ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ, ਇੱਕ ਬੱਚੇ ਨੇ ਕਿਵੇਂ ਦਿੱਤੀ ਅਦਾਕਾਰਾ ਨੂੰ ਲੜਨ ਦੀ ਤਾਕਤ

ਤਸਵੀਰ ਸਰੋਤ, Insta/Getty
ਪਰਦੇਸ, ਸਹਰ, ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ।
ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਮਹਿਮਾ ਦਾ ਵੀਡੀਓ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਮਹਿਮਾ ਇਸ ਵੀਡੀਓ ਵਿੱਚ ਦੱਸਦੀ ਹੈ, "ਮੈਨੂੰ ਕੋਈ ਲੱਛਣ ਨਹੀਂ ਸੀ। ਮੈਂ ਹਰ ਸਾਲ ਰੇਗੂਲਰ ਟੈਸਟ ਕਰਵਾਉਂਦੀ ਸੀ। ਇਸੇ ਦੌਰਾਨ ਮੈਨੂੰ ਸਲਾਹ ਮਿਲੀ ਕਿ ਮੈਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।"
"ਮੈਂ ਜਿਵੇਂ ਹੀ ਇਹ ਸੁਣਿਆ ਬਿਨਾਂ ਕਿਸੇ ਨੂੰ ਨਾਲ ਲਏ ਡਾਕਟਰ ਕੋਲ ਗਈ। ਉੱਥੇ ਡਾਕਟਰ ਨੇ ਮੇਰੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਮੈਨੂੰ ਬ੍ਰੈਸਟ ਕੈਂਸਰ ਹੈ।"
ਮਹਿਮਾ ਇਸ ਵੀਡੀਓ ਵਿੱਚ ਕਈ ਹੋਰ ਗੱਲਾਂ ਵੀ ਆਖਦੀ ਹੈ, ਪੜ੍ਹੋ-
- ਸਾਰੇ ਕਹਿ ਰਹੇ ਸਨ ਕਿ ਇਹ ਤਾਂ ਚੰਗੀ ਗੱਲ ਹੈ ਕਿ ਛੇਤੀ ਪਤਾ ਲੱਗ ਗਿਆ, ਤੁਸੀਂ ਰੋ ਕਿਉਂ ਰਹੇ ਹੋ? ਪਰ ਤੁਸੀਂ ਕੈਂਸਰ ਸ਼ਬਦ ਸੁਣ ਕੇ ਡਰ ਜਾਂਦੇ ਹੋ। ਇਹੀ ਕਾਰਨ ਰਿਹਾ ਹੈ ਕਿ ਮੈਂ ਆਪਣੇ ਮਾਪਿਆਂ ਨਾਲ ਵੀ ਇਸ ਬਾਰੇ ਕੁਝ ਸਾਂਝਾ ਨਹੀਂ ਕੀਤਾ।
- ਮੈਂ ਉਨ੍ਹਾਂ ਨਾਲ ਰਹਿੰਦੀ ਹਾਂ। ਮੈਂ ਆਪਣੀ ਮੰਮੀ ਨੂੰ ਇਹ ਦੱਸਿਆ ਕਿ ਮੇਰੇ ਬ੍ਰੈਸਟ ਵਿੱਚ ਲੰਪ ਹੈ, ਇਸ ਲਈ ਮੈਂ ਤੁਹਾਨੂੰ ਪਿਛਲੇ 10 ਦਿਨਾਂ ਤੋਂ ਦੇਖਣ ਨਹੀਂ ਆਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਗੜਬੜਾ ਗਿਆ। ਉਨ੍ਹਾਂ ਨੂੰ ਹਸਪਤਾਲ ਤੱਕ ਲੈ ਕੇ ਜਾਣ ਪਿਆ।
ਅੱਗੇ ਜਾਣੋ ਮਹਿਮਾ ਨੇ ਆਪਣੀ ਬਿਮਾਰੀ ਬਾਰੇ ਕੀ ਕੁਝ ਸਾਂਝਾ ਕੀਤਾ ਅਤੇ ਕਿਵੇਂ ਰਿਹਾ ਮਹਿਮਾ ਦਾ ਫਿਲਮੀ ਕਰੀਅਰ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਬ੍ਰੈਸਟ ਕੈਂਸਰ ਦੀ ਚਪੇਟ ਵਿੱਚ ਘੱਟ ਉਮਰ ਦੀਆਂ ਕੁੜੀਆਂ ਵੀ ਕਿਉਂ ਆ ਰਹੀਆਂ ਹਨ?
ਮਹਿਮਾ ਨੂੰ ਕਵੇਂ ਮਿਲੀ ਹਿੰਮਤ ?
- ਮੈਂ ਔਰਤਾਂ ਕੋਲੋਂ ਸਿੱਖਿਆ ਹੈ। ਅਜਿਹੀਆਂ ਔਰਤਾਂ ਜੋ ਕੀਮੋ ਕਰਵਾਉਣ ਆ ਰਹੀਆਂ ਸਨ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਸਿੱਧੇ ਕੰਮ 'ਤੇ ਜਾ ਰਹੀਆਂ ਹਨ।
- ਮੈਂ ਉਨ੍ਹਾਂ ਨੂੰ ਪੁੱਛਿਆ ਕੀ ਤੁਹਾਨੂੰ ਕੰਪਨੀ ਆਫ ਨਹੀਂ ਦਿੰਦੀ ਹੈ? ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਨੂੰ ਆਫ ਦਿੱਤਾ। ਉਹ ਬਸ ਆਮ ਜ਼ਿੰਦਗੀ ਜੀਣਾ ਚਾਹੁੰਦੀਆਂ ਹਨ, ਇਸ ਲਈ ਕੰਮ 'ਤੇ ਜਾ ਰਹੀਆਂ ਹਨ।
ਇਸ ਵੀਡੀਓ ਦੀ ਸ਼ੁਰੂਆਤ ਵਿੱਚ ਅਨੁਪਮ ਖੇਰ ਮਹਿਮਾ ਨੂੰ ਸਵਾਲ ਕਰਦੇ ਹਨ ਅਤੇ ਇਸੇ ਦੌਰਾਨ ਮਹਿਮਾ ਆਪਣੇ ਤਜਰਬੇ ਵੀ ਸਾਂਝਾ ਕਰਦੀ ਹੈ।
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
- ਮੈਂ ਜਦੋਂ ਆਪਣੇ ਵਾਲ ਗਵਾਏ ਤਾਂ ਇੱਤੇਫ਼ਾਕ ਨਾਲ ਮੇਰੇ ਕੋਲ ਕਈ ਕਾਲਸ ਆਉਣ ਲੱਗੀਆਂ। ਇਹ ਕਾਲਸ ਵੈਬ ਸੀਰੀਜ਼ ਵਿੱਚ ਰੋਲ ਲਈ ਵੀ ਸਨ।
- ਮੈਂ ਪੁੱਛਿਆ ਕਿ ਕੀ ਮੈਂ ਵਿਗ ਨਾਲ ਸੈੱਟ 'ਤੇ ਆ ਸਕਦੀ ਹਾਂ, ਜਿਸ 'ਤੇ ਤੁਸੀਂ (ਅਨੁਪਮ ਖੇਰ) ਪੁੱਛਿਆ ਕਿ ਵਿਗ ਨਾਲ ਕਿਉਂ ਆਓਗੇ? ਤੁਸੀਂ ਜਿਵੇਂ ਹੋ ਉਵੇਂ ਜਾਓ।

ਤਸਵੀਰ ਸਰੋਤ, ScreenGrab
ਆਪਣੇ ਪਰਿਵਾਰ ਤੋਂ ਮਿਲੇ ਸਮਰਥਨ 'ਤੇ ਮਹਿਮਾ ਕਹਿੰਦੀ ਹੈ, "ਮੇਰੇ ਪਰਿਵਾਰ ਦੇ ਸਾਰੇ ਲੋਕ ਬਹਾਦੁਰ ਹਨ, ਮੈਂ ਅਜਿਹੀ ਨਹੀਂ ਸੀ। ਮੈਂ ਹਮੇਸ਼ਾ ਰੋਂਦੀ ਰਹਿੰਦੀ ਸੀ। ਫਿਰ ਮੇਰੀ ਮੁਲਾਕਾਤ ਇੱਕ ਛੋਟੇ ਬੱਚੇ ਨਾਲ ਹੋਈ।"
"ਮੈਂ ਉਸ ਦੀ ਆਵਾਜ਼ ਸੁਣੀ ਅਤੇ ਉਸ ਨੇ ਮੈਨੂੰ ਤਾਕਤ ਦਿੱਤੀ। ਕੀਮੋ ਦੌਰਾਨ ਮੈਂ ਉਸ ਨੂੰ ਦੇਖਿਆ ਅਤੇ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ, ਤੁਹਾਡੀ ਦਵਾਈ ਇੰਨੀ ਜਿਹੀ ਹੈ ਅਤੇ ਮੇਰੀ ਦਵਾਈ ਇੰਨੀ ਜ਼ਿਆਦਾ ਹੈ। ਉਸ ਨੇ ਮੈਨੂੰ ਕਿਹਾ, ਇਸੇ ਨਾਲ ਤਾਂ ਠੀਕ ਹੁੰਦੇ ਹਨ।"
ਮਹਿਮਾ ਨੇ ਕਿਹਾ, "ਮੈਂ ਉਸ ਨੂੰ ਕਿਹਾ ਬਹੁਤ ਤਕਲੀਫ਼ ਹੁੰਦੀ ਹੈ। ਮੈਂ ਲੇਟੀ ਰਹਿੰਦੀ ਹਾਂ। ਉਸ ਨੇ ਮੈਨੂੰ ਕਿਹਾ, ਮੈਂ ਪੰਜ ਦਿਨ ਲੇਟਦਾ ਹਾਂ, ਇਸ ਤੋਂ ਬਾਅਦ ਮੈਂ ਖੇਡਦਾ ਹਾਂ।"
ਇਸ 'ਤੇ ਅਨੁਪਮ ਖੇਰ ਨੇ ਮਹਿਮਾ ਲਈ ਕਿਹਾ, ਤੁਸੀਂ ਮੇਰੇ ਹੀਰੋ ਹੋ।

ਤਸਵੀਰ ਸਰੋਤ, Insta/mahima
ਮਹਿਮਾ ਚੌਧਰੀ ਦੇ ਕਰੀਅਰ 'ਤੇ ਨਜ਼ਰ
- ਮਹਿਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੁਭਾਸ਼ ਘਈ ਦੀ ਫਿਲਮ ਪਰਦੇਸ ਤੋਂ ਕੀਤੀ ਸੀ। ਇਹ ਫਿਲਮ 1997 ਵਿੱਚ ਰਿਲੀਜ਼ ਹੋਈ ਸੀ।
- ਪਰਦੇਸ ਫਿਲਮ ਲਈ ਮਹਿਮਾ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ।
- ਮਹਿਮਾ ਚੌਧਰੀ ਨੇ ਦਿਲ ਕਯਾ ਕਰੇ, ਦਾਗ਼, ਧੜਕਨ, ਕੁਰੂਕਸ਼ੇਤਰ, ਦਿਲ ਹੈ ਤੁਮਹਾਰਾ, ਲੱਜਾ, ਤੇਰੇ ਨਾਮ, ਓਮ ਜੈ ਜਗਦੀਸ਼ ਹਰੇ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।
- ਮਹਿਮਾ ਕੁਝ ਫਿਲਮਾਂ ਵਿੱਚ ਛੋਟੇ ਜਿਹੇ ਰੋਲਸ ਵਿੱਚ ਵੀ ਨਜ਼ਰ ਆਈ ਹੈ, ਜਿਵੇਂ ਬਾਗ਼ਬਾਨ ਅਤੇ ਐੱਲਓਸੀ।
- ਸਾਲ 1973 ਵਿੱਚ ਮਹਿਮਾ ਦਾ ਜਨਮ ਬੰਗਾਲ ਵਿੱਚ ਹੋਇਆ ਸੀ। ਮਹਿਮਾ ਦਾ ਬਚਪਨ ਦਾਰਜੀਲਿੰਗ ਵਿੱਚ ਬੀਤਿਆ ਸੀ। ਮਹਿਮਾ ਸ਼ੁਰੂ ਵਿੱਚ ਬੰਗਲਾ ਫਿਲਮਾਂ ਹੀ ਕਰਨਾ ਚਾਹੁੰਦੀ ਸੀ।
- ਮਹਿਮਾ ਨੇ ਸਾਲ 2006 ਵਿੱਚ ਵਿਆਹ ਕੀਤਾ ਸੀ ਪਰ 2013 ਵਿੱਚ ਪਤੀ ਬੌਬੀ ਮੁਖਰਜੀ ਨਾਲੋਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਸੀ।

ਤਸਵੀਰ ਸਰੋਤ, Insta
ਭਾਰਤੀ ਔਰਤਾਂ ਵਿੱਚ ਬ੍ਰੈਸਟ ਕੈਂਸਰ
ਏਮਜ਼ ਵਿੱਚ ਸਰਜੀਕਲ ਆਨਕੋਲੋਜੀ ਵਿਭਾਗ ਵਿੱਚ ਪ੍ਰੋਫੈਸਰ ਡਾਕਟਰ ਐੱਸਵੀਐੱਸ ਦੇਵ ਕਹਿੰਦੇ ਹਨ ਕਿ ਪਿਛਲੇ 10 ਤੋਂ 15 ਸਾਲਾ ਵਿੱਚ ਨੌਜਵਾਨ ਔਰਤਾਂ ਵਿੱਚ ਕੈਂਸਰ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।
- ਨੌਜਵਾਨ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਵਿੱਚ ਉਹ ਔਰਤਾਂ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 40 ਤੋਂ ਘੱਟ ਹੈ। ਇਨ੍ਹਾਂ ਵਿੱਚ ਸਭ ਤੋਂ ਘੱਟ ਉਮਰ ਦੀਆਂ ਔਰਤਾਂ 20 ਤੋਂ 30 ਸਾਲ ਦੀਆਂ ਹਨ, ਜਿਨ੍ਹਾਂ ਵਿੱਚ ਕੈਂਸਰ ਮਿਲਦਾ ਹੈ।
- ਸਭ ਤੋਂ ਘੱਟ ਉਮਰ ਸ਼੍ਰੇਣੀ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਦੋ ਤੋਂ ਤਿੰਨ ਫੀਸਦ ਕੈਂਸਰ ਦੇ ਮਾਮਲੇ ਆਉਂਦੇ ਹਨ ਅਤੇ ਜੇਕਰ ਨੌਜਵਾਨ ਸ਼੍ਰੇਣੀ ਦੀ ਗੱਲ ਕਰੀਏ ਤਾਂ ਇਹ ਮਾਮਲੇ 15 ਫੀਸਦ ਹੈ।
- 40-50 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵਧ ਕੇ 30 ਫੀਸਦ ਤੱਕ ਪਹੁੰਚ ਜਾਂਦੇ ਹਨ ਅਤੇ 44 ਤੋਂ 50 ਸਾਲ ਦੀਆਂ ਔਰਤਾਂ ਵਿੱਚ ਅਜਿਹੇ ਮਾਮਲੇ 16 ਫੀਸਦ ਹੁੰਦੇ ਹਨ।
- ਆਈਸੀਐੱਮਆਰ ਅਤੇ ਐੱਨਸੀਡੀਆਈਆਰ ਦੀ ਰਿਪੋਰਟ: ਸਾਲ 2025 ਵਿੱਚ ਕੈਂਸਰ ਦੇ ਮਾਮਲੇ ਵਧ ਕੇ 15.7 ਲੱਖ ਤੱਕ ਪਹੁੰਚ ਜਾਣਗੇ।
- ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਦੇ ਇਲਾਜ ਵੇਲੇ ਚੱਲਣ ਵਾਲੀ ਕੀਮੋਥੈਰੇਪੀ ਦਾ ਅਸਰ ਔਰਤਾਂ ਦੀ ਫਰਟੀਲਿਟੀ ਯਾਨਿ ਪ੍ਰਜਨਨ ਸਮਰੱਥਾ 'ਤੇ ਪੈ ਸਕਦਾ ਹੈ।


ਤਸਵੀਰ ਸਰੋਤ, Getty Images

ਬ੍ਰੈਸਟ ਕੈਂਸਰ ਦੇ ਲੱਛਣ ਕਿਵੇਂ ਪਛਾਣੀਏ?
- ਛਾਤੀ ਵਿੱਚ ਗੰਢਾਂ ਜਾਂ ਲੰਪ ਹੋਣਾ
- ਜੇਕਰ ਬ੍ਰੈਸਟ ਵਿੱਚ ਕਿਸੇ ਪ੍ਰਕਾਰ ਦੀ ਸੋਜਿਸ਼ ਦਿਖਾਈ ਦੇਵੇ
- ਬ੍ਰੈਸਟ ਦੀ ਸਕਿਨ ਵਿੱਚ ਕਿਸੇ ਪ੍ਰਕਾਰ ਦਾ ਬਦਲਾਅ ਦਿਖਾਈ ਦੇਵੇ ਮਸਲਨ ਉੱਥੇ ਜਲਨ, ਲਾਲ ਪੈਣਾ ਜਾਂ ਸਕਿਨ ਦਾ ਸਖ਼ਤ ਹੋਣਾ
- ਨਿੱਪਲ ਤੋਂ ਰਿਸਾਵ ਹੁੰਦਾ ਪਦਾਰਥ ਦਿਖਾਈ ਦੇਵੇ

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













