You’re viewing a text-only version of this website that uses less data. View the main version of the website including all images and videos.
ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਬਰਕਰਾਰ, ਜੇਲ੍ਹ ਭੇਜੇ ਜਾਣਗੇ, ਕੀ ਹੈ ਪੂਰਾ ਮਾਮਲਾ
ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪਟਿਆਲਾ ਦੀ ਸੈਸ਼ਨ ਕੋਰਟ ਨੇ ਦਲੇਰ ਮਹਿੰਦੀ ਵੱਲੋਂ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਠੱਗੀ ਕਰਨ ਦੇ ਇਲਜ਼ਾਮਾਂ ਤਹਿਤ ਪਟਿਆਲਾ ਅਦਾਲਤ ਨੇ ਉਨ੍ਹਾਂ ਨੂੰ 2018 ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਪਟਿਆਲਾ ਦੀ ਸੈਸ਼ਨ ਅਦਾਲਤ ਨੇ ਬਰਕਰਾਰ ਰੱਖਿਆ ਹੈ।
ਇਸ ਮਾਮਲਾ 2003 ਵਿੱਚ ਸਾਹਮਣੇ ਆਇਆ ਸੀ। ਕਬੂਤਰਬਾਜ਼ੀ ਦੇ ਇਲਜ਼ਾਮਾਂ 'ਚ ਫ਼ਸੇ ਗਾਇਕ ਦਲੇਰ ਮਹਿੰਦੀ ਨੂੰ ਸਾਲ 2018 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਪਟਿਆਲਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਦੋ ਸਾਲ ਕੈਦ ਦੀ ਸਜ਼ਾ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਉਸ ਵੇਲੇ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
ਇਸ ਤੋਂ ਬਾਅਦ ਦਲੇਰ ਮਹਿੰਦੀ ਨੇ ਸੈਸ਼ਨ ਕੋਰਟ ਵਿੱਚ ਫ਼ੈਸਲੇ ਖ਼ਿਲਾਫ਼ ਪਟੀਸ਼ਨ ਪਾਈ ਸੀ। ਜਿਸ ਉੱਤੇ ਸੁਣਵਾਈ ਤੋਂ ਬਾਅਦ ਫ਼ੈਸਲਾ ਆਇਆ ਹੈ।
ਕੀ ਹੈ ਪੂਰਾ ਮਾਮਲਾ?
ਸਾਲ 2003 ਵਿੱਚ ਬਖਸ਼ੀਸ਼ ਸਿੰਘ ਨਾਮ ਦੇ ਸ਼ਖ਼ਸ ਨੇ ਪਟਿਆਲਾ ਵਿੱਚ ਮਾਮਲਾ ਦਰਜ ਕਰਵਾਇਆ ਸੀ।
ਪਟਿਆਲਾ ਦੇ ਸਦਰ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਧਾਰਾ 406, 420 ਅਤੇ 120ਬੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ 13 ਲੱਖ ਰੁਪਏ ਲਏ ਸਨ।
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਪੈਸੇ ਮੋੜੇ ਗਏ ਤੇ ਨਾ ਹੀ ਵਿਦੇਸ਼ ਭੇਜਿਆ ਗਿਆ।
ਪੁਲਿਸ ਨੇ ਦਲੇਰ ਮਹਿੰਦੀ ਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਸ਼ਮਸ਼ੇਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।
ਇਲਜ਼ਾਮ ਲੱਗਿਆ ਸੀ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਦਲੇਰ ਮਹਿੰਦੀ ਨੇ ਕਈ ਹੋਰ ਲੋਕਾਂ ਤੋਂ ਵੀ ਪੈਸੇ ਲਏ ਸਨ।
ਕੇਸ ਦਰਜ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਇਹ ਵੀ ਪੜ੍ਹੋ-
'ਪ੍ਰੋਬੇਸ਼ਨ ਉੱਤੇ ਰਿਹਾਈ ਦੀ ਅਪੀਲ ਵੀ ਖਾਰਜ'
ਸ਼ਿਕਾਇਤਕਰਤਾ ਦੇ ਵਕੀਲ ਗੁਰਪ੍ਰੀਤ ਭਸੀਨ ਨੇ ਦੱਸਿਆ ਕਿ ਦਲੇਰ ਮਹਿੰਦੀ ਨੇ ਸਾਲ 2018 ਵਿੱਚ ਸੁਣਾਈ ਗਈ ਸਜ਼ਾ ਦੇ ਖ਼ਿਲਾਫ਼ ਅਪੀਲ ਪਾਈ ਸੀ, ਜਿਸ 'ਤੇ ਫ਼ੈਸਲਾ ਅੱਜ ਆਇਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ, "ਐੱਚਐੱਸ ਗਰੇਵਾਲ ਦੀ ਅਦਾਲਤ ਵੱਲੋਂ ਇਹ ਅਪੀਲ ਖਾਰਜ ਕਰ ਦਿੱਤੀ ਗਈ ਹੈ ਅਤੇ ਦਲੇਰ ਮਹਿੰਦੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।"
"ਅਪੀਲ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਅਰਜ਼ੀ ਲਗਾਈ ਹੈ ਕਿ ਪ੍ਰੋਬੇਸ਼ਨ 'ਤੇ ਰਿਹਾਅ ਕੀਤਾ ਜਾਵੇ, ਪਰ ਇਹ ਅਪੀਲ ਵੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ।"
ਵਕੀਲ ਨੇ ਜਾਣਕਾਰੀ ਦਿੱਤੀ ਪ੍ਰੋਬੇਸ਼ਨ ਦਾ ਮਤਲਬ ਹੁੰਦਾ ਹੈ ਕਿ ਵਿਅਕਤੀ ਨੇ ਕੋਈ ਪਹਿਲਾਂ ਜੁਰਮ ਨਹੀਂ ਕੀਤਾ ਅਤੇ ਨੇਕ ਚੱਲਣੀ ਕਰਕੇ ਜ਼ਮਾਨਤ 'ਤੇ ਛੱਡਿਆ ਜਾਵੇ।
ਗੁਰਪ੍ਰੀਤ ਭਸੀਨ ਮੁਤਾਬਕ, ਉਨ੍ਹਾਂ ਕੋਲ ਅਗਲੀ ਪਹੁੰਚ ਹਾਈ ਕੋਰਟ ਹੈ, ਜਿੱਥੇ ਉਹ ਅਪੀਲ ਲਗਾ ਸਕਦੇ ਹਨ।
ਦਲੇਰ ਮਹਿੰਦੀ ਦਾ ਬੀਬੀਸੀ ਪੰਜਾਬੀ ਨੂੰ ਦਿੱਤਾ ਗਿਆ ਇੰਟਰਵਿਊ- ਵੀਡੀਓ
ਜਦੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਦਲੇਰ ਮਹਿੰਦੀ ਨੇ ਇਹ ਕਿਹਾ ਸੀ- ਵੀਡੀਓ
ਸ਼ਿਕਾਇਤਕਰਤਾ ਨੇ ਕੀ ਕਿਹਾ
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ, ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2003 ਵਿੱਚ ਦਲੇਰ ਮਹਿੰਦੀ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਸਾਨੂੰ ਵਿਦੇਸ਼ ਭੇਜਣ ਲਈ ਸਾਡੇ ਕੋਲੋਂ ਪੈਸੇ ਲਏ ਸਨ ਅਤੇ ਨਾ ਬਾਹਰ ਭੇਜਿਆ ਤੇ ਨਾ ਪੈਸੇ ਦਿੱਤੇ। ਉਸ ਤੋਂ ਬਾਅਦ ਕੇਸ ਚੱਲਦਾ ਰਿਹਾ ਅਤੇ ਸਾਲ 2018 ਵਿੱਚ ਅਦਾਲਤ ਨੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਅਤੇ ਕੁਝ ਜੁਰਮਾਨਾ ਲਗਾਇਆ ਸੀ।"
"ਪਰ ਮੌਕੇ 'ਤੇ ਜ਼ਮਾਨਤ ਹੋ ਗਈ ਸੀ। ਉਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਪਾਈ ਸੀ, ਜੋ ਅੱਜ ਅਦਾਲਤ ਨੇ ਖਾਰਜ ਕਰ ਦਿੱਤੀ ਹੈ।"
ਇਹ ਵੀ ਪੜ੍ਹੋ: