ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਉਦੈਪੁਰ ਦੀ ਘਟਨਾ ਲਈ ਠਹਿਰਾਇਆ ਜ਼ਿੰਮੇਵਾਰ, ਦੇਸ਼ ਤੋਂ ਮਾਫੀ ਮੰਗਣ ਲਈ ਕਿਹਾ

ਤਸਵੀਰ ਸਰੋਤ, @NUPURSHARMABJP
ਭਾਰਤੀ ਸੁਪਰੀਮ ਕੋਰਟ ਨੇ ਭਾਜਪਾ ਦੇ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੀ ਉਨ੍ਹਾਂ ਦੁਆਰਾ ਕੀਤੀ ਟਿੱਪਣੀ ਲਈ ਸਖ਼ਤ ਸ਼ਬਦਾਂ 'ਚ ਆਲੋਚਨਾ ਕੀਤੀ ਹੈ।
ਅਦਾਲਤ ਨੇ ਕਿਹਾ ਕਿ ਉਨ੍ਹਾਂ (ਨੂਪੁਰ ਸ਼ਰਮਾ) ਅਤੇ ਉਨ੍ਹਾਂ ਦੀ ਬਿਆਨ ਨੇ ਪੂਰੇ ਦੇਸ਼ 'ਚ ਅੱਗ ਲਗਾ ਦਿੱਤੀ ਹੈ। ਉਨ੍ਹਾਂ ਦਾ ਗੁੱਸਾ ਉਦੈਪੁਰ ਵਿਖੇ ਵਾਪਰੀ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹੈ।
ਨੂਪੁਰ ਸ਼ਰਮਾ ਨੇ ਅਦਾਲਤ ਵਿੱਚ ਅਰਜ਼ੀ ਪਾਈ ਸੀ ਕਿ ਉਨ੍ਹਾਂ ਖ਼ਿਲਾਫ ਚੱਲ ਰਹੇ ਮਾਮਾਲਿਆਂ ਦੀ ਜਾਂਚ ਇੱਕੋ ਥਾਂ ਤੇ ਹੋਣੀ ਚਾਹੀਦੀ ਹੈ।
ਇਸ ਤੇ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੇ ਪੂਰੇ ਦੇਸ਼ ਨੂੰ ਖਤਰੇ ਵਿੱਚ ਪਾਇਆ।
ਸੁਪਰੀਮ ਕੋਰਟ ਨੇ ਅਰਜ਼ੀ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਹਾਈ ਕੋਰਟ ਜਾਣ ਨੂੰ ਕਿਹਾ। ਇਸ ਤੋਂ ਬਾਅਦ ਨੁਪੁਰ ਸ਼ਰਮਾ ਨੇ ਆਪਣੀ ਅਰਜ਼ੀ ਵਾਪਸ ਲੈ ਲਈ।
ਭਾਜਪਾ ਦੀ ਹੁਣ ਸਸਪੈਂਡ ਹੋ ਚੁੱਕੀ ਕੌਮੀ ਬੁਲਾਰਾ ਨੂਪੁਰ ਸ਼ਰਮਾ ਨੇ 26 ਮਈ ਨੂੰ ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਖਿਲਾਫ਼ ਜਿਹੜੀ ਟਿੱਪਣੀ ਕੀਤੀ ਸੀ ਉਸ ਦੇ ਵਾਇਰਲ ਹੋਣ ਤੋਂ ਬਾਅਦ ਕਈ ਦੇਸ਼ਾਂ ਨੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਸੀ।
ਕਤਰ, ਸਾਊਦੀ ਅਰਬ, ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਸਣੇ ਕਈ ਮੁਲਕਾਂ ਨੇ ਤਲਖ਼ ਸ਼ਬਦਾਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਕਈ ਮੁਲਕਾਂ ਨੇ ਭਾਰਤੀ ਰਾਜਦੂਤਾਂ ਨੂੰ ਵੀ ਤਲਬ ਕੀਤਾ।
ਇਹ ਵੀ ਪੜ੍ਹੋ:-
ਸੁਪਰੀਮ ਕੋਰਟ ਨੇ ਕੀ ਕਿਹਾ
ਨੂਪੁਰ ਸ਼ਰਮਾ ਵੱਲੋਂ ਪਈ ਅਰਜ਼ੀ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੀਡੀਆ ਦੇ ਕੰਮ ਕਰਨ ਦੇ ਤਰੀਕੇ 'ਤੇ ਵੀ ਸਵਾਲ ਚੁੱਕੇ।
ਅਦਾਲਤ ਨੇ ਇਹ ਜਾਣਨਾ ਚਾਹਿਆ ਕਿ ਟੀਵੀ ਚੈਨਲ ਦਾ ਏਜੰਡਾ ਚਲਾਉਣ ਤੋਂ ਇਲਾਵਾ ਇਸ ਮਾਮਲੇ 'ਤੇ ਚਰਚਾ ਕਰਨ ਦਾ ਕੀ ਮਤਲਬ ਹੈ ਜੋ ਕਿ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਬਾਰੇ ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ 'ਪਰੇਸ਼ਾਨ ਕਰਨ ਵਾਲੀਆਂ' ਹਨ। ਇਹ ਟਿੱਪਣੀਆਂ ਕਰਨ ਦਾ ਉਨ੍ਹਾਂ ਦਾ ਕੀ ਮਤਲਬ?
ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਨੂਪੁਰ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ ਅਤੇ ਟਿੱਪਣੀਆਂ ਤੁਰੰਤ ਵਾਪਸ ਵੀ ਲੈ ਲਈਆਂ।
ਪਰ ਸੁਪਰੀਮ ਕੋਰਟ ਇਸ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ "ਉਨ੍ਹਾਂ ਨੂੰ ਟੀਵੀ 'ਤੇ ਜਾ ਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਸੀ"।

ਤਸਵੀਰ ਸਰੋਤ, Getty Images
ਅਦਾਲਤ ਨੇ ਕਿਹਾ, "ਉਸ ਨੇ ਵਾਪਸ ਲੈਣ ਵਿੱਚ ਬਹੁਤ ਦੇਰ ਕੀਤੀ ਅਤੇ ਇਹ ਵੀ ਉਨ੍ਹਾਂ ਨੇ ਇਸ ਸ਼ਰਤ ਨਾਲ ਵਾਪਸ ਲਈ ਹੈ ਕਿ ਜੇਕਰ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ।"
"ਪਟੀਸ਼ਨ 'ਚੋਂ ਉਨ੍ਹਾਂ ਦੇ ਹੰਕਾਰ ਦੀ ਬੂ ਆਉਂਦੀ ਹੈ ਕਿ ਦੇਸ਼ ਦੇ ਮੈਜਿਸਟ੍ਰੇਟ ਉਨ੍ਹਾਂ ਲਈ ਬਹੁਤ ਛੋਟੇ ਹਨ।"
ਸੁਪਰੀਮ ਕੋਰਟ ਨੇ ਨੂਪੁਰ ਦੇ ਟਿੱਪਣੀ ਕਰਨ ਦੇ ਤਰੀਕੇ 'ਤੇ ਸਵਾਲ ਚੁੱਕਿਆ ਅਤੇ ਕਿਹਾ, "ਜੇਕਰ ਤੁਸੀਂ ਕਿਸੇ ਪਾਰਟੀ ਦੇ ਬੁਲਾਰੇ ਹੋ, ਤਾਂ ਇਹ ਤਰ੍ਹਾਂ ਦੀਆਂ ਗੱਲਾਂ ਕਹਿਣ ਦਾ ਲਾਇਸੈਂਸ ਨਹੀਂ ਹੈ।"
ਅਦਾਲਤ ਨੇ ਕਿਹਾ, ਜਦੋਂ ਇੱਕ ਐੱਫਆਈਆਰ ਦਰਜ ਹੈ ਅਤੇ ਤੁਸੀਂ ਗ੍ਰਿਫ਼ਤਾਰ ਨਹੀਂ ਹੋ ਤਾਂ ਇਹ ਤੁਹਾਡੀ ਦਬਦਬੇ ਨੂੰ ਦਿਖਾਉਂਦਾ ਹੈ।
ਕੋਰਟ ਨੇ ਅੱਗੇ ਕਿਹਾ, ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮਦਦ ਕਰਨ ਵਾਲੇ ਹਨ ਅਤੇ ਉਹ (ਨੁਪੁਰ) ਗ਼ੈਰਜ਼ਿੰਮੇਦਾਰ ਟਿੱਪਣੀਆਂ ਕਰਦੇ ਹਨ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ''ਜਿਸ ਤਰੀਕੇ ਨਾਲ ਨੂਪੁਰ ਸ਼ਰਮਾ ਨੇ ਦੇਸ਼ ਭਰ ਦੀਆਂ ਭਾਵਨਾਵਾਂ ਨੂੰ ਉਕਸਾਇਆ ਹੈ, ਅਜਿਹੇ 'ਚ ਦੇਸ਼ 'ਚ ਜੋ ਵੀ ਹੋ ਰਿਹਾ ਹੈ ਉਹ ਉਸ ਲਈ ਇੱਕਲੀ ਜ਼ਿੰਮੇਵਾਰ ਹਨ।''
ਇਸ 'ਤੇ ਸ਼ਰਮਾ ਦੇ ਵਕੀਲ ਮਨਿੰਦਰ ਸਿੰਘ ਨੇ ਦਲੀਲ ਦਿੱਤੀ ਕਿ ''ਨੂਪੁਰ ਕਿਤੇ ਨਹੀਂ ਜਾਣਗੇ ਅਤੇ ਜਿਹੜੀ ਏਜੰਸੀ ਜਦੋਂ ਵੀ ਜਾਂਚ ਲਈ ਬੁਲਾਵੇਗੀ, ਉਹ ਪੂਰਾ ਸਹਿਯੋਗ ਕਰਨਗੇ।''

ਨੂਪੁਰ ਸ਼ਰਮਾ: ਵਿਦਿਆਰਥੀ ਨੇਤਾ ਵਜੋਂ ਨੀਤੀ ਰਾਜਨੀਤਕ ਸਫ਼ਰ ਦੀ ਸ਼ੁਰੂਆਤ
- 2008 ਵਿੱਚ ਨੂਪੁਰ ਸ਼ਰਮਾ ਦੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਹੋਈ ਸੀ। ਨੂਪੁਰ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਇਸੇ ਸਾਲ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਜਿੱਤੀਆਂ ਸਨ।
- 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਾਜਪਾ ਦੇ ਮੀਡੀਆ ਕਮੇਟੀ ਵਿੱਚ ਜਗ੍ਹਾ ਮਿਲੀ।
- 2015 ਦੇਸ਼ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨੂਪੁਰ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣਾਂ ਲੜੀਆਂ।
- 2020 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰਾ ਬਣਾਇਆ।
- ਟਵਿੱਟਰ ਉੱਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














