ਦਿੱਲੀ ਪੁਲਿਸ ਨੂੰ 'ਨਫ਼ਰਤੀ ਭਾਸ਼ਣ' ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਉਂ ਪਾਈ ਝਾੜ - ਪ੍ਰੈੱਸ ਰਿਵਿਊ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਹਲਫ਼ਨਾਮੇ 'ਤੇ ਮੁੜ ਵਿਚਾਰ ਕਰਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਵਿੱਚ ਹਿੰਦੂ ਯੁਵਾ ਵਾਹਿਨੀ ਸਮਾਗਮ ਵਿੱਚ ਕੋਈ ਨਫ਼ਰਤ ਭਰਿਆ ਭਾਸ਼ਣ ਨਹੀਂ ਦਿੱਤਾ ਗਿਆ ਸੀ।

ਹਿੰਦੂਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ, ਅਦਾਲਤ ਨੇ ਇਸ ਦੇ ਲਈ ਪੁਲਿਸ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਫ਼ਰਤ ਵਾਲੇ ਭਾਸ਼ਣ 'ਤੇ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਜਵਾਬ ਦੇਣ ਲਈ ਵੀ ਕਿਹਾ ਹੈ।

ਸਰਬਉੱਚ ਅਦਾਲਤ ਨੇ ਇਹ ਨਿਰਦੇਸ਼, ਨਫ਼ਰਤ ਵਾਲੇ ਭਾਸ਼ਣ ਸਬੰਧੀ ਦਾਇਰ ਹੋਈਆਂ ਦੋ ਪਟੀਸ਼ਨਾਂ ਦੇ ਮਾਮਲੇ ਵਿੱਚ ਵਿੱਚ ਦਿੱਤੇ ਹਨ।

ਇਨ੍ਹਾਂ ਵਿੱਚੋਂ ਪਹਿਲੀ ਪਟੀਸ਼ਨ ਦੇ ਜਵਾਬ ਵਿੱਚ, ਦਿੱਲੀ ਪੁਲਿਸ ਨੇ ਪਿਛਲੇ ਹਫ਼ਤੇ ਇੱਕ ਹਲਫ਼ਨਾਮਾ ਦਾਇਰ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਦਿੱਲੀ ਦੇ ਸਮਾਗਮ ਵਿੱਚ ਮੁਸਲਮਾਨਾਂ ਵਿਰੁੱਧ ਕੁਝ ਵੀ ਕਿਹਾ ਗਿਆ ਸੀ ਜਿਸ ਨੂੰ ਨਫ਼ਰਤ ਭਰੇ ਭਾਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।

ਜਸਟਿਸ ਏ ਐੱਮ ਖਾਨਵਿਲਕਰ ਅਤੇ ਏ ਐੱਸ ਓਕਾ ਦੀ ਬੈਂਚ ਨੇ ਕਿਹਾ ਕਿ ਇਸ ਹਲਫ਼ਨਾਮੇ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ।

ਬੈਂਚ ਨੇ ਕਿਹਾ, "ਕੀ ਕਿਸੇ ਉੱਚ ਅਧਿਕਾਰੀ ਨੇ ਆਪਣਾ ਦਿਮਾਗ ਲਗਾਇਆ ਹੈ ਕਿ ਕੀ ਹਲਫ਼ਨਾਮੇ 'ਤੇ ਅਜਿਹਾ ਬਿਆਨ ਦਿੱਤਾ ਜਾ ਸਕਦਾ ਹੈ? ਕੀ ਇਹ ਹੈ ਉੱਚ ਅਧਿਕਾਰੀਆਂ ਦੀ ਸਮਝ ਜਾਂ ਫਿਰ ਉਨ੍ਹਾਂ ਨੇ ਉਹੀ ਦੁਬਾਰਾ ਪੇਸ਼ ਕਰ ਦਿੱਤਾ ਜੋ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ?''

ਅਦਾਲਤ ਨੇ ਦਿੱਲੀ ਪੁਲਿਸ ਦੀ ਨੁਮਾਇੰਦਗੀ ਕਰ ਰਹੇ ਐਡੀਸ਼ਨਲ ਸਾਲਿਸਟਰ ਜਨਰਲ (ਏਐੱਸਜੀ) ਕੇਐੱਮ ਨਟਰਾਜ ਨੂੰ ਕਿਹਾ, "ਸਾਨੂੰ ਉਮੀਦ ਹੈ ਕਿ ਇਹ ਅਧਿਕਾਰੀ, ਇੱਕ ਸੀਨੀਅਰ ਅਧਿਕਾਰੀ ਹੋਣ ਦੇ ਨਾਤੇ ਇਸ ਹਲਫ਼ਨਾਮੇ ਦੀਆਂ ਬਾਰੀਕੀਆਂ ਅਤੇ ਹੋਰ ਪਹਿਲੂਆਂ ਨੂੰ ਸਮਝਦਾ ਹੈ? ਕੀ ਇਹ ਅਧਿਕਾਰੀ (ਜਾਂਚ) ਰਿਪੋਰਟ ਦੇ ਤੱਥਾਂ ਨੂੰ ਸਹੀ ਮੰਨ ਰਿਹਾ ਹੈ ਜਾਂ ਪੂਰੇ ਮਾਮਲੇ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ?''

ਅਦਾਲਤ ਨੇ ਦਿੱਲੀ ਪੁਲਿਸ ਨੂੰ 4 ਮਈ ਤੱਕ "ਬਿਹਤਰ" ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਅਤੇ ਮਾਮਲੇ ਦੀ ਸੁਣਵਾਈ ਹੁਣ 9 ਮਈ ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਸੀਬੀਐੱਸਈ ਨੇ 10ਵੀਂ ਦੀ ਕਿਤਾਬ ਵਿੱਚੋਂ ਹਟਾਈਆਂ ਫੈਜ਼ ਦੀਆਂ ਕਵਿਤਾਵਾਂ

ਸੀਬੀਐੱਸਈ ਨੇ ਦਸਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਮਸ਼ਹੂਰ ਕਵੀ ਫੈਜ਼ ਅਹਿਮਦ ਫੈਜ਼ ਦੀਆਂ ਉਰਦੂ ਦੀਆਂ ਦੋ ਕਵਿਤਾਵਾਂ ਦੇ ਅਨੁਵਾਦ ਕੀਤੇ ਅੰਸ਼ ਹਟਾ ਦਿੱਤੇ ਹਨ। ਕਵਿਤਾਵਾਂ ਦੇ ਅੰਸ਼ ਦਸਵੀਂ ਜਮਾਤ ਦੀ ਕਿਤਾਬ "ਧਰਮ, ਸੰਪਰਦਾਇਕਤਾ ਅਤੇ ਸਿਆਸਤ - ਸੰਪਰਦਾਇਕਤਾ, ਧਰਮ ਨਿਰਪੱਖ ਰਾਜ" ਭਾਗ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਵਾਰ ਹਟਾ ਦਿੱਤਾ ਗਿਆ ਹੈ।

ਬੋਰਡ ਦੁਆਰਾ ਵੀਰਵਾਰ ਨੂੰ 2022-23 ਲਈ ਅਕਾਦਮਿਕ ਪਾਠਕ੍ਰਮ ਜਾਰੀ ਕੀਤਾ ਗਿਆ, ਜਿਸ 'ਚ ਇਹ ਸ਼ਾਮਿਲ ਨਹੀਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪਾਠਕ੍ਰਮ ਦਾ ਹਿੱਸਾ ਜੋ 10ਵੀਂ ਜਮਾਤ ਲਈ ਸਮਾਜਿਕ ਵਿਗਿਆਨ ਕੋਰਸ ਦੀ ਸਮੱਗਰੀ ਨੂੰ ਸੂਚੀਬੱਧ ਕਰਦਾ ਹੈ, ਕਹਿੰਦਾ ਹੈ ਕਿ "ਪੰਨਾ ਨੰਬਰ 46, 48, 49 'ਤੇ ਚਿੱਤਰ ਨੂੰ ਛੱਡ ਕੇ" ਧਰਮ, ਸੰਪਰਦਾਇਕਤਾ ਅਤੇ ਸਿਆਸਤ ਸਬੰਧੀ ਪਾਠ, ਕੋਰਸ ਦਾ ਹਿੱਸਾ ਬਣੇ ਰਹਿਣਗੇ।

ਦੱਸੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਦੋ ਪੋਸਟਰ ਅਤੇ ਇੱਕ ਸਿਆਸੀ ਕਾਰਟੂਨ ਹਨ।

ਇਨ੍ਹਾਂ ਪੋਸਟਰਾਂ ਵਿੱਚੋਂ ਇੱਕ 'ਤੇ ਫੈਜ਼ ਦੀਆਂ ਕਵਿਤਾਵਾਂ ਦੇ ਅੰਸ਼ ਲਿਖੇ ਹਨ ਅਤੇ ਇਨ੍ਹਾਂ ਨੂੰ ਐਨਜੀਓ 'ਅਨਹਦ' (ਐਕਟ ਨਾਓ ਫਾਰ ਹਾਰਮਨੀ ਐਂਡ ਡੈਮੋਕਰੇਸੀ) ਦੁਆਰਾ ਜਾਰੀ ਕੀਤਾ ਗਿਆ ਸੀ।

ਮੋਹਰੀ ਸਾਹਿਤਕ ਵੈੱਬ ਪੋਰਟਲ ਰੇਖਤਾ ਦੇ ਅਨੁਸਾਰ, ਜਿਨ੍ਹਾਂ ਕਵਿਤਾਵਾਂ 'ਚੋਂ ਇਹ ਅੰਸ਼ ਲਏ ਹਨ, ਉਨ੍ਹਾਂ ਵਿੱਚੋਂ ਇੱਕ ਫੈਜ਼ ਨੇ ਉਦੋਂ ਲਿਖੀ ਸੀ ਜਦੋਂ ਉਨ੍ਹਾਂ ਨੂੰ ਲਾਹੌਰ ਦੀ ਇੱਕ ਜੇਲ੍ਹ ਤੋਂ, ਜ਼ੰਜੀਰਾਂ ਵਿੱਚ, ਇੱਕ ਤਾਂਗੇ ਵਿੱਚ ਦੰਦਾਂ ਦੇ ਡਾਕਟਰ ਕੋਲ ਲਿਜਾਇਆ ਜਾ ਰਿਹਾ ਸੀ, ਉਨ੍ਹਾਂ ਗਲ਼ੀਆਂ ਵਿੱਚੋਂ ਜੋ ਫ਼ੈਜ਼ ਦੀਆਂ ਜਾਣੀਆਂ-ਪਛਾਣੀਆਂ ਸਨ।

ਦੂਜੇ ਪੋਸਟਰ ਵਾਲੀ ਕਵਿਤਾ ਫੈਜ਼ ਨੇ 1974 ਵਿੱਚ ਢਾਕਾ ਫੇਰੀ ਤੋਂ ਬਾਅਦ ਲਿਖੀ ਸੀ।

ਟਵਿੱਟਰ 'ਤੇ ਇਰਫਾਨ ਪਠਾਨ ਦੀ ''ਮਾਈ ਕੰਟਰੀ'' ਪੋਸਟ 'ਤੇ ਪਿਆ ਰੌਲ਼ਾ

ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਅਤੇ ਅਮਿਤ ਮਿਸ਼ਰਾ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ 'ਜ਼ਬਾਨੀ ਜੰਗ' ਵਿੱਚ ਉਲਝਦੇ ਨਜ਼ਰ ਆਏ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਰਫਾਨ ਨੇ ਦੇਸ਼ ਸਬੰਧੀ ਇੱਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਲਿਖਿਆ - "ਮੇਰਾ ਦੇਸ਼, ਮੇਰਾ ਸੁੰਦਰ ਦੇਸ਼, ਧਰਤੀ 'ਤੇ ਸਭ ਤੋਂ ਮਹਾਨ ਦੇਸ਼ ਬਣਨ ਦੀ ਸਮਰੱਥਾ ਰੱਖਦਾ ਹੈ। ਪਰ..."

ਫਿਰ ਅਮਿਤ ਮਿਸ਼ਰਾ ਨੇ ਇੱਕ ਲਾਈਨ ਨੇ ਇਸ ਲਾਈਨ ਨੂੰ ਪੂਰਾ ਕਰਦਿਆਂ ਲਿਖਿਆ - "ਮੇਰਾ ਦੇਸ਼, ਮੇਰਾ ਸੁੰਦਰ ਦੇਸ਼, ਧਰਤੀ 'ਤੇ ਸਭ ਤੋਂ ਮਹਾਨ ਦੇਸ਼ ਬਣਨ ਦੀ ਸਮਰੱਥਾ ਰੱਖਦਾ ਹੈ... ਜੇਕਰ ਕੁਝ ਲੋਕਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਸਾਡਾ ਸੰਵਿਧਾਨ ਹੀ ਪਹਿਲੀ ਕਿਤਾਬ ਹੈ ਜਿਸ ਦੀ ਪਾਲਣਾ ਕੀਤੀ ਜਾਂਦੀ ਹੈ।"

ਹਾਲਾਂਕਿ ਦੋਵਾਂ ਨੇ ਹੀ ਆਪਣੇ ਟਵੀਟ ਦੇ ਸੰਦਰਭ ਦੀ ਵਿਆਖਿਆ ਨਹੀਂ ਕੀਤੀ ਪਰ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਪੋਸਟਾਂ ਨੂੰ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹੋਈ ਹਿੰਸਾ ਅਤੇ ਦੇਸ਼ ਵਿੱਚ ਹੋਰ ਥਾਵਾਂ 'ਤੇ ਫਿਰਕੂ ਝੜਪਾਂ ਨੀਲ ਜੋੜ ਕੇ ਦੇਖਿਆ ਗਿਆ।

ਕਈਆਂ ਨੇ ਪਠਾਨ ਦੀ ਇਸ ਪੋਸਟ ਦੀ ਨਿੰਦਾ ਕੀਤੀ ਤੇ ਕਈਆਂ ਨੇ ਉਨ੍ਹਾਂ ਨੂੰ ਕਿਹਾ ਲਾਈਨ ਪੂਰੀ ਕਰ ਕੇ ਦਿਖਾਉਣ। ਕਈ ਹੋਰਨਾਂ ਨੇ ਪਠਾਨ ਅਪੀਲ ਕੀਤੀ ਕਿ ਅਜਿਹੇ ਸਿਆਸੀ ਬਿਆਨਾਂ ਰਾਹੀਂ ਕ੍ਰਿਕਟ ਵਿੱਚ ਕਮਾਈ ਆਪਣੀ ਸਾਖ ਨੂੰ ਨਾ ਗੁਆਉਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)