You’re viewing a text-only version of this website that uses less data. View the main version of the website including all images and videos.
ਨਿਹਾਲ ਵਡੇਰਾ: ਇੱਕ ਪਾਰੀ ਵਿਚ 578 ਦੌੜਾਂ ਬਣਾ ਕੇ ਸੰਸਾਰ ਦਾ ਰਿਕਾਰਡ ਤੋੜਨ ਵਾਲਾ ਪੰਜਾਬੀ ਖਿਡਾਰੀ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਕਦੇ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 578 ਦੌੜਾਂ ਬਣਾਉਣ ਵਾਲੇ ਕਿਸੇ ਖਿਡਾਰੀ ਬਾਰੇ ਸੁਣਿਆ ਹੈ? ਲੁਧਿਆਣਾ ਦੇ ਨਿਹਾਲ ਵਡੇਰਾ ਨੇ ਬੁੱਧਵਾਰ ਨੂੰ 578 ਦੌੜਾਂ ਬਣਾ ਕੇ ਨਵਾਂ ਰਿਕਾਰਡ ਬਣਾਇਆ।
ਇਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਵਿਸ਼ਵ ਵਿੱਚ ਤੀਜਾ ਸਭ ਤੋਂ ਉੱਚਾ ਵਿਅਕਤੀਗਤ ਸਕੋਰ ਹੈ ਅਤੇ ਰਾਜ ਦੁਆਰਾ ਆਯੋਜਿਤ ਟੂਰਨਾਮੈਂਟ ਦੇ ਫਾਰਮੈਟ ਵਿੱਚ ਸਭ ਤੋਂ ਵੱਧ ਹੈ।
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸੀਈਓ ਦੀਪਕ ਸ਼ਰਮਾ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ।
ਇਤਫਾਕਨ, ਨਿਹਾਲ ਵਡੇਰਾ ਨੂੰ ਚੱਲ ਰਹੇ ਆਈਪੀਐਲ ਲਈ ਹਾਲ ਹੀ ਵਿੱਚ ਹੋਈ ਨਿਲਾਮੀ ਦੌਰਾਨ ਨਹੀਂ ਚੁਣਿਆ ਗਿਆ ਸੀ ਹਾਲਾਂਕਿ ਇੱਕ ਟੀਮ ਨੇ ਉਸਨੂੰ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ ਸੀ।
ਭਾਵੇਂ ਉਹ ਪੰਜਾਬ ਦੀ ਮੁਸ਼ਤਾਕ ਅਲੀ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਆਖਰੀ 11 ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਲਈ ਉਸ ਕੋਲ ਦਿਖਾਉਣ ਲਈ ਰਾਸ਼ਟਰੀ ਟੀ-20 ਅੰਕੜੇ ਨਹੀਂ ਸਨ।
ਪੀਸੀਏ ਦੇ ਸੀਈਓ ਨੇ ਅੱਗੇ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਨਿਹਾਲ ਨੇ 414 ਗੇਂਦਾਂ 'ਤੇ 578 ਦੌੜਾਂ ਬਣਾ ਕੇ ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਉਸ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਟੂਰਨਾਮੈਂਟ ਵਿੱਚ 42 ਚੌਕੇ ਅਤੇ 37 ਛੱਕੇ ਲਗਾਏ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਿਹਾਲ ਦੇ ਪਿਤਾ ਕਮਲ ਵਡੇਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਥਾਨਕ ਸਰਕਾਰੀ ਕਾਲਜ ਵਿੱਚ ਆਖਰੀ ਸਾਲ ਦਾ ਵਿਦਿਆਰਥੀ ਹੈ।
ਉਹਨਾਂ ਦਾ ਪਰਿਵਾਰ ਲੁਧਿਆਣਾ ਅਤੇ ਹੋਰ ਥਾਵਾਂ 'ਤੇ ਵਿੱਦਿਅਕ ਸੰਸਥਾਵਾਂ ਦੀ ਇੱਕ 'ਚੇਨ' ਚਲਾਉਂਦਾ ਹੈ।
ਇਹ ਵੀ ਪੜ੍ਹੋ:
ਪੰਜਾਬ ਅੰਤਰ-ਜ਼ਿਲ੍ਹਾ ਅੰਡਰ-23 ਸੈਮੀਫਾਈਨਲ ਮੈਚ ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਲੁਧਿਆਣਾ ਵਿਖੇ ਖੇਡਿਆ ਜਾ ਰਿਹਾ ਹੈ।
ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਜਦੋਂ ਨਿਹਾਲ ਵਡੇਰਾ ਨੇ ਜ਼ਬਰਦਸਤ ਖੇਡ ਖੇਡਿਆ ਤੇ ਇਸ ਦੌਰਾਨ ਕਈ ਰਿਕਾਰਡ ਤੋੜੇ।
ਲੁਧਿਆਣਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 165 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 880 ਦੌੜਾਂ ਬਣਾਈਆਂ ਹਨ। ਨਿਹਾਲ ਵਡੇਰਾ ਦਾ ਜੈਸ਼ ਜੈਨ ਨੇ 111 ਦੌੜਾਂ ਨਾਲ ਪੂਰਾ ਸਾਥ ਦਿੱਤਾ।
ਬਠਿੰਡਾ ਦਾ ਗੇਂਦਬਾਜ਼ ਅਬੀਰ ਕੋਹਲੀ 45 ਓਵਰਾਂ ਵਿੱਚ 262 ਦੌੜਾਂ ਦੇ ਕੇ ਕਾਫੀ ਮਹਿੰਗਾ ਸਾਬਿਤ ਹੋਇਆ। ਭਾਰਤ ਦੇ ਇੱਕ ਹੋਰ ਅੰਡਰ-19 ਖਿਡਾਰੀ ਉਦੈ ਪ੍ਰਤਾਪ ਸਹਾਰਨ ਨੂੰ ਵੀ ਲੁਧਿਆਣਾ ਦੇ ਬੱਲੇਬਾਜ਼ਾਂ ਨੂੰ 46 ਓਵਰਾਂ ਵਿੱਚ 245 ਦੌੜਾਂ ਦਿੱਤੀਆਂ।
ਨਿਹਾਲ ਨੇ 2018 ਵਿੱਚ ਅੰਡਰ-19 ਖਿਡਾਰੀ ਵਜੋਂ ਭਾਰਤ ਲਈ ਡੈਬਿਊ ਕੀਤਾ ਸੀ।
ਸਿਰਫ਼ ਸੱਤ ਮਹੀਨੇ ਪਹਿਲਾਂ, ਨਿਹਾਲ ਨੇ ਜੇਪੀ ਅਤਰੇ ਮੈਮੋਰੀਅਲ ਰਾਸ਼ਟਰੀ ਵੰਨਡੇ ਟੂਰਨਾਮੈਂਟ ਦੇ 26 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ ਬਣਾਇਆ ਸੀ।
ਟੂਰਨਾਮੈਂਟ ਦਾ ਆਯੋਜਨ ਕਰਨ ਵਾਲੇ ਵਿਵੇਕ ਅਤਰੇ ਨੇ ਕਿਹਾ ਕਿ ਉਸ ਦਿਨ, ਉਸਨੇ ਲਲਿਤ ਯਾਦਵ ਦੇ 168 ਅਤੇ ਸ਼ਿਖਰ ਧਵਨ ਦੇ 161 ਨੂੰ ਪਿੱਛੇ ਛੱਡਿਆ ਸੀ, ਜੋ ਕਿ ਇੱਕ ਭਾਰੀ ਸਕੋਰ ਹੋਣ ਦੀ ਉਸਦੀ ਕਾਬਲੀਅਤ ਦਾ ਸੰਕੇਤ ਹੈ।
ਇਹ ਵੀ ਪੜ੍ਹੋ: