ਉੱਤਰ ਪ੍ਰਦੇਸ਼ ਚੋਣਾਂ 'ਚ ਯੋਗੀ ਆਦਿੱਤਿਆਨਾਥ ਦੀ ਜਿੱਤ ਦੇ ਇਹ ਹਨ 6 ਮੁੱਖ ਕਾਰਨ

ਉੱਤਰ ਪ੍ਰਦੇਸ਼ ਚੋਣਾਂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਾਹਰ ਭਾਜਪਾ ਬਾਰੇ ਕਹਿੰਦੇ ਰਹੇ ਹਨ ਕਿ ਉਹ ਚੋਣਾਂ ਤੋਂ ਬਹੁਤ ਪਹਿਲਾਂ ਹੀ ਆਪਣੀ ਰਣਨੀਤੀ ਤਿਆਰ ਕਰ ਲੈਂਦੀ ਹੈ।
    • ਲੇਖਕ, ਅਭਿਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

"ਭਾਜਪਾ ਕਈ ਮੋਰਚਿਆਂ 'ਤੇ ਕੰਮ ਕਰ ਰਹੀ ਹੈ। ਇਹ ਕਿਸੇ ਇੱਕ ਏਜੰਡੇ 'ਤੇ ਚੱਲਣ ਵਾਲੀ ਪਾਰਟੀ ਨਹੀਂ ਹੈ। ਇਹ ਗਵਰਨੇਂਸ/ਸ਼ਾਸਨ 'ਤੇ ਵੀ ਕੰਮ ਕਰਦੀ ਹੈ, ਲਾਭਪਾਤਰੀ ਦਾ ਬਿਰਤਾਂਤ ਵੀ ਬਣਾਉਂਦੀ ਹੈ।”

“ਉਹ ਸੁਰੱਖਿਆ ਦੇ ਨਾਂਅ 'ਤੇ , ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਾਮ 'ਤੇ ਔਰਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਇੰਜੀਨੀਅਰਿੰਗ 'ਤੇ ਵੀ ਕੰਮ ਕਰਦੀ ਹੈ। ਇਸ ਸਭ ਨੂੰ ਮਿਲਾ ਕੇ ਜੋ ਸੰਯੁਕਤ ਅਸਰ ਸਾਹਮਣੇ ਆਉਂਦਾ ਹੈ ਕਿ ਉਸ ਨੂੰ ਕੁੱਲ ਮਿਲਾ ਕੇ ਚੌਥੀ ਵਾਰ (2014, 2017, 2019, 2022) ਜਿੱਤ ਮਿਲੀ ਹੈ।"

ਇਹ ਕਹਿਣਾ ਹੈ ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਦਾ, ਜੋ ਕਿ ਭਾਜਪਾ ਦੇ ਕੰਮਾਂ 'ਤੇ ਨਜ਼ਦੀਕ ਤੋਂ ਨਜ਼ਰ ਰੱਖਣ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ "ਇਸ ਦੇ ਨਾਲ ਹੀ ਯੋਗੀ ਆਦਿੱਤਿਆਨਾਥ ਨੇ ਇੱਕ ਇਤਿਹਾਸ ਰਚ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਪਹਿਲੀ ਵਾਰ ਇੱਕ ਅਜਿਹਾ ਮੁੱਖ ਮੰਤਰੀ ਹੋਵੇਗਾ ਜੋ ਕਿ ਪੰਜ ਸਾਲ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਮੁੜ ਸੱਤਾ 'ਚ ਵਾਪਸ ਆਵੇਗਾ।"

ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਯੂਪੀ, ਉਤਰਾਖੰਡ, ਗੋਆ ਅਤੇ ਮਨੀਪੁਰ 'ਚ ਮੁੜ ਸੱਤਾ 'ਚ ਆ ਰਹੀ ਹੈ। ਯੂਪੀ 'ਚ ਲਗਭਗ 55 ਸੀਟਾਂ ਘਟਣ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦੀਆਂ ਲਗਭਗ 80 ਸੀਟਾਂ ਵੱਧਣ ਦੇ ਬਾਵਜੂਦ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ।

ਭਾਜਪਾ ਦੀ ਸੱਤਾ 'ਚ ਵਾਪਸੀ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਹਾਲਾਂਕਿ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ 'ਚ ਰੁਜ਼ਗਾਰ ਵਰਗੇ ਅਹਿਮ ਮੁੱਦੇ ਪਿੱਛੇ ਰਹਿ ਗਏ ਹਨ। ਇੱਥੇ ਅਸੀਂ ਉਨ੍ਹਾਂ ਕਾਰਨਾਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਜਿੰਨ੍ਹਾਂ ਨੂੰ ਯੋਗੀ ਆਦਿੱਤਿਆਨਾਥ ਦੇ ਮੁੜ ਸੱਤਾ 'ਚ ਵਾਪਸ ਆਉਣ ਲਈ ਅਹਿਮ ਕਾਰਨਾਂ ਵੱਜੋਂ ਮੰਨਿਆ ਜਾ ਰਿਹਾ ਹੈ।

1. ਰਣਨੀਤੀ ਪਹਿਲਾਂ ਹੀ ਤਿਆਰ ਕਰਨਾ ਸਹੀ ਸਾਬਤ ਹੋਇਆ

ਸਾਲ 2014 'ਚ ਕੇਂਦਰ 'ਚ ਸੱਤਾ ਹਾਸਲ ਕਰਨ ਤੋਂ ਬਾਅਦ ਤੋਂ ਹੀ ਮਾਹਰ ਭਾਜਪਾ ਬਾਰੇ ਕਹਿੰਦੇ ਰਹੇ ਹਨ ਕਿ ਉਹ ਚੋਣਾਂ ਤੋਂ ਬਹੁਤ ਪਹਿਲਾਂ ਹੀ ਆਪਣੀ ਰਣਨੀਤੀ ਤਿਆਰ ਕਰ ਲੈਂਦੀ ਹੈ।

ਪ੍ਰਦੀਪ ਸਿਘ ਦਾ ਕਹਿਣਾ ਹੈ, "ਇਸ ਵਾਰ ਵੀ ਇਹੀ ਕਿਹਾ ਗਿਆ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਚੋਣਾਂ ਨਜ਼ਦੀਕ ਆਉਣ 'ਤੇ ਹੀ ਆਪਣੀ ਰਣਨੀਤੀ ਤਿਆਰ ਕਰਦੀਆਂ ਹਨ, ਉੱਥੇ ਹੀ ਭਾਜਪਾ ਬਹੁਤ ਪਹਿਲਾਂ ਆਪਣੀ ਰਣਨੀਤੀ ਨੂੰ ਅਮਲ 'ਚ ਲੈ ਆਉਂਦੀ ਹੈ। ਅਖਿਲੇਸ਼ ਵੀ ਦੇਰ ਨਾਲ ਚੋਣ ਮੈਦਾਨ 'ਚ ਉਤਰੇ ਸਨ।"

ਇਹ ਵੀ ਪੜ੍ਹੋ:

"ਸਹੀ ਸਮੇਂ 'ਤੇ ਫੈਸਲਾ ਲੈਣਾ ਵੀ ਭਾਜਪਾ ਦੇ ਹੱਕ 'ਚ ਰਿਹਾ। ਕਿਸਾਨ ਅੰਦੋਲਨ ਜਿੱਥੇ ਉਨ੍ਹਾਂ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਸੀ ਤਾਂ ਉਸ ਸਮੇਂ ਕੇਂਦਰੀ ਲੀਡਰਸ਼ਿਪ ਨੇ ਤਿੰਨ ਵਿਵਾਦਪੂਰਨ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਅਤੇ ਉਸ ਨੂੰ ਤੁਰੰਤ ਲਾਗੂ ਵੀ ਕੀਤਾ।"

ਉਹ ਅੱਗੇ ਕਹਿੰਦੇ ਹਨ, "ਜਾਤੀ ਸੰਤੁਲਨ ਰੱਖਣ 'ਚ ਕੋਈ ਕਸਰ ਨਾ ਛੱਡਣਾ ਵੀ ਭਾਜਪਾ ਦੀ ਜਿੱਤ ਦਾ ਇੱਕ ਵੱਡਾ ਕਾਰਨ ਸੀ। ਉਨ੍ਹਾਂ ਨੇ ਆਪਣਾ ਦਲ ਨਹੀਂ ਛੱਡਿਆ ਅਤੇ ਨਿਸ਼ਾਦ ਪਾਰਟੀ ਦਾ ਸਮਰਥਨ ਵੀ ਹਾਸਲ ਕੀਤਾ।"

ਪ੍ਰਦੀਪ ਸਿੰਘ ਕਹਿੰਦੇ ਹਨ , "ਭਾਜਪਾ ਕਈ ਮੋਰਚਿਆਂ 'ਤੇ ਚੋਣਾਂ ਲੜਦੀ ਹੈ। ਆਖਰੀ ਸਾਂਹ ਤੱਕ ਉਹ ਚੋਣ ਲੜਦੀ ਹੈ। ਪ੍ਰਧਾਨ ਮੰਤਰੀ 2-3 ਦਿਨਾਂ ਤੱਕ ਉੱਥੇ ਹੀ ਰਹੇ। ਉਹ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਜਿੱਤਣ ਲਈ ਹੀ ਲੜਦੀ ਹੈ। ਕਈ ਮੁੱਦਿਆਂ 'ਤੇ ਚੋਣ ਲੜਦੀ ਹੈ। ਜਿੱਥੇ ਬਾਕੀ ਮੁੱਦੇ ਇੱਕ ਪਾਸੇ ਚੱਲਦੇ ਹੀ ਰਹਿੰਦੇ ਹਨ ਉੱਥੇ ਹੀ ਹਿੰਦੂਤਵ ਦਾ ਮੁੱਦਾ ਹਮੇਸ਼ਾ ਹੀ ਨਾਲ-ਨਾਲ ਚੱਲਦਾ ਰਹਿੰਦਾ ਹੈ।"

2. ਹਿੰਦੂਤਵ ਦਾ ਏਜੰਡਾ ਅਤੇ ਮਾਇਆਵਤੀ ਦਾ ‘ਖ਼ਤਮ ਹੋਣਾ’

ਇਸ ਵਾਰ ਦੀਆਂ ਚੋਣਾਂ 'ਚ ਵੀ ਹਿੰਦੂਤਵ ਦਾ ਮੁੱਦਾ ਇੱਕ ਅਹਿਮ ਮੁੱਦਾ ਬਣ ਕੇ ਉੱਭਰਿਆ ਸੀ। ਹਿੰਦੂਆਂ ਦੀ ਏਕਤਾ ਅਤੇ ਰਾਮ ਮੰਦਿਰ ਵਰਗੇ ਏਜੰਡੇ 'ਤੇ ਭਾਜਪਾ ਪਹਿਲਾਂ ਤੋਂ ਹੀ ਕੰਮ ਕਰਦੀ ਆ ਰਹੀ ਹੈ। ਸੰਘ ਦਾ ਇਹ ਇੱਕ ਵੱਡਾ ਏਜੰਡਾ ਵੀ ਹੈ ਕਿ ਸਾਰੇ ਹਿੰਦੂ ਇੱਕ ਹੀ ਮੰਚ 'ਤੇ ਆਉਣ।

ਸੀਨੀਅਰ ਪੱਤਰਕਾਰ ਪੂਰਣਿਮਾ ਜੋਸ਼ੀ ਦਾ ਕਹਿਣਾ ਹੈ, "ਹਿੰਦੂਆਂ ਨੂੰ ਇੱਕ ਮੰਚ 'ਤੇ ਲਿਆਉਣ ਦੇ ਆਪਣੇ ਏਜੰਡੇ 'ਚ ਸੰਘ ਇਹ ਮੰਨਦਾ ਰਿਹਾ ਹੈ ਕਿ ਮਾਇਆਵਤੀ ਦੀ ਪਾਰਟੀ, ਲੋਕਦਲ ਜਾਂ ਅਖਿਲੇਸ਼ ਦੀ ਪਾਰਟੀ ਇਸ 'ਚ ਅੜਿੱਕਾ ਹਨ।”

“ਇੰਨ੍ਹਾਂ ਚੋਣਾਂ 'ਚ ਉਨ੍ਹਾਂ ਨੇ ਇੱਕ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ। ਉਨ੍ਹਾਂ ਨੇ ਦਲਿਤਾਂ ਦੀ ਪਾਰਟੀ ਦਾ ਖਾਤਮਾ ਕਰ ਦਿੱਤਾ ਹੈ। ਉਨ੍ਹਾਂ ਦਾ ਵੋਟ ਬੈਂਕ 9 ਤੋਂ 10 ਫੀਸਦੀ ਘੱਟ ਗਿਆ। ਉਹ ਇੰਨ੍ਹਾਂ ਚੋਣਾਂ 'ਚ ਉਦਾਸੀਨ ਭਾਵਨਾ ਨਾਲ ਲੜ ਰਹੀ ਸੀ।"

ਧਾਰਮਿਕ ਚਿਨ੍ਹ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਇਸ ਵਾਰ ਦੀਆਂ ਚੋਣਾਂ 'ਚ ਵੀ ਹਿੰਦੂਤਵ ਦਾ ਮੁੱਦਾ ਇੱਕ ਅਹਿਮ ਮੁੱਦਾ ਬਣ ਕੇ ਉੱਭਰਿਆ ਸੀ।

ਚੋਣ ਪ੍ਰਚਾਰ ਦੌਰਾਨ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਮਾਇਆਵਤੀ ਜ਼ੋਰਦਾਰ ਢੰਗ ਨਾਲ ਚੋਣਾਂ ਲੜ ਰਹੀ ਹੈ। ਇਸ ਦੇ ਕੀ ਮਆਨੇ ਹਨ।

ਇਸ 'ਤੇ ਪੂਰਣਿਮਾ ਨੇ ਕਿਹਾ ਕਿ ਇੱਕ ਤਾਂ ਮੁਸਲਿਮ ਵੋਟ ਕੁਝ ਵੰਡੀ ਜਾਵੇ ਅਤੇ ਦੂਜਾ ਦਲਿਤ ਦੀ ਵੋਟ ਸਪਾ ਵੱਲ ਨਾ ਜਾਵੇ।

"ਸਪਾ ਦੀਆਂ ਵੋਟਾਂ 21 ਤੋਂ ਵੱਧ ਕੇ 31-32% ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੇ ਬਹੁਤ ਸਾਰੇ ਵੋਟ ਕੱਟੇ ਹਨ। ਇੱਥੇ ਅਜਿਹਾ ਲੱਗ ਰਿਹਾ ਹੈ ਕਿ ਅਖਿਲੇਸ਼ ਓਬੀਸੀ 'ਚ ਵੱਡੀਆਂ ਜਾਤੀਆਂ ਨੂੰ ਆਪਣੇ ਪਾਲੇ 'ਚ ਕਰਨ 'ਚ ਸਫਲ ਰਹੇ ਹਨ, ਪਰ ਦਲਿਤ ਵੋਟਾਂ ਭਾਜਪਾ ਦੇ ਹੱਕ 'ਚ ਭੁਗਤੀਆਂ ਦਿਖਾਈ ਦੇ ਰਹੀਆਂ ਹਨ।"

ਪਰ ਭਾਜਪਾ ਦੀਆਂ ਸੀਟਾਂ ਘੱਟ ਹੋਈਆਂ ਹਨ। ਇਸ ਬਾਰੇ ਸੀਨੀਅਰ ਪੱਤਰਕਾਰ ਰਾਮਦੱਤ ਤ੍ਰਿਪਾਠੀ ਦਾ ਕਹਿਣਾ ਹੈ ਕਿ ਸੀਟਾਂ ਜ਼ਰੂਰ ਘਟੀਆਂ ਹਨ ਪਰ ਵੋਟ ਪ੍ਰਤੀਸ਼ਤ ਵਧਿਆ ਹੈ।

ਸੀਐੱਸਡੀਐੱਸ ਦੇ ਚੋਣ ਵਿਸ਼ਲੇਸ਼ਕ ਸੰਜੇ ਕੁਮਾਰ ਦਾ ਵੀ ਕਹਿਣਾ ਹੈ ਕਿ ਉਹ ਜਿੱਤ ਨੂੰ ਵੋਟ ਪ੍ਰਤੀਸ਼ਤ ਦੇ ਆਧਾਰ 'ਤੇ ਮੰਨਦੇ ਹਨ ਅਤੇ ਉਨ੍ਹਾਂ ਦਾ ਮੁਲਾਂਕਣ ਵੀ ਵੋਟ ਪ੍ਰਤੀਸ਼ਤ ਦੇ ਵਾਧੇ ਦੇ ਆਧਾਰ 'ਤੇ ਸੀ।

ਰਾਮਦੱਤ ਤ੍ਰਿਪਾਠੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੁਹਜ ਬਰਕਰਾਰ ਹੈ। ਵੋਟ ਸ਼ੇਅਰ ਵਧਣ ਦਾ ਇੱਕ ਮੁੱਖ ਕਾਰਨ ਬਸਪਾ ਦੀ ਚੋਣਾਂ ਪ੍ਰਤੀ ਬੇਰੁਖ਼ੀ ਹੈ।

ਉਹ ਕਹਿੰਦੇ ਹਨ, "ਬਸਪਾ ਚੋਣਾਂ ਵਿੱਚ ਸਰਗਰਮ ਨਹੀਂ ਹੈ, ਇਸ ਲਈ ਇਸ ਦੀਆਂ ਵੋਟਾਂ ਟਰਾਂਸਫਰ ਹੋ ਗਈਆਂ ਹਨ ਅਤੇ ਇਸ ਦਾ ਫਾਇਦਾ ਭਾਜਪਾ ਨੂੰ ਮਿਲਿਆ ਹੈ।"

3. ਕਾਨੂੰਨ ਅਤੇ ਵਿਵਸਥਾ

ਯੋਗੀ ਆਦਿੱਤਿਆਨਾਥ ਨੇ ਚੋਣ ਪ੍ਰਚਾਰ ਦੌਰਾਨ ਅਲੀਗੜ੍ਹ ਦੀ ਰੈਲੀ 'ਚ ਕਿਹਾ ਸੀ, "ਪਹਿਲਾਂ ਉੱਤਰ ਪ੍ਰਦੇਸ਼ ਦੀ ਪਛਾਣ ਅਪਰਾਧ ਅਤੇ ਟੋਇਆਂ-ਟਿੱਬਿਆਂ ਨਾਲ ਹੁੰਦੀ ਸੀ। ਪਹਿਲਾਂ ਸਾਡੀਆਂ ਭੈਣਾਂ ਅਤੇ ਧੀਆਂ ਸੁਰੱਖਿਅਤ ਨਹੀਂ ਸਨ। ਇੱਥੋਂ ਤੱਕ ਕਿ ਮੱਝਾਂ ਅਤੇ ਬਲ਼ਦ ਵੀ ਸੁਰੱਖਿਅਤ ਨਹੀਂ ਸਨ। ਅੱਜ ਅਜਿਹਾ ਨਹੀਂ ਹੈ।"

ਉੱਤਰ ਪ੍ਰਦੇਸ਼ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਪੀ 'ਚ ਲਗਭਗ 55 ਸੀਟਾਂ ਘਟਣ ਅਤੇ ਅਖਲੀਸ਼ ਯਾਦਵ ਦੀ ਸਪਾ ਦੀਆਂ ਲਗਭਗ 80 ਸੀਟਾਂ ਵਧਣ ਦੇ ਬਾਵਜੂਦ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ।

ਭਾਜਪਾ ਨੇ ਇਸ ਮੁੱਦੇ ਨੂੰ ਵੱਡਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਾਨੂੰਨ ਵਿਵਸਥਾ ਦਾ ਜ਼ਿਕਰ ਕੀਤਾ ਸੀ।

ਉਨ੍ਹਾਂ ਕਿਹਾ ਸੀ, ''ਇਕ ਸਮਾਂ ਸੀ ਜਦੋਂ ਪ੍ਰਸ਼ਾਸਨ ਨੂੰ ਗੁੰਡੇ ਅਤੇ ਮਾਫੀਆ ਮਨਮਾਨੇ ਢੰਗ ਨਾਲ ਚਲਾਉਂਦੇ ਸਨ, ਪਰ ਹੁਣ ਵਸੂਲੀ ਕਰਨ ਵਾਲੇ, ਮਾਫੀਆ ਰਾਜ ਚਲਾਉਣ ਵਾਲੇ ਸਲਾਖਾਂ ਦੇ ਪਿੱਛੇ ਹਨ। ਸਰਕਾਰ ਨੂੰ ਭ੍ਰਿਸ਼ਟਾਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਅੱਜ ਯੋਗੀ ਜੀ ਦੀ ਸਰਕਾਰ ਇਮਾਨਦਾਰੀ ਨਾਲ ਯੂਪੀ ਦੇ ਵਿਕਾਸ ਵਿੱਚ ਲੱਗੀ ਹੋਈ ਹੈ।''

ਸੀ-ਵੋਟਰਜ਼ ਦੇ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਬੇਸ਼ੱਕ ਸੂਬੇ 'ਚ ਕਾਨੂੰਨ ਵਿਵਸਥਾ ਇੱਕ ਵੱਡਾ ਮੁੱਦਾ ਸੀ, ਇਸ ਦਾ ਸਿਹਰਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਦੇਣਾ ਚਾਹੀਦਾ ਹੈ।

ਪਰ ਇਸ ਦੇ ਨਾਲ ਹੀ ਉਹ ਕੇਂਦਰ ਦੀਆਂ ਯੋਜਨਾਵਾਂ ਨੂੰ ਵੱਡਾ ਮੁੱਦਾ ਦੱਸਦੇ ਹਨ।

4. ਪਖਾਨਿਆਂ ਦੀ ਭੂਮਿਕਾ ਅਤੇ ਔਰਤਾਂ ਦੀ ਵੋਟ

ਯਸ਼ਵੰਤ ਦੇਸ਼ਮੁੱਖ ਕਹਿੰਦੇ ਹਨ, "ਬੁਲਡੋਜ਼ਰ ਬਾਬਾ ਦੀ ਇਮੇਜ਼ ਨੇ ਇੱਕ ਅਹਿਮ ਭੂਮਿਕਾ ਜ਼ਰੂਰ ਅਦਾ ਕੀਤੀ ਹੈ ਪਰ ਇਸ ਜਿੱਤ 'ਚ ਪ੍ਰਦੇਸ਼ 'ਚ ਬਣਾਏ ਗਏ ਪਖਾਨਿਆਂ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ।"

ਦੇਸ਼ਮੁੱਖ ਕਹਿੰਦੇ ਹਨ, "ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਔਰਤਾਂ ਨਾਲ ਜੋ ਜਿਨਸੀ ਸੋਸ਼ਣ ਦੀਆਂ ਸਭ ਤੋਂ ਵੱਧ ਘਟਨਾਵਾਂ ਹੁੰਦੀਆਂ ਹਨ, ਉਨ੍ਹਾਂ 'ਚ ਇੱਕ ਵੱਡਾ ਹਿੱਸਾ ਜਾਂ ਤਾਂ ਤੜਕਸਾਰ ਜਾਂ ਦੇਰ ਰਾਤ ਦੇ ਸਮੇਂ ਹਨੇਰੇ 'ਚ ਖੇਤਾਂ 'ਚ ਮਲ-ਮੂਤਰ ਕਰਨ ਜਾਣ ਵਾਲੀਆਂ ਔਰਤਾਂ ਨਾਲ ਹੁੰਦੀਆਂ ਹਨ। ਪਖਾਨਿਆਂ ਦਾ ਨਿਰਮਾਣ ਕੀਤਾ ਜਾਣਾ ਔਰਤਾਂ ਲਈ ਸਿਰਫ ਸਾਫ ਸਫਾਈ ਦਾ ਮੁੱਦਾ ਨਹੀਂ ਸੀ, ਇਹ ਤਾਂ ਉਨ੍ਹਾਂ ਲਈ ਸੁਰੱਖਿਆ ਅਤੇ ਮਾਣ-ਸਨਮਾਨ ਤੇ ਪਛਾਣ ਦਾ ਮੁੱਦਾ ਸੀ।"

''ਔਰਤਾਂ ਮੁੱਦੇ ਦੇ ਆਧਾਰ 'ਤੇ ਵੋਟ ਪਾਉਂਦੀਆਂ ਹਨ। ਉਨ੍ਹਾਂ ਦਾ ਕਿਸੇ ਮਰਦ ਜਾਂ ਔਰਤ ਉਮੀਦਵਾਰ ਦੇ ਚਿਹਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ। ਇਹ ਸਿਰਫ ਯੂਪੀ ਨਹੀਂ ਬਲਕਿ ਉਤਰਾਖੰਡ 'ਚ ਵੀ ਦਿਖਾਈ ਦੇਵੇਗਾ।''

ਔਰਤਾਂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯਸ਼ਵੰਤ ਦੇਸ਼ਮੁੱਖ ਕਹਿੰਦੇ ਹਨ, ''ਔਰਤਾਂ ਮੁੱਦੇ ਦੇ ਆਧਾਰ 'ਤੇ ਵੋਟ ਪਾਉਂਦੀਆਂ ਹਨ''।

''ਉੱਥੇ ਤਿੰਨ-ਤਿੰਨ ਮੁੱਖ ਮੰਤਰੀਆਂ ਦੇ ਬਦਲਣ ਦੇ ਬਾਵਜੂਦ ਵੀ ਭਾਜਪਾ ਲੀਡ 'ਤੇ ਹੈ। ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਚੋਣਾਂ 'ਚ ਹਾਰ ਗਏ ਹਨ। ਇਸ ਦੇ ਕੀ ਮਾਅਨੇ ਹਨ ?"

"ਲੋਕਾਂ 'ਚ ਸੂਬਾ ਸਰਕਾਰ, ਮੁੱਖ ਮੰਤਰੀ ਅਤੇ ਵਿਦਾਇਕਾਂ ਪ੍ਰਤੀ ਨਾਰਾਜ਼ਗੀ ਅਤੇ ਗੁੱਸਾ ਸੀ। ਇਸ ਗੁੱਸਾ ਦੇ ਕਾਰਨ ਹੀ ਯੂਪੀ 'ਚ ਭਾਜਪਾ ਦੀਆਂ ਸੀਟਾਂ ਘਟੀਆਂ ਹਨ ਅਤੇ ਸਪਾ ਦੀਆਂ ਸੀਟਾਂ ਵਧੀਆਂ ਹਨ। ਪਰ ਇਸ ਗੁੱਸੇ ਨੂੰ ਇੱਕ ਪਾਸੇ ਕਰਦਿਆਂ ਪੀਐੱਮ ਮੋਦੀ ਦਾ ਆਪਣਾ ਪ੍ਰਭਾਵ ਵੀ ਸੀ ਅਤੇ ਨਾਲ ਹੀ ਕੇਂਦਰ ਦੀਆਂ ਯੋਜਨਾਵਾਂ ਵੀ ਸਨ। ਇਸ ਲਈ ਇੱਥੇ ਜਿੰਨ੍ਹਾਂ ਯੋਜਨਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਉਨ੍ਹਾਂ 'ਤੇ ਮੋਹਰ ਵੀ ਲੱਗੀ ਹੈ।"

"ਤੁਸੀਂ ਗੋਆ ਦੀ ਮਿਸਾਲ ਵੀ ਲੈ ਸਕਦੇ ਹੋ। ਉੱਥੇ ਜੋ ਸਥਿਤੀ ਸੀ ਉਸ ਵਿਚਾਲੇ ਭਾਜਪਾ ਨੂੰ ਮੁੜ ਬਹੁਮਤ ਹਾਸਲ ਹੁੰਦਾ ਹੈ। ਮਣੀਪੁਰ 'ਚ, ਜਿੱਥੇ ਪੰਜ ਸਾਲ ਭਾਜਪਾ ਨੰਬਰ ਦੋ ਪਾਰਟੀ ਸੀ, ਅੱਜ ਉੱਥੇ ਭਾਜਪਾ ਪਹਿਲੇ ਨੰਬਰ 'ਤੇ ਆ ਰਹੀ ਹੈ। ਕਿਤੇ ਨਾ ਕਿਤੇ ਇੱਕ ਰੇਖਾਂਕਿਤ ਭਾਵਨਾ ਹੈ ਅਤੇ ਇਸ ਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਦੀ ਡਿਲਵਰੀ ਸੀ।"

5. ਲਾਭਪਾਤਰੀ ਯੋਜਨਾਵਾਂ ਅਤੇ ਔਰਤਾਂ ਦੀਆਂ ਵੋਟਾਂ

2019 ਦੀਆਂ ਲੋਕ ਸਭਾ ਚੋਣਾਂ 'ਚ ਪੀਐਮ ਮੋਦੀ ਦੀ ਜਿੱਤ ਨੂੰ ਉਨ੍ਹਾਂ ਦੀ ਉੱਜਵਲਾ ਯੋਜਨਾ ਨਾਲ ਜੋੜਿਆ ਗਿਆ ਸੀ। ਇਸ ਸਕੀਮ ਤਹਿਤ ਪੇਂਡੂ ਔਰਤਾਂ ਨੂੰ ਗੈਸ ਸਿਲੰਡਰ ਦਾ ਲਾਭ ਮਿਲਦਾ ਹੈ। ਬਹੁਤ ਸਾਰੇ ਮਾਹਰਾਂ ਦੀ ਨਜ਼ਰ 'ਚ ਇਸ ਯੋਜਨਾ ਨੇ ਮੋਦੀ ਸਰਕਾਰ ਪ੍ਰਤੀ ਔਰਤਾਂ ਦੇ ਸਮਰਥਨ ਨੂੰ ਵਧਾਉਣ ਦਾ ਕੰਮ ਕੀਤਾ ਸੀ।

2019 ਦੀਆਂ ਚੋਣਾਂ ਅਤੇ ਉਸ ਤੋਂ ਪਹਿਲਾਂ ਅਸਮ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਰਦਾਂ ਨਾਲੋਂ ਔਰਤਾਂ ਦੀਆਂ ਵੱਧ ਵੋਟਾਂ ਮਿਲੀਆਂ ਸਨ।

ਪੂਰਣਿਮਾ ਜੋਸ਼ੀ ਦਾ ਕਹਿਣਾ ਹੈ ਕਿ "ਰਾਸ਼ਨ ਦੇ ਮੁੱਦੇ 'ਤੇ ਯੂਪੀ 'ਚ ਲੋਕਾਂ ਵਿਚਾਲੇ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਸੀ ਕਿ ਮੋਦੀ ਦਾ ਨਮਕ ਖਾਧਾ ਹੈ। ਇਸ ਤੋਂ ਇਲਾਵਾ ਗੈਸ, ਪ੍ਰਧਾਨ ਮੰਤਰੀ ਸਨਮਾਨ ਫੰਡ, ਪਖਾਨੇ ਵਰਗੇ ਹੋਰ ਕਈ ਮੁੱਦੇ ਹਨ, ਜਿੰਨ੍ਹਾਂ 'ਤੇ ਲੋਕਾਂ ਨੇ ਆਪਣੇ ਵੋਟ ਦਿੱਤੇ ਹਨ।"

ਸੀ-ਵੋਟਰਜ਼ ਦੇ ਯਸ਼ਵੰਤ ਦੇਸ਼ਮੁੱਖ ਦਾ ਕਹਿਣਾ ਹੈ ਕਿ, "ਇਸ ਨੂੰ ਵਿਕਾਸ ਦੀ ਜਿੱਤ ਤੋਂ ਵੱਧ ਪ੍ਰਸ਼ਾਸਨ ਦੀ ਅਦਾਇਗੀ ਦੀ ਜਿੱਤ ਕਿਹਾ ਜਾਣਾ ਚਾਹੀਦਾ ਹੈ। ਰਾਸ਼ਨ ਮਿਲਿਆ ਹੈ, ਛੱਤ ਮਿਲੀ ਹੈ, ਪਖਾਨੇ ਵੀ ਬਣੇ ਹਨ ਅਤੇ ਖਾਤਿਆਂ 'ਚ ਪੈਸੇ ਵੀ ਆਏ ਹਨ।”

“ਇੰਨ੍ਹਾਂ ਸਾਰੇ ਹੀ ਮੁੱਦਿਆਂ ਤੋਂ ਵੀ ਉੱਪਰ ਸੂਬੇ ਦੀਆਂ ਔਰਤਾਂ ਨੇ ਭਾਜਪਾ ਦੇ ਹੱਕ 'ਚ ਵੋਟਾਂ ਪਾਈਆਂ ਹਨ। ਸੂਬੇ ਦੇ ਮਰਦਾਂ ਨੇ ਕਿਸੇ ਹੱਦ ਤੱਕ ਜਾਤੀ ਸਮੀਕਰਨਾਂ ਅਤੇ ਫਿਰਕੂ ਆਧਾਰ 'ਤੇ ਵੋਟਾਂ ਪਾਈਆਂ ਹਨ। ਮਹਿਲਾ ਵੋਟਰਾਂ ਦੀ ਬਦੌਲਤ ਹੀ ਭਾਜਪਾ ਨੂੰ ਜਿੱਤ ਹਾਸਲ ਹੋਈ ਹੈ ਅਤੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ।"

6. ਹਿੰਦੂ- ਮੁਸਲਿਮ ਮੁੱਦਾ

ਚੋਣ ਪ੍ਰਚਾਰ ਦੌਰਾਨ ਹਿੰਦੂ- ਮੁਸਲਮਾਨਾਂ ਦੇ ਨਾਂ 'ਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਪੁਰਸ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਰਾਮਦੱਤ ਤ੍ਰਿਪਾਠੀ ਅਨੁਸਾਰ ਭਾਜਪਾ ਦੀ ਇਹ ਜਿੱਤ ਇਸ ਸਾਲ ਹੋਣ ਵਾਲੀਆਂ ਰਾਜ ਸਭਾ ਚੋਣਾਂ ਤੇ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਬਹੁਤ ਅਹਿਮ ਮੰਨੀ ਜਾ ਰਹੀ ਹੈ।

ਇਸ 'ਤੇ ਦੇਸ਼ਮੁੱਖ ਦਾ ਕਹਿਣਾ ਹੈ ਕਿ "ਇੰਨ੍ਹਾਂ ਚੋਣਾਂ 'ਚ ਇਹ ਤਾਂ ਮੁੱਦਾ ਹੀ ਨਹੀਂ ਹੋਣਾ ਸੀ, ਕਿਉਂਕਿ ਵੋਟਾਂ ਤਾਂ ਦੂਜੇ ਮੁੱਦਿਆਂ 'ਤੇ ਪੈਣੀਆਂ ਹੀ ਸਨ।”

“ਹਿੰਦੂ ਅਤੇ ਮੁਸਲਿਮ ਵੋਟਾਂ ਕ੍ਰਮਵਾਰ ਭਾਜਪਾ ਅਤੇ ਸਪਾ ਨੂੰ ਮਿਲਣੀਆਂ ਹੀ ਸੀ। ਸਿਰਫ ਭਾਜਪਾ ਦੀਆਂ ਹਿੰਦੂ ਵੋਟਾਂ ਦੀ ਗੱਲ ਕਿਉਂ ਕੀਤੀ ਜਾਵੇ। ਸਪਾ ਦੇ ਵੋਟ ਗ੍ਰਾਫ 'ਚ ਜਿਹੜਾ ਵਾਧਾ ਹੋਇਆ ਹੈ, ਉਹ ਵੀ ਤਾਂ ਮੁਸਲਿਮ ਵੋਟਾਂ ਦੀ ਬਦੌਲਤ ਹੀ ਹੋਇਆ ਹੈ।"

ਪਰ ਚੋਣ ਪ੍ਰਚਾਰ ਦੌਰਾਨ ਅਖਿਲੇਸ਼ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਸ ਦਾ ਵੋਟਾਂ ਦੇ ਧਾਰਮਿਕ ਧਰੁਵੀਕਰਨ ਨਾਲ ਸਬੰਧ ਸੀ।

ਇਸ ਤੇ ਦੇਸ਼ਮੁੱਖ ਕਹਿੰਦੇ ਹਨ ਕਿ "ਕੀ ਸਿਰਫ ਬਿਆਨ ਨਾ ਦੇਣ ਨਾਲ ਇਹ ਵੋਟ ਪੈ ਰਹੇ ਹਨ, ਉਸ ਦਾ ਜੋ ਧਾਰਮਿਕ ਧਰੁਵੀਕਰਨ ਹੋਇਆ ਹੈ, ਉਸ ਨਾਲ ਇਸ ਦਾ ਕੋਈ ਸਬੰਧ ਨਾ ਹੋਣਾ ਸਾਬਤ ਹੋ ਜਾਂਦਾ ਹੈ। ਫਿਰ ਅਖਿਲੇਸ਼ ਨੂੰ ਜੋ ਵੋਟ ਪਏ ਹਨ, ਉਸ 'ਚ ਮੁਸਲਿਮ ਵੋਟਰਾਂ ਦਾ ਯੋਗਦਾਨ ਵਧੇਰੇ ਕਿਉਂ ਹੈ? ਉਹ ਕਿਸ ਏਜੰਡੇ 'ਤੇ ਹਨ? ਸਿਰਫ ਇੱਕ ਹੀ ਏਜੰਡਾ ਹੈ ਕਿ ਅਸੀਂ ਕਿਸੇ ਵੀ ਕੀਮਤ 'ਤੇ ਭਾਜਪਾ ਨੂੰ ਹਰਾਉਣਾ ਹੈ।"

ਉਹ ਅੱਗੇ ਕਹਿੰਦੇ ਹਨ ਕਿ "ਠੀਕ ਇਸੇ ਤਰ੍ਹਾਂ ਹੀ ਯੋਗੀ ਦੀ ਜੋ ਬੁਲਡੋਜ਼ਰ ਬਾਬਾ ਦੀ ਤਸਵੀਰ ਹੈ, ਉਸ ਪਿੱਛੇ ਕੋਈ ਵੀ ਧਾਰਮਿਕ ਏਜੰਡਾ ਨਹੀਂ ਹੈ। ਮਾਫੀਆ ਦੇ ਖਿਲਾਫ ਉਨ੍ਹਾਂ ਨੇ ਜੋ ਵੀ ਮੁਹਿੰਮ ਚਲਾਈ, ਉਸ 'ਚ ਫਿਰਕੂ ਰੰਗ ਸੀ।"

"ਮੈਂ ਇਹ ਗੱਲ ਮੰਨਣ ਤੋਂ ਇਨਕਾਰ ਕਰਦਾ ਹਾਂ ਕਿ ਜੇਕਰ ਮੁਸਲਮਾਨ ਭਾਜਪਾ ਨੂੰ ਹਰਾਉਣ ਲਈ ਵੋਟ ਪਾਉਣ ਤਾਂ ਇਹ ਧਰਮ ਨਿਰਪੱਖ ਮਤਦਾਨ ਹੈ ਅਤੇ ਜੇਕਰ ਹਿੰਦੂ ਭਾਜਪਾ ਨੂੰ ਵੋਟ ਪਾਉਣ ਤਾਂ ਇਹ ਫਿਰਕੂ ਮਤਦਾਨ ਹੈ।"

ਅਖੀਰ 'ਚ ਪ੍ਰਦੀਪ ਸਿੰਘ ਕਹਿੰਦੇ ਹਨ, "ਸਪਾ ਮੁਸਲਿਮ, ਯਾਦਵ ਤੋਂ ਅਗਾਂਹ ਨਹੀਂ ਵਧ ਸਕੀ ਹੈ। ਇਸ ਵਾਰ ਵੀ ਜੋ ਉਸ ਦੀਆਂ ਸੀਟਾਂ 'ਚ ਵਾਧਾ ਹੋਇਆ ਹੈ, ਉਸ 'ਚ ਮੁਸਲਿਮ ਵੋਟਾਂ ਦਾ ਹੀ ਫਾਇਦਾ ਹੋਇਆ ਹੈ। ਬਸਪਾ ਦੀਆਂ ਵੋਟਾਂ ਦਾ ਘਟਣਾ ਭਾਜਪਾ ਲਈ ਚੰਗਾ ਸੰਕੇਤ ਹੈ ਪਰ ਸਪਾ ਦੇ ਲਈ ਇਹ ਸਹੀ ਨਹੀਂ ਹੈ, ਕਿਉਂਕਿ ਅਗਾਮੀ ਚੋਣਾਂ 'ਚ 2024 ਅਤੇ 2027 'ਚ ਬਸਪਾ ਦੀਆਂ ਜਾਟਵ ਵੋਟਾਂ ਹੋਰ ਵੰਡੀਆਂ ਜਾਣਗੀਆਂ ਅਤੇ ਇਹ ਭਾਜਪਾ ਦੇ ਹੱਕ 'ਚ ਭੁਗਤਣਗੀਆਂ।"

ਦੂਜੇ ਪਾਸੇ ਰਾਮਦੱਤ ਤ੍ਰਿਪਾਠੀ ਦਾ ਕਹਿਣਾ ਹੈ ਕਿ ਭਾਜਪਾ ਦੀ ਇਹ ਜਿੱਤ ਇਸ ਸਾਲ ਹੋਣ ਵਾਲੀਆਂ ਰਾਜ ਸਭਾ ਚੋਣਾਂ ਅਤੇ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਬਹੁਤ ਅਹਿਮ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)