ਨੀਰਜ ਚੋਪੜਾ : ਬੱਬੂ ਮਾਨ ਦੇ ਗੀਤਾਂ ਦੇ ਫੈਨ ਨੀਰਜ ਨੂੰ 'ਸਰਪੰਚ' ਕਿਉਂ ਕਹਿੰਦੇ ਹਨ

ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਇਸ ਮੁਕਾਬਲੇ ਵਿੱਚ ਗਰੇਨਾਡਾ ਦੇ ਐਂਡਰਸਨ ਪੀਟਰਸ 90.0 ਮੀਟਰ 'ਤੇ ਜੈਵੇਲਿਨ ਸੁੱਟ ਪਹਿਲੀ ਥਾਂ ਉੱਤੇ ਰਹੇ ਜਦਕਿ ਨੀਰਜ ਨੇ ਚੌਥੇ ਗੇੜ ਵਿੱਚ 88.13 ਮੀਟਰ ਦੂਰੀ 'ਤੇ ਜੈਵਲਿਨ ਸੁੱਟਿਆ।

ਇਸ ਤੋਂ ਪਹਿਲਾਂ ਤੀਜੇ ਦੌਰ 'ਚ ਉਨ੍ਹਾਂ ਨੇ 86.37 ਮੀਟਰ ਦੂਰ ਜੈਵਲਿਨ ਸੁੱਟਿਆ ਸੀ। ਦੂਜੇ ਦੌਰ ਵਿੱਚ ਉਨ੍ਹਾਂ ਨੇ 82.39 ਮੀਟਰ ਤੱਕ ਜੈਵਲਿਨ ਸੁੱਟਿਆ।

ਇਸ ਮੁਕਾਬਲੇ ਦਾ ਫਾਈਨਲ ਅੱਜ ਅਮਰੀਕਾ ਦੇ ਯੂਜੀਨ ਵਿੱਚ ਹੋਇਆ ਅਤੇ 6 ਰਾਊਂਡ ਤੋਂ ਬਾਅਦ ਭਾਰਤ ਦੇ ਨੀਰਜ ਚੋਪੜਾ ਦੂਜੇ ਸਥਾਨ 'ਤੇ ਰਹੇ ਹਨ।

ਵਿਸ਼ਵ ਅਥਲੈਟਿਕਸ ਮੁਕਾਬਲੇ ਵਿੱਚ ਨੀਰਜ ਚੋਪੜਾ ਦੇ ਜੈਵਲਿਨ ਥ੍ਰੋਅ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਨਾਲ 2003 ਤੋਂ ਬਾਅਦ ਟਰੈਕ ਐਂਡ ਫੀਲਡ ਮੁਕਾਬਲੇ ਵਿੱਚ ਇਹ ਭਾਰਤ ਨੂੰ ਮਿਲਿਆ ਪਹਿਲਾ ਤਮਗਾ ਹੈ।

ਨੀਰਜ ਚੌਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਵੀ ਜੈਲੇਲਿਨ ਥ੍ਰੋਅ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ।

ਉਦੋਂ ਉਹ ਭਾਰਤ ਲਈ ਨਿੱਜੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਅਥਲੀਟ ਬਣੇ ਸਨ।

ਹੁਣ ਉਨ੍ਹਾਂ 19 ਸਾਲ ਬਾਅਦ ਭਾਰਤ ਲਈ ਵਿਸ਼ਵ ਐਥਲੈਟਿਕਸ ਮੁਕਾਬਲੇ ਦੇ ਨਿੱਜੀ ਮੁਕਾਬਲੇ ਵਿੱਚ ਤਮਗਾ ਜਿੱਤਿਆ ਹੈ।

ਨੀਰਜ ਚੌਪੜਾ ਹਰਿਆਣਾ ਦੇ ਪਾਣੀਪਤ ਦਾ ਹੈ

ਨੀਰਜ ਪਾਣੀਪਤ ਦੇ ਪਾਣੀਪਤ ਤਹਿਸੀਲ ਦੇ ਪਿੰਡ ਖੰਡਰਾ ਦਾ ਜੰਮਪਲ ਹੈ। ਬਚਪਨ 'ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ।

ਜਦੋਂ ਨੀਰਜ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਸ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ।

ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਚਾਹ 'ਚ ਨੀਰਜ ਨੇ ਪਾਣੀਪਤ 'ਚ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ 'ਤੇ ਨੇਜ਼ਾ ਸੁੱਟਣ 'ਚ ਆਪਣੀ ਕਿਸਮਤ ਅਜ਼ਮਾਈ।

ਫਿਰ ਕੀ ਸੀ ਨੀਰਜ ਨੇ ਕਦੇ ਮੁੜ ਕੇ ਨਾ ਵੇਖਿਆ ਅਤੇ ਆਪਣੇ ਇਸ ਸਫ਼ਰ 'ਤੇ ਅੱਗੇ ਵਧਦਾ ਹੀ ਗਿਆ।

ਬਿਹਤਰ ਸਹੂਲਤਾਂ ਦੀ ਭਾਲ 'ਚ ਨੀਰਜ ਪੰਚਕੁਲਾ ਚਲਾ ਗਿਆ ਅਤੇ ਪਹਿਲੀ ਵਾਰ ਉਸ ਦਾ ਸਾਹਮਣਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ।

ਇੱਥੇ ਉਸ ਨੂੰ ਬਿਹਤਰ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ।

ਜਦੋਂ ਨੀਰਜ ਨੇ ਰਾਸ਼ਟਰੀ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੇ ਹੱਥ ਘਟੀਆ ਗੁਣਵੱਤਾ ਵਾਲੇ ਨੇਜ਼ੇ ਦੀ ਥਾਂ 'ਤੇ ਵਧੀਆ ਕਿਸਮ ਦਾ ਨੇਜ਼ਾ ਆ ਗਿਆ। ਹੁਣ ਹੌਲੀ-ਹੌਲੀ ਨੀਰਜ ਦੀ ਖੇਡ 'ਚ ਵੀ ਬਦਲਾਅ ਅਤੇ ਸੁਧਾਰ ਹੋ ਰਿਹਾ ਸੀ।

ਸਾਲ 2016 'ਚ ਜਦੋਂ ਭਾਰਤ ਪੀਵੀ ਸਿੰਧੂ ਅਤੇ ਸਾਕਸ਼ੀ ਮਲਿਕ ਦੇ ਤਗਮਿਆਂ ਦਾ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਅਥਲੈਟਿਕਸ ਦੀ ਦੁਨੀਆ 'ਚ ਕਿਤੇ ਹੋਰ ਇੱਕ ਨਵਾਂ ਸਿਤਾਰਾ ਉਭਰ ਰਿਹਾ ਸੀ।

ਇਸੇ ਸਾਲ ਹੀ ਨੀਰਜ ਨੇ ਪੋਲੈਂਡ 'ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਿਆ ਸੀ।

ਜਲਦੀ ਹੀ ਇਹ ਨੌਜਵਾਨ ਖਿਡਾਰੀ ਕੌਮਾਂਤਰੀ ਪੱਧਰ 'ਤੇ ਆਪਣੀ ਪਛਾਣ ਕਾਇਮ ਕਰਨ ਲਗਿਆ।

ਨੀਰਜ ਨੇ ਗੋਲਡ ਕੋਸਟ 'ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ।

ਬਾਅਦ 'ਚ ਸਾਲ 2018 'ਚ ਏਸ਼ੀਆਈ ਖੇਡਾਂ 'ਚ 88.07 ਮੀਟਰ ਨੇਜ਼ਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਨਾਲ ਹੀ ਸੋਨ ਤਮਗਾ ਵੀ ਜਿੱਤਿਆ ਸੀ।

ਪਰ 2019 ਦਾ ਸਾਲ ਨੀਰਜ ਲਈ ਕਈ ਔਕੜਾਂ ਭਰਪੂਰ ਰਿਹਾ। ਮੋਢੇ ਦੀ ਸੱਟ ਦੇ ਕਾਰਨ ਉਹ ਖੇਡਣ 'ਚ ਅਸਮਰੱਥ ਰਹੇ ਅਤੇ ਸਰਜਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਮੈਦਾਨ 'ਚ ਨਾ ਉਤਰ ਸਕੇ।

ਫਿਰ 2020 'ਚ ਕੋਵਿਡ-19 ਦੇ ਕਾਰਨ ਅੰਤਰਰਾਸ਼ਟਰੀ ਮੁਕਾਬਲੇ ਨਹੀਂ ਹੋ ਸਕੇ।

ਇਹ ਵੀ ਪੜ੍ਹੋ:-

ਬਾਸਕਟਬਾਲ ਖੇਡਦਿਆਂ ਟੁੱਟਿਆ ਗੁੱਟ

ਹਾਂਲਾਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੱਟ ਲੱਗਣ ਕਰਕੇ ਨੀਰਜ ਨੂੰ ਇੰਨ੍ਹੀ ਮੁਸ਼ਕਲ ਹੋਈ ਹੋਵੇ।

ਸਾਲ 2012 'ਚ ਬਾਸਕਟਬਾਲ ਖੇਡਦਿਆਂ ਉਸ ਦਾ ਗੁੱਟ ਟੁੱਟ ਗਿਆ ਸੀ। ਇਹ ਉਹੀ ਗੁੱਟ ਸੀ ਜਿਸ ਨਾਲ ਕਿ ਉਹ ਨੇਜ਼ਾ ਸੁੱਟਦਾ ਸੀ।

ਉਸ ਸਮੇਂ ਨੀਰਜ ਨੇ ਕਿਹਾ ਸੀ ਕਿ ਇੱਕ ਵਾਰ ਤਾਂ ਉਸ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਮੁੜ ਭਾਲਾ ਨਹੀਂ ਫੜ੍ਹ ਸਕੇਗਾ।

ਪਰ ਆਪਣੀ ਮਿਹਨਤ ਅਤੇ ਉਸ ਦੀ ਟੀਮ ਦੇ ਯਤਨਾਂ ਸਦਕਾ ਨੀਰਜ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ ਹੈ।

ਅੱਜ ਭਾਵੇਂ ਨੀਰਜ ਕੋਲ ਵਿਦੇਸ਼ੀ ਕੋਚ ਹੈ, ਬਾਇਓਮੈਕੇਨਿਕਲ ਐਗਜ਼ਰਸ਼ਨ ਹੈ, ਪਰ 2015 ਦੇ ਆਲੇ-ਦੁਆਲੇ ਨੀਰਜ ਨੇ ਆਪਣੇ ਆਪ ਨੂੰ ਖ਼ੁਦ ਹੀ ਸਿਖਲਾਈ ਦਿੱਤੀ ਸੀ ਜਿਸ 'ਚ ਜ਼ਖ਼ਮੀ ਹੋਣ ਦਾ ਖ਼ਤਰਾ ਵਧੇਰੇ ਬਣਿਆ ਰਹਿੰਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਵਧੀਆ ਕੋਚ ਅਤੇ ਹੋਰ ਸਹੂਲਤਾਂ ਮਿਲਣ ਲੱਗੀਆਂ ਸਨ।

ਨੀਰਜ ਰੀਓ ਓਲੰਪਿਕ 'ਚ ਭਾਗ ਲੈਣ ਤੋਂ ਖੁੰਝ ਗਿਆ ਸੀ ਕਿਉਂਕਿ ਜਦੋਂ ਤੱਕ ਉਸ ਨੇ ਕੁਆਲੀਫਿਕੇਸ਼ਨ ਨਿਸ਼ਾਨ ਵਾਲਾ ਥ੍ਰੋ ਸੁੱਟਿਆ ਸੀ, ਉਸ ਸਮੇਂ ਤੱਕ ਕੁਆਲੀਫਾਈ ਕਰਨ ਦੀ ਆਖ਼ਰੀ ਤਾਰੀਖ ਨਿਕਲ ਚੁੱਕੀ ਸੀ।

ਨੀਰਜ ਲਈ ਇਹ ਦਿਲ ਤੋੜਨ ਵਾਲਾ ਅਨੁਭਵ ਸੀ ਪਰ ਟੋਕਿਓ ਓਲੰਪਿਕ 'ਚ ਨੀਰਜ ਨੇ ਅਜਿਹਾ ਨਹੀਂ ਹੋਣ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੱਬੂ ਮਾਨ ਦੇ ਗਾਣਿਆਂ ਦੇ ਸ਼ੌਕੀਨ

ਜੈਵਲਿਨ ਤਾਂ ਨੀਰਜ ਦਾ ਜਾਨੂੰਨ ਹੈ, ਪਰ ਬਾਈਕ ਚਲਾਉਣਾ ਉਸ ਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਉਸ ਨੂੰ ਹਰਿਆਣਵੀ ਰਾਗਨੀਆਂ ਦਾ ਵੀ ਬਹੁਤ ਸ਼ੌਕ ਹੈ।

ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਸ ਦੀ ਪਲੇਅ ਲਿਸਟ 'ਚ ਰਹਿੰਦੇ ਹਨ।

ਨੀਰਜ ਜੋ ਕਿ ਪਹਿਲਾਂ ਸ਼ਾਕਾਹਾਰੀ ਸੀ, ਪਰ ਹੁਣ ਆਪਣੀ ਖੇਡ ਕਾਰਨ ਮਾਸਾਹਾਰੀ ਖਾਣਾ ਵੀ ਖਾਣ ਲੱਗ ਪਿਆ ਹੈ।

ਜੇਕਰ ਹੁਣ ਖਾਣ-ਪੀਣ ਦੀ ਗੱਲ ਚੱਲੀ ਹੈ ਤਾਂ ਖਿਡਾਰੀਆਂ ਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ, ਪਰ ਨੀਰਜ ਗੋਲ ਗੱਪੇ ਨੂੰ ਆਪਣਾ ਮਨਪਸੰਦ ਜੰਕ ਫੂਡ ਮੰਨਦਾ ਹੈ।

ਉਸ ਦੇ ਲੰਮੇ ਵਾਲਾਂ ਦੇ ਕਾਰਨ, ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ ਮੋਗਲੀ ਦੇ ਨਾਂਅ ਨਾਲ ਵੀ ਜਾਣਦੇ ਹਨ… ਸ਼ਾਇਦ ਲੰਮੇ ਵਾਲਾਂ ਦੇ ਨਾਲ-ਨਾਲ ਫੁਰਤੀਲੇ ਅਤੇ ਚੁਸਤ ਹੋਣ ਦੇ ਕਾਰਨ ਵੀ।

ਇਹੀ ਚੁਸਤੀ ਨੀਰਜ ਨੂੰ ਓਲੰਪਿਕ ਤੱਕ ਲੈ ਕੇ ਆਈ ਹੈ। ਨੀਰਜ ਅਜੇ 23 ਸਾਲ ਦੇ ਹਨ ਅਤੇ ਹੁਣ ਉਸ ਦੀ ਨਜ਼ਰ 2024 ਦੇ ਪੈਰਿਸ ਓਲੰਪਿਕ 'ਤੇ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)