ਪ੍ਰੈੱਸ ਰਿਵੀਊ : ‘ਦਲੇਰ ਮਹਿੰਦੀ ਖ਼ਿਲਾਫ਼ ਕੇਸ ਲੜਨਾ ਪਿਆ ਮਹਿੰਗਾ’

ਕਬੂਤਰਬਾਜ਼ੀ ਮਾਮਲੇ ਵਿੱਚ ਦਲੇਰ ਮਹਿੰਦੀ ਦੇ ਖਿਲਾਫ ਕੇਸ ਲੜਨ ਵਾਲੇ ਬਖਸ਼ੀਸ਼ ਸਿੰਘ ਅਨੁਸਾਰ ਉਨ੍ਹਾਂ ਲਈ ਕੇਸ ਲੜਨਾ ਕਾਫੀ ਮਹਿੰਗਾ ਸਾਬਿਤ ਹੋਇਆ ਹੈ।

ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ ਸ਼ਿਕਾਇਤ ਕਰਤਾ 38 ਸਾਲਾ ਬਖ਼ਸ਼ੀਸ਼ ਸਿੰਘ ਨੇ ਕਿਹਾ, "ਇਸ ਕੇਸ 'ਤੇ ਮੇਰੀ ਜ਼ਿੰਦਗੀ ਦੇ 15 ਸਾਲ ਲੱਗੇ। ਮੁਲਜ਼ਮ ਨੇ ਮੇਰੇ ਨਾਲ 12 ਲੱਖ ਰੁਪਏ ਦਾ ਧੋਖਾ ਕੀਤਾ ਸੀ। ਇਸ ਤੋਂ ਇਲਾਵਾ ਮੈਂ 30 ਲੱਖ ਇਹ ਕੇਸ ਲੜਨ 'ਤੇ ਲਾਏ ਹਨ।''

ਖ਼ਬਰ ਮੁਤਾਬਕ ਭਾਵੇਂ ਅਦਾਲਤ ਦੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ ਪਰ ਬਖ਼ਸ਼ੀਸ਼ ਇਸ ਤੋਂ ਸੰਤੁਸ਼ਟ ਨਹੀਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਭਾਜਪਾ ਟੀਡੀਪੀ ਨਾਲ ਜੁੜਿਆ ਸੰਕਟ ਸੁਲਝਾਉਣ ਵਿੱਚ ਨਾਕਾਮਯਾਬ ਰਹੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਕਾਲੀ ਦਲ ਦੇ ਰਾਜ ਸਭਾ ਸਾਂਸਦ ਨਰੇਸ਼ ਗੁਜਰਾਲ ਨੇ ਕਿਹਾ, ਕੇਂਦਰ ਸਰਕਾਰ ਨੂੰ ਪਿਛਲੀ ਸਰਕਾਰ ਵੱਲੋਂ ਆਂਧਰ ਪ੍ਰਦੇਸ਼ ਨੂੰ ਸਪੈਸ਼ਲ ਸਟੇਟਸ ਦੇਣ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਸੀ। ਸਰਕਾਰਾਂ ਜ਼ਰੂਰ ਬਦਲਦੀਆਂ ਹਨ ਪਰ ਵਾਅਦੇ ਨਹੀਂ ਬਦਲਣੇ ਚਾਹੀਦੇ।

ਉਨ੍ਹਾਂ ਕਿਹਾ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਅਜੇ ਵੀ ਟੀਡੀਪੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਐਨਡੀਏ ਵਿੱਚ ਵਾਪਸ ਲਿਆਇਆ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਖ਼ਬਰ ਮੁਤਾਬਕ ਭਾਰਤੀ ਔਰਤਾਂ ਵਿੱਚ ਮਰਦਾਂ ਦੇ ਮੁਕਾਬਲੇ ਜ਼ਿਆਦਾ ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ। ਭਾਵੇਂ ਦੁਨੀਆਂ ਦੇ ਬਾਕੀ ਮੁਲਕਾਂ ਵਿੱਚ ਸਥਿਤੀ ਇਸ ਦੇ ਉਲਟ ਹੈ।

ਹੋਰ ਦੇਸਾਂ ਵਿੱਚ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਕੈਂਸਰ ਦੇ ਮਾਮਲੇ 25 ਫੀਸਦ ਵੱਧ ਸਾਹਮਣੇ ਆਉਂਦੇ ਹਨ।

ਮੈਡੀਕਲ ਪੱਤਰ ਲੈਂਸੇਟ ਆਨਕੋਲੋਜੀ ਦਾ ਹਵਾਲਾ ਦਿੰਦੇ ਹੋਏ ਇਸ ਖ਼ਬਰ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਇਸ ਦੇ ਕਾਰਨਾਂ ਪਤਾ ਲਾਉਣ ਲਈ ਖੋਜ ਕਰਨ ਦੀ ਲੋੜ ਹੈ।

ਅਖ਼ਬਾਰ ਮੁਤਾਬਕ ਭਾਰਤ ਵਿੱਚ ਮਰਦਾਂ ਅਤੇ ਔਰਤਾਂ ਵਿੱਚ ਕੈਂਸਰ ਦੇ 15 ਲੱਖ ਨਵੇਂ ਕੇਸ ਆਏ ਹਨ ਅਤੇ ਇਹ ਗਿਣਤੀ ਅਗਲੇ 20 ਸਾਲ ਵਿੱਚ ਦੁੱਗਣੀ ਹੋ ਜਾਵੇਗੀ।

ਪਾਕਿਸਤਾਨ ਦੇ ਡੌਨ ਅਖ਼ਬਾਰ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕਲ ਪੇਂਸ ਨਾਲ ਅਨਿਯਮਿਤ ਮੀਟਿੰਗ ਕੀਤੀ। ਇਹ ਮੀਟਿੰਗ ਵਾਸ਼ਿੰਗਟਨ ਵਿੱਚ ਉਪ ਰਾਸ਼ਟਰਪਤੀ ਮਾਈਕਲ ਪੇਂਸ ਦੇ ਘਰ ਹੋਈ।

ਅਖ਼ਬਾਰ ਅਨੁਸਾਰ ਅੱਧੇ ਘੰਟੇ ਚੱਲੀ ਇਸ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਵਿੱਚ ਚੱਲ ਰਹੇ ਵਿਵਾਦ ਨੂੰ ਗੱਲਬਾਤ ਰਹੀ ਨਜਿੱਠਣ ਬਾਰੇ ਗੱਲ ਕੀਤੀ। ਇਹ ਮੀਟਿੰਗ ਪਾਕਿਸਤਾਨ ਦੀ ਬੇਨਤੀ 'ਤੇ ਹੀ ਰੱਖੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)