ਭਾਰਤ-ਪਾਕਿਸਤਾਨ ਵੰਡ ਦੇ ਸੰਤਾਪ ਦੀ ਕਹਾਣੀ ਬਿਆਨ ਕਰਦਾ ਅਮਰੀਕੀ ਡਰਾਮਾ 'ਮਿਸ ਮਾਰਵਲ'

    • ਲੇਖਕ, ਜ਼ੋਇਆ ਮਾਤੀਨ ਅਤੇ ਮੇਰਿਲ ਸੇਬੇਸਟੀਅਨ
    • ਰੋਲ, ਬੀਬੀਸੀ ਨਿਊਜ਼

"ਮੇਰਾ ਪਾਸਪੋਰਟ ਪਾਕਿਸਤਾਨੀ ਹੈ ਪਰ ਮੇਰੀਆਂ ਜੜ੍ਹਾਂ ਭਾਰਤੀ ਹਨ ਅਤੇ ਵਿਚਕਾਰ ਖੂਨ ਅਤੇ ਦੁੱਖਾਂ ਨਾਲ ਬਣਾਈ ਸਰਹੱਦ ਹੈ।"

ਅਮਰੀਕੀ ਟੀਵੀ ਡਰਾਮਿਆਂ ਵਿੱਚ ਅਜਿਹਾ ਅਕਸਰ ਨਹੀਂ ਹੁੰਦਾ ਜਦੋਂ ਕੋਈ ਅੱਲੜ੍ਹ ਕਿਰਦਾਰ ਆਪਣੇ ਭਾਰਤੀ ਅਤੇ ਪਾਕਿਸਤਾਨੀ ਵਿਰਸੇ ਬਾਰੇ ਗੱਲ ਕਰਦਾ ਹੋਵੇ।

ਹਾਲਾਂਕਿ, ਇਸ ਵਾਰ ਮਿਸ ਮਾਰਵਲ ਦੀ ਮੁਸਲਮਾਨ ਮੁੱਖ ਪਾਤਰ ਅੱਲੜ੍ਹ ਸੂਪਰਹੀਰੋ ਇਸ ਦੀ ਇਹ ਰੀਤ ਬਦਲਣ ਜਾ ਰਹੀ ਹੈ।

ਸ਼ੋਅ ਦੀ ਨਾਇਕਾ ਕਮਾਲਾ ਖ਼ਾਨ ਦੀ ਦਾਦੀ ਸਨ੍ਹਾ ਵੱਲੋਂ ਕਹੇ ਇਹ ਬੋਲ ਸਾਲ 1947 ਵਿੱਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਵੱਲ ਇਸ਼ਾਰਾ ਕਰਦੇ ਹਨ।

ਮਨੋਰੰਜਨ ਜਗਤ ਦੇ ਆਲੋਚਕ ਅੱਠ ਕੜੀਆਂ ਦੇ ਸ਼ੋਅ ਵਿੱਚ ਇਸ ਸੰਵੇਦਨਸ਼ੀਲ ਮੁੱਦੇ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਚੁੱਕਣ ਲਈ ਵਡਿਆ ਰਹੇ ਹਨ।

ਵੰਡ ਤੋਂ ਬਾਅਦ ਹੋਇਆ ਲੋਕਾਂ ਦਾ ਪਰਵਾਸ ਦੁਨੀਆਂ ਦਾ ਸਭ ਤੋਂ ਵੱਡਾ ਪਰਵਾਸ ਸੀ। ਇਸ ਤੋਂ ਬਾਅਦ ਲਗਭਗ 1.2 ਕਰੋੜ ਲੋਕ ਰਫਿਊਜੀ ਬਣ ਗਏ ਜਦਕਿ ਲਗਭਗ ਪੰਜ ਲੱਖ ਤੋਂ ਦਸ ਲੱਖ ਲੋਕ ਫਿਰਕੂ ਹਿੰਸਾ ਵਿੱਚ ਮਾਰੇ ਗਏ ਸਨ।

ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਫਿਲਮ ਸਨਅਤਾਂ ਨੇ ਇਸ ਵੰਡ ਤੋਂ ਬਾਅਦ ਪੈਦਾ ਹੋਏ ਸੰਤਾਪ ਨੂੰ ਅਣਗਿਣਤ ਫਿਲਮਾਂ ਵਿੱਚ ਪੇਸ਼ ਕੀਤਾ ਹੈ।

ਹਾਲਾਂਕਿ, ਮਾਰਵਲ ਨੇ ਇਸ ਨੂੰ ਮੌਜੂਦਾ ਅਤੇ ਬਹੁ-ਪੀੜ੍ਹੀ ਵਰਤਾਰੇ ਵਜੋਂ ਪੇਸ਼ ਕੀਤਾ ਹੈ।

ਇਸ ਸ਼ੋਅ ਵਿੱਚ ਲੇਖਕ ਆਂਚਲ ਮਲਹੋਤਰਾ ਵੱਲੋਂ ਆਪਣੀਆਂ ਕਿਤਾਬਾਂ ਵਿੱਚ ਕਲਮਬੱਧ ਕੀਤੇ ਗਏ ਮੌਖਿਕ ਇਤਿਹਾਸ ਨੂੰ ਇੱਕ ਤਰਕਸੰਗਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਉਹ ਕਹਿੰਦੇ ਹਨ, "ਇਹ ਕੁਝ ਅਜਿਹਾ ਹੈ ਜੋ, ਅਰਥ ਭਰਭੂਰ ਹੈ, ਭਾਵੁਕ ਅਤੇ ਇੱਕਰਸ ਅਤੇ ਸਟੀਕ ਹੈ।"

ਇਹ ਵੀ ਪੜ੍ਹੋ-

ਇਤਿਹਾਸ ਦੀਆਂ ਉਨ੍ਹਾਂ ਫਾਲਟਲਾਈਨਜ਼ ਨੂੰ ਚੁੱਕਣਾ ਚੰਗਾ ਹੈ ਜੋ ਵਰਤਮਾਨ ਉੱਪਰ ਵੀ ਅਸਰ ਰੱਖਦੀਆਂ ਹਨ।

ਮਿਸ ਮਾਰਵਲਸ ਇੱਕ ਅੱਲੜ੍ਹ ਕਮਾਲਾ ਖ਼ਾਨ ਦੀ ਕਹਾਣੀ ਪੇਸ਼ ਕਰਦਾ ਹੈ ਜੋ ਆਪਣੀਆਂ ਜੜ੍ਹਾਂ ਦੀ ਭਾਲ ਕਰ ਰਹੀ ਹੈ।

'ਰਹੱਸਮਈ ਚੂੜੀ'

ਸ਼ੋਅ ਵਿੱਚ ਮਿਸ ਮਾਰਵਲਸ ਦਾ ਕਿਰਦਾਰ ਅਦਾਕਾਰਾ ਇਮਾਨ ਵਿਲਾਨੀ ਨੇ ਨਿਭਾਇਆ ਹੈ, ਜੋ ਕਿ ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਹਨ ਅਤੇ ਇੱਕ ਸੁਪਰਹੀਰੋ ਬਣ ਜਾਂਦੇ ਹਨ।

ਪਹਿਲਾਂ ਇਹ ਕਿਰਦਾਰ ਸਾਲ 2014 ਵਿੱਚ ਇੱਕ ਕੌਮਿਕ ਕਿਤਾਬ ਵਿੱਚ ਆਇਆ ਸੀ। ਉਸ ਵਿੱਚ ਕਮਾਲਾ ਨੂੰ ਆਪਣੀਆਂ ਪਰਾਭੌਤਿਕ ਸ਼ਕਤੀਆਂ ਇੱਕ ਗੁਪਤ ਏਲੀਅਨ ਜੀਨ ਕਾਰਨ ਇੱਕ ਗੈਸ ਕਾਰਨ ਮਿਲਦੀਆਂ ਹਨ।

ਜਦਕਿ ਇਸ ਵਾਰ ਇਹ ਸ਼ਕਤੀਆਂ ਉਸ ਨੂੰ ਆਪਣੀ ਪੜਨਾਨੀ ਦੇ ਰਹੱਸਮਈ ਚੂੜੀ ਤੋਂ ਮਿਲਦੀਆਂ ਹਨ। ਇਹ ਚੂੜੀ, ਸਾਲ 1947 ਦੀ ਵੰਡ ਦੌਰਾਨ ਗੁਆਚ ਗਿਆ ਸੀ।

ਮਲਹੋਤਰਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸ਼ੋਅ ਦੇ ਨਿਰਮਾਤਿਆਂ ਨੇ ਪਰਿਵਾਰਕ ਵਿਰਾਸਤੀ ਵਸਤੂ ਨੂੰ ਗੈਬੀ ਸ਼ਕਤੀਆਂ ਦੇ ਵਾਹਕ ਵਜੋਂ ਚੁਣਿਆ ਹੈ।

ਲੋਕ ਵਿਰਾਸਤੀ ਚੀਜ਼ਾਂ ਨੂੰ ਭਾਰਤ ਤੇ ਪਾਕਿਸਤਾਨ ਲੈ ਕੇ ਗਏ ਸਨ ਅਤੇ ਸ਼ੋਅ ਵਿੱਚ ਇਸ ਨੂੰ ਦਿਖਾਇਆ ਜਾਣਾ ਉਸੇ ਦੀ ਪੇਸ਼ਕਾਰੀ ਹੈ।

ਉਹ ਕਹਿੰਦੇ ਹਨ, "ਨੌਜਵਾਨ ਪੀੜ੍ਹੀਆਂ ਨੂੰ 1947 ਦੀਆਂ ਦੁੱਖਦਾਈ ਘਟਨਾਵਾ ਬਾਰੇ ਕੁਝ ਪਤਾ ਨਹੀਂ ਹੈ। ਕੋਈ ਵਸਤੂ ਅਤੀਤ ਵਿੱਚ ਦਾਖ਼ਲ ਹੋਣ ਦਾ ਸ਼ੁਰੂਆਤੀ ਬਿੰਦੂ ਹੋ ਸਕਦੀ ਹੈ। ਕਮਾਲਾ ਦੇ ਨਾਲ ਵੀ ਅਜਿਹਾ ਹੀ ਕੁਝ ਹੁੰਦਾ ਹੈ।''

ਸ਼ੋਅ ਵਿੱਚ ਵੰਡ ਨੂੰ ਇਸ ਤਰ੍ਹਾਂ ਨਹੀਂ ਦਿਖਾਇਆ ਗਿਆ ਹੈ ਜਿਸ ਦਾ ਵਰਤਮਾਨ ਨਾਲ ਕੋਈ ਸੰਬੰਧ ਨਾ ਹੋਵੇ ਅਤੇ ਉਹ ਸਿਰਫ਼ ਇੱਕ ਪਿਛੋਕੜ ਵਿੱਚ ਵਾਪਰਨ ਵਾਲਾ ਘਟਨਾਕ੍ਰਮ ਹੋਵੇ ਸਗੋਂ ਇਸ ਸ਼ੋਅ ਦੀ ਨਾਇਕਾ ਨੂੰ ਮਿਲੀਆਂ ਗੈਬੀ-ਸ਼ਕਤੀਆਂ ਅਤੇ ਆਪਣੇ ਵਰਤਮਾਨ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ।

ਇਹ ਗੱਲ ਪੰਜਵੀਂ ਕੜੀ ਤੋਂ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ। ਲੜੀਵਾਰ ਦੀ ਪਛਾਣ (ਸਿਗਨੇਚਰ ਟਿਊਨ) ਦੀ ਥਾਂ ਤੇ 'ਤੂੰ ਮੇਰਾ ਚੰਦ' ਦੀ ਧੁਨ ਵਜਾਈ ਜਾਂਦੀ ਹੈ।

ਇਹ ਗੀਤ 1950 ਦੀ ਇੱਕ ਫਿਲਮ ਵਿੱਚ ਸੁਰੱਈਆ ਅਤੇ ਸ਼ਿਆਮ ਨੇ ਗਾਇਆ ਸੀ ਜੋ ਕਿ ਪੱਛਮੀ ਪੰਜਾਬ ਨਾਲ ਹੀ ਸੰਬੰਧਿਤ ਸਨ।

ਫਿਰ ਕੁਝ ਦ੍ਰਿਸ਼ ਚਲਾਏ ਜਾਂਦੇ ਹਨ ਜਿਨ੍ਹਾਂ ਵਿੱਚ ਉਸ ਦੌਰਾਨ ਹੋਈ ਫਿਰਕੂ ਹਿੰਸਾ ਦੇ ਦ੍ਰਿਸ਼ਾਂ ਦੇ ਵਿਚਕਾਰ ਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨ੍ਹਾ ਦੇਖੇ ਜਾ ਸਕਦੇ ਹਨ।

ਇੱਕ ਪਿਛਲਝਾਤ ਰਾਹੀਂ ਦਰਸ਼ਕਾਂ ਨੂੰ ਕਮਾਲਾ ਦੀ ਪੜਨਾਨੀ ਆਇਸ਼ਾ ਅਤੇ ਉਨ੍ਹਾਂ ਦੇ ਪਤੀ ਹਸਨ ਨਾਲ ਜਾਣੂ ਕਰਵਾਇਆ ਜਾਂਦਾ ਹੈ। ਇਸ ਨਾਲ ਇੱਕ ਵੱਡੇ ਰਹੱਸ ਦੇ ਉਜਾਗਰ ਹੋਣ ਲਈ ਮੰਚ ਤਿਆਰ ਕੀਤਾ ਜਾਂਦਾ ਹੈ।

ਵੰਡ ਵੇਲੇ ਦਾ ਦ੍ਰਿਸ਼

ਸਾਨੂੰ ਪਤਾ ਲਗਦਾ ਹੈ ਕਿ ਕਮਾਲਾ ਦੇ ਨਾਨਕੇ ਪਰਿਵਾਰ ਨੇ ਵੀ 1947 ਵਿੱਚ ਪਾਕਿਸਤਾਨ ਜਾਣ ਲਈ ਸਰਹੱਦ ਪਾਰ ਕੀਤੀ ਸੀ।

ਆਇਸ਼ਾ ਅਤੇ ਹਸਨ ਕਰਾਚੀ ਲਈ ਆਖ਼ਰੀ ਰੇਲ ਫੜਨ ਦੀ ਕੋਸ਼ਿਸ਼ ਵਿੱਚ ਇੱਕ-ਦੂਜੇ ਤੋਂ ਵਿਛੜ ਜਾਂਦੇ ਹਨ। ਸਨ੍ਹਾ ਜੋ ਕਿ ਉਸ ਸਮੇਂ ਨਿੱਕੀ ਬੱਚੀ ਸੀ ਚਮਤਕਾਰੀ ਢੰਗ ਨਾਲ ਆਪਣੇ ਪਿਤਾ ਨੂੰ ਵਾਪਸ ਮਿਲ ਜਾਂਦੀ ਹੈ।

ਸ਼ੋਅ ਦੇ ਵੰਡ ਨਾਲ ਜੁੜੇ ਹਿੱਸੇ ਨੂੰ ਸ਼ਰਮੀਨ ਚਿਨੋਏ ਨੇ ਡਾਇਰੈਕਟ ਕੀਤਾ ਹੈ। ਉਹ ਕਮਾਲਾ ਨੂੰ ਉਨ੍ਹਾਂ ਦਰਦਨਾਕ ਪਲਾਂ ਵਿੱਚ ਪਹੁੰਚਾਉਂਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਇਤਿਹਾਸ ਨੂੰ ਬਦਲ ਦਿੱਤਾ ਸੀ।

ਇੱਕ ਅੱਲੜ੍ਹ ਦੀਆਂ ਅੱਖਾਂ ਰਾਹੀਂ ਰੇਲਵੇ ਸਟੇਸ਼ਨ ਉੱਪਰ ਲੋਕਾਂ ਦਾ ਆਇਆ ਹੜ੍ਹ ਦਿਖਾਇਆ ਜਾਂਦਾ ਹੈ। ਕੁਝ ਲੋਕ ਤੁੰਨ ਕੇ ਭਰੇ ਰੇਲ ਦੇ ਡੱਬਿਆਂ ਵਿੱਚ ਥਾਂ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਲੋਕ ਆਪਣੇ ਪਿਆਰਿਆਂ ਨੂੰ ਹੰਝੂਆਂ ਨਾਲ ਭਰੀ ਵਿਦਾਈ ਦੇ ਰਹੇ ਹਨ।

ਇਸ ਦੌਰਾਨ ਜੋ ਸੰਵਾਦ ਕੰਨੀਂ ਪੈਂਦੇ ਹਨ ਉਹ ਭਾਰਤ ਅਤੇ ਪਾਕਿਸਤਾਨ ਵਿੱਚ ਰਿਕਾਰਡਰ ਰੂਪ ਵਿੱਚ ਮੌਜੂਦ ਸੁਤੰਤਰ ਆਰਕਾਈਵਜ਼ ਵਿੱਚ ਪਏ ਮੌਖਿਕ ਇਤਿਹਾਸ ਵਿੱਚੋਂ ਲਏ ਗਏ ਹਨ।

ਓਬੈਦ ਚਿਨੌਏ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉਸ ਮੌਕੇ ਦਾ ਗੁੱਸਾ ਅਤੇ ਦਰਦ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।

"ਮੈਂ ਅਜਿਹੀਆਂ ਤਸਵੀਰਾਂ ਦੀ ਤਲਾਸ਼ ਵਿੱਚ ਸੀ ਜੋ ਉਸ ਦਰਦ, ਡਰ ਅਤੇ ਲੋਕਾਂ ਵੱਲੋਂ ਆਪਣੇ ਘਰ ਛੱਡਣ ਵੇਲੇ ਮਹਿਸੂਸ ਕੀਤੇ ਗਏ ਤਣਾਅ ਨੂੰ ਪੇਸ਼ ਕਰਦੀਆਂ ਹੋਣ।"

"ਮੈਂ ਲੋਕਾਂ ਨੂੰ ਸਿੱਧਾ ਉਸ ਸਮੇਂ ਵਿੱਚ ਲਿਜਾਉਣਾ ਚਾਹੁੰਦੀ ਸੀ। ਲੋਕ ਆਪਣੇ ਨਾਲ ਕੀ ਲਿਜਾ ਰਹੇ ਸਨ। ਉਨ੍ਹਾਂ ਦੇ ਹਾਵਭਾਵ ਕੀ ਸਨ। ਉਨ੍ਹਾਂ ਦੇ ਚਿਹਰੇ ਕਿਹੋ-ਜਿਹੇ ਲੱਗ ਰਹੇ ਸਨ।"

ਇਸ ਦਾ ਨਤੀਜਾ ਦਰਸ਼ਕਾਂ ਨੂੰ ਕਮਾਲਾ ਦੇ ਨਾਲ ਇੱਕ ਅਜਿਹੇ ਦ੍ਰਿਸ਼ ਦੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ, ਜਿੱਥੇ ਕਮਾਲਾ ਵੀ ਹੋਰ ਲੋਕਾਂ ਨਾਲ ਬੇਉਮੀਦ ਲੋਕਾਂ ਦੀ ਭੀੜ ਵਿੱਚੋਂ ਲੰਘਣ ਦਾ ਯਤਨ ਕਰ ਰਹੀ ਹੈ।

ਨਿਰਦੇਸ਼ਕਾ ਦਾ ਕਹਿਣਾ ਹੈ ਕਿ ਜਦੋਂ ਕਮਾਲਾ ਪਹਿਲੀ ਵਾਰ ਵੰਡ ਵਾਲੇ ਦ੍ਰਿਸ਼ ਵਿੱਚ ਪਹੁੰਚਦੀ ਹੈ ਤਾਂ ਉਸ ਕੋਲ ਕੋਈ ਗੈਬੀ-ਸ਼ਕਤੀਆਂ ਨਹੀਂ ਹਨ ਸਗੋਂ ਉਹ ਸਧਾਰਨ ਕਮਾਲਾ ਖ਼ਾਨ ਹੈ।

ਮਿਸ ਮਾਰਵਲ ਵਿੱਚ ਵੰਡ ਕੋਈ ਅਤੀਤ ਦਾ ਖੰਡਰ ਨਹੀਂ ਹੈ ਸਗੋਂ ਪੀੜ੍ਹੀ ਦਰ ਪੀੜ੍ਹੀ ਤੁਰ ਰਹੀ ਕਸੌਟੀ ਹੈ। ਕਮਾਲਾ ਆਪਣੇ ਆਪ ਵਿੱਚ ਆਪਣੀ ਨਾਨੀ ਦੇ ਦਰਦ ਨੂੰ ਨਹੀਂ ਸਮਝ ਸਕਦੀ ਪਰ ਜੋ ਕੁਝ ਉਹ ਰੇਲਵੇ ਸਟੇਸ਼ਨ ਉੱਪਰ ਦੇਖਦੀ ਹੈ ਉਸ ਤੋਂ ਉਸ ਨੂੰ ਆਪਣੀ ਪਛਾਣ ਦੀ ਵੀ ਸਮਝ ਆਉਂਦੀ ਹੈ।

ਭਾਵੇਂ ਕਿ ਸਮੁੱਚੇ ਸ਼ੋਅ ਵਿੱਚ ਹੀ ਗੈਬੀ-ਤੱਤ ਛਾਏ ਹੋਏ ਹਨ ਪਰ ਇਸ ਵਿੱਚ ਕੁਝ ਮਾਨਵੀ ਅਤੇ ਨਿੱਜੀ ਥੀਮ ਵੀ ਹਨ।

ਕਮਾਲਾ ਵਾਂਗ ਦੱਖਣ ਏਸ਼ੀਆਈ ਮੂਲ ਦੇ ਕਈ ਬੱਚੇ ਆਪਣੇ ਮਾਪਿਆਂ ਅਤੇ ਵਡੇਰਿਆਂ ਤੋਂ ਵੰਡ ਦੀਆਂ ਕਹਾਣੀਆਂ ਸੁਣਦੇ ਵੱਡੇ ਹੋਏ ਹਨ।

ਉਨ੍ਹਾਂ ਨੇ ਸੁਣਿਆ ਹੈ ਕਿ ਕਿਵੇਂ ਵੰਡ ਤੋਂ ਬਾਅਦ ਭੜਕੇ ਫਿਰਕੂ ਭਾਂਬੜ ਤੋਂ ਪਹਿਲਾਂ ਉਹ ਆਪਣੇ ਗੁਆਂਢੀਆਂ ਨਾਲ ਪਰਿਵਾਰਾਂ ਵਾਂਗ ਰਹਿੰਦੇ ਸਨ।

ਮਲਹੋਤਰਾ ਦੱਸਦੇ ਹਨ ਕਿ ਵੰਡ ਨੂੰ ਪਿੰਡੇ ਉੱਪਰ ਹੰਢਾਉਣ ਵਾਲੇ ਬਹੁਤ ਸਾਰੇ ਲੋਕ ਅਜੇ ਵੀ ਉਸ ਸਦਮੇ ਨੂੰ ਝੱਲ ਰਹੇ ਹਨ। ਇਹ ਦਰਦ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੰਚਾਰ ਕਰਦਾ ਪਹੁੰਚਿਆ ਹੈ।

ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਕਮਾਲਾ ਨੂੰ ਇਸ ਸਭ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਉਹ ਕੀ ਮਹਿਸੂਸ ਕਰ ਰਹੀ ਹੋਵੇਗੀ।

ਕਮਾਲਾ ਤੋਂ ਇਲਾਵਾ ਸ਼ੋਅ ਦੇ ਹੋਰ ਪਾਤਰ ਵੀ ਇਸ ਦੁਨੀਆਂ ਵਿੱਚ ਆਪਣੀ ਥਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਸਨ੍ਹਾ ਲਈ ਵੰਡ ਅਜਿਹੀ ਘਟਨਾ ਸੀ ਜਿਸ ਲਈ ਕਦੇ ਤਿਆਰੀ ਨਹੀਂ ਕੀਤੀ ਜਾ ਸਕਦੀ ਸੀ। ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ਬੀਤ ਜਾਂਦੀ ਹੈ ਉਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਸਵੀਕਾਰ ਕਰਦਿਆਂ।

ਮਲਹੋਤਰਾ ਦੱਸਦੇ ਹਨ ਕਿ ਕਿਵੇਂ ਕਮਾਲਾ ਦਾ ਆਪਣੀ ਨਾਨੀ ਨਾਲ ਵੰਡ ਨਾਲ ਜੁੜੇ ਪੀੜ੍ਹੀਆਂ ਦੇ ਦਰਦ ਨੂੰ ਸਮਝਣ ਵਿੱਚ ਸੰਵਾਦ ਸਾਡੀ ਮਦਦ ਕਰਦਾ ਹੈ।

ਕਮਾਲਾ ਦੀ ਨਾਨੀ ਇਸ ਸਭ ਨੂੰ ਮਹਿਸੂਸ ਕਰ ਸਕਦੀ ਹੈ ਪਰ ਕਹਿੰਦੀ ਕੁਝ ਨਹੀਂ। ਤੁਸੀਂ ਸਮਝਦੇ ਹੋ ਕਿ ਇਤਿਹਾਸ ਇਸ ਤੋਂ ਡੂੰਘਾ ਹੈ ਪਰ ਉਹ ਸਮਝਦੀ ਹੈ ਕਿ ਕਮਾਲਾ ਨੂੰ ਇਹ ਸਭ ਆਪਣੇ-ਆਪ ਪਤਾ ਕਰਨਾ ਪਵੇਗਾ।

ਕਮਾਲਾ ਦੀ ਮਾਂ ਮੁਬੀਨਾ ਆਪਣੇ ਅਤੀਤ ਤੋਂ ਭੱਜਣ ਲਈ ਪਾਕਿਸਤਾਨ ਛੱਡ ਕੇ ਜਾਣ ਦਾ ਫ਼ੈਸਲਾ ਕਰਦੀ ਹੈ। ਉਨ੍ਹਾਂ ਨੂੰ ਵੀ ਵੰਡ ਦਾ ਸਦਮਾ ਆਪਣੀ ਮਾਂ ਵਾਂਗ ਦਬੋਚ ਲੈਂਦਾ ਹੈ।

ਹਾਲਾਂਕਿ, ਅਮਰੀਕਾ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਉਨ੍ਹਾਂ ਹੀ ਕਦਰਾਂ ਕੀਮਤਾਂ ਨਾਲ ਜਿਉਣਾ ਪਵੇਗਾ, ਜਿਨ੍ਹਾਂ ਨਾਲ ਉਹ ਵੱਡੀ ਹੋਈ ਸੀ।

ਕਈ ਸਾਲਾਂ ਬਾਅਦ ਕਰਾਚੀ ਵਾਪਸ ਆ ਕੇ ਉਸ ਨੂੰ ਇੰਝ ਮਾਲੂਮ ਹੁੰਦਾ ਹੈ ਜਿਵੇਂ ਉਹ ਅਰਸੇ ਬਾਅਦ ਆਪਣੇ ਘਰ ਵਾਪਸ ਆਏ ਹੋਣ।

ਆਪਣੀ ਮਾਂ ਵਾਂਗ ਕਮਾਲਾ ਸੱਚਾਈ ਅਤੇ ਅਤੀਤ ਤੋਂ ਭੱਜਦੀ ਨਹੀਂ ਹੈ। ਹਾਂ, ਉਹ ਆਪਣੇ ਪਰਿਵਾਰਕ ਕਾਨੂੰਨਾਂ ਤੋਂ ਅਜ਼ਾਦੀ ਹਾਸਲ ਕਰਨ ਲਈ ਸੰਘਰਸ਼ ਕਰਦੇ ਹਨ।

ਇਹ ਇੱਕ ਦੱਖਣ ਏਸ਼ੀਆਈ ਮੂਲ ਦੇ ਪਰਿਵਾਰ ਜੋ ਕਿ ਅਮਰੀਕਾ ਵਿੱਚ ਰਹਿ ਰਿਹਾ ਹੈ ਪਰ ਅਮਰੀਕੀ ਸਮਾਜ ਅਤੇ ਆਪਣੀਆਂ ਰਵਾਇਤੀ ਕਦਰਾਂ ਕੀਮਤਾਂ ਵਿਚਕਾਰ ਆਪਣੀ ਹੋਂਦ ਭਾਲ ਰਿਹਾ ਹੈ।

ਅਜਿਹੇ ਹੀ ਪਰਿਵਾਰ ਦੀ ਇੱਕ ਕੁੜੀ ਅਮਰੀਕੀ ਸਕੂਲ ਵਿੱਚ ਆਪਣੀ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਹੈ।

ਹਾਲਾਂਕਿ ਪਰਿਵਾਰਾਂ ਵਿੱਚ ਵੰਡ ਅਤੇ ਪਛਾਣ ਨੂੰ ਲੈ ਕੇ ਜਾਰੀ ਪੀੜ੍ਹੀਆਂ ਦਾ ਦਵੰਧ ਇੰਨਾਂ ਹੀ ਨਹੀਂ ਹੈ ਜਿੰਨਾ ਉੱਪਰੋਂ-ਉੱਪਰੋਂ ਦਿਖਾਈ ਦੇ ਰਿਹਾ ਹੈ।

ਕਮਾਲਾ ਅੱਧੀ ਜਿੰਨ ਅਤੇ ਅੱਧੀ ਇਨਸਾਨ ਹੈ। ਉਹ ਇਸ ਦੁਨੀਆਂ ਵਿੱਚ ਰਹਿੰਦੀ ਹੈ ਪਰ ਉਸ ਦੇ ਪੁਰਖੇ ਕਿਸੇ ਹੋਰ ਬ੍ਰਹਿਮੰਡ ਤੋਂ ਹਨ।

ਉਹ ਕਦੇ ਵੀ ਆਪਣੀਆਂ ਦੱਖਣੀ ਏਸ਼ੀਆਈ ਜੜ੍ਹਾਂ ਦਾ ਮਜ਼ਾਕ ਨਹੀਂ ਉਡਾਉਂਦੀ ਪਰ ਉਹ ਕਰਾਚੀ ਵਿੱਚ ਓਪਰਾਪਨ ਮਹਿਸੂਸ ਕਰਦੀ ਹੈ।

ਜਦੋਂ ਉਸ ਨੂੰ ਆਪਣੀਆਂ ਸ਼ਕਤੀਆਂ ਦਾ ਪਤਾ ਲੱਗ ਜਾਂਦਾ ਹੈ ਤਾਂ ਅਚਾਨਕ ਜਾਗਰੂਕਤਾ ਵੱਧ ਜਾਂਦੀ ਹੈ।

ਪਰ ਇਸ ਨੂੰ ਸਮਝਣ ਲਈ ਪਹਿਲਾਂ ਉਸ ਨੂੰ ਆਪਣੇ ਪਰਿਵਾਰ ਦੇ ਅਤੀਤ ਨੂੰ ਖੋਲ੍ਹਣਾ ਹੋਵੇਗਾ।

ਅਖ਼ੀਰ ਵਿੱਚ, ਦੋ ਸੰਸਾਰਾਂ ਵਿੱਚ ਸਫਰ ਕਰਨ ਦੀ ਸਮਰੱਥਾ ਬਣ ਜਾਂਦੀ ਹੈ ਤੇ ਕਮਾਲਾ ਦੀ ਮਹਾਂਸ਼ਕਤੀ ਬਣ ਜਾਂਦੀ ਹੈ ਅਤੇ ਚੂੜੀ ਇਸ ਯਾਤਰਾ ਦਾ ਕੇਂਦਰ ਬਣ ਜਾਂਦੀ ਹੈ, ਜੋ ਉਸ ਨੂੰ ਇੱਕ ਅਤੀਤ ਵੱਲ ਲੈ ਜਾਂਦੀ ਹੈ ਜੋ ਉਸ ਲਈ ਅਣਜਾਣ ਸੀ।

ਮਲਹੋਤਰਾ ਕਹਿੰਦੀ ਹੈ ਕਿ ਹਰ ਪੀੜ੍ਹੀ ਨੂੰ ਆਪਣੇ ਪਰਿਵਾਰ ਦੇ ਇਤਿਹਾਸ ਅਤੇ ਉਨ੍ਹਾਂ ਦੇ ਜੀਵਨ 'ਤੇ ਇਸ ਦੇ ਪ੍ਰਭਾਵ ਨੂੰ ਸਮਝਣ ਲਈ "ਉਸ ਨੂੰ ਆਪਣੇ ਅੰਦਰ ਉਤਾਰਨਾ" ਪੈਂਦਾ ਹੈ।

"ਇਸ ਤੋਂ ਬਿਨਾਂ, ਬਹੁਤ ਸਾਰੇ ਅਣਜਾਣ ਹੀ ਰਹਿੰਦੇ ਹਨ। ਬੇਸ਼ੱਕ, ਤੁਸੀਂ ਕਮਾਲਾ ਵਰਗੇ ਸੁਪਰਹੀਰੋ ਹੀ ਕਿਉਂ ਨਾ ਹੋਵੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)