ਪੰਜਾਬ 'ਚ 'ਆਪ' ਦੀ ਸਰਕਾਰ ਆਉਣ ਤੋਂ ਬਾਅਦ ਕੀ ਕਾਨੂੰਨ ਵਿਵਸਥਾ ਵਿਗੜ ਗਈ ਹੈ

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਤਲ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਵਿਰੋਧੀ ਰਾਜਨੀਤਿਕ ਦਲਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ।

ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸੂਬੇ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਅਪ੍ਰੈਲ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਸੀ।

ਪੰਜਾਬ ਦੇ ਡੀਜੀਪੀ ਮੁਤਾਬਕ ਇਸ ਸਾਲ ਕੁੱਲ 158 ਕਤਲ ਹੋਏ ਹਨ ਜਿਨ੍ਹਾਂ ਵਿੱਚ 6 ਮਾਮਲੇ ਗੈਂਗਸਟਰ ਨਾਲ ਜੁੜੇ ਹਨ।

8 ਅਪ੍ਰੈਲ ਨੂੰ ਸੀਨੀਅਰ ਅਧਿਕਾਰੀਆਂ ਨਾਲ ਭਗਵੰਤ ਮਾਨ ਵੱਲੋਂ ਬੈਠਕ ਕਰ ਕੇ ਆਖਿਆ ਗਿਆ ਸੀ ਕਿ ਸੂਬੇ ਵਿੱਚ ਜੁਰਮ ਨੂੰ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾਣ।

ਭਗਵੰਤ ਮਾਨ ਵੱਲੋਂ ਇਹ ਵੀ ਆਖਿਆ ਗਿਆ ਸੀ ਕਿ ਸੂਬੇ ਦੇ 3 ਕਰੋੜ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।

ਕਤਲ ਜੋ ਬਣੇ ਚਰਚਾ ਦਾ ਵਿਸ਼ਾ

ਪੰਜਾਬ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਕਈ ਵਾਰਦਾਤਾਂ ਹੋਈਆਂ ਹਨ ਜਿਸ ਤੋਂ ਬਾਅਦ ਵਿਰੋਧੀ ਰਾਜਨੀਤਿਕ ਦਲਾਂ ਨੇ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ।

4 ਅਪ੍ਰੈਲ ਨੂੰ ਕਥਿਤ ਜ਼ਮੀਨੀ ਵਿਵਾਦ ਤੋਂ ਬਾਅਦ ਗੁਰਦਾਸਪੁਰ ਦੇ ਫੁਲੜਾ ਪਿੰਡ ਵਿਖੇ ਫਾਇਰਿੰਗ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋਈ ਸੀ। ਇਸ ਘਟਨਾ ਨਾਲ ਸਬੰਧਿਤ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਮੌਕੇ 'ਤੇ ਪੁਲਿਸ ਕਰਮਚਾਰੀ ਵੀਡੀਓ ਬਣਾਉਂਦੇ ਨਜ਼ਰ ਆਏ ਸਨ। ਮ੍ਰਿਤਕਾਂ ਵਿੱਚ ਪਿੰਡ ਦੇ ਸਰਪੰਚ ਲਵਜੀਤ ਕੌਰ ਦੇ ਪਤੀ ਸੁਖਰਾਜ ਸਿੰਘ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:

16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ 14 ਮਾਰਚ ਨੂੰ ਜਲੰਧਰ ਦੇ ਮੱਲੀਆਂ ਖੁਰਦ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਅਤੇ ਆਖਿਆ ਗਿਆ ਸੀ ਕਿ ਕੈਨੇਡਾ ਨਾਲ ਸਬੰਧਤ ਇੱਕ ਵਿਅਕਤੀ ਦਾ ਇਸ ਕਤਲ ਵਿੱਚ ਹੱਥ ਹੈ।

ਇਸ ਘਟਨਾ ਦੀ ਵੀਡੀਓ ਜਿਸ ਵਿਚ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ, ਵੀ ਵਾਇਰਲ ਹੋਈ ਸੀ।

ਖੇਡਾਂ ਤੇ ਖਿਡਾਰੀਆਂ ਨਾਲ ਸੰਬੰਧਿਤ ਇਹ ਇਕਲੌਤਾ ਮਾਮਲਾ ਨਹੀਂ ਸੀ।

ਪਟਿਆਲਾ ਵਿਖੇ ਕਬੱਡੀ ਕਲੱਬ ਨਾਲ ਸਬੰਧਿਤ ਧਰਮਿੰਦਰ ਸਿੰਘ ਦਾ 6 ਅਪ੍ਰੈਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ।

2 ਅਪ੍ਰੈਲ ਨੂੰ ਮੋਗਾ ਦੇ ਮਾੜੀ ਮੁਸਤਫਾ ਕਬੱਡੀ ਟੂਰਨਾਮੈਂਟ ਵਿਖੇ ਹਰਜੀਤ ਸਿੰਘ ਨਾਮ ਦੇ ਪੰਚਾਇਤ ਮੈਂਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

7 ਅਪ੍ਰੈਲ ਨੂੰ ਤਰਨਤਾਰਨ ਵਿਖੇ ਵਾਲੀਬਾਲ ਖਿਡਾਰੀ ਗਗਨਦੀਪ ਸਿੰਘ ਉੱਪਰ ਵੀ ਹਮਲਾ ਹੋਇਆ ਜਿਸ ਦੀ ਵੀਡੀਓ ਵਾਇਰਲ ਹੈ ।

12 ਮਾਰਚ ਨੂੰ ਫਿਰੋਜ਼ਪੁਰ ਦੇ ਕੱਸੋਆਣਾ ਪਿੰਡ ਵਿੱਚ ਕਾਂਗਰਸੀ ਵਰਕਰ ਇਕਬਾਲ ਸਿੰਘ ਉਪਰ ਹਮਲਾ ਹੋਇਆ ਅਤੇ 30 ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਗਈ।

23 ਮਾਰਚ ਨੂੰ ਅੰਮ੍ਰਿਤਸਰ ਦੇ ਮਜੀਠੀਆ ਸਬ ਡਵੀਜ਼ਨ ਨਜ਼ਦੀਕ ਪਿੰਡ ਇਨਾਇਤਪੁਰਾ ਵਿਖੇ ਗੋਲੀ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਲੁਧਿਆਣਾ ਵਿਖੇ ਕਾਂਗਰਸੀ ਆਗੂ ਮੰਗਤ ਰਾਮ, ਫਿਰੋਜ਼ਪੁਰ ਵਿਖੇ ਕਾਰਜ ਸਿੰਘ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਅਜਿਹੀਆਂ ਫਰੀਦਕੋਟ ਤੇ ਅਬੋਹਰ ਤੋਂ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੱਥੋਪਾਈ ਹੋਈ ਸੀ।

ਕੀ ਪੰਜਾਬ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਚਰਮਰਾ ਗਈ ਹੈ, ਇਸ ਦੇ ਜਵਾਬ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀਕਾਂਤ ਆਖਦੇ ਹਨ ਕਿ ਮੌਜੂਦਾ ਸਰਕਾਰ ਕੋਲ ਇੱਕ ਵੱਡੀ ਬਹੁਮਤ ਹਾਸਿਲ ਹੈ।

"ਸੂਬੇ ਵਿੱਚ ਕਾਨੂੰਨ ਵਿਵਸਥਾ ਬੇਸ਼ੱਕ ਇੱਕ ਮੁੱਦਾ ਹੈ, ਪਰ ਵੱਡੀ ਬਹੁਮਤ ਕਾਰਨ ਸਰਕਾਰ ਨੂੰ ਅਸਥਿਰ ਕਰਨਾ ਮੁਸ਼ਕਿਲ ਹੈ।"

"ਅਜਿਹੇ ਹਾਲਾਤਾਂ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਬਣਾ ਕੇ ਰਾਜਨੀਤਿਕ ਵਿਰੋਧੀ ਰਾਸ਼ਟਰਪਤੀ ਰਾਜ ਦੀ ਮੰਗ ਕਰ ਸਕਦੇ ਹਨ। ਇਸ ਲਈ ਸਰਕਾਰ ਦੇ ਨੁਮਾਇੰਦੇ ਨੂੰ ਅਧਿਕਾਰੀਆਂ ਅਤੇ ਲੋਕਾਂ ਨਾਲ ਵੱਧ ਤੋਂ ਵੱਧ ਗੱਲਬਾਤ ਅਤੇ ਬੈਠਕਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਹਾਲਾਤਾਂ ਨੂੰ ਸਮਝਿਆ ਜਾ ਸਕੇ ਅਤੇ ਇਸ ਬਾਰੇ ਇੱਕ 'ਐਕਸ਼ਨ ਪਲਾਨ' ਬਣਾਇਆ ਜਾ ਸਕੇ।" ਉਨ੍ਹਾਂ ਮੁਤਾਬਕ ਸਰਕਾਰ ਨਵੀਂ ਹੈ ਅਤੇ ਵਿਰੋਧੀਆਂ ਲਈ ਕਾਨੂੰਨ ਵਿਵਸਥਾ ਨੂੰ ਮੁੱਦਾ ਬਣਾਉਣਾ ਸੌਖਾ ਹੈ।

2022 ਵਿੱਚ ਹੋਏ 158 ਕਤਲ: ਪੰਜਾਬ ਡੀਜੀਪੀ

ਸੋਮਵਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਵੀਕੇ ਭੰਵਰਾ ਨੇ ਆਖਿਆ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਕਤਲ ਦਰ ਵਿੱਚ ਕਮੀ ਆਈ ਹੈ।

ਉਨ੍ਹਾਂ ਨੇ ਕਿਹਾ, "ਸਾਲ 2020 ਦੌਰਾਨ ਸੂਬੇ ਵਿੱਚ ਕੁੱਲ 757 ਕਤਲ ਹੋਏ ਸਨ। 2021 ਵਿੱਚ ਇਹ 724 ਸਨ ਅਤੇ 2022 ਵਿੱਚ ਹੁਣ ਤੱਕ 158 ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਜੇਕਰ ਹਰ ਮਹੀਨੇ ਦੇ ਔਸਤਨ ਕਤਲ ਦੇਖੇ ਜਾਣ ਤਾਂ 2020 ਵਿੱਚ 65, 2021 ਵਿੱਚ 60 ਅਤੇ 2022 ਵਿੱਚ ਤਕਰੀਬਨ 50 ਹਨ।"

ਪੁਲਿਸ ਮੁਖੀ ਨੇ ਅੱਗੇ ਆਖਿਆ, "ਸੂਬੇ ਵਿੱਚ ਕਤਲ ਦਰ ਵਿੱਚ ਕਮੀ ਆਈ ਹੈ ਪਰ ਅਸੀਂ ਇਸ ਨੂੰ ਹੋਰ ਘੱਟ ਕਰਨ ਲਈ ਵਚਨਬੱਧ ਹਾਂ। 158 ਕਤਲ ਕੇਸਾਂ ਵਿੱਚੋਂ ਛੇ ਕੇਸ ਅਜਿਹੇ ਹਨ ਜਿਨ੍ਹਾਂ ਵਿੱਚ ਸਿੱਧੇ ਅਸਿੱਧੇ ਤੌਰ 'ਤੇ ਗੈਂਗਸਟਰ ਸ਼ਾਮਲ ਹਨ।"

ਪੁਲਿਸ ਮੁਖੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਏ, ਬੀ,ਸੀ ਵਰਗ ਵਿੱਚ ਵੰਡਿਆ ਗਿਆ ਹੈ ਅਤੇ ਹੁਣ ਤੱਕ ਸੂਬੇ ਵਿੱਚ 545 ਗੈਂਗਸਟਰ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵਿੱਚੋਂ 515 ਪੁਲਿਸ ਦੀ ਗ੍ਰਿਫ਼ਤ ਵਿੱਚ ਹਨ।

ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਆਪਣੀ ਸੁਰੱਖਿਆ ਲਈ ਕੀਤੀ ਜਾਵੇ ਨਾ ਕਿ ਅਪਰਾਧ ਲਈ।

ਸ਼ਸ਼ੀਕਾਂਤ ਇਸ ਬਾਰੇ ਆਖਦੇ ਹਨ, "ਆਮ ਲੋਕਾਂ ਵਾਸਤੇ ਅੰਕੜੇ ਮਾਅਨੇ ਨਹੀਂ ਰੱਖਦੇ ਪਰ ਮਹੱਤਵਪੂਰਨ ਹੈ ਕਿ ਜਨਤਾ ਦੀ ਧਾਰਨਾ ਕੀ ਹੈ। ਲੋਕਾਂ ਦੀ ਧਾਰਨਾ ਬਣਾਉਣ ਵਿੱਚ ਮੀਡੀਆ ਅਤੇ ਰਾਜਨੀਤਕ ਆਗੂ ਦੀ ਭੂਮਿਕਾ ਨਿਭਾਉਂਦੇ ਹਨ। ਕੋਈ ਘਟਨਾ ਵੱਧ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਅਤੇ ਕੋਈ ਨਹੀਂ।"

ਅੰਕੜਿਆਂ ਬਾਰੇ ਉਨ੍ਹਾਂ ਨੇ ਆਖਿਆ ਕਿ ਇਹ ਵਿਭਾਗ ਦੀਆਂ ਬੈਠਕਾਂ ਲਈ ਅਹਿਮ ਹੁੰਦੇ ਹਨ ਅਤੇ ਇਸ ਬਾਰੇ ਉਨ੍ਹਾਂ ਨੇ ਬਹੁਤੀ ਟਿੱਪਣੀ ਨਹੀਂ ਕੀਤੀ।

ਪੰਜਾਬ ਸਰਕਾਰ ਵੱਲੋਂ ਬਣਾਏ ਗਏ ਐਂਟੀ ਗੈਂਗਸਟਰ ਟਾਸਕ ਫੋਰਸ ਬਾਰੇ ਉਹ ਆਖਦੇ ਹਨ, "ਪੰਜਾਬ ਵਿੱਚ ਪਹਿਲਾਂ ਹੀ ਪਕੋਕਾ (ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ) ਮੌਜੂਦ ਹੈ। ਵੱਖ ਵੱਖ ਜੁਰਮਾਂ ਲਈ ਅਲੱਗ ਟਾਸਕ ਫੋਰਸ ਬਣਾਉਣ ਦੀ ਜਗ੍ਹਾ ਪਹਿਲਾਂ ਤੋਂ ਮੌਜੂਦ ਟੀਮਾਂ ਨੂੰ ਕੰਮ 'ਤੇ ਲਗਾਇਆ ਜਾ ਸਕਦਾ ਹੈ।"

ਉਹ ਮੰਨਦੇ ਹਨ ਕਿ ਪੰਜਾਬ ਪੁਲਿਸ ਜੁਰਮ ਉੱਤੇ ਕਾਬੂ ਪਾਉਣ ਲਈ ਸਮਰੱਥ ਹੈ।

"ਹਰ ਜੁਰਮ ਲਈ ਐਸਆਈਟੀ ਟੀਮ ਬਣਾਉਣਾ ਰਾਜਨੀਤਿਕ ਫੈਸਲਾ ਹੋ ਸਕਦਾ ਹੈ। ਜੁਰਮ ਨੂੰ ਰੋਕਣ ਲਈ ਐਕਸ਼ਨ ਪਲੈਨ ਦਾ ਹੋਣਾ ਜ਼ਰੂਰੀ ਹੈ।"

ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਨਿਰਮਾਣ ਵੀ ਕੀਤਾ ਗਿਆ ਹੈ ਅਤੇ ਇਸ ਦੇ ਅਧਿਕਾਰੀਆਂ ਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਠਕ ਵੀ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਕ ਚਿੱਠੀ ਵੀ ਲਿਖੀ ਗਈ ਸੀ ਜਿਸ ਨੂੰ ਸੋਸ਼ਲ ਮੀਡੀਆ 'ਤੇ ਜਨਤਕ ਕੀਤਾ ਗਿਆ ਸੀ।

ਸ਼ਸ਼ੀਕਾਂਤ ਇਸ ਕਦਮ ਨੂੰ ਵੀ ਰਾਜਨੀਤਕ ਮੰਨਦੇ ਹਨ।

ਚਿੱਠੀ ਵਿੱਚ ਮੁੱਖ ਮੰਤਰੀ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਕਿਸੇ ਅਧਿਕਾਰੀ ਦੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਢਿੱਲ ਹੁੰਦੀ ਹੈ ਤਾਂ ਉਸ ਲਈ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜ਼ਿੰਮੇਵਾਰ ਸਮਝਿਆ ਜਾਵੇਗਾ। ਸਾਬਕਾ ਡੀਜੀਪੀ ਮੁਤਾਬਕ ਇਹ ਠੀਕ ਨਹੀਂ ਹੈ।ਸ਼ਸ਼ੀਕਾਂਤ ਇਸ ਬਾਰੇ ਆਖਦੇ ਹਨ, "ਇਸ ਨਾਲ ਪੁਲਿਸ ਉਪਰ ਕੋਈ ਬਹੁਤਾ ਸਕਾਰਾਤਮਕ ਪ੍ਰਭਾਵ ਨਹੀਂ ਪਵੇਗਾ।"

ਪਾਰਟੀ ਅਤੇ ਵਿਰੋਧੀਆਂ ਵੱਲੋਂ ਚੁੱਕੇ ਗਏ ਸਵਾਲ

ਹਾਲਾਂਕਿ ਇਸ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਚੋਣ ਉੱਪਰ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਸਵਾਲ ਚੁੱਕੇ ਹਨ।

ਪੰਜਾਬ ਦੀ ਕਾਨੂੰਨ ਵਿਵਸਥਾ ਵਿਰੋਧੀ ਪਾਰਟੀਆਂ ਦੇ ਰਾਜਨੀਤਕ ਆਗੂਆਂ ਦੇ ਨਿਸ਼ਾਨੇ ਉੱਪਰ ਵੀ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਕਈ ਘਟਨਾਵਾਂ ਦੀਆਂ ਵੀਡੀਓ ਪੋਸਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸਵਾਲ ਚੁੱਕੇ ਹਨ।

ਭਾਰਤੀ ਜਨਤਾ ਪਾਰਟੀ ਦੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸੂਬੇ ਵਿੱਚ 24 ਦਿਨਾਂ ਵਿੱਚ 25 ਕਤਲ ਹੋਏ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਟਵੀਟ ਵਿੱਚ ਆਖਿਆ ਗਿਆ ਕਿ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਡਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)