ਆਈਪੀਐੱਲ - 2022: ਪੰਜਾਬ ਕਿੰਗਜ਼ ਦੇ ਅਰਸ਼ਦੀਪ ਦੀ ਭਾਰਤੀ ਟੀਮ ਲਈ ਚੋਣ ਹੋਈ, ਜਾਣੋ ਕਿਵੇਂ ਮਾਪਿਆਂ ਦਾ ਕੈਨੇਡਾ ਭੇਜਣ ਦਾ ਸੁਪਨਾ ਕ੍ਰਿਕਟ ਅੱਗੇ ਫਿੱਕਾ ਪੈ ਗਿਆ

ਪੰਜਾਬ ਕਿੰਗਸ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਭਾਰਤ ਦੀ ਟੀ-20 ਟੀਮ ਲਈ ਚੁਣ ਲਿਆ ਗਿਆ ਹੈ। ਇਹ ਚੋਣ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰਜ਼ ਲਈ ਕੀਤੀ ਗਈ ਹੈ।

ਅਰਸ਼ਦੀਪ ਸਿੰਘ ਨੇ ਇਸ ਵਾਰ ਵੀ ਆਈਪੀਐੱਲ ਵਿੱਚ ਪੰਜਾਬ ਕਿੰਗਸ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ ਪਰ ਅਰਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਈਆਂ 10 ਵਿਕਟਾਂ ਨੇ ਉਨ੍ਹਾਂ ਨੂੰ ਟੀਮ ਇੰਡੀਆ ਤੱਕ ਪਹੁੰਚਾ ਦਿੱਤਾ ਹੈ।

ਸਾਲ 2021 ਦੇ ਆਈਪੀਐੱਲ ਵਿੱਚ ਵੀ ਅਰਸ਼ਦੀਪ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਪੇਸ਼ ਹਨ ਉਸ ਗੱਲਬਾਤ ਦੇ ਅੰਸ਼।

ਜਦੋਂ ਪਿਤਾ ਨੇ ਕੈਨੇਡਾ ਭੇਜਣ ਦੀ ਇੱਛਾ ਜਤਾਈ

ਪੰਜਾਬ ਦੇ 23 ਸਾਲਾ ਖਿਡਾਰੀ ਦੇ ਮਾਪੇ ਸਪਸ਼ਟ ਤੌਰ 'ਤੇ ਮਾਣ ਮਹਿਸੂਸ ਕਰਦੇ ਹਨ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ।

ਚੰਡੀਗੜ੍ਹ ਤੋਂ ਬਾਅਦ ਹੁਣ ਖਰੜ ਵਿੱਚ ਵਸੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।"

ਇਹ ਇਸ ਲਈ ਸੀ ਕਿ ਦਰਸ਼ਨ ਸਿੰਘ ਨੂੰ ਫ਼ਿਕਰ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਇੱਥੇ ਕੋਈ ਚੰਗਾ ਕੰਮ ਜਾਂ ਨੌਕਰੀ ਨਹੀਂ ਮਿਲੇਗੀ।

"ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿੱਤੀ ਤੌਰ 'ਤੇ ਸੁਰੱਖਿਅਤ ਰਹਿਣ, ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ। ਮੈਂ ਅਰਸ਼ਦੀਪ ਲਈ ਵੀ ਇਹੀ ਚਾਹੁੰਦਾ ਸੀ। ਉਸ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ ਅਤੇ ਇਸ ਕਰ ਕੇ ਮੈਂ ਚਾਹੁੰਦਾ ਸੀ ਕਿ ਪਲੱਸ ਟੂ ਕਰ ਕੇ ਉਹ ਵੀ ਉੱਥੇ ਚਲਾ ਜਾਵੇ।"

"ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ। ਸੋ, ਮੈਂ ਉਸ ਨੂੰ ਇੱਕ ਸਾਲ ਦੀ ਇਜਾਜ਼ਤ ਦੇ ਦਿੱਤੀ।"

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਉਨ੍ਹਾਂ ਦੀ ਕ੍ਰਿਕਟ ਅਤੇ ਤਕਦੀਰ ਦੋਵੇਂ ਬਦਲਣ ਲੱਗ ਪਏ।

ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ 19 ਸਾਲ ਤੋਂ ਘੱਟ ਉਮਰ ਦੀ ਭਾਰਤ ਦੀ ਟੀਮ ਲਈ ਚੁਣੇ ਗਿਆ।

ਉਨ੍ਹਾਂ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਖੇਡਣ ਗਏ ਅਤੇ ਵਧੀਆ ਪ੍ਰਦਰਸ਼ਨ ਕੀਤਾ। ਦਰਸ਼ਨ ਸਿੰਘ ਕਹਿੰਦੇ ਹਨ ਕਿ ਆਈਪੀਐੱਲ ਵਿੱਚ ਉਸ ਨੂੰ 2017 ਵਿੱਚ ਨਹੀਂ ਚੁਣਿਆ ਗਿਆ ਸੀ ਪਰ ਅਗਲੇ ਸਾਲ ਪੰਜਾਬ ਨੇ ਉਸ ਨੂੰ ਖ਼ਰੀਦ ਲਿਆ ਅਤੇ ਉਹ ਖ਼ੁਦ ਨੂੰ ਸਾਬਤ ਕਰ ਚੁੱਕਿਆ ਹੈ।

ਉਨ੍ਹਾਂ ਦੇ ਕੋਚ ਜਸਵੰਤ ਰਾਏ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਇਹ ਉਸ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦਾ ਸੀ ਕਿ ਉਸ ਦੀ ਗੇਮ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ। ਉਸ ਨੂੰ ਚੁਣੌਤੀ ਦਿਓ ਅਤੇ ਉਹ ਕਦੇ ਵੀ 'ਨਾ' ਨਹੀਂ ਕਹਿੰਦਾ, ਜਾਂ ਪਿੱਛੇ ਨਹੀਂ ਹਟਦਾ।"

ਪਿਤਾ ਕਿਉਂ ਚਾਹੁੰਦੇ ਸੀ ਕੈਨੇਡਾ ਭੇਜਣਾ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਚਾਹੁੰਦੇ ਹਨ ਕਿ ਅਰਸ਼ਦੀਪ ਕੈਨੇਡਾ ਜਾਵੇ ਤਾਂ ਦਰਸ਼ਨ ਸਿੰਘ ਕਹਿੰਦੇ ਹਨ ਕਿ ਰੱਬ ਦੀ ਮਿਹਰ ਸਦਕਾ, ਉਸ ਨੇ ਆਪਣੇ ਲਈ ਚੰਗਾ ਕੀਤਾ ਹੈ।

"ਦੇਖੋ, ਤੁਸੀਂ ਜਾਣਦੇ ਹੋ ਨੌਕਰੀਆਂ ਦੀ ਸਥਿਤੀ ਕਿਵੇਂ ਦੀ ਹੈ। ਜ਼ਮੀਨ ਸੁੰਗੜ ਗਈ ਹੈ। ਇਸ ਲਈ ਖੇਤੀਬਾੜੀ ਵੀ ਬਦਲ ਨਹੀਂ ਹੈ। ਇਸ ਲਈ, ਭਵਿੱਖ ਅਤੇ ਵਿੱਤੀ ਸਥਿਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅਸੀਂ ਚਾਹੁੰਦੇ ਸੀ ਕਿ ਉਹ ਕੈਨੇਡਾ ਜਾਵੇ।"

ਪਰ ਹੁਣ ਉਹ ਕਹਿੰਦੇ ਹਨ, ਸਾਡਾ ਸੁਪਨਾ ਕੁੱਝ ਹੋਰ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਤਾਂ ਫਿਰ ਅਰਸ਼ਦੀਪ ਦੀ ਪ੍ਰਾਪਤੀ ਲਈ ਕਿਸ ਨੂੰ ਸਿਹਰਾ ਦਿੰਦੇ ਹਨ?

ਦਰਸ਼ਨ ਅਰਸ਼ਦੀਪ ਦੇ ਕੋਚ ਜਸਵੰਤ ਰਾਏ ਦਾ ਨਾਮ ਲੈਂਦੇ ਹਨ ਅਤੇ ਆਪਣੀ ਮਿਹਨਤ ਵੱਲ ਇਸ਼ਾਰਾ ਕਰਦੇ ਹਨ ਪਰ ਖ਼ਾਸ ਤੌਰ 'ਤੇ ਅਰਸ਼ਦੀਪ ਦੀ ਮਾਂ ਦਾ ਜ਼ਿਕਰ ਕਰਦੇ ਹਨ।

"ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਵਿੱਚ ਇੱਕ ਇੰਸਪੈਕਟਰ ਹੋਣ ਦੇ ਨਾਤੇ ਮੈਂ ਇੱਕ ਤਬਦੀਲੀ ਯੋਗ ਨੌਕਰੀ ਵਿੱਚ ਸੀ ਪਰ ਮੇਰੀ ਪਤਨੀ ਨੇ ਇਹ ਯਕੀਨੀ ਕੀਤਾ ਕਿ ਅਰਸ਼ਦੀਪ ਕ੍ਰਿਕਟ ਖੇਡਣਾ ਜਾਰੀ ਰੱਖੇ। ਅਸੀਂ ਉਸ ਵੇਲੇ ਚੰਡੀਗੜ੍ਹ ਵਿੱਚ ਰਹਿੰਦੇ ਸੀ। ਉਹ ਉਸ ਨੂੰ ਕੜਕ ਧੁੱਪ ਵਿੱਚ ਸਾਈਕਲ 'ਤੇ ਕੋਚਿੰਗ ਅਕੈਡਮੀ ਲੈ ਕੇ ਜਾਂਦੀ ਸੀ। ਅੱਜ ਉਸ ਦੀ ਮਿਹਨਤ ਦਾ ਫਲ ਵੀ ਮਿਲਿਆ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)