ਪੰਜਾਬ ਚੋਣ ਨਤੀਜੇ: ਪੰਜਾਬ ਦੇ ਵੋਟਰ ਨੇ ਇਨ੍ਹਾਂ ਚੋਣ ਨਤੀਜਿਆਂ ਰਾਹੀਂ ਕੀ ਸੁਨੇਹੇ ਦਿੱਤੇ ਹਨ, ਜਾਣੋ 5 ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, BHAGWANT MANN/FB
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਸ ਹੂੰਝਾ ਫੇਰ ਜਿੱਤ ਨੂੰ ਮਾਹਰਾਂ ਵੱਲੋਂ ਸੂਬੇ ਦੀ ਸਿਆਸਤ ਵਿੱਚ ਆਏ ਵੱਡੇ ਅਤੇ ਇਤਿਹਾਸਿਕ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਭਾਰਤ ਦੇ ਨਜ਼ੀਰੀਏ ਤੋਂ ਦੇਖਿਆ ਜਾਵੇ ਤਾਂ ਸਾਲ 2014 ਵਿੱਚ ਲੋਕਾਂ ਵਿੱਚ ਮੌਜੂਦਾ ਸਰਕਾਰ ਤੋਂ ਅਜਿਹੀ ਨਾਰਾਜ਼ਗੀ ਦਿਖੀ ਸੀ, ਜਦੋਂ ਲੋਕਾਂ ਨੇ ਮੋਦੀ ਨੂੰ ਵੋਟਾਂ ਦੇ ਨਾਲ ਮੁਕੰਮਲ ਬਹੁਮਤ ਦੇ ਕੇ ਕੇਂਦਰ ਦੀ ਸੱਤਾ ਸੋਂਪੀ ਸੀ। ਉਦੋਂ ਵੋਟਰਾਂ ਨੇ ਆਪਣੇ ਉਮੀਦਵਾਰ ਨੂੰ ਵੀ ਨਹੀਂ ਦੇਖਿਆ, ਉਨ੍ਹਾਂ ਨੇ ਇੱਕ ਲਹਿਰ ਦੇ ਪ੍ਰਭਾਵ ਹੇਠ ਆਕੇ ਮਤਦਾਨ ਕੀਤਾ।
ਮਾਹਰਾਂ ਦੀ ਰਾਇ ਹੈ ਕਿ ਇਸ ਵਾਰ ਪੰਜਾਬ ਦੇ ਵੋਟਰ ਨੇ ਵੀ ਉਸੇ ਤਰ੍ਹਾਂ ਵੋਟਿੰਗ ਕੀਤੀ ਹੈ। ਉਨ੍ਹਾਂ ਨੇ ਉਮੀਦਵਾਰ ਨਾਲੋਂ ਇੱਕ ਵਿਚਾਰਧਾਰਾ ਜੋ ਕਿ ਰਵਾਇਤੀ ਸਿਆਸਤ ਤੋਂ ਹਟ ਕੇ ਗਵਰਨੈਂਸ ਦੀ ਗੱਲ ਕਰਦੀ ਹੈ, ਉਸ ਨੂੰ ਵੋਟ ਪਾਈ ਹੈ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਰਾਹੀਂ ਪੰਜਾਬ ਦੇ ਵੋਟਰ ਨੇ ਕੀ 5 ਅਹਿਮ ਸੰਦੇਸ਼ ਦਿੱਤੇ ਹਨ ਇਹ ਸਮਝਣ ਲਈ ਬੀਬੀਸੀ ਨੇ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕੀਤੀ।
ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਮੁਤਾਬਕ ਪੰਜਾਬ ਦੇ ''ਲੋਕਾਂ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਰਵਾਇਤੀ ਪਾਰਟੀਆਂ ਨੂੰ ਕਿ ਸਾਨੂੰ ਤੁਹਾਡੇ ਉੱਪਰ ਭਰੋਸਾ ਨਹੀਂ ਤੁਹਾਡੇ ਵਾਅਦਿਆਂ ਉੱਪਰ ਯਕੀਨ ਨਹੀਂ ਹੈ। ਅਸੀਂ ਨਵੇਂ ਨੂੰ ਮੌਕਾ ਦੇਵਾਂਗੇ।''
ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਕੀ ਮਾਅਨੇ ਹਨ?
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਨਵੀਂ ਪਾਰਟੀ ਹੈ। ਉਸ ਨੇ ਅਜੇ ਤੱਕ ਪੰਜਾਬ ਵਿੱਚ ਸਰਕਾਰ ਨਹੀਂ ਚਲਾਈ ਹੈ। ਉਸ ਦੇ ਮੋਢਿਆਂ 'ਤੇ ਅਧੂਰੇ ਵਾਅਦਿਆਂ ਅਤੇ ਭ੍ਰਿਸ਼ਟਾਚਾਰ ਦੀ ਪੰਢ ਨਹੀਂ ਹੈ। ਮਾਹਰਾਂ ਦੀ ਰਾਇ ਹੈ ਕਿ ਲੋਕਾਂ ਨੇ ਉਸ ਨੂੰ ਰਵਾਇਤੀ ਕਾਂਗਰਸ ਅਤੇ ਅਕਾਲੀ ਦਲ ਦੇ ਵਿਰੋਧ ਵਿੱਚ ਵੋਟ ਦਿੱਤੀ ਹੈ।
ਆਮ ਆਦਮੀ ਪਾਰਟੀ ਨੂੰ ਜੱਜ ਕਰਨ ਲਈ ਲੋਕਾਂ ਕੋਲ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਬਦਲਾਅ ਅਸੀਂ ਦਿੱਲੀ ਵਿੱਚ ਲਿਆਏ ਹਾਂ ਉਹ ਪੰਜਾਬ ਵਿੱਚ ਵੀ ਲਿਆਵਾਂਗੇ।

ਤਸਵੀਰ ਸਰੋਤ, AAP punjab/FB
ਸਪਸ਼ਟ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਘਰ ਦੀ ਛੱਤ ਤੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ''ਬੁੱਧਵਾਰ, ਵੀਰਵਾਰ ਕਰਨ ਵਾਲੇ ਅਫ਼ਸਰ ਤੁਹਾਡੇ ਘਰ ਆਉਣਗੇ ਅਤੇ ਪੰਜਾਬ ਦੀ ਸਰਕਾਰ ਮਹਿਲਾਂ ਜਾਂ ਸਿਸਵਾਂ ਫਾਰਮ ਹਾਊਸ ਤੋਂ ਨਹੀਂ ਚੱਲੇਗੀ ਸਗੋਂ ਵਾਰਡਾਂ ਮੁਹੱਲਿਆਂ ਤੋਂ ਚੱਲੇਗੀ।''
ਬੀਬੀਸੀ ਨਿਊਜ਼ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਦੇ ਮੁਤਾਬਕ ਪੰਜਾਬ 'ਚ 'ਆਪ' ਦੀ ਜਿੱਤ ਸਦਕਾ ਅਰਵਿੰਦ ਕੇਜਰੀਵਾਲ ਦਾ ਰੁਤਬਾ ਬਹੁਤ ਵੱਧ ਜਾਵੇਗਾ ਅਤੇ ਭਗਵੰਤ ਮਾਨ ਨੂੰ ਸੂਬੇ ਭਰ ਵਿੱਚ ਸਵੀਕਾਰ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸਿੱਧੂ, ਚੰਨੀ, ਬਾਦਲ ਪਰਿਵਾਰ, ਕੈਪਟਨ ਸਾਹਿਬ - ਇੰਨ੍ਹਾਂ ਸਾਰਿਆਂ ਦਾ ਰੁਤਬਾ ਘਟੇਗਾ।''
ਉਨ੍ਹਾਂ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਕੌਮੀ ਪੱਧਰ 'ਤੇ ਬੁਕਤ ਬਹੁਤ ਹੀ ਵੱਧਣ ਵਾਲੀ ਹੈ ਕਿਉਂਕਿ ਜਦੋਂ ਵੀ ਦੂਜੇ ਜਾਂ ਤੀਜੇ ਫਰੰਟ ਦੀ ਗੱਲ ਹੋਵੇਗੀ ਤਾਂ ਆਮ ਆਦਮੀ ਕਹਿ ਸਕੇਗੀ ਕਿ ਸਾਡੇ ਕੋਲ ਇੱਕ ਹੋਰ ਸੂਬਾ ਵੀ ਹੈ। ਅਸੀਂ ਤ੍ਰਿਣਮੂਲ ਕਾਂਗਰਸ ਦੀ ਤਰ੍ਹਾਂ ਇਕੱਲੇ ਬੰਗਾਲ 'ਚ ਹੀ ਨਹੀਂ ਹਾਂ।"
ਅਤੁਲ ਸੰਗਰ ਦਾ ਮੰਨਣਾ ਹੈ ਕਿ ਇਨ੍ਹਾਂ ਨਤੀਜਿਆਂ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ਉੱਪਰ ਵੀ ਪਵੇਗਾ ਕਿਉਂਕਿ ''ਪੰਜਾਬ 'ਚ ਆਪ ਦੀ ਜਿੱਤ ਤੋਂ ਬਾਅਦ ਦੇਸ਼ ਦਾ ਵੋਟਰ ਬਹੁਤ ਹੀ ਪੈਣੀ ਅੱਖ ਨਾਲ ਪੰਜਾਬ 'ਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਵੇਖੇਗਾ ਅਤੇ ਮੁਲਾਂਕਣ ਕਰੇਗਾ ਕਿ ਕੀ ਇਹ ਪਾਰਟੀ ਉਨ੍ਹਾਂ ਦੇ ਸੂਬਿਆਂ 'ਚ ਵੀ ਸਹੀ ਬਦਲ ਹੈ।''
ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਪ੍ਰਮੋਦ ਕੁਮਾਰ ਦੀ ਰਾਇ ਮੁਤਾਬਕ, ''ਤਿੰਨ ਦਹਾਕਿਆਂ ਵਿੱਚ ਪਹਿਲੀਆਂ ਅਜਿਹੀਆਂ ਚੋਣਾਂ ਹੋਈਆਂ ਹਨ ਜਿਨ੍ਹਾਂ ਵਿੱਚ ਰਵਾਇਤੀ ਸਿਆਸਤ ਨਹੀਂ ਚੱਲੀ। ਕਿਸਾਨ ਅੰਦੋਲਨ ਤੋਂ ਬਾਅਦ ਵੀ ਕਿਸਾਨੀ ਵੱਡਾ ਮੁੱਦਾ ਨਹੀਂ ਬਣ ਸਕੀ। ਆਮ ਆਦਮੀ ਪਾਰਟੀ ਦੀ ਜਿੱਤ ਇਤਿਹਾਸਕ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਸੋਚਣਾ ਪਵੇਗਾ ਕਿ ਕਿਤੇ ਆਮ ਆਦਮੀ ਪਾਰਟੀ ਉਸ ਦੀ ਥਾਂ ਤਾਂ ਨਹੀਂ ਲੈ ਲਵੇਗੀ।''
''2024 ਦੀਆਂ ਚੋਣਾਂ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਲਈ ਜਿੱਥੇ ਵਧੀਆ ਮੌਕਾ ਹੋਵੇਗਾ, ਉੱਥੇ ਨਾਲ ਹੀ ਉਨ੍ਹਾਂ ਅੱਗੇ ਚੁਣੌਤੀਆਂ ਵੀ ਹੋਣਗੀਆਂ, ਕਿਉਂਕਿ ਪੰਜਾਬ ਦਾ ਵੋਟਰ ਜੇਕਰ ਤੁਹਾਨੂੰ ਮੌਕਾ ਦੇ ਰਿਹਾ ਹੈ ਅਤੇ ਜੇਕਰ ਆਪ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਇਹੀ ਵੋਟਰ ਆਪਣਾ ਹੱਥ ਪਿੱਛੇ ਵੀ ਖਿੱਚ ਸਕਦੇ ਹਨ।"
ਡਾ. ਪ੍ਰਮੋਦ ਇਨ੍ਹਾਂ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਦੀ ਭਵਿੱਖੀ ਸਿਆਸਤ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ, "ਹੋ ਸਕਦਾ ਹੈ, ਆਮ ਆਦਮੀ ਪਾਰਟੀ ਦਾ ਰੁਝਾਨ ਰਹੇ ਕਿ 'ਕਾਂਗਰਸ ਨੂੰ ਰਿਪਲੇਸ ਕਰੋ, ਭਾਜਪਾ ਨੂੰ ਸਾਫ਼ ਕਰੋ। ਖੇਤਰੀ ਪਾਰਟੀਆਂ ਨਾਲ ਗਠਜੋੜ ਕਰੋ ਸਰਕਾਰ ਦੇਸ ਵਿੱਚ ਲੈ ਕੇ ਆਓ।''
ਕਾਂਗਰਸ ਪਾਰਟੀ ਨੂੰ ਵੋਟਰ ਨੇ ਕੀ ਸੰਦੇਸ਼ ਦਿੱਤਾ ਹੈ?
ਕਾਂਗਰਸ ਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਸੱਤਾ ਤੋਂ ਲਾਂਭੇ ਕੀਤਾ ਅਤੇ ਉਨ੍ਹਾਂ ਦੀ ਥਾਂ ਇੱਕ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।
ਵਿਸ਼ਲੇਸ਼ਕਾਂ ਦੀ ਰਾਇ ਸੀ ਕਿ ਇਸ ਨਾਲ ਕਾਂਗਰਸ ਪੰਜਾਬ ਦੀ ਦਲਿਤ ਵੋਟ ਨੂੰ ਆਪਣੇ ਹੱਕ ਵਿੱਚ ਕਰ ਸਕੇਗੀ ਕਿਉਂਕਿ ਜਿੱਥੇ ਅਕਾਲੀ ਦਲ ਨੇ ਨਤੀਜਿਆਂ ਤੋਂ ਬਾਅਦ ਸੂਬੇ ਨੂੰ ਦਲਿਤ ਉੱਪ ਮੁੱਖ ਮੰਤਰੀ ਦੇਣ ਦਾ ਵਾਅਦਾ ਕੀਤਾ ਸੀ ਉੱਥੇ ਹੀ ਕਾਂਗਰਸ ਨੇ ਪਹਿਲ ਕਰਦਿਆਂ ਇਹ ਕੰਮ ਸਭ ਤੋਂ ਮੂਹਰੇ ਹੋ ਕੇ ਕਰ ਦਿਖਾਇਆ ਸੀ।
ਜਦੋਂ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਦੇ ਨਾਲ ਭਦੌੜ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਤਾਂ ਤੈਅ ਮੰਨਿਆ ਜਾ ਰਿਹਾ ਸੀ ਕਿ ਅਗਲੇ ਮੁੱਖ ਮੰਤਰੀ ਵੀ ਉਹੀ ਹੋਣਗੇ। ਦੂਜੇ ਕਾਂਗਰਸ ਭਦੌੜ ਹਲਕੇ ਦੀ ਰਿਜ਼ਰਵ ਸੀਟ ਦੇ ਨਾਲ ਆਸ-ਪਾਸ ਦੀਆਂ ਸੀਟਾਂ ਵੀ ਆਪਣੇ ਹੱਕ ਵਿੱਚ ਭੁਗਤਾਉਣ ਦੀ ਤਿਆਰੀ ਵਿੱਚ ਹੈ।
ਹਾਲਾਂਕਿ ਨਤੀਜੇ ਇਸ ਤੋਂ ਉਲਟ ਆਏ ਹਨ ਅਤੇ ਚਰਨਜੀਤ ਸਿੰਘ ਚੰਨੀ ਆਪਣੀ ਜੱਦੀ ਸੀਟ ਚਮਕੌਰ ਸਾਹਿਬ ਅਤੇ ਭਦੌੜ ਦੋਹਾਂ ਸੀਟਾਂ ਤੋਂ ਹਾਰ ਗਏ ਹਨ। ਸੀਨੀਅਰ ਪੱਤਰਕਾਰ ਅਦਿਤੀ ਟੰਡਨ ਇਸ ਨੂੰ ਸਮਝਾਉਂਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਦੇ ਦਲਿਤ ਕਾਰਡ ਕਿਉਂ ਕੰਮ ਨਹੀਂ ਆਇਆ।

ਤਸਵੀਰ ਸਰੋਤ, Punjab congress/FB
ਉਹ ਕਹਿੰਦੇ ਹਨ, ''ਬੀਐਸਪੀ ਦੇ ਮੋਢੀ ਕਾਂਸ਼ੀ ਰਾਮ ਦਾ ਜਨਮ ਹੋਇਆ ਪਰ ਉਹ ਇੱਥੇ ਆਪਣਾ ਬੇਸ ਨਹੀਂ ਬਣਾ ਸਕੇ। ਯੂਪੀ ਵਿੱਚ ਜਾ ਕੇ ਬਣਾ ਲਿਆ। ਕੀ ਕਾਂਗਰਸ ਲੀਡਰਸ਼ਿਪ ਨੇ ਇਹ ਸਵਾਲ ਆਪਣੇ ਆਪ ਨੂੰ ਪੁੱਛਿਆ? ਕਾਰਨ ਇਹ ਹੈ ਕਿ ਸਿੱਖੀ ਦੀ ਧਾਰਿਮਕ ਲਹਿਰ ਅਤੇ ਆਰਿਆ ਸਮਾਜ ਦੀ ਲਹਿਰ ਨੇ ਦਲਿਤ ਸਮਾਜ ਨੂੰ ਇੱਕ ਇਜ਼ਤ ਦਿੱਤੀ ਹੈ।
''ਇਸ ਲਈ ਪੰਜਾਬ ਦਾ ਦਲਿਤ ਉਨਾਂ ਉਤਪੀੜਤ ਮਹਿਸੂਸ ਨਹੀਂ ਕਰਦਾ ਜਿੰਨਾ ਯੂਪੀ ਦਾ ਦਲਿਤ ਕਰਦਾ ਹੈ। ਇਸ ਲਈ ਪੰਜਾਬ ਵਿੱਚ ਦਲਿਤ ਇਕਜੁੱਟਤਾ ਲਈ ਉਹ ਉਪਜਾਊ ਜ਼ਮੀਨ ਇੱਥੇ ਨਹੀਂ ਹੈ।''
ਇਸਤੋਂ ਇਲਾਵਾ ਅਦਿਤੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਇੱਕ ਦਲਿਤ ਲੀਡਰ ਤਾਂ ਪ੍ਰੋਜੈਕਟ ਕਰ ਦਿੱਤਾ ਕਿ ਜਦੋਂ ਪੰਜਾਬ ਦਾ ਜੱਟ ਸਿੱਖ ਇਸ ਬਾਰੇ ਪ੍ਰਤੀਕਿਰਿਆ ਦੇਵੇਗਾ ਤਾਂ ਉਹ ਭਾਰੀ ਪੈ ਸਕਦਾ ਹੈ ਅਤੇ ਅਜਿਹਾ ਹੀ ਹੋਇਆ ਹੈ।
''ਪੰਜਾਬ ਦੇ ਜੱਟ ਸਿੱਖਾਂ ਨੇ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ, ਜਿਸ ਦਾ ਚਿਹਰਾ ਇੱਕ ਜੱਟ ਸਿੱਖ ਭਗਵੰਤ ਮਾਨ ਸਨ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖਾਲਿਦ ਮੁਤਾਬਕ ਇਨ੍ਹਾਂ ਨਤੀਜਿਆਂ ਤੋਂ ਕਾਂਗਰਸ ਨੂੰ ਇੱਕ ਅਹਿਮ ਸਬਕ ਅੰਦਰੂਨੀ ਲੜਾਈ ਬਾਰੇ ਸਿੱਖਣ ਦੀ ਲੋੜ ਹੈ। ਉਹ ਕਹਿੰਦੇ ਹਨ, "ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਆਪਸੀ ਲੜਾਈ ਨੇ ਅਹਿਮ ਭੂਮਿਕਾ ਨਿਭਾਈ ਹੈ। ਕਾਂਗਰਸ ਦੇ ਆਗੂਆਂ ਨੇ ਬੜੀ 'ਖ਼ੂਬਸੂਰਤੀ' ਨਾਲ ਇੱਕ ਦੂਜੇ ਨੂੰ ਤੇ ਪਾਰਟੀ ਨੂੰ ਹਰਾਇਆ ਹੈ।"
ਸੀਨੀਅਰ ਪੱਤਰਕਾਰ ਅਦਿਤੀ ਟੰਡਨ ਮੁਤਾਬਕ ਕਾਂਗਰਸ ਵੱਲੋਂ ਕੈਪਟਨ ਨੂੰ ਐਨ ਆਖਰੀ ਸਮੇਂ ਉੱਪਰ ਲਾਂਭੇ ਕਰਨਾ ਵੀ ਕਾਂਗਰਸ ਨੂੰ ਮਹਿੰਗਾ ਪਿਆ ਹੈ।
ਅਤੁਲ ਸੰਗਰ ਕਹਿੰਦੇ ਹਨ, ''ਕਾਂਗਰਸ ਦੀ ਨਾਕਾਮੀ ਦਾ ਕਾਰਨ ਇਹ ਰਿਹਾ ਕਿ ਉਹ ਪੰਜਾਬ ਨੂੰ, ਪੰਜਾਬ ਦੇ ਵੋਟਰ ਨੂੰ ਸਮਝ ਨਹੀਂ ਸਕੇ।'' ਦੂਜੇ, ''ਜੋ ਵਿਅਕਤੀ ਪਿਛਲੇ ਡੇਢ ਸਾਲ ਤੋਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਟੰਗਾਂ ਖਿੱਚ ਰਿਹਾ ਸੀ ਉਸ ਨੂੰ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਪ੍ਰਧਾਨ ਬਣਾਇਆ।''

ਇਸ ਦੇ ਨਾਲ ਹੀ ਅਤੁਲ ਸੰਗਰ ਦਾ ਮੰਨਣਾ ਹੈ, ''ਪੰਜਾਬ 'ਚ ਇਸ ਵਾਰ ਸਿਆਸੀ ਜਲਜਲਾ ਆਇਆ ਹੈ ਜਿਸ 'ਚ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਹੈ। ਕਾਂਗਰਸ ਦੀ ਇਸ ਹਾਰ ਪਿੱਛੇ ਪਾਰਟੀ 'ਚ ਸਹੀ ਅਤੇ ਪਰਪੱਖ ਲੀਡਰਸ਼ਿਪ ਦੀ ਘਾਟ ਜ਼ਰੂਰ ਰਹੀ ਹੈ।''
ਇਸ ਤੋਂ ਇਲਵਾ ਕਾਂਗਰਸ ਨੇ ਕੈਪਟਨ ਜੋ ਕਿ ਪੰਜਾਬ ਵਿੱਚ ਇੱਕ ਚੰਗੇ ਆਗੂ ਮੰਨੇ ਜਾਂਦੇ ਰਹੇ ਹਨ ਉਨ੍ਹਾਂ ਦੀ ਥਾਂ ਸਿੱਧੂ ਨੂੰ ਪ੍ਰਧਾਨ ਬਣਾਇਆ ਜੋ ਕਿ ਪਿਛਲੇ ਡੇਢ ਸਾਲ ਤੋਂ ਉਸੇ ਦੇ ਮੁੱਖ ਮੰਤਰੀ ਦੀਆਂ ਟੰਗਾਂ ਖਿੱਚ ਰਿਹਾ ਸੀ।
ਅਤੁਲ ਸੰਗਰ ਦਾ ਵਿਚਾਰ ਹੈ ਕਿ ''ਪੰਜਾਬ 'ਚ ਕਾਂਗਰਸ ਹਮੇਸ਼ਾ ਹੀ ਹਿੰਦੂ ਅਤੇ ਦਲਿਤ ਵੋਟਾਂ ਲਈ ਜਾਣੀ ਜਾਂਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਜੱਟ ਸਿੱਖ ਵੋਟਾਂ ਵੀ ਕਾਂਗਰਸ ਦੇ ਹੱਕ 'ਚ ਪੈਣੀਆਂ ਸ਼ੁਰੂ ਹੋਈਆ ਸਨ। ਪਰ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਨੇ ਆਪਣਾ ਇਹ ਵੋਟ ਬੈਂਕ ਹੀ ਗਵਾ ਲਿਆ। ਅਸਲ 'ਚ ਪਾਰਟੀ ਸੂਬੇ 'ਚ ਭਰੋਸੇਯੋਗ ਮਜ਼ਬੂਤ ਲੀਡਰਸ਼ਿਪ ਕਾਇਮ ਨਹੀਂ ਕਰ ਸਕੀ।''
ਅਕਾਲੀ ਦਲ ਕਿਉਂ ਮਾਰ ਖਾ ਗਿਆ?
ਹਾਲਾਂਕਿ ਅਕਾਲੀ ਦਲ ਨੇ ਨਤੀਜਿਆਂ ਮੁਤਾਬਕ 18 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਫਿਰ ਵੀ ਜਿਵੇਂ ਕਿ ਅਦਿਤੀ ਟੰਡਨ ਕਹਿੰਦੇ ਹਨ ਕਿ ਪੰਜਾਬ ਦੇ ਜੱਟ ਸਿੱਖ ਨੇ ਇਕਜੁਟਤਾ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਕੀਤੀ ਹੈ।
ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਇਸ ਨਾਲ ਅਕਾਲੀ ਦਲ ਨੂੰ ਲਾਭ ਕਿਉਂ ਨਹੀਂ ਮਿਲਿਆ ਜੋ ਕਿ ਅਕਾਲੀ ਦਲ ਦਾ ਕੋਰ ਵੋਟਰ ਹੈ।
ਇਸ ਦਾ ਸਵਾਲ ਦਾ ਜਵਾਬ ਅਦਿਤੀ ਦਿੰਦੇ ਹਨ। ਉਹ ਕਹਿੰਦੇ ਹਨ, ''ਜੱਟ ਸਿੱਖ ਵੀ ਜਾਣਦੇ ਹਨ ਕਿ ਕਿਹੜੀ ਪਾਰਟੀ ਪੋਲ ਪੁਜ਼ੀਸ਼ਨ ਵਿੱਚ ਹੈ। ਅਕਾਲੀ ਦਲ ਤਾਂ ਬਿਲਕੁਲ ਵੀ ਨਹੀਂ ਹੈ। ਅਕਾਲੀ ਦਲ ਦੇ ਕੋਰ ਵੋਟਰ ਤਾਂ ਪੇਂਡੂ ਹੈ ਸ਼ਹਿਰੀ ਕਮੀ ਭਾਜਪਾ ਪੂਰੀ ਕਰਦੀ ਸੀ। ਉਹ ਇਸ ਵਾਰ ਨਹੀਂ ਸੀ। ਕਿਸਾਨ ਅੰਦੋਲਨ ਵੀ ਇਨ੍ਹਾਂ ਦੇ ਪੱਖ ਵਿੱਚ ਨਹੀਂ ਗਿਆ ਹੈ।''

ਤਸਵੀਰ ਸਰੋਤ, RAVINDER SINGH ROBIN/ BBC
ਡਾ. ਪ੍ਰਮੋਦ ਕੁਮਾਰ ਦਾ ਕਹਿਣਾ ਹੈ, ''ਸਾਲ 2012 ਦੀਆਂ ਚੋਣਾਂ ਅਕਾਲੀ ਦਲ ਨੇ ਗਵਰਨੈਂਸ ਦੇ ਨਾਮ ਉੱਪਰ ਜਿੱਤੀਆਂ ਸਨ ਪਰ ਅਕਾਲੀ ਦਲ ਉਹ ਸਬਕ ਭੁੱਲ ਗਿਆ। ਕਾਂਗਰਸ ਨੇ ਗਵਰਨੈਂਸ ਨੂੰ ਪਿੱਛੇ ਸੁੱਟ ਦਿੱਤਾ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਫਿਰ ਤੋਂ ਯਾਦ ਕਰਵਾਇਆ ਕਿ ਅਸੀਂ ਤੁਹਾਨੂੰ ਉਹ ਗਵਰਨੈਂਸ ਦੇਵਾਂਗੇ।''
ਡਾ. ਪ੍ਰਮੋਦ ਕੁਮਾਰ ਅੱਗੇ ਕਹਿੰਦੇ ਹਨ, ''ਅਕਾਲੀ ਪਾਰਟੀ ਨੂੰ ਅਤੇ ਜੋ ਵੀ ਪਾਰਟੀਆਂ ਰਵਾਇਤੀ ਸਿਆਸਤ ਕਰਦੀਆਂ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਰਵਾਇਤੀ ਸਿਆਸਤ ਕੰਮ ਨਹੀਂ ਕਰ ਰਹੀ ਹੈ। ਅਕਾਲੀ ਦਲ ਨੂੰ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਪੰਥਕ ਖੇਤਰ ਵਿੱਚ ਰਹਿਣਾ ਹੈ ਜਾਂ ਨਵੇਂ ਖੇਤਰ ਵਿੱਚ ਜਾਣਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਅਕਾਲੀ ਦਲ ਨੂੰ ਲੱਭਣੇ ਪੈਣਗੇ।''
ਇਨ੍ਹਾਂ ਚੋਣਾਂ ਵਿੱਚ ਕਿਹੜੇ ਮੁੱਦਿਆਂ ਭੂਮਿਕਾ ਨਿਭਾਈ ਹੈ?
ਡਾ. ਪ੍ਰਮੋਦ ਕੁਮਾਰ ਮੁਤਾਬਕ, ''ਇਨ੍ਹਾਂ ਚੋਣਾਂ ਵਿੱਚ ਗਵਰਨੈਂਸ ਇੱਕ ਮੁੱਦਾ ਬਣੀ ਹੈ, ਨਾ ਕਿ ਜਾਤ-ਧਰਮ ਦਾ ਨਾ ਹੀ ਮਾਝੇ-ਮਾਲਵੇ ਅਤੇ ਦੁਆਬੇ ਦਾ ਕੋਈ ਮੁੱਦਾ ਚੱਲਿਆ। ਫਾਲਟ ਲਾਈਜ਼ ਦੇਖਿਆ ਜਾਵੇ ਤਾਂ ਸਾਰੀਆਂ ਸੁਨਾਮੀ ਵਿੱਚ ਵਹਿ ਗਈਆਂ ਪਰ ਲੌਕਾਂ ਨੇ ਇੱਕ ਚੰਗੀ ਗਵਰਨੈਂਸ ਲਈ ਵੋਟ ਪਾਇਆ। ਭਾਵੇਂ ਕਿ ਲੋਕਾਂ ਨੂੰ ਕੁਝ ਉਮੀਦਵਾਰਾਂ ਦੇ ਨਾਮ ਵੀ ਨਾ ਪਤਾ ਹੋਣ।''

ਉਨ੍ਹਾਂ ਨੇ ਅੱਗੇ ਕਿਹਾ, ''ਇਸ ਵਾਰ ਲੋਕਾਂ ਨੇ ਅਮਰੀਕਾ ਵਾਂਗ ਵੋਟਾਂ ਪਾਈਆਂ ਨੇ ਜਿੱਥੇ ਲੋਕ ਰਾਸ਼ਟਰਪਤੀ ਚੁਣਦੇ ਹਨ ਅਤੇ ਬਾਕੀ ਉਮੀਦਵਾਰਾਂ ਨੂੰ ਉਸ ਹਵਾ ਦਾ ਲਾਭ ਮਿਲਦਾ ਹੈ। ਆਪ ਦੀ ਲਹਿਰ ਵਿੱਚ ਉਹ ਲੋਕ ਵੀ ਜਿੱਤ ਗਏ ਹਨ ਜਿਨ੍ਹਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਸੀ।''
ਅਦਿਤੀ ਟੰਡਨ ਦਾ ਮੰਨਣਾ ਹੈ ਕਿ ਸ਼ੁਰੂ ਵਿੱਚ ਮੁੱਦਿਆਂ ਨੇ ਮਾਹੌਲ ਜ਼ਰੂਰ ਬਣਾਇਆ ਪਰ ਬਾਅਦ ਵਿੱਚ ਲੋਕਾਂ ਨੇ ਗਵਰਨੈਂਸ ਦੇ ਨਾਮ ਉੱਪਰ ਵੋਟ ਕੀਤੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫ਼ੈਸਰ ਮੁਹੰਮਦ ਖਾਲਿਦ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਲਾਭ ਇਹ ਵੀ ਮਿਲਿਆ ਹੈ ਕਿ ਉਸ ਕੋਲ ਅਤੀਤ ਦਾ ਬੋਝ ਨਹੀਂ ਸੀ।
ਭਾਜਪਾ ਤੋਂ ਗਲਤੀ ਕਿੱਥੇ ਹੋਈ?
ਭਾਜਪਾ ਹਾਲਾਂਕਿ ਚੋਣਾਂ ਤੋਂ ਪਹਿਲਾਂ ਸਿੱਖ ਚਿਹਰਿਆਂ ਅਤੇ ਵੱਡੇ ਆਗੂਆਂ ਨੂੰ ਆਪਣੇ ਵਿੱਚ ਮਿਲਾ ਕੇ ਅਤੇ ਕਿਸਾਨ ਅੰਦੋਲਨ ਤੋਂ ਹੋਏ ਨੁਕਸਾਨ ਦੀ ਪੂਰਤੀ ਕਰਦੀ ਨਜ਼ਰ ਆਈ ਹੈ।
ਇਸ ਤੋਂ ਇਲਵਾ ਭਾਜਪਾ ਨੇ ਇਹ ਸੰਵਾਦ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ।
ਅਦਿਤੀ ਟੰਡਨ ਦਾ ਮੰਨਣਾ ਹੈ ਕਿ ਪੰਜਾਬ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਨਿਹਾਇਤ ਹੀ ਸੈਕੂਲਰ ਸੂਬਾ ਹੈ। ਅੱਤਵਾਦ ਦੇ ਦੌਰ ਵਿੱਚ ਉਨ੍ਹਾਂ ਨੇ ਆਪਣੇ ਲੋਕ ਗੁਆਏ ਹਨ। ਉਹ ਨਹੀਂ ਚਾਹੁੰਦੇ ਕਿ ਇੱਕ ਵਾਰ ਫਿਰ ਤੋਂ ਅਸਥਿਰਤਾ ਦੀ ਸਥਿਤੀ ਬਣ ਜਾਵੇ ਜਿਸ ਵਿੱਚ ਵੈਕਿਊਮ ਪੈਦਾ ਹੋ ਜਾਵੇ।

ਤਸਵੀਰ ਸਰੋਤ, PUNJAB BJP/FACEBOOK
ਅਦਿਤੀ ਟੰਡਨ ਦਾ ਕਹਿਣਾ ਹੈ ਕਿ ਸੈਂਸਸ ਦਾ ਡੇਟਾ ਦੇਖੋ, ਕਿੰਨਾ ਖੂਬਸੂਰਤ ਹੈ। ਪੰਜਾਬ ਦਾ 80 ਫ਼ੀਸਦੀ ਹਿੰਦੂਆਂ ਨੇ ਕਿਹਾ ਹੈ ਕਿ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ। ਇਹ ਇਹੀ ਦੱਸਦਾ ਹੈ ਕਿ ਪੰਜਾਬ ਦਾ ਕਲਚਰ ਇਕਜੁਟਤਾ ਵਾਲਾ ਹੈ। ਇਹੀ ਨਤੀਜਿਆਂ ਵਿੱਚ ਉੱਭਰ ਕੇ ਆਇਆ ਹੈ।
ਜਿਸ ਨੇ ਵੀ ਵੱਖਵਾਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਭਾਵੇਂ ਹਿੰਦੂ ਸਿਆਸਤ ਵਾਲੇ ਹੋਣ ਜਾਂ ਕੱਟੜਵਾਦੀ ਸਿੱਖ ਧੜੇ ਉਹ ਸਭ ਅਸਫ਼ਲ ਹੋ ਗਏ ਹਨ। ਪੰਜਾਬ ਨੇ ਅੱਜ ਇੱਕ ਸਥਿਰ ਸਰਕਾਰ ਦਿੱਤੀ ਹੈ।
ਪ੍ਰੋਫ਼ੈਸਰ ਮੁਹੰਮਦ ਖਾਲਿਦ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਦੇ ਆਗੂਆਂ ਨੂੰ ਤੇ ਕਾਂਗਰਸ ਦੇ ਆਗੂਆਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਅਧਾਰ ਵਧਾਉਣ ਵਿੱਚ ਤਾਂ ਲੱਗੀ ਰਹੀ ਪਰ ਉਹ ਪੰਜਾਬ ਦੀ ਸਿਆਸਤ ਨੂੰ ਨਹੀਂ ਸਮਝ ਸਕੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














