You’re viewing a text-only version of this website that uses less data. View the main version of the website including all images and videos.
ਪੱਛਮੀ ਬੰਗਾਲ ਹਿੰਸਾ : 'ਬੰਬ ਸੁੱਟੇ ਅਤੇ ਗੋਲੀਆਂ ਚਲਾਈਆਂ'- ਚਸ਼ਮਦੀਦ ਤੋਂ ਸੁਣੋ ਅੱਖੀਂ ਡਿੱਠਾ ਹਾਲ
- ਲੇਖਕ, ਪ੍ਰਭਾਕਰ ਮਨੀ ਤਿਵਾੜੀ
- ਰੋਲ, ਬੀਬੀਸੀ ਸਹਿਯੋਗੀ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬਗਟੋਈ ਪਿੰਡ ਵਿੱਚ ਸ਼ੋਕ ਅਤੇ ਸੰਨਾਟਾ ਸਾਰੇ ਪਾਸੇ ਪਸਰਿਆ ਹੈ।
ਰਾਮਪੁਰ ਹਾਟ ਨੰਬਰ ਇੱਕ ਪੰਚਾਇਤ ਦੇ ਇਸ ਪਿੰਡ ਵਿੱਚ ਹਿੰਸਾ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸਨ। ਸੋਮਵਾਰ ਰਾਤ ਨੂੰ ਹੋਈ ਇਕ ਘਟਨਾ ਨੇ ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਪਿੰਡ ਦੇ ਲੋਕਾਂ ਨੂੰ ਦੂਹਰਾ ਝਟਕਾ ਲੱਗਿਆ ਹੈ। ਹਾਲਾਤ ਇਹ ਹਨ ਕਿ ਕੋਈ ਵੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ।
ਪਿੰਡ ਦੀ ਪੰਚਾਇਤ ਦੇ ਉਪ ਪ੍ਰਧਾਨ ਅਤੇ ਟੀਐਮਸੀ ਨੇਤਾ ਭਾਦੁ ਸ਼ੇਖ ਨੂੰ ਸੋਮਵਾਰ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹਲ਼ਾਕ ਕਰ ਦਿੱਤਾ। ਮੰਗਲਵਾਰ ਸਵੇਰੇ ਉਨ੍ਹਾਂ ਦੇ ਮ੍ਰਿਤਕ ਦੇਹ ਪਿੰਡ ਪੁੱਜੀ।
ਉਨ੍ਹਾਂ ਦੇ ਘਰ ਤੋਂ ਮਹਿਜ਼ ਦੋ ਸੌ ਮੀਟਰ ਦੀ ਦੂਰੀ 'ਤੇ ਸੜੇ ਹੋਏ ਘਰ ਅਤੇ ਤਬਾਹੀ ਦੇ ਨਿਸ਼ਾਨ ਸਨ। ਮੰਗਲਵਾਰ ਦੁਪਹਿਰ ਤੱਕ ਉਥੋਂ ਧੂੰਆਂ ਨਿਕਲ ਰਿਹਾ ਸੀ।
ਪਿੰਡ ਦੇ ਲੋਕਾਂ ਦੇ ਚਿਹਰਿਆਂ 'ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ।
ਪਿੰਡ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਤੈਨਾਤ ਸੀ ਅਤੇ ਹਾਲਾਤ ਕਾਬੂ ਵਿੱਚ ਹੋਣ ਦੇ ਦਾਅਵੇ ਕਰ ਰਹੀ ਹੈ।
ਸੋਮਵਾਰ ਸ਼ਾਮ ਨੂੰ ਸ਼ੇਖ ਦੀ ਕਤਲ ਤੋਂ ਬਾਅਦ ਪੂਰੇ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਕਤਲ ਤੋਂ ਬਾਅਦ ਕੁਝ ਲੋਕਾਂ ਨੇ ਕਈ ਘਰਾਂ ਵਿਚ ਅੱਗ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ:
ਸ਼ੁਰੂ ਵਿੱਚ ਇਸ ਅੱਗ ਵਿੱਚ ਸੜਨ ਕਾਰਨ ਦਸ ਲੋਕਾਂ ਦੀ ਮੌਤ ਦੀ ਖ਼ਬਰ ਆਈ ਸੀ ਪਰ ਬਾਅਦ ਵਿੱਚ ਪੁਲਿਸ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ। ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੇ ਇਸ ਸਾਰੇ ਮਾਮਲੇ ਉੱਤੇ ਸਰਕਾਰ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ।
ਸੂਬੇ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਉਤੇ ਕਾਨੂੰਨ ਵਿਵਸਥਾ ਦੇ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਕਾਂਤ ਮਜਮੂਦਾਰ ਨੇ ਆਖਿਆ ਹੈ ਕਿ ਬੰਗਾਲ ਹੌਲੀ ਹੌਲੀ ਰਾਸ਼ਟਰਪਤੀ ਸ਼ਾਸਨ ਵੱਲ ਵਧ ਰਿਹਾ ਹੈ।
ਜਾਂਚ ਲਈ ਟੀਮ ਦਾ ਗਠਨ
ਸੂਬਾ ਸਰਕਾਰ ਵੱਲੋਂ ਇਸ ਘਟਨਾ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਐਸਆਈਟੀ ਦੀ ਅਗਵਾਈ ਏਡੀਸੀ ਗਿਆਨਵੰਤ ਸਿੰਘ ਕਰਨਗੇ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਓਸੀ ਅਤੇ ਐੱਸਡੀਪੀਓ ਨੂੰ ਵੀ ਹਟਾਇਆ ਗਿਆ ਹੈ। ਡੀਜੀਪੀ ਮਨੋਜ ਮਾਲਵੇ ਨੇ ਪੁਲਿਸ ਅਧਿਕਾਰੀਆਂ ਤੋਂ ਘਟਨਾ ਬਾਰੇ ਰਿਪੋਰਟ ਵੀ ਮੰਗੀ ਹੈ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਲੱਗਣ ਕਾਰਨ ਇੱਕ ਘਰ ਵਿੱਚ ਸੱਤ ਲਾਸ਼ਾਂ ਦੀ ਬਰਾਮਦਗੀ ਸਮੇਤ 10 ਮੌਤਾਂ ਦੀ ਗੱਲ ਕਹੀ ਸੀ ਪਰ ਪੁਲਿਸ ਮੁਤਾਬਕ 8 ਮੌਤਾਂ ਹੋਈਆਂ ਹਨ।
ਡੀਜੀਪੀ ਮਨੋਜ ਮਾਲਵੇ ਨੇ ਕੋਲਕਾਤਾ ਵਿੱਚ ਮੀਡੀਆ ਨੂੰ ਦੱਸਿਆ,"ਕੱਲ੍ਹ ਰਾਤ ਟੀਐਮਸੀ ਦੇ ਉਪਪ੍ਰਧਾਨ ਬਹਾਦੁਰ ਸ਼ੇਖ ਦੇ ਕਤਲ ਦੀ ਖ਼ਬਰ ਆਈ ਸੀ। ਇਕ ਘੰਟੇ ਬਾਅਦ ਦੇਖਿਆ ਗਿਆ ਕਿ ਨਜ਼ਦੀਕ ਦੇ 7-8 ਘਰਾਂ ਨੂੰ ਅੱਗ ਲੱਗ ਗਈ ਹੈ। ਇਸ ਮਾਮਲੇ ਵਿੱਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਐੱਸਡੀਪੀਓ ਅਤੇ ਉਸੀ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਹੈ।"
ਉਨ੍ਹਾਂ ਨੇ ਕਿਹਾ ਕਿ ਪਹਿਲਾਂ 10 ਲੋਕਾਂ ਦੀ ਮੌਤ ਦੀ ਗੱਲ ਆਖੀ ਗਈ ਸੀ, ਜੋ ਸਹੀ ਨਹੀਂ ਹੈ। ਕੁੱਲ ਅੱਠ ਲੋਕਾਂ ਦੀ ਮੌਤ ਹੋਈ ਹੈ। ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
'ਇਸ ਕਤਲ ਨਾਲ ਪਿੰਡ ਦਾ ਚਿਹਰਾ ਬਦਲ ਗਿਆ'
ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਸ਼ੇਖ ਸੋਮਵਾਰ ਸ਼ਾਮ ਨੂੰ ਇਕ ਚਾਹ ਦੀ ਦੁਕਾਨ 'ਤੇ ਸੀ ਜਦੋਂ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ।ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਪਿੰਡ ਵਿਚ ਤਣਾਅ ਫੈਲ ਗਿਆ ਅਤੇ ਕਈ ਘਰਾਂ ਵਿਚ ਅੱਗ ਲਗਾ ਦਿੱਤੀ ਗਈ।
ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਫਾਇਰ ਬ੍ਰਿਗੇਡ ਦੀ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਇੱਕ ਹੀ ਘਰ ਵਿਚੋਂ ਤਿੰਨ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਉਸ ਤੋਂ ਬਾਅਦ ਮੰਗਲਵਾਰ ਸਵੇਰੇ ਇਕ ਦੂਜੇ ਮਕਾਨ ਵਿੱਚੋਂ ਸੱਤ ਲਾਸ਼ਾਂ ਮਿਲੀਆਂ ਹਨ।
ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਪਿੰਡ ਦੇ ਹੀ ਇਕ ਹੋਰ ਵਿਅਕਤੀ ਨੇ ਦੱਸਿਆ,"ਸ਼ੇਖ਼ ਦੀ ਮੌਤ ਤੋਂ ਬਾਅਦ ਪਿੰਡ ਦਾ ਚਿਹਰਾ ਬਦਲ ਗਿਆ। ਕੱਲ੍ਹ ਰਾਤ ਜੋ ਕੁਝ ਹੋਇਆ, ਉਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।"
ਦੂਜੇ ਪਾਸੇ ਸ਼ੇਖ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜਨਵਰੀ ਵਿਚ ਉਨ੍ਹਾਂ ਦੇ ਭਰਾ ਬਾਬਰ ਸ਼ੇਖ ਦਾ ਕਤਲ ਹੋਇਆ ਸੀ। ਜਿਨ੍ਹਾਂ ਲੋਕਾਂ ਉੱਤੇ ਸ਼ੱਕ ਸੀ, ਹੋ ਸਕਦਾ ਹੈ ਉਨ੍ਹਾਂ ਨੇ ਹੀ ਇਹ ਕਤਲ ਕੀਤਾ ਹੋਵੇ।
ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫ਼ਾ ਮੰਗਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜਮੂਦਾਰ ਆਖਦੇ ਹਨ,"ਮਮਤਾ ਬੈਨਰਜੀ ਨੂੰ ਫੌਰਨ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦਾ ਹਵਾਲਾ ਤਾਂ ਦਿੰਦੀ ਹੈ ਪਰ ਬੰਗਾਲ ਵਿੱਚ ਸ਼ਰ੍ਹੇਆਮ ਦਸ ਲੋਕਾਂ ਨੂੰ ਅੱਗ ਲਾ ਕੇ ਮਾਰ ਦਿੱਤਾ ਜਾਂਦਾ ਹੈ। ਇਹ ਸੂਬਾ ਰਾਸ਼ਟਰਪਤੀ ਸ਼ਾਸਨ ਵੱਲ ਵਧ ਰਿਹਾ ਹੈ।"
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਭੇਂਦੂ ਅਧਿਕਾਰੀ ਨੇ ਕੇਂਦਰ ਸਰਕਾਰ ਨੂੰ ਮਾਮਲੇ ਨੂੰ ਦੇਖਣ ਬਾਰੇ ਆਖਿਆ ਹੈ।
ਦੂਜੇ ਪਾਸੇ ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਆਖਿਆ ਹੈ ਕਿ ਰਾਮਪੁਰ ਹਾਟ ਵਿੱਚ ਅੱਗ ਨਾਲ ਮੌਤ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਥਾਨਕ ਲੋਕਾਂ ਦੀ ਲੜਾਈ ਹੈ ਅਤੇ ਇਕ ਦਿਨ ਪਹਿਲਾਂ ਟੀਐਮਸੀ ਨੇਤਾ ਦੀ ਮੌਤ ਹੋਈ ਹੈ। ਉਨ੍ਹਾਂ ਦੀ ਹੱਤਿਆ ਤੋਂ ਬਾਅਦ ਲੋਕਾਂ ਵਿੱਚ ਨਰਾਜ਼ਗੀ ਹੈ।
ਇਹ ਵੀ ਪੜ੍ਹੋ: