ਸੜਕਾਂ ਤੋਂ ਟੋਲ ਪਲਾਜ਼ਾ ਹਟਾਉਣ ਬਾਰੇ ਅਹਿਮ ਫੈਸਲਾ, ਦਿੱਲੀ ਤੋਂ ਅੰਮ੍ਰਿਤਸਰ ਸਿਰਫ਼ 4 ਘੰਟੇ- ਪ੍ਰੈੱਸ ਰੀਵਿਊ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸੰਸਦ ਵਿੱਚ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ 'ਤੇ 60 ਕਿਲੋਮੀਟਰ ਦੇ ਅੰਦਰ ਕੋਈ ਟੋਲ ਪਲਾਜ਼ਾ ਨਹੀਂ ਹੋਣਾ ਚਾਹੀਦਾ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ "ਮੈਂ ਇਹ ਯਕੀਨੀ ਬਣਾਵਾਂਗਾ ਕਿ 60 ਕਿਲੋਮੀਟਰ ਦੇ ਅੰਦਰ ਸਿਰਫ ਇੱਕ ਟੋਲ ਪਲਾਜ਼ਾ ਹੋਵੇ ਅਤੇ ਜੇਕਰ ਦੂਜਾ ਟੋਲ ਪਲਾਜ਼ਾ ਹੈ, ਤਾਂ ਅਗਲੇ ਤਿੰਨ ਮਹੀਨਿਆਂ ਵਿੱਚ ਇਸਨੂੰ ਬੰਦ ਕਰ ਦਿੱਤਾ ਜਾਵੇਗਾ"।

ਗਡਕਰੀ ਨੇ ਕਿਹਾ, "ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਸਾਲ ਦੇ ਅੰਤ ਤੱਕ, ਅਸੀਂ 20 ਘੰਟਿਆਂ ਵਿੱਚ ਸ਼੍ਰੀਨਗਰ ਤੋਂ ਮੁੰਬਈ ਪਹੁੰਚ ਸਕਾਂਗੇ ਅਤੇ ਦਿੱਲੀ ਤੋਂ ਅੰਮ੍ਰਿਤਸਰ ਵਿਚਕਾਰ ਦੀ ਦੂਰੀ ਚਾਰ ਘੰਟਿਆਂ ਵਿੱਚ ਪੂਰੀ ਹੋ ਜਾਵੇਗੀ।"

ਨਾਲ ਹੀ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਲੋਕ ਆਧਾਰ ਕਾਰਡ ਇਸਤੇਮਾਲ ਕਰਕੇ ਪਾਸ ਬਣਵਾ ਸਕਣਗੇ।

ਇਹ ਵੀ ਪੜ੍ਹੋ:

ਨਿਊ ਡੈਮੋਕਰੇਟਿਕ ਪਾਰਟੀ ਦੇ ਸਮਰਥਨ ਨਾਲ 2025 ਤੱਕ ਸੱਤਾ 'ਚ ਬਣੇ ਰਹੇ ਜਸਟਿਨ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 2025 ਤੱਕ ਸੱਤਾ ਵਿੱਚ ਬਣੀ ਰਹੇਗੀ ਅਤੇ ਇਸਦੇ ਲਈ ਟਰੂਡੋ ਦੀ ਪਾਰਟੀ ਨੇ ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਨਾਲ ਸਮਝੌਤਾ ਕੀਤਾ ਹੈ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਇਸ ਸਮਰਥਨ ਦੇ ਬਦਲੇ ਵਿੱਚ, ਲਿਬਰਲ ਪਾਰਟੀ ਸੰਸਦ ਵਿੱਚ ਐੱਨਡੀਪੀ ਦੀਆਂ ਕਈ ਪ੍ਰਮੁੱਖ ਤਰਜੀਹਾਂ ਦਾ ਸਮਰਥਨ ਕਰੇਗੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਕੈਨੇਡਾ ਦੇ ਲੋਕਾਂ ਲਈ "ਸਥਿਰਤਾ" ਪ੍ਰਦਾਨ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਸਮਝੌਤਾ ਅੱਜ ਤੋਂ ਸ਼ੁਰੂ ਹੁੰਦਾ ਹੈ ਅਤੇ 2025 ਵਿੱਚ ਕੈਨੇਡਾ ਦੀ ਮੌਜੂਦਾ ਸੰਸਦ ਦੇ ਆਖਿਰ ਤੱਕ ਜਾਰੀ ਰਹੇਗਾ।

ਐੱਨਡੀਪੀ ਆਗੂ ਜਗਮੀਤ ਸਿੰਘ ਨੇ ਪਿਛਲੇ ਸਾਲ ਟਰੂਡੋ ਦੀ ਲਿਬਰਲ ਪਾਰਟੀ ਨਾਲ ਰਸਮੀ ਸਮਝੌਤੇ ਤੋਂ ਇਨਕਾਰ ਕੀਤਾ ਸੀ, ਪਰ ਕਿਹਾ ਸੀ ਕਿ ਉਹ ਟਰੂਡੋ ਦਾ ਸਮਰਥਨ ਕਰਨ ਲਈ ਤਿਆਰ ਹਨ।

ਮੰਗਲਵਾਰ ਨੂੰ ਇੱਕ ਵੱਖਰੀ ਪ੍ਰੈੱਸ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮਝੌਤੇ ਨੂੰ "ਲੋਕਾਂ ਦੀ ਮਦਦ" ਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਦੀ ਹੈ, ਖਾਸ ਕਰਕੇ ਜਦੋਂ ਇਹ ਘੱਟ ਆਮਦਨੀ ਵਾਲੇ ਕੈਨੇਡਾ ਦੇ ਲੋਕਾਂ ਲਈ ਦੰਦਾਂ ਦੀ ਦੇਖਭਾਲ ਦੇ ਕੌਮੀ ਪ੍ਰੋਗਰਾਮ ਅਤੇ ਕੌਮੀ ਪੱਧਰ ਦੇ ਦਵਾਈ ਸਬੰਧਿਤ ਇੱਕ ਪ੍ਰੋਗਰਾਮ ਨੂੰ ਵਿਕਸਤ ਕਰਨ, ਜਲਵਾਯੂ ਅਤੇ ਰਿਹਾਇਸ਼ ਵਰਗੇ ਮੁੱਦਿਆਂ ਲਈ।

ਹਾਲਾਂਕਿ, ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।

ਧਰਤੀ ਦੇ 100 ਸਭ ਤੋਂ ਵੱਧ ਪ੍ਰਦੂਸ਼ਿਤ ਸਥਾਨਾਂ 'ਚੋਂ 63 ਸ਼ਹਿਰ ਸਿਰਫ ਭਾਰਤ ਦੇ: ਰਿਪੋਰਟ

ਸਵਿਸ ਫਰਮ IQAir ਦੁਆਰਾ ਜਾਰੀ ਵਿਸ਼ਵ ਏਅਰ ਕੁਆਲਿਟੀ ਰਿਪੋਰਟ (ਦੁਨੀਆ ਦੀ ਹਵਾ ਬਾਰੇ ਗੁਣਵੱਤਾ ਰਿਪੋਰਟ) ਦੇ ਅਨੁਸਾਰ, 2021 ਵਿੱਚ ਭਾਰਤ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਹੋਰ ਮਾੜੀ ਹੋ ਗਈ ਹੈ।

ਲੀਥਲ ਅਤੇ ਮਾਈਕ੍ਰੋਸਕੋਪਿਕ ਪੀਐੱਮ 2.5 ਪ੍ਰਦੂਸ਼ਕ ਵਿੱਚ ਮਾਪਿਆ ਗਿਆ ਔਸਤ ਹਵਾ ਪ੍ਰਦੂਸ਼ਣ 58.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ਾਂ ਤੋਂ 10 ਗੁਣਾ ਵੱਧ ਹੈ।

ਰਿਪੋਰਟ ਮੁਤਾਬਕ, ਭਾਰਤ ਦਾ ਕੋਈ ਵੀ ਸ਼ਹਿਰ WHO ਦੇ ਮਿਆਰਾਂ 'ਤੇ ਖਰਾ ਨਹੀਂ ਉਤਰਿਆ।

ਐੱਨਡੀਟੀਵੀ ਦੀ ਖ਼ਬਰ ਅਨੁਸਾਰ, ਉੱਤਰੀ ਭਾਰਤ ਦੀ ਸਥਿਤੀ ਹੋਰ ਵੀ ਮਾੜੀ ਹੈ। ਰਾਜਧਾਨੀ ਦਿੱਲੀ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ, ਜਿੱਥੇ ਪਿਛਲੇ ਸਾਲ ਦੇ ਮੁਕਾਬਲੇ ਪ੍ਰਦੂਸ਼ਣ ਵਿੱਚ ਲਗਭਗ 15 ਫੀਸਦੀ ਵਾਧਾ ਹੋਇਆ ਹੈ। ਇੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਡਬਲਯੂਐੱਚਓ ਦੁਆਰਾ ਜਾਰੀ ਸੁਰੱਖਿਆ ਮਿਆਰਾਂ ਤੋਂ ਲਗਭਗ 20 ਗੁਣਾ ਵੱਧ ਸੀ।

ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਦਿੱਲੀ ਵਿਸ਼ਵ ਪੱਧਰ 'ਤੇ ਨੰਬਰ 4 'ਤੇ ਹੈ, ਜਦਕਿ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸਥਾਨ ਰਾਜਸਥਾਨ ਦਾ ਭਿਵੰਡੀ ਹੈ ਅਤੇ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਸਭ ਤੋਂ ਵੱਧ ਪ੍ਰਦੂਸ਼ਿਤ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)