ਕੋਰੋਨਾਵਾਇਰਸ: ਬੂਸਟਰ ਡੋਜ਼ ਬਾਰੇ ਕੇਂਦਰ ਸਰਕਾਰ ਲੈ ਸਕਦੀ ਹੈ ਨਵਾਂ ਫੈਸਲਾ - ਪ੍ਰੈੱਸ ਰਿਵੀਊ

ਭਾਰਤ ਸਰਕਾਰ ਇਹ ਫੈਸਲਾ ਕਰ ਸਕਦੀ ਹੈ ਕਿ ਕੋਵਿਡ -19 ਲਈ ਪ੍ਰਮਾਣਿਤ ਟੀਕਿਆਂ ਨੂੰ ਮਿਕਸ ਐਂਡ ਮੈਚ ਕਰਕੇ ਲਗਾਇਆ ਜਾਵੇ ਜਾਂ ਨਹੀਂ।

ਤਾਮਿਲਨਾਡੂ ਦੇ ਵੇਲੋਰ ਵਿੱਚ ਕ੍ਰਿਸਚਨ ਮੈਡੀਕਲ ਕਾਲਜ ਵਿਖੇ ਕੀਤੇ ਗਏ ਟ੍ਰਾਇਲਾਂ ਦੇ ਆਧਾਰ 'ਤੇ ਇੱਕ ਡੇਟਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਸਰਕਾਰ ਇਸ ਸਬੰਧੀ ਦੋ ਹਫ਼ਤਿਆਂ ਵਿੱਚ ਫੈਸਲਾ ਲੈ ਸਕਦੀ ਹੈ।

ਮਿਕਸ ਐਂਡ ਮੈਚ ਤੋਂ ਭਾਵ ਹੈ ਕਿ ਇੱਕ ਜਾਂ ਪਹਿਲੀ ਖੁਰਾਕ ਜਿਸ ਟੀਕੇ ਦੀ ਲਗਾਈ ਗਈ ਹੋਵੇ, ਦੂਜੀ ਖ਼ੁਰਾਕ ਉਸੇ ਟੀਕੇ ਦੀ ਨਹੀਂ ਬਲਕਿ ਕਿਸੇ ਹੋਰ ਟੀਕੇ ਦੀ ਲਗਾਈ ਜਾਵੇਗੀ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਸੀਐੱਮਸੀ ਵੇਲੋਰ ਜਲਦੀ ਹੀ ਇਸ ਸਬੰਧੀ ਡੇਟਾ ਤਿਆਰ ਕਰਨ ਜਾ ਰਿਹਾ ਹੈ ਤਾਂ ਜੋ ਉਸਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੇ ਵਿਸ਼ਾ ਮਾਹਿਰਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ।

ਸੀਐੱਮਸੀ ਵੇਲੋਰ ਦੇ ਸੀਨੀਅਰ ਟੀਕਾ ਮਾਹਰ, ਫੈਕਲਟੀ ਅਤੇ ਅਧਿਐਨ ਦੀ ਅਗਵਾਈ ਕਰ ਰਹੇ ਡਾ. ਗਗਨਦੀਪ ਕੰਗ ਨੇ ਕਿਹਾ, "ਸਾਨੂੰ ਸਿਹਤ ਮੰਤਰਾਲੇ ਦੀ ਸਕ੍ਰੀਨਿੰਗ ਕਮੇਟੀ ਤੋਂ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਅਧਿਐਨ ਤੋਂ ਨਮੂਨਿਆਂ ਦੀ ਜਾਂਚ ਕਰਨ ਦੀ ਇਜਾਜ਼ਤ ਮਿਲੀ ਹੈ। ਡੇਟਾ ਤਿਆਰ ਕਰਨ ਲਈ ਦੋ ਹਫ਼ਤੇ ਲੱਗਣਗੇ।''

ਟੈਸਟ ਕੀਤੇ ਜਾ ਰਹੇ ਟੀਕੇ ਕੋਵਿਸ਼ੀਲਡ ਅਤੇ ਕੋਵੈਕਸੀਨ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਪ੍ਰਾਇਮਰੀ ਡੋਜ਼ ਅਤੇ ਦੂਜੀ ਨੂੰ ਬੂਸਟਰ ਡੋਜ਼ ਵਜੋਂ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਦਾ ਪਹਿਲਾ ਸਿੱਖ ਪੁਲਿਸ ਅਧਿਕਾਰੀ ਹੋਇਆ 'ਲਾਪਤਾ', ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਸ਼ਾਹੀਨ ਦਾ "ਗਾਇਬ ਹੋਣਾ" ਗੁਆਂਢੀ ਦੇਸ਼ ਵਿੱਚ ਘੱਟ ਗਿਣਤੀਆਂ ਵਿਰੁੱਧ ਦਬਾਅ ਵਾਲੀ ਕਾਰਵਾਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪਾਕਿਸਤਾਨ ਵਿੱਚ ਘੱਟਗਿਣਤੀ ਸਿੱਖ ਭਾਈਚਾਰੇ ਨਾਲ ਹੋ ਰਹੇ 'ਬੇਇਨਸਾਫ਼ੀ ਅਤੇ ਵਧੀਕੀਆਂ' ਦੀ ਨਿੰਦਾ ਕਰਦਿਆਂ ਕਮੇਟੀ ਦੇ ਪ੍ਰਧਾਨ ਨੇ ਇਸਨੂੰ 'ਮੰਦਭਾਗਾ' ਕਰਾਰ ਦਿੱਤਾ।

ਇਸ ਸਬੰਧੀ ਉਨ੍ਹਾਂ ਨੇ ਪਾਕਿਸਤਾਨ ਵਿੱਚ ਕੁਝ ਕਥਿਤ ਮੀਡੀਆ ਰਿਪੋਰਟਾਂ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫ਼ੀ ਅਤੇ ਵਧੀਕੀਆਂ ਦੀਆਂ ਖ਼ਬਰਾਂ ਆਈਆਂ ਹਨ, ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਉੱਥੋਂ ਦੇ ਸਿੱਖ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਕਿਹਾ, "ਇਹ ਸਹੀ ਨਹੀਂ ਹੈ ਅਤੇ ਕਿਸੇ ਵੀ ਦੇਸ਼ ਦੀ ਸਰਕਾਰ ਸਾਰੇ ਭਾਈਚਾਰਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦੀ ਹੈ। ਗੁਲਾਬ ਸਿੰਘ ਸ਼ਾਹੀਨ ਨੂੰ ਕਿਸੇ ਅਣਦੱਸੀ ਥਾਂ 'ਤੇ ਅਗਵਾ ਕਰਨਾ ਪਾਕਿਸਤਾਨ ਦੇ ਸਿੱਖਾਂ ਵਿੱਚ ਡਰ ਦਾ ਵਿਸ਼ਾ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਤੁਰੰਤ ਉਸ ਦੇ ਟਿਕਾਣੇ ਬਾਰੇ ਦੱਸਣਾ ਚਾਹੀਦਾ ਹੈ।''

ਯੂਪੀ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਪੈਰ ਚਟਵਾਉਣ ਲਈ ਕੀਤਾ ਮਜਬੂਰ, ਵੀਡੀਓ ਵਾਇਰਲ

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਜਾਤੀ ਅਧਾਰਤ ਹਿੰਸਾ ਦੀ ਇੱਕ ਘਟਨਾ ਵਿੱਚ, ਦਲਿਤ ਭਾਈਚਾਰੇ ਦੇ ਇੱਕ ਨਾਬਾਲਗ ਮੁੰਡੇ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਉਸਨੂੰ ਕੁੱਟਮਾਰ ਕਰਨ ਵਾਲਿਆਂ 'ਚੋਂ ਇੱਕ ਦੇ ਪੈਰ ਚੱਟਣ ਲਈ ਮਜਬੂਰ ਕੀਤਾ ਗਿਆ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਮੁੰਡਾ ਕੰਨਾਂ 'ਤੇ ਹੱਥ ਰੱਖ ਕੇ ਜ਼ਮੀਨ 'ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਕਥਿਤ ਆਰੋਪੀ ਮੋਟਰਸਾਈਕਲਾਂ 'ਤੇ ਬੈਠੇ ਜਾਪਦੇ ਹਨ। ਮੁੰਡੇ ਨੂੰ ਡਰ ਨਾਲ ਕੰਬਦਾ ਹੋਇਆ ਦੇਖ ਕੇ ਉਨ੍ਹਾਂ ਵਿੱਚੋਂ ਕੁਝ ਹੱਸਦੇ ਹਨ।

ਉਨ੍ਹਾਂ ਵਿੱਚੋਂ ਇੱਕ, ਪੀੜਤ ਨੂੰ 'ਠਾਕੁਰ' ਨਾਮ ਲੈਣ ਲਈ ਕਹਿੰਦਾ ਹੈ ਅਤੇ ਉਸ ਨੂੰ ਗਾਲ੍ਹਾਂ ਵੀ ਕੱਢਦਾ ਹੈ। ਉਨ੍ਹਾਂ 'ਚੋਂ ਇੱਕ ਹੋਰ ਪੀੜਤ ਨੂੰ ਪੁੱਛਦਾ ਹੈ - "ਕੀ ਤੂੰ ਫਿਰ ਅਜਿਹੀ ਗਲਤੀ ਕਰੇਂਗਾ?"

ਇੱਕ ਹੋਰ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਆਦਮੀ ਮੁੰਡੇ 'ਤੇ ਗਾਂਜਾ ਵੇਚਣ ਦਾ ਦੋਸ਼ ਲਗਾ ਰਹੇ ਹਨ ਅਤੇ ਪੀੜਤ ਇਸ ਇਲਜ਼ਾਮ ਨੂੰ ਦਬਾਅ ਹੇਠ ਸਵੀਕਾਰ ਵੀ ਕਰਦਾ ਦਿਖਾਈ ਦਿੰਦਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 10 ਅਪ੍ਰੈਲ ਨੂੰ ਵਾਪਰੀ ਸੀ ਅਤੇ ਪੀੜਤ ਦੁਆਰਾ ਲਿਖਤੀ ਸ਼ਿਕਾਇਤ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ ਸੀ। ਕੇਸ ਦੇ ਕੁਝ ਮੁਲਜ਼ਮ ਕਥਿਤ ਉੱਚ ਜਾਤੀਆਂ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)