ਬੇਅਦਬੀ ਕੇਸਾਂ ਦੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ, ਡੇਰਾ ਸੱਚਾ ਸੌਦਾ ’ਤੇ ਇਹ ਇਲਜ਼ਾਮ ਲੱਗੇ - ਪ੍ਰੈਸ ਰੀਵਿਊ

ਪੰਜਾਬ ਪੁਲਿਸ ਨੇ 2015 ਦੀ ਬੇਅਦਬੀ ਮਾਮਲਿਆਂ ਦੀ ਅੰਤਿਮ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਇਸ ਵਿੱਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਹਾਲਾਂਕਿ ਡੇਰੇ ਵੱਲੋਂ ਵਾਰ-ਵਾਰ ਬੇਅਦਬੀ ਮਾਮਲਿਆਂ ਵਿੱਚ ਕਿਸੇ ਵੀ ਤਰੀਕੇ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ ਹੈ।

ਮਾਮਲਾ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਹੱਥ ਲਿਖਤ ਬੇਅਦਬੀ ਵਾਲੇ ਪੋਸਟਰ ਲਗਾਉਣ ਨਾਲ ਸਬੰਧਤ ਘਟਨਾਵਾਂ ਅਤੇ ਬਰਗਾੜੀ ਵਿਖੇ ਖਿੱਲਰੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗਾਂ ਨਾਲ ਜੁੜੀਆਂ ਘਟਨਾਵਾਂ ਦਾ ਹੈ।

ਇਨ੍ਹਾਂ ਘਟਨਾਵਾਂ ਕਾਰਨ ਫਰੀਦਕੋਟ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ। ਅਕਤੂਬਰ 2015 ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ ਵਿੱਚ, ਬਹਿਬਲ ਕਲਾਂ ਵਿੱਚ ਦੋ ਵਿਅਕਤੀ ਵੀ ਮਾਰੇ ਗਏ ਸਨ ਜਦਕਿ ਫਰੀਦਕੋਟ ਦੇ ਕੋਟਕਪੂਰਾ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੁਲਿਸ ਦੇ ਇੰਸਪੈਕਟਰ ਜਨਰਲ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ ਅਤੇ 21 ਅਪ੍ਰੈਲ ਨੂੰ ਸੂਬੇ ਦੇ ਡੀਜੀਪੀ ਨੂੰ ਇਸ ਦੀ ਰਿਪੋਰਟ ਸੌਂਪੀ ਸੀ।

ਪੰਜਾਬ ਸਰਕਾਰ ਦੁਆਰਾ ਸੌਂਪੀ ਗਈ ਰਿਪੋਰਟ ਮੁਤਾਬਕ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਦੀਆਂ ਤਿੰਨ ਘਟਨਾਵਾਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੈ।

ਰਿਪੋਰਟ ਅਨੁਸਾਰ, ਤਿੰਨਾਂ ਮਾਮਲਿਆਂ ਪਿਛਲੇ ਮਕਸਦ ਦਾ "ਡੇਰਾ ਸੱਚਾ ਸੌਦਾ ਨਾਲ ਸਿੱਧਾ ਸਬੰਧ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਡੇਰੇ ਦੇ ਸਮਰਥਕ ਹਨ।"

ਰਿਪੋਰਟ 'ਚ ਇਹ ਵੀ ਲਿਖਿਆ ਗਿਆ ਹੈ ਕਿ "ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਇਕੱਠਾ ਕੀਤੀ ਸਮੱਗਰੀ/ਸਬੂਤਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੁਲਜ਼ਮਾਂ ਦਾ ਡੇਰੇ ਦੇ ਪ੍ਰਬੰਧਕਾਂ ਨਾਲ ਸਿੱਧਾ ਸਬੰਧ ਸੀ ਅਤੇ ਘਟਨਾਵਾਂ ਦੇ ਪਿੱਛੇ ਦਾ ਮਕਸਦ ਫਿਲਮ 'ਐੱਮਐੱਸਜੀ-2' ਨਾਲ ਵੀ ਜੁੜਿਆ ਹੋਇਆ ਸੀ।''

ਦੱਸਿਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸਮਰਥਕ ਰਾਮ ਰਹੀਮ ਦੀ ਫ਼ਿਲਮ 'ਮੈਸੇਂਜਰ ਆਫ ਗੌਡ' (ਐੱਮਐੱਸਜੀ-2) ਦੇ ਰਿਲੀਜ਼ ਨਾ ਹੋਣ 'ਤੇ ਨਾਰਾਜ਼ ਸਨ।

ਇਸ ਮਾਮਲੇ 'ਚ ਐੱਸਆਈਟੀ ਨੇ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਅਤੇ ਇਸ ਬਾਰੇ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਇਸ ਦੌਰਾਨ ਗੁਰਮੀਤ ਰਾਮ ਰਹੀਮ ਦਾ ਰੁਖ ''ਅਸਹਿਯੋਗ'' ਵਾਲਾ ਰਿਹਾ।

ਇਹ ਵੀ ਪੜ੍ਹੋ:

ਪੰਜਾਬ 'ਚ ਹੁਣ ਕਸ਼ਮੀਰ ਦੇ ਰਸਤੇ ਆ ਰਹੇ ਡਰੱਗ: ਪੁਲਿਸ ਅਧਿਕਾਰੀ

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਲਈ ਜੰਮੂ-ਕਸ਼ਮੀਰ ਇੱਕ ਨਵੇਂ ਰੂਟ ਵਜੋਂ ਉਭਰਿਆ ਹੈ।

ਦੱਸ ਦਈਏ ਕਿ ਇਸ ਬਿਆਨ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ 16.80 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪੁਲਿਸ ਦੇ ਇੰਸਪੈਕਟਰ ਜਨਰਲ (ਬਾਰਡਰ ਰੇਂਜ) ਮੋਹਨੀਸ਼ ਚਾਵਲਾ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, "ਗੁਰਦਾਸਪੁਰ ਤੋਂ ਬਰਾਮਦ ਹੋਈ ਹੈਰੋਇਨ ਸਬੰਧੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਵਿਅਕਤੀਆਂ ਨੇ ਇਸ ਖੇਪ ਨੂੰ ਨਾਲ ਲੱਗਦੇ ਜੰਮੂ ਤੋਂ ਲਿਆਉਣ ਲਈ ਨੈਸ਼ਨਲ ਹਾਈਵੇ (ਜੰਮੂ ਨੂੰ ਪੰਜਾਬ ਨਾਲ ਜੋੜਨ ਵਾਲੇ ਮੁੱਖ ਰਸਤੇ) ਦੀ ਵਰਤੋਂ ਕੀਤੀ, ਜਿਸ ਦੇ ਲਈ ਦੋ ਕਾਰਾਂ ਵਿੱਚ ਵਿਸ਼ੇਸ਼ ਤੌਰ 'ਤੇ ਇਸ ਨੂੰ ਛਿਪਾਉਣ ਲਈ 2 ਡੱਬੇ ਵੀ ਤਿਆਰ ਕੀਤੇ ਗਏ ਸਨ।''

ਆਈਜੀ ਚਾਵਲਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਡਿਊਲ ਦੇ ਸਰਗਨਾ 'ਤੇ ਵੀ ਮਾਮਲਾ ਦਰਜ ਕਰ ਲਿਆ ਹੈ, ਜਿਸ ਨੇ ਹੈਰੋਇਨ ਦੀ ਖੇਪ ਬਰਾਮਦ ਕਰਨ ਲਈ ਆਪਣੇ ਚਾਰ ਸਾਥੀਆਂ ਨੂੰ ਜੰਮੂ ਭੇਜਿਆ ਸੀ।

ਆਈਜੀ ਨੇ ਕਿਹਾ, "ਇੱਕ ਸਾਲ ਤੋਂ ਵੀ ਘੱਟ ਸਮੇਂ 'ਚ, ਜੰਮੂ ਵਾਲੇ ਪਾਸੇ ਤੋਂ ਪੰਜਾਬ ਵੱਲ ਨਸ਼ਾ ਤਸਕਰੀ ਦਾ ਇਹ ਤੀਜਾ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਸਮੱਗਲਰਾਂ ਨੇ ਇਹੋ-ਜਿਹਾ ਤਰੀਕਾ ਵਰਤਿਆ ਹੈ।"

ਨਿਆਂਪਾਲਿਕਾ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ: ਚੀਫ਼ ਜਸਟਿਸ ਆਫ਼ ਇੰਡੀਆ

ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਮਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਆਂਪਾਲਿਕਾ "ਸੰਵਿਧਾਨ ਅਤੇ ਸਿਰਫ਼ ਸੰਵਿਧਾਨ ਨੂੰ" ਜਵਾਬਦੇਹ ਹੈ।

ਉਨ੍ਹਾਂ ਕਿਹਾ, “ਹਾਲਾਂਕਿ ਸੱਤਾਧਾਰੀ ਪਾਰਟੀ ਦਾ ਮੰਨਣਾ ਹੈ ਕਿ ਹਰ ਸਰਕਾਰੀ ਕਾਰਵਾਈ ਨਿਆਂਇਕ ਸਮਰਥਨ ਦੀ ਹੱਕਦਾਰ ਹੈ ਅਤੇ ਵਿਰੋਧੀ ਧਿਰ ਨੂੰ ਉਮੀਦ ਹੈ ਕਿ ਨਿਆਂਪਾਲਿਕਾ ਉਨ੍ਹਾਂ ਦੇ ਸਿਆਸੀ ਮੁੱਦਿਆਂ (ਮਸਲਿਆਂ) ਨੂੰ ਅੱਗੇ ਵਧਾਏਗੀ।”

ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਅਮਰੀਕੀਆਂ ਦੀ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਬੋਲਣ ਦੌਰਾਨ ਉਨ੍ਹਾਂ ਨੇ ਆਜ਼ਾਦੀ ਦੇ 75 ਸਾਲਾਂ ਦੌਰਾਨ ਭਾਰਤ ਦੀ ਯਾਤਰਾ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਲੋਕ ਅਜੇ ਤੱਕ ਸੰਵਿਧਾਨ ਦੁਆਰਾ ਹਰੇਕ ਸੰਸਥਾ ਨੂੰ ਸੌਂਪੀਆਂ ਗਈਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਨਹੀਂ ਸਮਝ ਸਕੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੀਜੀਆਈ ਨੇ ਕਿਹਾ, "ਇਹ ਆਮ ਲੋਕਾਂ ਵਿੱਚ ਵੱਡੇ ਤੌਰ 'ਤੇ ਪ੍ਰਚਾਰਿਤ ਅਗਿਆਨਤਾ ਹੈ ਜੋ ਅਜਿਹੀਆਂ ਤਾਕਤਾਂ ਦੀ ਮਦਦ ਲਈ ਆ ਰਹੀ ਹੈ।''

''ਇਨ੍ਹਾਂ ਦਾ ਉਦੇਸ਼ ਸਿਰਫ਼ ਇੱਕੋ-ਇੱਕ ਸੁਤੰਤਰ ਅੰਗ ਭਾਵ ਨਿਆਂਪਾਲਿਕਾ ਨੂੰ ਰੋਕਣਾ ਹੈ। ਮੈਂ ਸਪਸ਼ਟ ਕਰ ਦਿਆਂ ਕਿ ਅਸੀਂ ਸੰਵਿਧਾਨ ਅਤੇ ਸਿਰਫ਼ ਸੰਵਿਧਾਨ ਨੂੰ ਜਵਾਬਦੇਹ ਹਾਂ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)