰਤੀ ਰੂਪ ਸੀ।

ਵਿਨੋਦ ਇੱਕ ਘਟਨਾ ਰਾਹੀਂ ਭਾਰਤ ਦੇ ਨਗਨਤਾ ਪ੍ਰਤੀ ਰਵਈਏ ਨੂੰ ਦਰਸਾਉਂਦੇ ਹਨ। ਐਮਰਜੈਂਸੀ ਦੇ ਦੌਰਾਨ ਜਦੋਂ ਪ੍ਰੈੱਸ ਉੱਪਰ ਸੈਂਸਰਸ਼ਿਪ ਲਾਗੂ ਸੀ ਤਾਂ ਮਹਿਤਾ ਨੂੰ ਇੱਕ ਕੇਂਦਰੀ ਵਜ਼ੀਰ ਨੇ ਦਿੱਲੀ ਤਲਬ ਕੀਤਾ।

ਮੰਤਰੀ ਜਾਨਣਾ ਚਾਹੁੰਦੇ ਸਨ ਕਿ ਉਹ ਮੈਗਜ਼ੀਨ ਦੇ ਕੇਂਦਰ ਵਿਚਲੇ ਜੁੜਤ ਪੰਨੇ ਉੱਪਰ ਕਿਹੜੀ ਤਸਵੀਰ ਛਾਪਣ ਜਾ ਰਹੇ ਸਨ।

ਮਹਿਤਾ ਨੇ ਮੰਤਰੀ ਨੂੰ ਅਰਧ-ਨਗਨ ਔਰਤਾਂ ਦੀਆਂ ਅੱਧੀ ਦਰਜਨ ਤਸਵੀਰਾਂ ਦਿਖਾਈਆਂ, ਜਿਨ੍ਹਾਂ ਵਿੱਚੋਂ ਦੋ ਫ਼ੋਟੋਆਂ ਉਨ੍ਹਾਂ ਨੇ ਚੁਣਨੀਆਂ ਸਨ।

''ਮੰਤਰੀ ਦੀ ਅੱਖ ਇੱਕ ਤਸਵੀਰ ਤੇ ਟਿਕੀ ਜੋ 90% ਨਗਨ ਸੀ। ਉਨ੍ਹਾਂ ਨੇ ਉਹ ਤਸਵੀਰ ਪਾਸੇ ਰੱਖ ਲਈ। ਮੈਂ ਪੁਛਿਆ ਕਿ ਕੀ ਅਸੀਂ ਕੇਂਦਰੀ ਪੰਨਾ ਨਾ ਛਾਪੀਏ। ਮੰਤਰੀ ਨੇ ਕਿਹਾ ਨਹੀਂ ਇਸ ਨੂੰ ਬਸ ਕੁਝ ਸ਼ਾਲੀਨ ਬਣਾ ਦਿਓ।''

ਫਿਰ ਮੰਤਰੀ ਨੇ ਕੇਂਦਰੀ ਪੰਨੇ ਉੱਪਰ ਛਾਪੀ ਜਾਣ ਵਾਸੀ ਤਸਵੀਰ ''ਬਿਨਾਂ ਆਗਿਆ ਦੇ'' ਆਪਣੇ ਕੋਲ ਰੱਖ ਲਈ।

ਕਿਸ ਕਾਨੂੰਨ ਤਹਿਤ ਦਰਜ ਹੋਇਆ ਹੈ ਮਾਮਲਾ

ਰਣਵੀਰ ਸਿੰਘ ਖ਼ਿਲਾਫ਼ ਮੁੰਬਈ ਪੁਲਿਸ ਵੱਲੋਂ ਸੈਕਸ਼ਨ 292, 293, 509 ਅਤੇ ਇਨਫਰਮੇਸ਼ਨ ਟੈਕਨਾਲੋਜੀ ਦੇ ਸੈਕਸ਼ਨ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਚੈਂਬੂਰ ਪੁਲੀਸ ਸਟੇਸ਼ਨ ਥਾਣੇ ਵਿਖੇ ਦਰਜ ਕੀਤਾ ਗਿਆ।

ਮੁੰਬਈ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਰਣਵੀਰ ਸਿੰਘ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਦਾ ਟੀਚਾ ਪੈਸੇ ਕਮਾਉਣਾ ਹੈ ਪਰ ਇਸ ਨਾਲ ਛੋਟੇ ਬੱਚਿਆਂ ਅਤੇ ਜਵਾਨ ਲੋਕਾਂ ਦੇ ਮਨਾਂ ਉਪਰ ਗ਼ਲਤ ਅਸਰ ਪੈ ਸਕਦਾ ਹੈ।

ਸੈਕਸ਼ਨ 292 ਅਸ਼ਲੀਲ ਕਿਤਾਬਾਂ ਦੀ ਵਿਕਰੀ, ਸੈਕਸ਼ਨ 293 ਅਸ਼ਲੀਲ ਚੀਜ਼ਾਂ ਰਾਹੀਂ ਜਵਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਬਾਰੇ, 509 ਕਿਸੇ ਇਸ਼ਾਰੇ, ਕੰਮ ਜਾਂ ਸ਼ਬਦਾਂ ਰਾਹੀਂ ਔਰਤਾਂ ਦੀ ਇੱਜ਼ਤ ਨੂੰ ਢਾਅ ਲਗਾਉਣ ਦੇ ਇਲਜ਼ਾਮਾਂ ਤਹਿਤ ਲਗਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਇਨਫਰਮੇਸ਼ਨ ਟੈਕਨਾਲੋਜੀ ਦਾ ਸੈਕਸ਼ਨ 67 ਇਲੈਕਟ੍ਰਾਨਿਕ ਤਰੀਕੇ ਨਾਲ ਅਸ਼ਲੀਲ ਚੀਜ਼ਾਂ ਨੂੰ ਫੈਲਾਉਣ ਦੇ ਇਲਜ਼ਾਮਾਂ ਨਾਲ ਸਬੰਧਿਤ ਹੈ।

ਭਾਰਤੀ ਦੰਡ ਸੰਹਿਤਾ ਦੇ ਸੈਕਸ਼ਨ 294 ਤਹਿਤ ਅਸ਼ਲੀਲਤਾ ਖ਼ਿਲਾਫ਼ ਸਜ਼ਾ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਤਿੰਨ ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)