ਗੁਜਰਾਤ ਦੰਗੇ: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ ਖਿਲਾਫ਼ ਜ਼ਾਕਿਆ ਜਾਫ਼ਰੀ ਦੀ ਅਰਜ਼ੀ ਹੋਈ ਰੱਦ

ਸੁਪਰੀਮ ਕੋਰਟ ਨੇ ਕਾਂਗਰਸ ਦੇ ਮਰਹੂਮ ਆਗੂ ਅਹਿਸਾਨ ਜਾਫ਼ਰੀ ਦੀ ਵਿਧਵਾ ਜ਼ਾਕਿਆ ਜਾਫ਼ਰੀ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਅਹਿਸਾਨ ਜਾਫ਼ਰੀ ਦੀ ਗੁਜਰਾਤ ਦੇ ਗੋਦਰਾ ਵਿੱਚ ਕਾਰਸੇਵਕਾਂ ਦੀ ਗੱਡੀ ਨੂੰ ਲੱਗੀ ਅੱਗ ਤੋਂ ਬਾਅਦ ਭੜਕੇ ਫਿਰਕੂ ਦੰਗਿਆਂ ਵਿੱਚ ਮੌਤ ਹੋ ਗਈ ਸੀ।

ਜ਼ਾਕਿਆ ਜਾਫ਼ਰੀ ਨੇ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਨੂੰ ਚੁਣੌਤੀ ਦਿੱਤੀ ਸੀ।

ਸੁਪਰੀਮ ਕੋਰਟ ਦੇ ਜਸਟਿਸ ਏਐਮ ਖਨਵਿਲਕਰ ਨੇ ਅਹਿਮਦਾਬਾਦ ਮੈਟਰੋਪੋਲਿਟੀਨ ਮੈਜਿਸਟਰੇਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।

ਮੈਜਿਸਟਰੇਟ ਨੇ ਐਸਆਈਟੀ ਦੀ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਸੀ। ਐਸਆਈਟੀ ਦਾ ਗਠਨ ਸੁਪਰੀਮ ਕੋਰਟ ਵੱਲੋਂ ਹੀ ਕੀਤਾ ਗਿਆ ਸੀ।

ਉਸ ਦਿਨ ਗੁਲਬਰਗ ਸੁਸਾਇਟੀ ਵਿੱਚ ਕੀ ਹੋਇਆ?

ਬੀਬੀਸੀ ਲਈ ਇਹ ਜਾਣਕਾਰੀ ਜੂਨ 2016 ਵਿੱਚ ਪ੍ਰਸ਼ਾਂਤ ਦਿਆਲ ਨੇ ਲਿਖੀ ਸੀ।

28 ਫਰਵਰੀ 2002 ਤੋਂ ਪਹਿਲਾਂ ਵੀ ਅਹਿਮਦਾਬਾਦ ਅਤੇ ਗੁਜਰਾਤ ਵਿੱਚ ਦੰਗੇ ਹੋ ਚੁੱਕੇ ਸਨ, ਸ਼ਾਇਦ ਇਸੇ ਲਈ ਮੈਂ ਦੰਗਿਆਂ ਦੀ ਰਿਪੋਰਟ ਕਰਨ ਤੋਂ ਨਹੀਂ ਡਰਦਾ ਸੀ।

ਹਾਲਾਂਕਿ ਉਸ ਦਿਨ ਦੀ ਸਵੇਰ ਕੁਝ ਵੱਖਰੀ ਸੀ। ਮੈਂ ਆਪਣੇ ਸਾਥੀ ਪੱਤਰਕਾਰਾਂ ਨਾਲ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਪ੍ਰਸ਼ਾਂਤ ਚੰਦਰ ਪਾਂਡੇ ਦੇ ਦਫ਼ਤਰ ਪਹੁੰਚਿਆ।

ਪ੍ਰਸ਼ਾਂਤ ਚੰਦਰ ਪਾਂਡੇ ਆਮ ਵਾਂਗ ਸ਼ਾਂਤ ਬੈਠੇ ਸਨ। ਜਦੋਂ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਹਾਲਾਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ।

ਗੋਧਰਾ ਰੇਲਵੇ ਸਟੇਸ਼ਨ 'ਤੇ ਸਾੜੇ ਗਏ ਕਾਰ ਸੇਵਕਾਂ ਦੀਆਂ ਲਾਸ਼ਾਂ ਨੂੰ ਅਹਿਮਦਾਬਾਦ ਲਿਆਂਦਾ ਜਾ ਚੁੱਕਿਆ ਸੀ।

ਸ਼ਹਿਰ ਵਿੱਚ ਅਜੇ ਵੀ ਸ਼ਾਂਤੀ ਸੀ। ਹਾਲਾਂਕਿ ਇਹ ਕਿੰਨੀ ਖੋਖਲੀ ਸੀ ਇਸ ਗੱਲ ਦਾ ਅੰਦਾਜ਼ਾ ਪੁਲਿਸ ਕਮਿਸ਼ਨਰ ਨੂੰ ਵੀ ਨਹੀਂ ਸੀ।

ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦਾ ਫ਼ੌਨ ਆਇਆ ਸੀ। ਅਹਿਸਾਨ ਜਾਫਰੀ ਗੁਲਬਰਗ ਸੁਸਾਇਟੀ ਵਿੱਚ ਰਹਿੰਦੇ ਸੀ।

ਉਨ੍ਹਾਂ ਨੇ ਦੱਸਿਆ ਕਿ ਗੁਲਬਰਗ ਸੁਸਾਇਟੀ ਹਿੰਦੂ ਅਬਾਦੀ ਦੇ ਵਿਚਕਾਰ ਹੋਣ ਕਾਰਨ ਉਹ ਚਿੰਤਤ ਹਨ। ਇਸ ਲਈ ਮੈਂ ਸੰਯੁਕਤ ਪੁਲਿਸ ਕਮਿਸ਼ਨਰ ਐਮਕੇ ਟੰਡਨ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਗੁਲਬਰਗ ਸੁਸਾਇਟੀ ਭੇਜਿਆ ਹੈ।

'ਪੁਲਿਸ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ'

ਸਵੇਰ ਦੇ ਨੌਂ ਵੱਜ ਚੁੱਕੇ ਸਨ ਜਦੋਂ ਅਸੀਂ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਰਹੇ ਸੀ। ਅਹਿਮਦਾਬਾਦ ਦੇ ਪੱਤਰਕਾਰ ਸਥਿਤੀ ਠੀਕ ਨਾ ਹੋਣ 'ਤੇ ਰਿਪੋਰਟਿੰਗ ਲਈ ਇਕੱਲੇ ਨਹੀਂ ਤੁਰਦੇ, ਸਗੋਂ ਚਾਰ-ਪੰਜ ਦੇ ਗਰੁੱਪਾਂ 'ਚ ਹੁੰਦੇ ਹਨ। ਉਹ ਅਜਿਹਾ ਤਾਂ ਕਰਦੇ ਹਨ ਤਾਂ ਜੋ ਐਮਰਜੈਂਸੀ ਵਿੱਚ ਮਦਦ ਮਿਲ ਸਕੇ।

ਪੁਲਿਸ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਅਸੀਂ ਕੁਝ ਪੱਤਰਕਾਰ ਸ਼ਹਿਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਨਿਕਲੇ। ਕਈ ਥਾਵਾਂ 'ਤੇ ਪੁਲਿਸ ਤਾਇਨਾਤ ਸੀ। ਹਾਲਾਂਕਿ ਪੁਲਿਸ ਦੇ ਵਿਹਾਰ ਨੂੰ ਦੇਖ ਕੇ ਲੱਗਦਾ ਸੀ ਕਿ ਕੁਝ ਠੀਕ ਨਹੀਂ ਸੀ।

ਕਈ ਥਾਵਾਂ 'ਤੇ ਗੁੱਸੇ ਵਿੱਚ ਆਏ ਲੋਕਾਂ ਦਾ ਇਕੱਠ ਹੋ ਰਿਹਾ ਸੀ ਪਰ ਪੁਲਿਸ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ।

ਇਹ ਵੀ ਪੜ੍ਹੋ:

ਪਿਛਲੇ ਤਿੰਨ ਦਹਾਕਿਆਂ ਦੌਰਾਨ, ਮੈਂ ਬਹੁਤ ਸਾਰੇ ਦੰਗਿਆਂ ਨੂੰ ਦੇਖਿਆ ਅਤੇ ਰਿਪੋਰਟ ਕੀਤਾ ਹੈ। ਹਾਲਾਂਕਿ 2002 ਵਿੱਚ ਪਹਿਲੀ ਵਾਰ ਅਜਿਹਾ ਲੱਗਾ ਜਿਵੇਂ ਪੱਤਰਕਾਰ ਹੋਣਾ ਮੇਰੇ ਲਈ ਖ਼ਤਰਾ ਬਣ ਗਿਆ ਹੋਵੇ।

ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਦੰਗਿਆਂ ਦੀ ਰਿਪੋਰਟਿੰਗ ਕਰਨ ਜਾਂਦੇ ਸੀ ਤਾਂ ਦੰਗਾਕਾਰੀ ਸਾਨੂੰ ਵੀ ਰੋਕਦੇ ਸਨ ਪਰ ਪੱਤਰਕਾਰ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਾਲ 2002 ਦੇ ਦੰਗਿਆਂ ਦਾ ਸਰੂਪ ਵੱਖਰਾ ਸੀ।

ਜਿਉਂ ਹੀ ਅਸੀਂ ਪੱਤਰਕਾਰ ਸ਼ਹਿਰ ਵਿੱਚ ਅੱਗੇ ਵਧੇ ਤਾਂ ਰਸਤੇ ਵਿੱਚ ਖੜ੍ਹੇ ਲੋਕਾਂ ਨੇ ਸਾਨੂੰ ਰੋਕ ਲਿਆ, ਸਾਡੀ ਜਾਣ-ਪਛਾਣ ਪੁੱਛੀ, ਪੱਤਰਕਾਰ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਨੇ ਸਾਡੀ ਜਾਤ ਅਤੇ ਧਰਮ ਬਾਰੇ ਵੀ ਪੁੱਛਿਆ ਸੀ।

ਪੁਲਿਸ ਵਾਲਿਆਂ ਕੋਲ ਹਥਿਆਰਾਂ ਦੇ ਨਾਮ 'ਤੇ ਡਾਂਗਾਂ

ਸ਼ੱਕ ਹੋਣ 'ਤੇ, ਪਛਾਣ ਪੱਤਰ ਦੀ ਮੰਗ ਕੀਤੀ ਜਾਂਦੀ। ਮੈਂ ਅੰਦਰੋਂ ਹਿੱਲ ਗਿਆ ਸੀ। ਮੇਰਾ ਤਜ਼ਰਬਾ ਦੱਸ ਰਿਹਾ ਸੀ ਕਿ ਸ਼ਹਿਰ ਦੀ ਹਾਲਤ ਬਹੁਤ ਮੁਸ਼ਕਿਲ ਹੋਣ ਵਾਲੀ ਹੈ।

ਅਸੀਂ ਦਸ ਕੁ ਵਜੇ ਦੇ ਕਰੀਬ ਗੁਲਬਰਗ ਸੋਸਾਇਟੀ ਪਹੁੰਚ ਗਏ। ਸੁਸਾਇਟੀ ਦੇ ਆਸ-ਪਾਸ ਭੀੜ ਇਕੱਠੀ ਹੋ ਗਈ ਸੀ। ਭੀੜ ਦੇਖਣ ਨੂੰ ਭਾਵੇਂ ਸ਼ਾਂਤ ਸੀ ਪਰ ਅੱਖਾਂ ਵਿੱਚ ਗੁੱਸਾ ਸੀ।

ਦੋ ਕਾਰਸੇਵਕਾਂ ਦੀਆਂ ਲਾਸ਼ਾਂ ਸੁਸਾਇਟੀ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਲਿਆਂਦੀਆਂ ਗਈਆਂ। ਸੋਸਾਇਟੀ ਦੇ ਬਾਹਰ ਦੋ ਪੁਲਿਸ ਵਾਲੇ ਵੀ ਖੜ੍ਹੇ ਸਨ, ਉਨ੍ਹਾਂ ਕੋਲ ਹਥਿਆਰਾਂ ਦੇ ਨਾਂ 'ਤੇ ਸਿਰਫ਼ ਡਾਂਗਾਂ ਸਨ।

ਉਦੋਂ ਸਾਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਟੈਲੀਵਿਜ਼ਨ ਕਰਿਊ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਹੈ।

ਸਾਡਾ ਭਲਾ ਇਸੇ ਵਿੱਚ ਸੀ ਕਿ ਅਸੀਂ ਸੁਰੱਖਿਅਤ ਥਾਂ 'ਤੇ ਚਲੇ ਗਏ। ਅਸੀਂ ਵਾਪਿਸ ਪੁਲਿਸ ਕਮਿਸ਼ਨਰ ਦਫ਼ਤਰ ਚਲੇ ਗਏ। ਅਸੀਂ ਸੋਚਿਆ ਕਿ ਜੇਕਰ ਪੁਲਿਸ ਕੰਟਰੋਲ ਰੂਮ ਵਿੱਚ ਬੈਠ ਜਾਵਾਂਗੇ ਤਾਂ ਪੂਰੇ ਸ਼ਹਿਰ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ।

ਕਰੀਬ 12 ਵਜੇ ਪੁਲਿਸ ਕੰਟਰੋਲ ਰੂਮ ਦਾ ਫ਼ੋਨ ਵੱਜਣ ਲੱਗਿਆ। ਸ਼ਹਿਰ ਦੇ ਕਈ ਇਲਾਕਿਆਂ ਜਿਵੇਂ ਨਰੋਦਾ, ਬਾਪੂਨਗਰ, ਪਾਲੜੀ, ਵੇਜਲਪੁਰ, ਰਾਨੀਪ ਵਰਗੇ ਕਈ ਇਲਾਕਿਆਂ ਵਿੱਚ ਦੰਗੇ ਸ਼ੁਰੂ ਹੋ ਗਏ ਸਨ।

ਮੌਕੇ ਤੋਂ ਲੋਕ ਪੁਲਿਸ ਕੰਟਰੋਲ ਰੂਮ ਤੋਂ ਹੋਰ ਪੁਲਿਸ ਫੋਰਸ ਭੇਜਣ ਦੀ ਮੰਗ ਕਰ ਰਹੇ ਸਨ। ਮਦਦ ਮੰਗਣ ਵਾਲਿਆਂ ਵਿੱਚ ਗੁਲਬਰਗ ਸੋਸਾਇਟੀ ਦੇ ਵਾਸੀ ਅਹਿਸਾਨ ਜ਼ਾਫਰੀ ਵੀ ਸੀ।

ਵੀਡੀਓ: ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਨੂੰ ਵਾਜਪਾਈ ਦੀ ਨਸੀਹਤ

ਕੰਟਰੋਲ ਰੂਮ ਹੋਇਆ ਬੇਬੱਸ

ਉਨ੍ਹਾਂ ਦੀ ਸੋਸਾਇਟੀ ਨੂੰ ਦੰਗਾਕਾਰੀਆਂ ਨੇ ਘੇਰਿਆ ਹੋਇਆ ਸੀ। ਪੱਥਰ 'ਤੇ ਪੈਟਰੋਲ ਬੰਬ ਸੁੱਟੇ ਜਾ ਰਹੇ ਸਨ।

ਕੰਟਰੋਲ ਰੂਮ ਦੇ ਸਟਾਫ਼ ਕੋਲ ਜੋ ਵੀ ਫੋਰਸ ਸੀ, ਉਹ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੇਖਦੇ ਹੀ ਦੇਖਦੇ ਇੱਕ ਘੰਟੇ ਵਿੱਚ ਹੀ ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਨੇ ਮਦਦ ਮੰਗਣ ਵਾਲਿਆਂ ਨੂੰ ਆਪਣੀ ਬੇਵਸੀ ਦੱਸਣੀ ਸ਼ੁਰੂ ਕਰ ਦਿੱਤੀ ਕਿ ਸਾਡੇ ਕੋਲ ਕੋਈ ਫ਼ੋਰਸ ਨਹੀਂ ਹੈ।

ਅਜਿਹਾ ਹੀ ਹਾਲ ਫ਼ਾਇਰ ਬ੍ਰਿਗੇਡ ਦਾ ਸੀ। ਅੱਗਜ਼ਨੀ ਦੀਆਂ ਘਟਨਾਵਾਂ ਇੰਨੀਆਂ ਤੇਜ਼ੀ ਨਾਲ ਅਤੇ ਕਈ ਥਾਵਾਂ ਉੱਪਰ ਹੋਣ ਲੱਗੀਆਂ ਕਿ ਪਾਣੀ ਅਤੇ ਫ਼ਾਇਰ ਬ੍ਰਿਗੇਡ ਦੀ ਕਮੀ ਹੋ ਗਈ।

ਦੂਜੇ ਪਾਸੇ ਗੁਲਬਰਗ ਸੋਸਾਇਟੀ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉੱਥੇ ਮਦਦ ਭੇਜਣਾ ਵੀ ਮੁਹਾਲ ਹੋ ਗਿਆ ਸੀ।

ਸਟੇਟ ਰਿਜ਼ਰਵ ਫੋਰਸ (ਐਸਆਰਪੀ) ਦੀਆਂ ਕੁਝ ਟੁਕੜੀਆਂ ਸ਼ਾਮ ਚਾਰ ਵਜੇ ਅਹਿਮਦਾਬਾਦ ਪਹੁੰਚੀਆਂ।

ਸਾਰੀਆਂ ਯੂਨਿਟਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਗਿਆ। ਕੁਝ ਸੀਨੀਅਰ ਅਧਿਕਾਰੀ ਐਸਆਰਪੀ ਦੀ ਟੁਕੜੀ ਨੂੰ ਗੁਲਬਰਗ ਸੁਸਾਇਟੀ ਵੱਲ ਲੈ ਗਏ।

ਅਸੀਂ ਵੀ ਉਨ੍ਹਾਂ ਦੇ ਮਗਰ ਤੁਰ ਪਏ। ਪੁਲਿਸ ਨੂੰ ਕਈ ਥਾਵਾਂ 'ਤੇ ਬੰਦ ਪਏ ਰਸਤੇ ਖੋਲ੍ਹਣੇ ਪਏ। ਜਦੋਂ ਅਸੀਂ ਸ਼ਾਮ 4.30 ਵਜੇ ਗੁਲਬਰਗ ਸੁਸਾਇਟੀ ਪਹੁੰਚੇ ਤਾਂ ਗੁਲਬਰਗ ਸੁਸਾਇਟੀ ਦੀ ਅੱਗ ਬੁਝ ਚੁੱਕੀ ਸੀ। ਸਿਰਫ਼ ਧੂੰਆਂ ਹੀ ਨਿਕਲ ਰਿਹਾ ਸੀ।

ਲਾਸ਼ਾਂ ਸਾਰੀ ਸੁਸਾਇਟੀ ਵਿੱਚ ਖਿੱਲਰੀਆਂ ਪਈਆਂ ਸਨ। ਗੁਲਬਰਗ ਸੋਸਾਇਟੀ ਵਿੱਚ 'ਗੋਧਰਾ ਦੀ ਗਲਤੀ' ਕਾਰਨ 69 ਜਾਨਾਂ ਚਲੀਆਂ ਗਈਆਂ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਲਈ ਕਰਨ ਵਰਗਾ ਕੋਈ ਕੰਮ ਨਹੀਂ ਬਚਿਆ ਸੀ।

ਜੀ ਹਾਂ, ਕੁਝ ਲੋਕ ਬਚਣ ਲਈ ਧੁਖ ਰਹੇ ਘਰ ਦੀ ਛੱਤ 'ਤੇ ਲੁਕੇ ਹੋਏ ਸਨ। ਮਦਦ ਲਈ ਆਈ ਪੁਲਿਸ ਤੋਂ ਵੀ ਉਹ ਡਰ ਰਹੇ ਸੀ।

ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਹੇਠਾਂ ਲਿਆਂਦਾ। ਇਨ੍ਹਾਂ ਲੋਕਾਂ ਵਿੱਚ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਵੀ ਸ਼ਾਮਲ ਸੀ, ਜੋ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)