ਯੂਐੱਨਓ ਵਿਚ ਕਿਉਂ ਉੱਠਿਆ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦਾ ਮੁੱਦਾ

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਮੰਗਲਵਾਰ ਨੂੰ ਇਸਲਾਮੋਫੋਬੀਆ ਨਾਲ ਲੜਨ ਲਈ 15 ਮਾਰਚ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਐਲਾਣਨ ਲਈ ਪਾਕਿਸਤਾਨ-ਪ੍ਰਾਯੋਜਿਤ ਇੱਕ ਮਤਾ ਪਾਸ ਕੀਤਾ।

ਇਸ ਦੌਰਾਨ ਭਾਰਤ ਨੇ ਇਸ ਗੱਲ 'ਤੇ ਚਿੰਤਾ ਜ਼ਾਹਿਰ ਕੀਤੀ ਕਿ ਸਿਰਫ਼ ਇੱਕ ਧਰਮ ਦੇ ਵਿਰੁੱਧ ਡਰ ਦੇ ਮੱਦੇ ਨੂੰ ਇਸ ਪੱਧਰ ਤੱਕ ਚੁੱਕਿਆ ਜਾ ਰਿਹਾ ਹੈ ਜਦਕਿ ਦੂਜਿਆਂ ਨੂੰ ਛੱਡ ਦਿੱਤਾ ਗਿਆ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਵੱਲੋਂ ਪਾਕਿਸਤਾਨ ਦੁਆਰਾ ਪੇਸ਼ ਕੀਤੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਇਸ ਨੂੰ ਓਆਈਸੀ ਦੇ 57 ਮੈਂਬਰਾਂ ਅਤੇ ਚੀਨ ਤੇ ਰੂਸ ਸਮੇਤ ਅੱਠ ਹੋਰ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ, ਟੀਐੱਸ ਤਿਰੁਮੂਰਤੀ ਨੇ ਮਤੇ 'ਤੇ ਦੇਸ਼ ਦੀ ਸਥਿਤੀ ਦੀ ਵਿਆਖਿਆ ਕਰਦੇ ਹੋਏ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਵਿਰੁੱਧ ਵਿਤਕਰੇ, ਅਸਹਿਣਸ਼ੀਲਤਾ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧੇ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।

ਉਨ੍ਹਾਂ ਕਿਹਾ, "ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਯਹੂਦੀ-ਵਿਰੋਧੀ, ਕ੍ਰਿਸ਼ਚੀਅਨਫੋਬੀਆ ਜਾਂ ਇਸਲਾਮੋਫੋਬੀਆ ਦੁਆਰਾ ਪ੍ਰੇਰਿਤ ਸਾਰੇ ਕੰਮਾਂ ਦੀ ਨਿੰਦਾ ਕਰਦੇ ਹਾਂ। ਹਾਲਾਂਕਿ, ਅਜਿਹੇ ਫੋਬੀਆ ਸਿਰਫ ਅਬ੍ਰਾਹਮਿਕ ਧਰਮਾਂ ਤੱਕ ਹੀ ਸੀਮਤ ਨਹੀਂ ਹਨ।''

ਉਨ੍ਹਾਂ ਕਿਹਾ ਕਿ ਹਿੰਦੂ ਧਰਮ ਦੇ 1.2 ਬਿਲੀਅਨ ਤੋਂ ਵੱਧ ਪੈਰੋਕਾਰ ਹਨ, ਬੁੱਧ ਧਰਮ ਦੇ 535 ਮਿਲੀਅਨ ਤੋਂ ਵੱਧ ਅਤੇ ਸਿੱਖ ਧਰਮ ਦੇ 30 ਮਿਲੀਅਨ ਤੋਂ ਵੱਧ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ "ਸਿਰਫ਼ ਇੱਕ ਦੀ ਗੱਲ ਕਰਨ ਦੀ ਬਜਾਏ, "ਧਾਰਮਿਕ ਫੋਬੀਆ ਦੇ ਪ੍ਰਸਾਰ" ਨੂੰ ਸਵੀਕਾਰ ਕੀਤਾ ਜਾਵੇ।

ਉਨ੍ਹਾਂ, ਅਫਗਾਨਿਸਤਾਨ ਵਿੱਚ ਬਾਮਿਯਾਨ ਬੁੱਧਾਂ ਦੀ ਤਬਾਹੀ ਦੀ ਗੱਲ ਕੀਤੀ ਤੇ ਨਾਲ ਹੀ "ਗੁਰਦੁਆਰਿਆਂ 'ਚ ਉਲੰਘਣਾ, ਗੁਰਦੁਆਰੇ ਵਿੱਚ ਸਿੱਖ ਸ਼ਰਧਾਲੂਆਂ ਦਾ ਕਤਲੇਆਮ, ਮੰਦਰਾਂ 'ਤੇ ਹਮਲੇ, ਮੰਦਰਾਂ ਵਿੱਚ ਮੂਰਤੀਆਂ ਨੂੰ ਤੋੜਨ ਦੀ ਵਡਿਆਈ" ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਘਟਨਾਵਾਂ "ਗੈਰ-ਅਬ੍ਰਾਹਮਿਕ ਧਰਮਾਂ ਵਿਰੁੱਧ ਧਾਰਮਿਕ ਡਰ ਦੇ ਸਮਕਾਲੀ ਰੂਪਾਂ ਦੇ ਉਭਾਰ ਵਿੱਚ ਯੋਗਦਾਨ ਪਾਉਂਦੀਆਂ ਹਨ"।

ਇਹ ਵੀ ਪੜ੍ਹੋ:

ਦੇਸ਼ 'ਚ 12-15 ਉਮਰ ਵਰਗ ਦੇ ਬੱਚਿਆਂ ਲਈ ਕੋਵਿਡ ਟੀਕਾਕਰਨ ਅੱਜ ਤੋਂ ਸ਼ੁਰੂ

ਦੇਸ਼ ਵਿੱਚ 12 ਤੋਂ 15 ਸਾਲ ਦੇ ਉਮਰ ਸਮੂਹ ਵਾਲੇ ਬਚਿਆਂ ਲਈ ਕੋਵਿਡ-19 ਦੇ ਵਿਰੁੱਧ ਟੀਕਾਕਰਨ ਬੁੱਧਵਾਰ ਨੂੰ ਸ਼ੁਰੂ ਹੋ ਰਿਹਾ ਹੈ। ਸ਼ੁਰੂਆਤੀ ਤੌਰ 'ਤੇ ਪੂਰੇ ਭਾਰਤ ਵਿੱਚ ਇਹ ਸਿਰਫ਼ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਹੀ ਪ੍ਰਾਪਤ ਹੋਵੇਗਾ।

ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਫਿਲਹਾਲ, ਇਹ ਸਿਰਫ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਉਪਲੱਬਧ ਹੋਵੇਗਾ।

ਇੱਕ ਵਾਰ ਜਦੋਂ ਕੰਪਨੀ (ਬਾਇਓਲੋਜੀਕਲ ਈ) ਪ੍ਰਾਈਵੇਟ ਹਸਪਤਾਲਾਂ ਲਈ ਦਰ ਬਾਰੇ ਸੂਚਿਤ ਕਰ ਦਿੰਦੀ ਹੈ, ਜਿਵੇਂ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਦੁਆਰਾ ਕੀਤਾ ਗਿਆ ਸੀ, ਤਾਂ ਪ੍ਰਾਈਵੇਟ ਹਸਪਤਾਲ ਵੀ ਇਸਨੂੰ ਖਰੀਦ ਸਕਦੇ ਹਨ ਅਤੇ ਇਸਦਾ ਟੀਕਾ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਵੀ ਉਪਲੱਬਧ ਹੋਵੇਗਾ।"

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਸਰਕਾਰ ਨੇ ਮੰਗਲਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਕਿ 15 ਮਾਰਚ, 2010 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਸਾਰੇ ਬੱਚਿਆਂ ਲਈ ਕੋਵਿਡ-19 ਟੀਕਾਕਰਨ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ, 2007 ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਖੁਰਾਕ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।

ਇਹ ਟੀਕਾ ਸਰਕਾਰ ਦੇ CoWIN ਪੋਰਟਲ 'ਤੇ ਪਰਿਵਾਰ ਦੇ ਕਿਸੇ ਮੈਂਬਰ ਦੇ ਮੌਜੂਦਾ ਖਾਤੇ ਵਿੱਚ ਸਵੈ-ਰਜਿਸਟ੍ਰੇਸ਼ਨ ਦੁਆਰਾ, ਜਾਂ ਇੱਕ ਵਿਲੱਖਣ ਮੋਬਾਈਲ ਨੰਬਰ ਰਾਹੀਂ ਨਵਾਂ ਖਾਤਾ ਬਣਾ ਕੇ ਲਿਆ ਸਕਦਾ ਹੈ। ਟੀਕਾਕਰਨ ਕੇਂਦਰ 'ਤੇ ਜਾ ਕੇ ਵੀ ਇਸਦੇ ਲਈ ਰਜਿਸਟਰ ਕੀਤਾ ਜਾ ਸਕਦਾ ਹੈ।

ਹਰਿਮੰਦਰ ਸਾਹਿਬ 'ਚ ਲਗਾਏ ਸ਼ੀਸ਼ੇ 'ਤੇ ਇਤਰਾਜ਼

ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਖਿੜਕੀਆਂ 'ਤੇ ਲਗਾਏ ਗਏ ਸ਼ੀਸ਼ਿਆਂ ਨੂੰ ਲੈ ਕੇ ਸ਼ਰਧਾਲੂਆਂ ਵੱਲੋਂ ਉਠਾਏ ਗਏ ਇਤਰਾਜ਼ਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਨੂੰ ਹਟਾ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਹ ਸ਼ੀਸ਼ੇ ਪਿਛਲੇ ਸਾਲ ਦਸੰਬਰ ਵਿੱਚ "ਬੇਅਦਬੀ" ਦੀ ਘਟਨਾ ਤੋਂ ਬਾਅਦ ਲਗਾਏ ਗਏ ਕਈ ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਸਥਾਪਿਤ ਕੀਤੇ ਗਏ ਸਨ।

ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਇਤਰਾਜ਼ ਸਾਹਮਣੇ ਆਏ ਸਨ ਕਿ ਇਸ ਨੇ ਨਾ ਸਿਰਫ ਹਵਾਦਾਰੀ ਵਿੱਚ ਰੁਕਾਵਟ ਪਾਈ ਸੀ, ਸਗੋਂ ਪ੍ਰਾਰਥਨਾ ਦੇ ਪਾਠ ਦੀ ਆਵਾਜ਼ ਵਿੱਚ ਵੀ ਰੁਕਾਵਟ ਪਾਈ ਸੀ। ਇਸ ਤੋਂ ਇਲਾਵਾ, ਇਸ ਨਾਲ ਢਾਂਚੇ ਦੇ ਅਸਲ ਰੂਪ ਵਿੱਚ ਵੀ ਛੇੜਛਾੜ ਹੋਈ ਸੀ।

ਸ਼੍ਰੋਮਣੀ ਕਮੇਟੀ ਅਜਿਹੇ ਇਤਰਾਜ਼ਾਂ 'ਤੇ ਧਿਆਨ ਦਿੱਤਾ ਅਤੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਨੇ ਵੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਗੇ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਦਿਆਂ ਕਿਹਾ ਕਿ ਕਰਾਸ ਵੈਂਟੀਲੇਸ਼ਨ ਵਿੱਚ ਰੁਕਾਵਟ ਹੋਣਾ ਤਕਨੀਕੀ ਤੌਰ 'ਤੇ ਨਮੀ ਦੇ ਪੱਧਰ ਨੂੰ ਵਧਾ ਸਕਦਾ ਹੈ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਇਸ ਮੁੱਦੇ ਦੀ ਸਮੀਖਿਆ ਕੀਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਨ੍ਹਾਂ ਸ਼ੀਸ਼ਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)