'ਰੱਬ ਮੇਰੇ ਨਾਲ ਹੈ, ਆਖਰੀ ਸਾਹ ਤੱਕ ਨਿਆਂ ਲਈ ਲੜਾਂਗੀ' :ਗੁਜਰਾਤ ਦੰਗੇ

    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਗੁਜਰਾਤੀ ਪੱਤਰਕਾਰ

''ਮੇਰਾ ਰੱਬ ਮੇਰੇ ਨਾਲ ਹੈ, ਆਖਰੀ ਸਾਹ ਤੱਕ ਮੈਂ ਨਿਆਂ ਲਈ ਲੜਾਂਗੀ''

ਇਹ ਸ਼ਬਦ 55 ਸਾਲਾ ਜੰਨਤਬੀਬੀ ਕਾਲੂਭਾਈ ਦੇ ਹਨ। ਜੰਨਤਬੀਬੀ ਨਰੋਦਾ ਪਾਟੀਆ ਮਾਮਲੇ ਵਿੱਚ ਬਜਰੰਗ ਦਲ ਦੇ ਸਾਬਕਾ ਨੇਤਾ ਬਾਬੂ ਪਟੇਲ ਉਰਫ ਬਾਬੂ ਬਜਰੰਗੀ ਦੇ ਖਿਲਾਫ ਬੋਲਣ ਵਾਲੇ ਮੁੱਖ ਗਵਾਹਾਂ 'ਚੋਂ ਇੱਕ ਹੈ।

ਬਾਬੂ ਬਜਰੰਗੀ ਖਿਲਾਫ ਸਾਹਮਣੇ ਆਏ ਛੇ ਗਵਾਹਾਂ ਵਿੱਚੋਂ ਇੱਕ ਜੰਨਤਬੀਬੀ ਵੀ ਨਰੋਦਾ ਪਾਟੀਆ ਵਿੱਚ ਰਹਿੰਦੀ ਹੈ।

ਬਜਰੰਗੀ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਇਸ ਲਈ ਜੰਨਤਬੀਬੀ ਸੁਪਰੀਮ ਕੋਰਟ ਤੱਕ ਜਾਣ ਲਈ ਤਿਆਰ ਹੈ।

ਨਰੋਦਾ ਪਾਟੀਆ ਦੇ ਜਵਾਨਗਰ ਦੀਆਂ ਪਤਲੀਆਂ ਗਲੀਆਂ 'ਚੋਂ ਗੁਜ਼ਰ ਕੇ ਜਾਓ ਤਾਂ ਜੰਨਤਬੀਬੀ ਦਾ ਘਰ ਆਉਂਦਾ ਹੈ।

ਆਪਣੇ ਇੱਕ ਕਮਰੇ ਦੇ ਘਰ ਵਿੱਚ ਬੈਠੀ ਉਹ ਆਪਣਾ ਦਿਨ ਪਲਾਸਟਿਕ ਦੇ ਚਮਚਿਆਂ ਦੇ ਗੁੱਛੇ ਪੈਕ ਕਰਨ ਵਿੱਚ ਲੰਘਾਉਂਦੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਜੰਨਤਬੀਬੀਨੇ ਕਿਹਾ, ''ਮੈਂ ਗੁਜ਼ਾਰੇ ਲਾਇਕ ਵੀ ਨਹੀਂ ਕਮਾ ਪਾਉਂਦੀ ਹਾਂ, ਪਰ ਜੇ ਬਜਰੰਗੀ ਰਿਹਾਅ ਹੁੰਦਾ ਹੈ ਤਾਂ ਨਿਆਂ ਲਈ ਸੁਪਰੀਮ ਕੋਰਟ ਤੱਕ ਜਾਵਾਂਗੀ।''

ਬਜਰੰਗੀ ਖਿਲਾਫ ਗਵਾਹੀ ਵਿੱਚ 'ਆਪਾਵਿਰੋਧੀ'

ਨਰੋਦਾ ਪਾਟੀਆ ਕਤਲੇਆਮ ਮਾਮਲੇ ਵਿੱਚ ਬਜਰੰਗੀ ਦੇ ਖਿਲਾਫ ਜੰਨਤਬੀਬੀ ਦੀ ਗਵਾਹੀ ਬਾਰੇ ਹਾਲ ਹੀ ਵਿੱਚ ਗੁਜਰਾਤ ਹਾਈ ਕੋਰਟ ਨੇ ਕਿਹਾ ਸੀ ਕਿ ਇਸ ਗਵਾਹ ਦਾ ਪੁਲਿਸ ਨੂੰ ਦਿੱਤਾ ਬਿਆਨ ਅਤੇ ਕੋਰਟ ਅੱਗੇ ਦਿੱਤੀ ਗਵਾਹੀ ਆਪਾਵਿਰੋਧੀ ਹੈ।

ਕੋਰਟ ਨੇ ਮੰਨਿਆ ਕਿ ਬਜਰੰਗੀ ਦੇ ਖਿਲਾਫ ਆਰੋਪ ਸਾਬਤ ਕਰਨ ਲਈ ਇਸ ਗਵਾਹ ਦੀ ਗਵਾਹੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਜੰਨਤਬੀਬੀ ਨੇ ਨਰੋਦਾ ਪਾਟੀਆ ਕਤਲੇਆਮ ਦਾ ਗਵਾਹ ਹੋਣ ਦਾ ਦਾਅਵਾ ਕੀਤਾ ਹੈ, ਜਿੱਥੇ ਹੁੜਦੰਗ ਮਚਾ ਰਹੇ ਲੋਕਾਂ ਨੇ ਇੱਕ ਗਰਭਵਤੀ ਮਹਿਲਾ ਕੌਸਰਬਾਨੂ ਦਾ ਢਿੱਡ ਪਾੜ ਦਿੱਤਾ ਸੀ।

ਬਾਅਦ ਵਿੱਚ ਕਥਿਤ ਤੌਰ 'ਤੇ ਕੌਸਰਬਾਨੂ ਅਤੇ ਭਰੂਣ ਨੂੰ ਸਾੜ ਦਿੱਤਾ ਗਿਆ ਸੀ।

ਕੋਰਟ ਵਿੱਚ ਜੰਨਤਬੀਬੀ ਨੇ ਬਿਆਨ ਦਿੱਤਾ ਸੀ ਕਿ ਇਸ ਘਟਨਾ ਵਿੱਚ ਤਲਵਾਰ ਚਲਾਉਣ ਵਾਲਾ ਬਾਬੂ ਬਜਰੰਗੀ ਸੀ।

ਹਾਲਾਂਕਿ, ਕੋਰਟ ਮੁਤਾਬਕ ਕੌਸਰਬਾਨੂ 'ਤੇ ਹਮਲਾਵਰਾਂ ਬਾਰੇ ਜੰਨਤਬੀਬੀ ਨੇ ਤਿੰਨ ਵੱਖ ਵੱਖ ਬਿਆਨਾਂ ਵਿੱਚ ਤਿੰਨ ਵੱਖ ਵੱਖ ਲੋਕਾਂ ਦੇ ਨਾਂ ਦੱਸੇ ਹਨ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਨ੍ਹਾਂ ਗੁੱਡੂ ਛਾਰਾ ਦਾ ਨਾਂ ਲਿਆ, ਐਸਆਈਟੀ ਨੂੰ ਦਿੱਤੇ ਬਿਆਨ ਵਿੱਚ ਜੈ ਭਵਾਨੀ ਦੀ ਹੱਤਿਆਰੇ ਵਜੋਂ ਪਛਾਣ ਕੀਤੀ ਪਰ ਕੋਰਟ ਵਿੱਚ ਬਾਬੂ ਬਜਰੰਗੀ ਦਾ ਨਾਂ ਲਿਆ।

ਕੋਰਟ ਨੇ ਕਿਹਾ, ''ਘਟਨਾ ਦੱਸਣ ਵਿੱਚ ਕੋਈ ਗਲਤੀ ਨਹੀਂ ਹੈ ਪਰ ਮੁਲਜ਼ਮ ਦਾ ਨਾਂ ਲੈਣ ਵਿੱਚ ਗਲਤੀ ਹੈ ਅਤੇ ਇਸਲਈ ਗਵਾਹ ਦੇ ਸਬੂਤ ਵੱਖ ਵੱਖ ਸਨ।''

ਗੁੱਡੂ ਛਾਰਾ ਅਤੇ ਜੈ ਭਵਾਨੀ ਇਸ ਮਾਮਲੇ ਦੇ ਦੋ ਮੁੱਖ ਮੁਲਜ਼ਮ ਹਨ।

ਜੰਨਤਬੀਬੀ ਨੂੰ ਡਰ ਹੈ ਕਿ ਮਾਯਾ ਕੋਡਨਾਨੀ ਦੇ ਰਿਹਾਅ ਹੋਣ ਤੋਂ ਬਾਅਦ ਕੁਝ ਸਾਲਾਂ ਵਿੱਚ ਬਾਕੀ ਦੇ ਮੁਲਜ਼ਮ ਵੀ ਬਿਨਾਂ ਸਜ਼ਾ ਪੂਰੀ ਕੀਤੇ ਹੀ ਜੇਲ੍ਹ 'ਚੋਂ ਬਾਹਰ ਆ ਜਾਣਗੇ।

ਹੋਰ ਪੀੜਤਾਂ ਵਾਂਗ ਉਹ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ, ''ਮੈਂ ਬਜਰੰਗੀ ਨੂੰ 21 ਸਾਲਾਂ ਦੀ ਸਜ਼ਾ ਦਿੱਤੇ ਜਾਣ ਤੋਂ ਖੁਸ਼ ਨਹੀਂ ਹਾਂ।''

ਜਦ ਬੀਬੀਸੀ ਨੇ ਉਨ੍ਹਾਂ ਨੂੰ ਉਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ''ਇਨ੍ਹਾਂ ਆਰੋਪੀਆਂ ਨੂੰ ਰਿਹਾਅ ਕਰਨ ਜਾਂ ਬਜਰੰਗੀ ਦੀ ਸਜ਼ਾ ਘੱਟ ਕਰਨ ਦੀ ਸਹੀ ਵਜ੍ਹਾ ਹੋਣੀ ਚਾਹੀਦੀ ਹੈ।''

ਬੇਹੱਦ ਗਰੀਬੀ ਵਿੱਚ ਰਹਿਣ ਵਾਲੀ ਜੰਨਤਬੀਬੀ ਦੇ ਘਰ ਦਾ ਕਿਰਾਇਆ 1500 ਰੁਪਏ ਹੈ। ਭੋਜਨ ਲਈ ਉਹ ਗੁਆਂਢੀਆਂ 'ਤੇ ਨਿਰਭਰ ਹੈ।

ਬਿਜਲੀ ਦਾ ਬਿੱਲ ਚੁਕਾਉਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ। ਇੱਕ ਧੀ ਹੈ ਜਿਸਦਾ ਵਿਆਹ ਹੋ ਚੁੱਕਿਆ ਹੈ।

ਬਾਬੂ ਬਜਰੰਗੀ ਦਾ ਪੱਖ

ਕੋਰਟ ਨੇ ਬਜਰੰਗੀ ਖਿਲਾਫ 10 ਗਵਾਹਾਂ 'ਚੋਂ ਚਾਰ ਲੋਕਾਂ ਦੀ ਗਵਾਹੀ ਸੁਣੀ ਜਦਕਿ ਛੇ ਮੁਸਲਮਾਨਾਂ ਦੀ ਗਵਾਹੀ ਨੂੰ ਰੱਦ ਕਰ ਦਿੱਤਾ ਗਿਆ।

ਬਜਰੰਗੀ ਦੇ ਵਕੀਲ ਯੋਗੇਸ਼ ਲਖਾਨੀ ਨੇ ਬੀਬੀਸੀ ਨੂੰ ਦੱਸਿਆ, ''ਕੋਰਟ ਨੇ ਆਸ਼ੀਸ਼ ਖੇਤਾਨ ਦੇ ਬਿਆਨ ਦੇ ਆਧਾਰ 'ਤੇ ਬਜਰੰਗੀ ਦੇ 'ਕੋਰਟ ਤੋਂ ਬਾਹਰ ਜੁਰਮ ਸਵੀਕਾਰ ਕਰਨ' ਨੂੰ ਉਸਦੀ ਹਾਮੀ ਮੰਨ ਲਿਆ। ਕੋਰਟ ਨੇ ਆਸ਼ੀਸ਼ ਖੇਤਾਨ ਨੂੰ ਮੁੱਖ ਗਵਾਹ ਦੇ ਤੌਰ 'ਤੇ ਸਵੀਕਾਰ ਕੀਤਾ।''

2012 ਵਿੱਚ ਹੇਠਲੀ ਅਦਾਲਤ ਨੇ ਬਜਰੰਗੀ ਨੂੰ ਦੋਸ਼ੀ ਪਾਇਆ ਸੀ ਅਤੇ ਮੌਤ ਤੱਕ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਈ ਸੀ।

ਲਖਾਨੀ ਮੁਤਾਬਕ ਇਸ ਮਾਮਲੇ ਵਿੱਚ ਸਟਿੰਗ ਆਪਰੇਸ਼ਨ ਬਜਰੰਗੀ ਦੇ ਖਿਲਾਫ ਚਲਾ ਗਿਆ।

ਹਾਲਾਂਕਿ, ਲਖਾਨੀ ਨੇ ਅਦਾਲਤ ਵਿੱਚ ਤਰਕ ਦਿੱਤਾ ਕਿ ਸਟਿੰਗ ਆਪਰੇਸ਼ਨ ਵਿੱਚ ਬਜਰੰਗੀ ਦੇ ਜੁਰਮ ਕਬੂਲ ਕਰਨ ਨੂੰ 'ਕੋਰਟ ਦੇ ਬਾਹਰ ਜੁਰਮ ਸਵੀਕਾਰ ਕਰਨ ਦੇ' ਸਬੂਤ ਦੇ ਤੌਰ 'ਤੇ ਨਹੀਂ ਲਿਆ ਜਾ ਸਕਦਾ ਕਿਉਂਕਿ ਸਟਿੰਗ ਵਿੱਚ ਉਨ੍ਹਾਂ ਨੂੰ ਸ਼ੇਖੀ ਮਾਰਣ ਲਈ ਉਕਸਾਇਆ ਗਿਆ ਸੀ।

ਬਜਰੰਗੀ ਦਾ ਨਾਂ ਨਰੋਦਾ ਪਾਟੀਆ ਦੇ ਨਾਲ ਨਾਲ ਨਰੋਦਾ ਗਾਮ ਮਾਮਲੇ ਦੀ ਐਫਆਈਆਰ ਵਿੱਚ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ, ''ਦੋਵੇਂ ਐਫਆਈਆਰ ਵਿੱਚ ਉਹ ਮੁਲਜ਼ਮ ਲਿਖੇ ਗਏ ਹਨ। ਕੀ ਇੱਕ ਮੁਲਜ਼ਮ ਦੋ ਥਾਵਾਂ 'ਤੇ ਮੌਜੂਦ ਰਹਿ ਸਕਦਾ ਹੈ, ਇਹ ਕਿਵੇਂ ਸੰਭਵ ਹੈ?''

ਕੀ ਬਜਰੰਗੀ ਬਰੀ ਹੋਵੇਗਾ?

ਜਦ ਗੁਜਰਾਤ ਹਾਈ ਕੋਰਟ ਸਜ਼ਾ ਸੁਣਾ ਰਿਹਾ ਸੀ, ਵਿਸ਼ਵ ਹਿੰਦੂ ਪ੍ਰੀਸ਼ਦ ਗੁਜਰਾਤ ਦੇ ਜਨਰਲ ਸਕੱਤਰ ਰਣਛੋੜ ਭਾਰਵਾੜ ਅਤੇ ਉਨ੍ਹਾਂ ਦੀ ਟੀਮ ਬਜਰੰਗੀ ਦੇ ਘਰ ਵਿੱਚ ਸੀ।

ਵੀਐਚਪੀ ਬਜਰੰਗੀ ਦੇ ਪਰਿਵਾਰ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਦਾ ਪਰਿਵਾਰ ਸੁਪਰੀਮ ਕੋਰਟ ਜਾ ਸਕੇ।

ਬੀਬੀਸੀ ਗੱਲਬਾਤ ਵਿੱਚ ਭਾਰਵਾੜ ਨੇ ਕਿਹਾ, ''ਬਜਰੰਗੀ ਅਤੇ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਅਸੀਂ ਹਰ ਥਾਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਿਵਾਰ ਨੂੰ ਤਕਲੀਫ ਹੋਵੇ।''

ਬਜਰੰਗੀ ਨਾਲ ਕੱਟਿਆ ਸੀ ਇੱਕ ਦਿਨ

ਪੱਤਰਕਾਰ ਆਸ਼ੀਸ਼ ਖੇਤਾਨ ਦੇ ਸਟਿੰਗ ਆਪਰੇਸ਼ਨ ਤੋਂ ਪਹਿਲਾਂ ਮੁੰਬਈ ਦੇ ਫਿਲਮ ਨਿਰਮਾਤਾ ਰਾਕੇਸ਼ ਸ਼ਰਮਾ ਨੇ ਆਪਣੀ ਫਿਲਮ 'ਫਾਈਨਲ ਸੌਲਿਊਸ਼ਨ' ਲਈ ਬਜਰੰਗੀ ਨਾਲ ਇੱਕ ਦਿਨ ਬਿਤਾਇਆ ਸੀ।

'ਫਾਈਨਲ ਸੌਲਿਊਸ਼ਨ' ਨਰੋਦਾ ਪਾਟੀਆ ਨਸਲਕੁਸ਼ੀ 'ਤੇ ਬਣੀ ਇੱਕ ਡਾਕੂਮੈਂਟਰੀ ਹੈ। ਸ਼ਰਮਾ ਡਾਕੂਮੈਂਟਰੀ ਲਈ ਪੀੜਤਾਂ ਅਤੇ ਮੁਲਜ਼ਮਾਂ ਨਾਲ ਮਿਲੇ ਸਨ।

ਫਿਲਮ 2004 ਵਿੱਚ ਰਿਲੀਜ਼ ਹੋਈ ਸੀ ਅਤੇ ਨਾਲ ਹੀ ਉਸ 'ਤੇ ਰੋਕ ਲਗਾ ਦਿੱਤੀ ਗਈ। ਫੇਰ ਇਸ ਨੂੰ ਅਕਤੂਬਰ 2004 ਵਿੱਚ ਮੁੜ ਤੋਂ ਰਿਲੀਜ਼ ਕੀਤਾ ਗਿਆ ਸੀ।

ਸ਼ਰਮਾ ਨੇ ਬੀਬੀਸੀ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਉਸ ਸ਼ਖਸ ਦੀ ਮਾਨਸਿਕਤਾ ਜਾਣਨਾ ਚਾਹੁੰਦੇ ਸੀ ਜੋ 2002 ਨਰੋਦਾ ਪਾਟੀਆ ਕਾਂਡ ਦਾ ਮਾਸਟਰਮਾਈਂਡ ਸੀ।

ਉਨ੍ਹਾਂ ਕਿਹਾ, ''ਜਦ ਮੈਂ ਬਜਰੰਗੀ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਸੱਤਾ ਦੇ ਨਸ਼ੇ ਵਿੱਚ ਚੂਰ ਸੀ ਅਤੇ ਕਈ ਲੀਡਰਾਂ ਦੀ ਨਜ਼ਦੀਕੀ ਦਾ ਆਨੰਦ ਮਾਣ ਰਿਹਾ ਸੀ।''

''ਗ੍ਰਿਫਤਾਰੀ ਤੋਂ ਪਹਿਲਾਂ, ਬਜਰੰਗੀ ਆਪਣੇ ਐਨਜੀਓ ਨਾਲ ਜੁੜੇ ਕੰਮ ਵਿੱਚ ਵਿਅਸਤ ਸੀ, ਜਿਹੜਾ ਹਿੰਦੂ ਕੁੜੀਆਂ ਨੂੰ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਨ ਤੋਂ ਬਚਾਉਣ ਦਾ ਕੰਮ ਕਰਦਾ ਹੈ।''

ਉਨ੍ਹਾਂ ਅੱਗੇ ਕਿਹਾ, ''ਉਹ ਇਸ ਨੂੰ 'ਮਾਈਂਡ ਵਾਸ਼' ਕਹਿੰਦੇ ਹਨ। ਉਹ ਉਨ੍ਹਾਂ ਕੁੜੀਆਂ ਨੂੰ ਆਪਣੇ ਘਰ ਲਿਆ ਕੇ ਉਨ੍ਹਾਂ ਨੂੰ ਮੁਸਲਮਾਨਾਂ ਤੋਂ ਦੂਰ ਰਹਿਣ ਲਈ ਸਲਾਹ ਦਿੰਦੇ ਸਨ।''

ਗੁਜਰਾਤ ਹਾਈ ਕੋਰਟ ਨੇ ਨਰੋਦਾ ਪਾਟੀਆ ਮਾਮਲੇ ਵਿੱਚ ਸੂਬੇ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੀ ਮਾਯਾ ਕੋਡਨਾਨੀ ਨੂੰ ਬਰੀ ਕਰਨ ਦਾ ਫੈਸਲਾ ਲਿਆ।

ਇਸ ਨਾਲ 2002 ਵਿੱਚ ਹੋਏ ਉਸ ਦੰਗੇ ਦੇ ਪੀੜਤਾਂ, ਉਨ੍ਹਾਂ ਦੇ ਸਮਰਥਕਾਂ ਦੇ ਨਾਲ ਹੀ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ।

ਬਜਰੰਗੀ ਦੇ ਮਸਰਥਕਾਂ ਨੂੰ ਰਾਹਤ ਦੀ ਉਮੀਦ ਹੈ ਅਤੇ ਪੀੜ੍ਹੀਆਂ ਨੂੰ ਨਾਇਨਸਾਫੀ ਦਾ ਡਰ। ਹਾਲਾਂਕਿ, ਇਸ ਦੇ ਲਈ ਸੁਪਰੀਮ ਕੋਰਟ ਵਿੱਚ ਮਾਮਲੇ ਦੇ ਜਾਣ ਦਾ ਇੰਤਜ਼ਾਰ ਹੈ।

ਨਰੋਦਾ ਪਾਟੀਆ ਮਾਮਲਾ

28 ਫਰਵਰੀ 2002 ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇ ਬੰਦ ਦੇ ਸੱਦੇ ਦੌਰਾਨ ਅਹਿਮਦਾਬਾਦ ਦੇ ਨਰੋਦਾ ਪਾਟੀਆ ਇਲਾਕੇ ਵਿੱਚ ਦੰਗੇ ਦੇ ਦੌਰਾਨ ਮੁਸਲਮਾਨ ਭਾਈਚਾਰੇ ਦੇ 97 ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਵਿੱਚ 33 ਲੋਕ ਜ਼ਖਮੀ ਵੀ ਹੋਏ ਸਨ।

ਸਥਾਨਕ ਪੁਲਿਸ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ 62 ਲੋਕਾਂ ਨੂੰ ਮੁਲਜ਼ਮ ਦੱਸਿਆ ਸੀ।

ਇਨ੍ਹਾਂ 'ਚੋਂ 32 ਲੋਕਾਂ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਕਰਾਰ ਕੀਤਾ ਸੀ। ਗੁਜਰਾਤ ਹਾਈ ਕੋਰਟ ਨੇ ਹਾਲ ਹੀ ਵਿੱਚ ਦਿੱਤੇ ਆਦੇਸ਼ ਵਿੱਚ ਇਨ੍ਹਾਂ 32 ਲੋਕਾਂ 'ਚੋਂ 18 ਲੋਕਾਂ ਨੂੰ ਬਰੀ ਕਰ ਦਿੱਤਾ।

ਦੰਗੇ ਵਿੱਚ ਮਾਰੇ ਗਏ ਵਧੇਰੇ ਮੁਸਲਮਾਨ ਕਰਨਾਟਕ ਦੇ ਗੁਰਬਰਗ 'ਚੋਂ ਸੀ ਅਤੇ ਦਿਹਾੜੀ 'ਤੇ ਮਜ਼ਦੂਰੀ ਕਰਦੇ ਸਨ।

2002 ਤੋਂ ਲੈ ਕੇ ਹੁਣ ਤੱਕ ਕਈ ਪੀੜਤ ਪਰਿਵਾਰ ਨਰੋਦਾ ਪਾਟੀਆ ਤੋਂ ਜਾ ਚੁੱਕੇ ਹਨ।

ਉਹ ਅਹਿਮਦਾਬਾਦ ਦੇ ਵਾਤਵਾ, ਜੁਹਾਪੁਰਾ ਅਤੇ ਸਰਖੇਜ ਇਲਾਕੇ ਵਿੱਚ ਰਹਿ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)