ਭਾਜਪਾ ਨੇ ਪਾਰਟੀ ਦੀ ਬੁਲਾਰਾ ਨੁਪੁਰ ਸ਼ਰਮਾ ਨੂੰ ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Getty Images/facebook
ਪੈਗੰਬਰ ਮੁਹੰਮਦ ਬਾਰੇ ਭਾਜਪਾ ਆਗੂ ਨੁਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਦਾ ਮੁੱਦਾ ਕੌਮਾਂਤਰੀ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ।
ਐਤਵਾਰ ਨੂੰ ਕਤਰ ਦੇ ਵਿਦੇਸ਼ ਮੰਤਰਾਲੇ ਨੇ ਨਰਾਜ਼ਗੀ ਜਤਾਉਂਦੇ ਹੋਏ ਦੋਹਾ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਕਤਰ ਦੀ ਇਸ ਬਾਰੇ ਪ੍ਰਤੀਕਿਰਿਆ ਦਾ ਅਧਿਕਾਰਿਤ ਨੋਟ ਸੌਂਪਿਆ।
ਕਤਰ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਆਗੂ ਦੇ ਵਿਵਾਦਪੂਰਨ ਬਿਆਨ ਉੱਪਰ ਸਖ਼ਤ ਇਤਰਾਜ਼ ਜਤਾਇਆ ਗਿਆ ਹੈ।
ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਬੁਲਾਰਾ ਨੁਪੁਰ ਸ਼ਰਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ। ਖ਼ਬਰ ਏਜੰਸੀ ਏਐਨਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕਤਰ ਨੇ ਭਾਜਪਾ ਦੇ ਇਸ ਕਦਮ ਅਤੇ ਬਿਆਨ ਦਾ ਸਵਾਗਤ ਕੀਤਾ ਹੈ। ਕਤਰ ਦਾ ਕਹਿਣਾ ਹੈ ਕਿ ਨੁਪੁਰ ਸ਼ਰਮਾ ਦੇ ਬਿਆਨ ਨਾਲ ਦੁਨੀਆਂ ਭਰ ਦੇ ਮੁਸਲਮਾਨਾਂ ਵਿੱਚ ਨਾਰਾਜ਼ਗੀ ਦਾ ਮਾਹੌਲ ਹੈ।
ਕਤਰ ਨੇ ਇਹ ਵੀ ਕਿਹਾ ਹੈ ਕਿ ਉਸਨੂੰ ਉਮੀਦ ਹੈ ਕਿ ਭਾਰਤ ਤੁਰੰਤ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰੇਗਾ ਅਤੇ ਇਸ ਲਈ ਮਾਫ਼ੀ ਮੰਗੇਗਾ।
ਨੁਪੁਰ ਸ਼ਰਮਾ ਨੇ ਇੱਕ ਟੈਲੀਵੀਜ਼ਨ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਯੂਪੀ ਦੇ ਸ਼ਹਿਰ ਕਾਨਪੁਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਕੁਝ ਝੜਪਾਂ ਵੀ ਹੋਈਆਂ।
ਨੁਪੁਰ ਸ਼ਰਮਾ ਤੋਂ ਇਲਾਵਾ ਭਾਜਪਾ ਨੇ ਦਿੱਲੀ ਇਕਾਈ ਦੇ ਇੱਕ ਹੋਰ ਆਗੂ ਨਵੀਨ ਕੁਮਾਰ ਜਿੰਦਲ ਨੂੰ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਹੈ।
ਮਾਮਲੇ ਦੇ ਤੂਲ ਫੜਨ ਤੋਂ ਬਾਅਦ ਨੁਪੁਰ ਸ਼ਰਮਾ ਨੇ ਇੱਕ ਟਵੀਟ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਜਨਤਕ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ।
'ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਕਦੇ ਵੀ ਇਰਾਦਾ ਨਹੀਂ ਰਿਹਾ'
ਇਸੇ ਦੌਰਾਨ ਨੁਪੁਰ ਸ਼ਰਮਾ ਨੇ ਸਾਰੇ ਮਾਮਲੇ ਉੱਪਰ ਆਪਣਾ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਟਵਿੱਟਰ ਤੇ ਸਾਂਝੇ ਕੀਤੇ ਲਿਖਤੀ ਬਿਆਨ ਵਿੱਚ ਕਿਹਾ ਹੈ, ''ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਦੀਆਂ ਬਹਿਸਾਂ ਵਿੱਚ ਸ਼ਾਮਲ ਹੋ ਰਹੀ ਸੀ, ਜਿਨ੍ਹਾਂ ਵਿੱਚ ਸਾਡੇ ਮਹਾਂਦੇਵ ਦੀ ਨਿਰੰਤਰ ਬੇਇੱਜ਼ਤੀ ਕੀਤੀ ਜਾ ਰਹੀ ਸੀ। ਮਜ਼ਾਕ ਨਾਲ ਕਿਹਾ ਜਾ ਰਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ ਸਗੋਂ ਫੁਹਾਰਾ ਹੈ। ਸ਼ਿਵਲਿੰਗ ਦੀ ਵੀ ਤੁਲਨਾ ਦਿੱਲੀ ਸੜਕਾਂ ਦੀਆਂ ਸੜਕਾਂ ਦੇ ਥਮਲਿਆਂ ਨਾਲ ਤੁਲਨਾ ਕਰਕੇ ਮਜ਼ਾਕ ਉਡਾਇਆ ਜਾ ਰਿਹਾ ਸੀ।
ਮੈਂ ਇਹ ਲਗਾਤਾਰ ਹੁੰਦੀ ਬੇਇੱਜ਼ਤੀ ਸਹਿਣ ਨਹੀਂ ਕਰ ਸਕੀ ਅਤੇ ਮੈਂ ਪ੍ਰਤੀਕਿਰਿਆ ਵਜੋਂ ਕੁਝ ਗੱਲਾਂ ਕਹੀਆਂ। ਜੇ ਮੇਰੇ ਸ਼ਬਦਾਂ ਨਾਲ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਬਿਨਾਂ ਸ਼ਰਤ ਆਪਣਾ ਬਿਆਨ ਵਾਪਸ ਲੈਂਦੀ ਹਾਂ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੇਰਾ ਕਦੇ ਵੀ ਇਰਾਦਾ ਨਹੀਂ ਰਿਹਾ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕਿਵੇਂ ਸ਼ੁਰੂ ਹੋਇਆ ਵਿਵਾਦ
ਮਾਮਲਾ ਇਹ ਸੀ ਕਿ ਨੁਪੁਰ ਸ਼ਰਮਾ ਨੇ ਨਿੱਜੀ ਚੈਨਲ ਟਾਈਮਜ਼ ਨਾਓ ਦੇ ਇੱਕ ਪੈਨਲ ਵਿੱਚ ਹਿੱਸਾ ਲਿਆ ਸੀ। ਪੈਨਲ ਵਿੱਚ ਗਿਆਨਵਾਪੀ ਮਸਜਿਦ ਬਾਰੇ ਚਰਚਾ ਕੀਤੀ ਜਾ ਰਹੀ ਸੀ।
ਪੈਨਲ ਵਿੱਚ ਜਦੋਂ ਨੁਪੁਰ ਸ਼ਰਮਾ ਨੇ ਆਪਣੀ ਗੱਲ ਰੱਖੀ ਤਾਂ ਉਨ੍ਹਾਂ ਨੇ ਇੱਕ ਟਿੱਪਣੀ ਕੀਤੀ ਜਿਸ ਤੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ।
ਉਨ੍ਹਾਂ ਉੱਪਰ ਇਲਜ਼ਾਮ ਲੱਗਿਆ ਕਿ ਉਨ੍ਹਾਂ ਨੇ ਪੈਗੰਬਰ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸ ਸਮੇਂ ਤੋਂ ਲਗਾਤਾਰ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੇ ਇਸ ਬਿਆਨ ਦੇ ਵੀਡੀਓ ਨੂੰ ਪੱਤਰਕਾਰ ਅਤੇ ਫੈਕਟ ਚੈਕਿੰਗ ਵੈਬਸਾਈਟ ਅਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਅਤੇ ਨੁਪੁਰ ਉੱਪਰ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਲਗਾਇਆ।

ਤਸਵੀਰ ਸਰੋਤ, ANI
ਉਸ ਤੋਂ ਬਾਅਦ ਮਾਮਲੇ ਨੇ ਜ਼ੋਰ ਫੜ ਲਿਆ ਅਤੇ ਭਾਰਤ-ਪਾਕਿਸਤਾਨ ਦੇ ਸੋਸ਼ਲ ਮੀਡੀਆ ਉੱਪਰ ਇਸ ਦਾ ਵਿਰੋਧ ਸ਼ੁਰੂ ਹੋ ਗਿਆ।
ਉਸੇ ਦੌਰਾਨ ਬੀਜੇਪੀ ਦੇ ਇੱਕ ਹੋਰ ਆਗੂ ਨਵੀਨ ਜਿੰਦਲ ਨੇ ਵੀ ਘੱਟ ਗਿਣਤੀ ਭਾਈਚਾਰੇ ਦੇ ਖਿਲਾਫ਼ ਟਵੀਟ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ।
ਇਸ ਉੱਪਰ ਤਿੱਖੀ ਬਿਆਨਬਾਜ਼ੀ ਹੋਈ।। ਨਵੀਨ ਕੁਮਾਰ ਜਿੰਦਲ ਨੇ ਦਿੱਲੀ ਪੁਲਿਸ ਵਿੱਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਏਐਨਆਈ ਮੁਤਾਬਕ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਖਾੜੀ ਦੇਸ਼ਾਂ ਵਿੱਚੋਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਨੁਪੁਰ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਭਾਰਤੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ।
ਗੈਂਗਸਟਰ ਐਕਟ ਤਹਿਤ ਹੋਵੇਗੀ ਕਾਰਵਾਈ
ਭਾਜਪਾ ਆਗੂਆਂ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਯੂਪੀ ਦੇ ਕਾਨਪੁਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਪੂਰਬੀ ਕਾਨਪੁਰ ਦੇ ਡੀਸੀਪੀ ਪ੍ਰਮੋਦ ਕੁਮਾਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਜਿਹੜੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਅਦਾਲਤ ਨੇ 14 ਦਿਨਾਂ ਦੀ ਰਿਮਾਂਡ ਵਿੱਚ ਭੇਜ ਦਿੱਤਾ ਹੈ।

ਤਸਵੀਰ ਸਰੋਤ, ANI
ਸ਼ਨਿੱਚਰਵਾਰ ਨੂੰ ਕਾਨਪੁਰ ਦੇ ਸੀਪੀ ਵਿਜੇ ਕੁਮਾਰ ਮੀਨਾ ਨੇ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੇ ਦੱਸਿਆ, “ਕੁਝ ਲੋਕਾਂ ਨੇ ਸ਼ੁੱਕਰਵਾਰ ਨੂੰ ਕਾਨਪੁਰ ਵਿੱਚ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਾਰਵਾਈ ਕੀਤੀ ਅਤੇ ਹਾਲਾਤ ਨੂੰ ਕੰਟਰੋਲ ਵਿੱਚ ਕਰ ਲਿਆ ਗਿਆ ਹੈ।”
ਸੀਪੀ ਨੇ ਦੱਸਿਆ ਕਿ ਪੁਲਿਸ ਨੇ 18 ਜਣਿਆਂ ਨੂੰ ਸ਼ੁੱਕਰਵਾਰ ਨੂੰ ਅਤੇ ਚਾਰ ਜਣਿਆਂ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿੱਚ ਤਿੰਨ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ, 36 ਜਣਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਤਸਵੀਰ ਸਰੋਤ, VIPIN KUMAR/HINDUSTAN TIMES VIA GETTY IMAGES
ਸੀਪੀ ਨੇ ਦੱਸਿਆ ਕਿ ਮਾਮਲੇ ਨਾਲ ਪੀਐਫ਼ਆਈ ਦੇ ਜੁੜੇ ਹੋਣ ਦੀ ਜਾਂਚ ਕੀਤਾ ਜਾਵੇਗੀ। ਅਤੇ ਇਨ੍ਹਾਂ ਖਿਲਾਫ਼ ਗੈਂਗਸਟਰ ਐਕਟ ਐਨਸਐਸਏ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।
'ਭਾਜਪਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ'
ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਜਪਾ ਨੇ ਨੁਪਰ ਸ਼ਰਮਾ ਨੂੰ ਸਸਪੈਂਡ ਕਰਨ ਦੀ ਆਪਣੀ ਚਿੱਠੀ ਵਿੱਚ ਲਿਖਿਆ ਕਿ ਤੁਹਾਡੇ ਵੱਲੋਂ ਪ੍ਰਗਟਾਏ ਗਏ ਵਿਚਾਰ ਕਈ ਮਾਮਲਿਆਂ ਵਿੱਚ ਪਾਰਟੀ ਦੇ ਸਟੈਂਡ ਤੋਂ ਵੱਖਰੇ ਹਨ। ਇਹ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਦੀ ਸਪਸ਼ਟ ਉਲੰਘਣਾ ਹੈ।
ਇਸ ਦੇ ਨਾਲ ਹੀ ਪਾਰਟੀ ਨੇ ਨੁਪੁਰ ਸ਼ਰਮਾ ਨੂੰ ਤਤਕਾਲ ਪ੍ਰਭਾਵ ਤੋਂ ਜਾਂਚ ਜਾਰੀ ਰਹਿਣ ਤੱਕ ਪਾਰਟੀ ਅਤੇ ਹੋਰ ਜ਼ਿੰਮੇਵਾਰੀਆਂ ਤੋਂ ਸਸਪੈਂਡ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਪਾਰਟੀ ਵੱਲੋਂ ਜਾਰੀ ਇੱਕ ਹੋਰ ਬਿਆਨ ਵਿੱਚ ਕਿਹਾ ਗਿਆ, ''ਭਾਰਤੀ ਜਨਤਾ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।''
ਖ਼ਬਰ ਏਜੰਸੀ ਏਐਨਆਈ ਮੁਤਾਬਕ ਹਾਲਾਂਕਿ ਦੂਜੇ ਬਿਆਨ ਵਿੱਚ ਨੁਪੁਰ ਸ਼ਰਮਾ ਮਾਮਲੇ ਦਾ ਕੋਈ ਸਿੱਧਾ ਅਸਿੱਧਾ ਜ਼ਿਕਰ ਨਹੀਂ ਕੀਤਾ ਗਿਆ।
''ਭਾਰਤੀ ਜਨਤਾ ਪਾਰਟੀ ਹਰ ਉਸ ਵਿਚਾਰਧਾਰਾ ਦੇ ਖਿਲਾਫ਼ ਹੈ ਜੋ ਕਿ ਕਿਸੇ ਵੀ ਫਿਰਕੇ ਜਾਂ ਧਰਮ ਦੀ ਬੇਇੱਜ਼ਤੀ ਕਰਦੀ ਹੋਵੇ। ਭਾਜਪਾ ਅਜਿਹੇ ਵਿਅਕਤੀਆਂ ਜਾਂ ਵਿਚਾਰਧਾਰਾ ਨੂੰ ਉਤਾਸ਼ਾਹਿਤ ਨਹੀਂ ਕਰਦੀ ਹੈ।''
''ਭਾਰਤ ਦੇ ਹਜ਼ਾਰਾਂ ਸਾਲਾਂ ਦੇ ਇਤਾਹਾਸ ਦੌਰਾਨ ਇੱਥੇ ਹਰੇਕ ਧਰਮ ਵੱਧਿਆ-ਫੁੱਲਿਆ ਹੈ। ਬੀਜੇਪੀ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਜਾਂ ਕਿਸੇ ਵੀ ਧਰਮ ਦੀ ਨਿੰਦਾ ਦੀ ਸਖ਼ਤ ਆਲੋਚਨਾ ਕਰਦੀ ਹੈ।''
''ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਆਪਣੀ ਪਸੰਦ ਦੇ ਕਿਸੇ ਵੀ ਧਰਮ ਦਾ ਅਭਿਆਸ ਕਰਨ ਅਤੇ ਹਰੇਕ ਧਰਮ ਦੀ ਸਤਿਕਾਰ ਕਰਨ ਦਾ ਹੱਕ ਦਿੰਦਾ ਹੈ।''
''ਭਾਰਤ ਆਪਣੀ ਅਜ਼ਾਦੀ ਦੇ 75 ਸਾਲ ਮਨਾ ਰਿਹਾ ਹੈ ਅਤੇ ਅਸੀਂ ਅਜਿਹਾ ਮਹਾਨ ਭਾਰਤ ਬਣਾਉਣ ਲਈ ਵਚਨਬੱਧ ਹਾਂ ਜਿੱਥੇ ਸਾਰੇ ਬਰਾਬਰ ਹੋਰ ਅਤੇ ਸਾਰੇ ਸਨਮਾਨ ਨਾਲ ਰਹਿੰਦੇ ਹੋਣ। ਜਿੱਥੇ ਸਾਰੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਵਚਨਬੱਧ ਹੋਣ, ਜਿੱਥੇ ਸਾਰੇ ਹੀ ਵਿਕਾਸ ਅਤੇ ਤਰੱਕੀ ਦੇ ਫ਼ਲਾਂ ਦਾ ਸਵਾਲ ਚਖਣ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












