ਪੰਜਾਬ ਚੋਣਾਂ 2022: ਦੀਪ ਸਿੱਧੂ ਦੀ ਮੌਤ ਮਗਰੋਂ ਫਸਵੇਂ ਮੁਕਾਬਲੇ ਦੀ ਸੀਟ ਬਣੀ ਅਮਰਗੜ੍ਹ ਸਣੇ ਪੰਜਾਬ ਦੀਆਂ 8 ਵੱਕਾਰੀ ਸੀਟਾਂ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਪੰਜਾਬ ਦੇ ਕੁੱਲ 117 ਹਲਕਿਆਂ ਵਿੱਚ ਦੇ ਚੋਣ ਨਤੀਜੇ 10 ਮਾਰਚ ਨੂੰ ਆਉਣਗੇ।

ਇਹ ਵੋਟਿੰਗ 16ਵੀਂ ਪੰਜਾਬ ਵਿਧਾਨ ਸਭਾ ਲਈ ਸਾਰੀਆਂ ਸੀਟਾਂ ਉੱਤੇ ਇੱਕੋ ਗੇੜ ਵਿਚ ਹੋ ਰਹੀ ਹੈ।

ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸੂਬੇ 'ਚ 59 ਦਾ ਅੰਕੜਾ ਹਾਸਲ ਕਰਨਾ ਪੈਣਾ ਹੈ।

2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ 77, 'ਆਪ' ਨੇ 20, ਅਕਾਲੀ ਦਲ ਨੇ 15, ਭਾਜਪਾ ਨੇ 3 ਅਤੇ ਲੋਕ ਇਨਸਾਫ਼ ਪਾਰਟੀ ਨੇ 2 ਸੀਟਾਂ ਜਿੱਤੀਆਂ ਸਨ।

ਕਾਂਗਰਸ, ਅਕਾਲੀ -ਬਸਪਾ ਗਠਜੋੜ, ਆਮ ਆਦਮੀ ਪਾਰਟੀ ਵਰਗੀਆਂ ਰਵਾਇਤੀ ਪਾਰਟੀਆਂ ਚੋਣ ਮੈਦਾਨ ਵਿਚ ਡਟੀਆਂ ਹੋਈਆ ਹਨ।

ਇਸ ਵਾਰ ਦੀ ਖ਼ਾਸ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਦਾ ਨਵਾਂ ਤਜਰਬਾ ਕਰ ਰਹੀ ਹੈ।

ਮੋਦੀ ਸਰਕਾਰ ਖ਼ਿਲਾਫ਼ ਅਦੰਲੋਨ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਵਿਚੋਂ 22 ਜਥੇਬੰਦੀਆਂ ਸੰਯੁਕਤ ਸਮਾਜ ਮੋਰਚਾ ਦੇ ਨਾਂ ਹੇਠ ਮੈਦਾਨ ਵਿਚ ਡਟੀਆਂ ਹੋਈਆਂ ਹਨ।

5 ਸਿਆਸੀ ਧਿਰਾਂ ਦੇ ਮੈਦਾਨ ਵਿਚ ਹੋਣ ਤੋਂ ਇਲਾਵਾ ਖੱਬੀਆਂ ਪਾਰਟੀਆਂ ਅਤੇ ਅਕਾਲੀ ਦਲ ਅੰਮ੍ਰਿਤਸਰ ਵਰਗੇ ਕਈ ਦਲ ਆਪਣੀ ਹਾਜ਼ਰੀ ਲੁਆ ਰਹੇ ਹਨ।

ਇਹੀ ਕਾਰਨ ਹੈ ਕਿ ਪੰਜਾਬ ਦੀ ਸਿਆਸੀ ਤਸਵੀਰ ਕਾਫ਼ੀ ਗੁੰਝਲਦਾਰ ਬਣੀ ਹੋਈ ਹੈ ਅਤੇ ਸਿਆਸੀ ਪੰਡਿਤਾਂ ਲਈ ਦੀ ਭਵਿੱਖਬਾਣੀ ਮੁਸ਼ਕਲ ਹੋ ਰਹੀ ਹੈ।

ਇਸ ਰਿਪੋਰਟ ਵਿਚ ਅਸੀਂ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਦੇ ਹਾਲਾਤ ਦੀ ਗੱਲ ਕਰ ਰਹੇ ਹਾਂ, ਜੋ ਸਿਆਸੀ ਪਾਰਟੀਆਂ ਤੇ ਵੱਡੇ ਆਗੂਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ।

1. ਵਿਧਾਨ ਸਭਾ ਹਲਕਾ ਧੂਰੀ

ਪੰਜਾਬ ਵਿਧਾਨ ਸਭਾ ਹਲਕਾ ਧੂਰੀ ਦੀ ਸੀਟ ਇਸ ਵਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਕਰਕੇ ਵੱਕਾਰੀ ਸੀਟ ਬਣੀ ਹੋਈ ਹੈ।

ਇੱਥੋਂ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਗਰਗ, ਭਾਜਪਾ ਦੇ ਰਣਦੀਪ ਸਿੰਘ ਤੇ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨਾਲ ਹੈ।

ਭਗਵੰਤ ਮਾਨ ਦੀ ਤਾਕਤ:

ਭਗਵੰਤ ਮਾਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਸੱਤਾ ਵਿਰੋਧੀ ਮਾਹੌਲ ਵਿਚ ਸਿਆਸੀ ਹਵਾ ਹੈ ਜੋ ਆਮ ਆਦਮੀ ਪਾਰਟੀ ਦੇ ਹੱਕ ਵਿਚ ਹੈ ਅਤੇ ਉਹ ਇਸ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ।

ਭਗਵੰਤ ਮਾਨ ਦਾ ਪਾਰਟੀ ਦਾ ਸੀਐੱਮ ਉਮੀਦਵਾਰ ਹੋਣਾ ਵੀ ਲੋਕਾਂ ਨੂੰ ਕਾਫ਼ੀ ਲੁਭਾ ਰਿਹਾ ਹੈ। ਉਹ ਸੰਗਰੂਰ ਤੋਂ ਦੂਜੀ ਵਾਰ ਸੰਸਦ ਮੈਂਬਰ ਹਨ ਅਤੇ ਇਹ ਇਲਾਕਾ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਕਮਜ਼ੋਰ ਪੱਖ:

ਉਨ੍ਹਾਂ ਦੀ ਕਮਜ਼ੋਰੀ, ਬਲਕਿ ਜਿਸ ਨੂੰ ਇੱਕ ਚੁਣੌਤੀ ਵਜੋਂ ਦੇਖਿਆ ਜਾ ਸਕਦਾ ਹੈ, ਉਹ ਇਹ ਹੈ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਇਸ ਖੇਤਰ ਦੀ ਨੁਮਾਇੰਦਗੀ ਕਾਂਗਰਸ ਵੱਲੋਂ ਕੀਤੀ ਗਈ ਹੈ।

2012 ਵਿੱਚ ਅਰਵਿੰਦ ਖੰਨਾ ਅਤੇ 2017 ਵਿੱਚ ਦਲਵੀਰ ਸਿੰਘ ਗੋਲਡੀ ਨੇ ਜਿੱਤ ਪ੍ਰਾਪਤ ਕੀਤੀ। ਮੌਜੂਦਾ ਵਿਧਾਇਕ ਗੋਲਡੀ ਇੱਥੋਂ ਹੀ ਦੁਬਾਰਾ ਚੋਣ ਲੜ ਰਹੇ ਹਨ, ਉਨ੍ਹਾਂ ਦੀ ਵੀ ਇਲਾਕੇ ਵਿਚ ਨੌਜਵਾਨ ਵਿਧਾਇਕ ਵਜੋਂ ਚੰਗੀ ਪੈਂਠ ਹੈ।

ਇਹ ਵੀ ਪੜ੍ਹੋ:

ਮੁੱਦੇ:

ਬੇਰੁਜ਼ਗਾਰੀ, ਜ਼ਮੀਨ ਹੇਠਾਂ ਘਟਦਾ ਤੇ ਖ਼ਰਾਬ ਪਾਣੀ, ਕੈਂਸਰ

ਪਿੰਡ ਅੰਦਰ ਬੈਠੇ ਭਗਵੰਤ ਮਾਨ ਦਾ ਰਸਤਾ ਵੇਖ ਰਹੇ ਇੱਕ ਬਜ਼ੁਰਗ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਸਵਾਲ ਇਹ ਨਹੀਂ ਹੈ ਕਿ ਗੋਲਡੀ ਨੇ ਕੁੱਝ ਕੀਤਾ ਕਿ ਨਹੀਂ. ਸਵਾਲ ਇਹ ਹੈ ਕਿ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਅਕਾਲੀ ਸਰਕਾਰ ਨੇ ਪਿਛਲੇ 70 ਸਾਲਾਂ ਵਿੱਚ ਸੂਬੇ ਦਾ ਤੇ ਸੂਬੇ ਦੇ ਲੋਕਾਂ ਦਾ ਕੁਝ ਸੰਵਾਰਿਆ ਹੈ।"

ਇੱਥੇ ਸਭ ਤੋਂ ਅਹਿਮ ਕਾਰਕ ਭਗਵੰਤ ਮਾਨ ਹਨ। ਉਹ ਇੱਥੋਂ ਆਪ ਚੋਣਾਂ ਲੜ ਰਹੇ ਹਨ ਤੇ ਲੋਕ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆਉਂਦੇ ਹਨ।

ਮਾਨ ਨੇ ਇੱਥੇ ਤੇ ਨੇੜਲੇ ਹਲਕਿਆਂ ਵਿਚ 'ਰੋਡ ਸ਼ੋ' ਕੀਤੇ ਤੇ ਇੱਕ ਕਾਮੇਡੀਅਨ ਹੋਣ ਦੇ ਬਾਵਜੂਦ ਇਸ ਦਾ ਖ਼ਾਸ ਖ਼ਿਆਲ ਰੱਖਿਆ ਹੈ ਕਿ ਉਹ ਗੰਭੀਰ ਗੱਲਾਂ ਕਰਨ ਤੇ ਲੋਕਾਂ ਸਾਹਮਣੇ ਉਨ੍ਹਾਂ ਦੀ ਗੰਭੀਰ ਦਿਖ ਬਣੇ।

ਵਿਰੋਧੀ ਧਿਰ ਭਗਵੰਤ ਮਾਨ ਤੇ "ਅਕਸਰ ਸ਼ਰਾਬ ਦੇ ਨਸ਼ੇ ਵਿੱਚ ਹੋਣ" ਦੇ ਇਲਜ਼ਾਮ ਲਾਉਂਦੀ ਹੈ ਤੇ ਕਦੇ ਪਾਰਟੀ ਦੇ ਬਾਹਰ ਵਾਲੇ ਯਾਨੀ ਦਿੱਲੀ ਵਾਲੇ ਹੋਣ ਦਾ।

2. ਵਿਧਾਨ ਸਭਾ ਹਲਕਾ ਲੰਬੀ

2022 ਦੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਵਿਚ ਅਹਿਮ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਦਾ।

ਉਹ ਇਸ ਸਮੇਂ ਲੰਬੀ ਤੋਂ ਵਿਧਾਇਕ ਹਨ ਅਤੇ ਮੁੜ ਇਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ। ਹਲਕਾ ਲੰਬੀ ਦੇ 1,56,388 ਵੋਟਰ ਇਸ ਹਲਕੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਇਸ ਵੱਡੀ ਸਿਆਸੀ ਸ਼ਖ਼ਸੀਅਤ ਨੂੰ ਚੁਣੌਤੀ ਦੇਣ ਲਈ ਕਾਂਗਰਸ ਪਾਰਟੀ ਵੱਲੋਂ ਜਗਪਾਲ ਸਿੰਘ ਅਬੁਲਖੁਰਾਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਮੈਦਾਨ ਵਿੱਚ ਹਨ।

ਮਜ਼ਬੂਤ ਪੱਖ਼

ਹਲਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਮਜ਼ਬੂਤ ਪੱਖ ਇਹ ਹੈ ਕਿ ਉਹ ਆਪਣੇ ਹਲਕੇ ਵਿਚ ਆਪਣੇ ਸਮਰਥਕਾਂ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ।

ਇਸ ਤੋਂ ਇਲਾਵਾ ਲੋਕ ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਅਤੇ ਲੰਬੀ ਹਲਕੇ ਵਿੱਚ ਸਥਾਪਤ ਕੀਤੇ ਗਏ ਪ੍ਰਾਜੈਕਟਾਂ ਨੂੰ ਲੈ ਕੇ ਵੀ ਉਨ੍ਹਾਂ ਦੇ ਹੱਕ ਵਿੱਚ ਹਾਮੀ ਭਰਦੇ ਹਨ।

ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਵਿੱਚ ਪੱਕਾ ਵਿਧਾਨ ਸਭਾ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ। ਇਸ ਮਗਰੋਂ ਉਹ 1969 ਤੋਂ ਲੈ ਕੇ 2017 ਤੱਕ ਲਗਾਤਾਰ ਵਿਧਾਇਕ ਚੁਣੇ ਜਾਂਦੇ ਰਹੇ ਹਨ।

ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ 2017 ਦੀਆਂ ਚੋਣਾਂ ਦੌਰਾਨ ਇਹ ਕਿਹਾ ਸੀ ਕਿ ਉਹ ਆਖ਼ਰੀ ਵਾਰ ਚੋਣ ਲੜ ਰਹੇ ਹਨ ਪਰ ਇਸ ਵਾਰ ਉਹ ਮੁੜ ਚੋਣ ਮੈਦਾਨ ਵਿੱਚ ਹਨ ਤੇ ਇਹੀ ਹੀ ਫ਼ਿਕਰਾ ਉਹ ਇਨ੍ਹਾਂ ਚੋਣਾਂ ਵਿਚ ਦੁਹਰਾ ਰਹੇ ਹਨ।

ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਅਤੇ ਹਲਕਾ ਲੰਬੀ ਵਿੱਚ ਸੜਕਾਂ ਦੇ ਵਿਛਾਏ ਗਏ ਜਾਲ ਤੋਂ ਹਲਕੇ ਦੇ ਵੋਟਰ ਪ੍ਰਭਾਵਤ ਦਿਖਾਈ ਦਿੰਦੇ ਹਨ।

ਪ੍ਰਕਾਸ਼ ਸਿੰਘ ਬਾਦਲ ਵੀ ਕੱਦਾਵਾਰ ਸ਼ਖਸੀਅਤ ਦੇ ਮੁਕਾਬਲੇ ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਕਮੀ ਵੀ ਬਾਦਲ ਦੇ ਹੱਕ ਵਿੱਚ ਪਿਛਲੇ ਸਮੇਂ ਦੌਰਾਨ ਭੁਗਤਦੀ ਰਹੀ ਹੈ।

ਕਮਜ਼ੋਰ ਪੱਖ਼

ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬਾਦਲ ਆਪਣੀ ਸਿਹਤ ਦੇ ਚੱਲਦੇ ਖੁਦ ਆਪਣੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਨਹੀਂ ਕਰ ਸਕੇ। ਇਸ ਕਾਰਨ ਉਨ੍ਹਾਂ ਦੇ ਪ੍ਰਚਾਰ ਦੀ ਵਾਗਡੋਰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਹਰਸਿਮਰਤ ਕੌਰ ਬਾਦਲ ਦੇ ਹੱਥ ਵਿਚ ਜ਼ਿਆਦਾਤਰ ਰਹੀ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਾਦਲ ਨੂੰ ਤਕੜੀ ਚੁਣੌਤੀ ਦੇਣ ਦੀ ਗੱਲ ਕਹੀ ਗਈ ਸੀ ਪਰ ਐਨ ਮੌਕੇ ਉੱਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਦੇ ਐਲਾਨ ਮਗਰੋਂ ਸਥਿਤੀ ਬਦਲ ਗਈ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲਈ ਇਸ ਵਾਰ ਇਕ ਵੱਡੀ ਚੁਣੌਤੀ ਇਹ ਵੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸੀ, ਜਿਸ ਦਾ ਲਾਭ ਅਕਾਲੀ ਦਲ ਨੂੰ ਮਿਲਦਾ ਰਿਹਾ ਹੈ।

ਸਿਆਸੀ ਮਾਹਰ ਮੰਨਦੇ ਹਨ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਨੇ ਭਾਵੇਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ ਪਰ ਇਸ ਗੱਠਜੋੜ ਦਾ ਨਤੀਜਾ ਬਾਦਲ ਲਈ ਕਿਸ ਤਰ੍ਹਾਂ ਸਹਾਈ ਹੁੰਦਾ ਹੈ ਇਹ ਵੀ ਸਮੀਕਰਨਾਂ ਦੇ ਜੋੜ ਤੋੜ ਦਾ ਹਿੱਸਾ ਰਹੇਗਾ।

ਮੁੱਦੇ :

ਦੂਜੇ ਪਾਸੇ ਤਸਵੀਰ ਦਾ ਪਹਿਲੂ ਇਹ ਵੀ ਹੈ ਕਿ ਹਲਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਸੁੰਦਰੀਕਰਨ ਤੇ ਵਿਕਾਸ ਆਪਣੇ ਪਿੰਡ ਬਾਦਲ ਦਾ ਕੀਤਾ ਹੈ ਉਹੋ ਜਿਹਾ ਕੰਮ ਹਲਕੇ ਦੇ ਹੋਰਨਾਂ ਪਿੰਡਾਂ ਵਿੱਚ ਨਜ਼ਰ ਨਹੀਂ ਆਉਂਦਾ।

ਹਲਕੇ ਦੇ ਲੋਕਾਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਅਤੇ ਸਿਹਤ ਸੇਵਾਵਾਂ ਦੀ ਘਾਟ ਦਾ ਮੁੱਦਾ ਚੁੱਕਣ ਦੇ ਨਾਲ ਨਾਲ ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਮੁੱਦਾ ਵੀ ਉਠਾਉਂਦੇ ਹਨ।

ਲੰਬੀ ਹਲਕੇ ਦੇ ਲੋਕ ਜਿੱਥੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕੰਮਾਂ ਤੋਂ ਕਾਫੀ ਹੱਦ ਤੱਕ ਖੁਸ਼ ਹਨ ਉਥੇ ਲੋਕਾਂ ਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਇਸ ਹਲਕੇ ਦੇ ਪਿੰਡਾਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।

3. ਵਿਧਾਨ ਸਭਾ ਹਲਕਾ ਪਟਿਆਲਾ

ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਕੈਪਟਨ ਅਮਰਿੰਦਰ ਸਿੰਘ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਵੱਕਾਰੀ ਸੀਟ ਰਿਹਾ ਹੈ ਅਤੇ ਇਸ ਵਾਰ ਵੀ ਹੈ।

ਕੈਪਟਨ ਅਮਰਿੰਦਰ ਸਿੰਘ ਹੀ ਇੱਥੋਂ ਦੇ ਮੌਜੂਦਾ ਵਿਧਾਇਕ ਹਨ।

ਕੈਪਟਨ ਅਮਰਿੰਦਰ ਸਿੰਘ ਇਸ ਵਾਰ ਪੰਜਾਬ ਲੋਕ ਕਾਂਗਰਸ-ਭਾਜਪਾ ਗਠਜੋੜ ਦੇ ਉਮੀਦਵਾਰ ਹਨ।

ਕਾਂਗਰਸ ਪਾਰਟੀ ਨੇ ਇੱਥੋਂ ਕੈਪਟਨ ਦੇ ਪੁਰਾਣੇ ਸਾਥੀ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤ ਸਿੰਘ ਕੋਹਲੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਦਲ ਨੇ ਇੱਥੋਂ ਹਰਪਾਲ ਅਨੇਜਾ ਨੂੰ ਉਮੀਦਵਾਰ ਬਣਾਇਆ ਹੈ।

ਮਜ਼ਬੂਤ ਪੱਖ਼

ਪਟਿਆਲਾ ਸ਼ਹਿਰੀ ਸੀਟ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਗੜ੍ਹ ਵੀ ਹੈ। ਉਨ੍ਹਾਂ ਦੇ ਇੱਥੇ ਲੋਕਾਂ ਨਾਲ ਨਿੱਜੀ ਸਬੰਧ ਹਨ ਅਤੇ ਉਹ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਗਠਜੋੜ ਕਰਕੇ ਮੈਦਾਨ ਵਿਚ ਹਨ।

ਕੇਂਦਰ ਵਿਚ ਸੱਤਾਧਾਰੀ ਨਰਿੰਦਰ ਮੋਦੀ ਸਰਕਾਰ ਨਾਲ ਗਠਜੋੜ ਹੋਣ ਦਾ ਉਨ੍ਹਾਂ ਨੂੰ ਕੁਝ ਲਾਹਾ ਵੀ ਮਿਲ ਸਕਦਾ ਹੈ।

ਕਮਜ਼ੋਰ ਪੱਖ਼ :

ਕੈਪਟਨ ਅਮਰਿੰਦਰ ਸਿੰਘ ਨਾਲ ਇਸ ਵਾਰ ਕਾਂਗਰਸ ਦਾ ਸਾਥ ਨਹੀਂ ਹੈ। ਉਹ ਪੰਜਾਬ ਵਿਚ ਸਾਢੇ 4 ਸਾਲ ਮੁੱਖ ਮੰਤਰੀ ਰਹੇ ਹਨ। ਸੱਤਾ ਵਿਰੋਧੀ ਲਹਿਰ ਦਾ ਅਸਰ ਉਨ੍ਹਾਂ ਖਿਲਾਫ਼ ਵੀ ਦਿਖ ਰਿਹਾ ਹੈ।

ਸੂਬੇ ਵਿਚ ਬਦਲਾਅ ਦੇ ਨਾਅਰੇ ਦਾ ਹੋਰ ਕਿਸ ਨੂੰ ਲਾਹਾ ਮਿਲੇਗਾ ਇਹ ਤਾਂ ਸਪੱਸ਼ਟ ਕਿਹਾ ਨਹੀਂ ਜਾ ਸਕਦਾ ਪਰ ਕੈਪਟਨ ਅਤੇ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ।

ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਖਿਲਾਫ਼ ਰੋਹ ਦਾ ਕੈਪਟਨ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਮੁੱਦਾ :

ਪਟਿਆਲਾ ਦੇ ਲੋਕਾਂ ਲਈ ਬੇਰੁਜ਼ਗਾਰੀ, ਨਸ਼ਾ ਅਤੇ ਅਧੂਰੇ ਪਏ ਵਿਕਾਸ ਪ੍ਰੋਜੈਕਟ ਵੱਡਾ ਮੁੱਦਾ ਹੈ। ਇਨ੍ਹਾਂ ਸਾਰਿਆਂ ਤੋਂ ਵੱਧ ਲੋਕ ਬਦਲਾਅ ਦੀ ਗੱਲ ਕਰ ਰਹੇ ਹਨ।

4. ਵਿਧਾਨ ਸਭਾ ਹਲਕਾ ਮਾਨਸਾ

ਪੰਜਾਬ ਦੇ ਜਾਣ- ਪਛਾਣੇ ਗਾਇਕ ਤੇ ਰੈਪਰ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਕਾਰਨ ਮਾਨਸਾ ਵਿਧਾਨ ਸਭਾ ਹਲਕਾ ਇਸ ਵਾਰ ਵੱਕਾਰੀ ਸੀਟ ਹੈ।

ਕਾਂਗਰਸ ਦੇ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਤੇ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਨਾਲ ਹੈ।

ਇੱਥੋਂ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਹੁਣ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ।

ਮੂਸੇਵਾਲਾ ਦੀ ਤਾਕਤ:

ਸਿੱਧੂ ਮੂਸੇਵਾਲਾ ਦੀ ਪਹਿਚਾਣ ਹੀ ਉਨ੍ਹਾਂ ਦੀ ਖ਼ਾਸ ਤਾਕਤ ਹੈ। ਮੂਸਾ ਪਿੰਡ ਇਸੇ ਹਲਕੇ ਵਿੱਚ ਹੈ। ਉਹ ਜਿੱਥੇ ਜਾਂਦੇ ਹਨ, ਇਕੱਠ ਆਪਣੇ ਆਪ ਹੋ ਜਾਂਦਾ ਹੈ।

ਇਸ ਹਲਕੇ ਵਿਚ ਬੀਬੀਸੀ ਪੰਜਾਬੀ ਦੇ ਟੀਮ ਨੇ ਪ੍ਰਚਾਰ ਦੌਰਾਨ ਦੇਖਿਆ ਕਿ ਲੋਕ ਉਨ੍ਹਾਂ ਦੀ ਇੱਕ ਝਲਕ ਵਾਸਤੇ ਮੂਸੇਵਾਲਾ ਦੇ ਪਿੱਛੇ-ਪਿੱਛੇ ਭੱਜਦੇ ਹਨ।

ਮੂਸੇਵਾਲਾ ਵੀ ਲੋਕਾਂ ਨੂੰ ਇਹ ਕਹਿੰਦੇ ਹਨ ਕਿ ਤੁਸੀਂ ਉਹ ਐੱਮਐੱਲਏ ਚੁਣਨਾ ਚਾਹੋਗੇ ਜਿਸਨੂੰ ਮਾਨਸਾ ਤੋਂ ਬਾਹਰ ਕੋਈ ਨਹੀਂ ਜਾਣਦਾ ਕਿ ਉਹ ਜੋ ਤੁਹਾਡੇ ਪਿੰਡ ਤੋਂ ਤਾਂ ਹੈ ਪਰ ਸਾਰੀ ਦੁਨੀਆ ਦੇ ਪੰਜਾਬੀ ਉਸ ਨੂੰ ਜਾਣਦੇ ਹਨ।

ਕਮਜ਼ੋਰ ਪੱਖ:

ਮੂਸੇਵਾਲਾ ਦੀ ਕਮਜ਼ੋਰੀ ਇਹ ਹੈ ਉਹ ਕਾਂਗਰਸ ਪਾਰਟੀ ਤੋਂ ਹਨ, ਜਿਹੜੀ ਪਾਰਟੀ ਦੇ ਖ਼ਿਲਾਫ਼ ਇਸ ਖੇਤਰ ਵਿੱਚ ਸੱਤਾ ਵਿਰੋਧੀ ਲਹਿਰ ਦੇਖੀ ਜਾ ਰਹੀ ਹੈ ।

ਹਾਲਾਂਕਿ ਇੱਥੋਂ ਪਿਛਲੀ 2017 ਦੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਸੀ। ਪਰ ਕਈ ਲੋਕ ਵਿਕਾਸ ਨਾ ਹੋਣ ਤੇ ਬੇਰੁਜ਼ਗਾਰੀ ਲਈ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਦੋਸ਼ੀ ਮੰਨਦੇ ਹਨ।

ਮੁੱਦੇ:

ਇੱਥੋਂ ਦੇ ਖ਼ਾਸ ਮੁੱਦਿਆਂ ਵਿੱਚ ਬੇਰੁਜ਼ਗਾਰੀ ਤੇ ਵਿਕਾਸ ਨਾ ਹੋਣਾ ਹੈ ਜਿਸ ਕਾਰਨ ਕਾਫ਼ੀ ਲੋਕ ਬਦਲਾਅ ਚਾਹੁੰਦੇ ਹਨ।

ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੇ ਮਗਰ-ਮਗਰ ਅਸੀਂ ਇੱਕ ਪਿੰਡ ਪੁੱਜੇ ਤਾਂ ਉਨ੍ਹਾਂ ਦਾ ਸਵਾਗਤ ਵੇਖ ਕੇ ਹੈਰਾਨ ਰਹਿ ਗਏ। ਬੱਚੇ, ਨੌਜਵਾਨ, ਬਜ਼ੁਰਗ, ਔਰਤਾਂ...ਸਾਰੇ ਮੂਸੇਵਾਲਾ ਦੇ ਪਿੱਛੇ-ਪਿੱਛੇ।

ਪਰ ਜਦੋਂ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਦਾ ਪਿੰਡ ਬਦਲਾਅ ਚਾਹੁੰਦਾ ਹੈ। ਪਿੰਡ ਵਿੱਚ ਕਾਫ਼ੀ ਲੋਕ ਦਲਿਤ ਭਾਈਚਾਰੇ ਦੇ ਸਨ।

ਉਨ੍ਹਾਂ ਨੇ ਕਿਹਾ ਕਿ ਉਹ ਆਮ ਤੌਰ ’ਤੇ ਤੱਕੜੀ ਯਾਨੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ ਹਨ ਪਰ ਇਸ ਵਾਰ ਬਦਲਾਅ ਦੀ ਹਵਾ ਹੈ।

ਗੱਲਬਾਤ ਅੱਗੇ ਤੋਰਦੇ ਹੋਏ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਕਾਂਗਰਸ ਦਾ ਸੀਐੱਮ ਚਿਹਰਾ ਵੀ ਤਾਂ ਉਨ੍ਹਾਂ ਦੇ ਭਾਈਚਾਰੇ ਵਿੱਚੋਂ ਹੈ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਵਾਪਸ ਸਵਾਲ ਕੀਤਾ, "ਪਰ ਉਨ੍ਹਾਂ ਨੇ ਸਾਡੇ ਵਾਸਤੇ ਕੀਤਾ ਕੀ ਹੈ?"

ਸਭ ਤੋਂ ਮੁੱਖ ਮੁੱਦਾ:

ਪਿਛਲੇ ਸਾਲਾਂ ਦੌਰਾਨ ਕੋਈ ਖ਼ਾਸ ਵਿਕਾਸ ਨਾ ਹੋਣਾ ਇੱਥੇ ਵੱਡਾ ਮੁੱਦਾ ਹੈ, ਜਿਸ ਨੂੰ ਲੋਕ ਬੇਰੁਜ਼ਗਾਰੀ ਨਾਲ ਵੀ ਜੋੜ ਕੇ ਵੇਖਦੇ ਹਨ।

5. ਵਿਧਾਨ ਸਭਾ ਹਲਕਾ ਚਮਕੌਰ ਸਾਹਿਬ

ਵੈਸੇ ਤਾਂ ਚਮਕੌਰ ਸਾਹਿਬ ਹਲਕੇ ਤੋਂ ਪਿਛਲੇ 15 ਸਾਲਾਂ ਤੋਂ ਮੌਜੂਦਾ ਕਾਂਗਰਸੀ ਚਰਨਜੀਤ ਸਿੰਘ ਚੰਨੀ ਹੀ ਵਿਧਾਇਕ ਹਨ। ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਮਕੌਰ ਸਾਹਿਬ ਵੱਕਾਰੀ ਸੀਟ ਬਣ ਗਈ ਹੈ।

ਚਮਕੌਰ ਸਾਹਿਬ ਵਿਚ ਇਸ ਵਾਰ ਕਾਂਗਰਸ ਦੇ ਚਰਨਜੀਤ ਚੰਨੀ ਦੀ ਟੱਕਰ ਆਮ ਆਦਮੀ ਪਾਰਟੀ ਦੇ ਡਾ. ਚਰਨਜੀਤ ਸਿੰਘ, ਬਸਪਾ ਦੇ ਹਰਮੋਹਨ ਸਿੰਘ ਤੇ ਭਾਜਪਾ ਤੇ ਦਰਸ਼ਨ ਸਿੰਘ ਸ਼ਿਵਜੋਤ ਨਾਲ ਹੈ।

ਚਰਨਜੀਤ ਚੰਨੀ ਦੀ ਤਾਕਤ:

ਚਰਨਜੀਤ ਚੰਨੀ ਆਪਣੀ ਪਾਰਟੀ ਕਾਂਗਰਸ ਦਾ ਸੀਐੱਮ ਚਿਹਰਾ ਹੋਣਾ ਉਨ੍ਹਾਂ ਦੀ ਖ਼ਾਸ ਤਾਕਤ ਹੈ। ਚੰਨੀ ਲੋਕਾਂ ਨੂੰ ਇਹ ਕਹਿ ਰਹੇ ਹਨ ਕਿ ਤੁਸੀਂ ਵਿਧਾਇਕ ਨਹੀਂ ਮੁੱਖ ਮੰਤਰੀ ਚੁਣਨਾ ਹੈ।

ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਰੋੜਾਂ ਰੁਪਏ ਇਸ ਹਲਕੇ ਦੇ ਵਿਕਾਸ ਕਾਰਜ਼ਾਂ ਲਈ ਜਾਰੀ ਕੀਤੇ ਗਏ ਹਨ।

ਕਮਜ਼ੋਰ ਪੱਖ:

ਉਨ੍ਹਾਂ ਦੀ ਕਮਜ਼ੋਰੀ ਹੈ ਹਲਕੇ ਵਿੱਚ ਸੱਤਾ ਵਿਰੋਧੀ ਲਹਿਰ। ਲੋਕ ਸਵਾਲ ਕਰ ਰਹੇ ਹਨ ਕਿ ਚੰਨੀ ਪਿਛਲੇ ਤਿੰਨ ਵਾਰ ਤੋਂ ਐੱਮਐੱਲਏ ਰਹੇ ਹਨ ਤੇ ਕਾਂਗਰਸ ਸਰਕਾਰ ਪੰਜ ਸਾਲ ਸੱਤਾ ਵਿੱਚ ਸੀ ਪਰ ਕੋਈ ਵਿਕਾਸ ਨਹੀਂ ਹੋਇਆ।

ਰੇਤ ਬਜ਼ਰੀ ਦੀ ਮਾਇਨਿੰਗ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮ ਅਤੇ ਉਨ੍ਹਾਂ ਦੇ ਭਾਜਣੇ ਦੀ ਈਡੀ ਰੇਡ ਤੋਂ ਬਾਅਦ ਗ੍ਰਿਫ਼ਤਾਰੀ ਚੰਨੀ ਲਈ ਮੁਸ਼ਕਲ ਖੜੀ ਕਰ ਰਹੀ ਹੈ।

ਮੁੱਦੇ:

ਇੱਥੋਂ ਮੁੱਖ ਮੁੱਦੇ ਹਨ- ਵਿਕਾਸ ਨਾ ਹੋਣਾ, ਬੇਰੁਜ਼ਗਾਰੀ ਤੇ ਨਸ਼ਾ। ਮੁਲਾਜ਼ਮ ਵੀ ਆਪਣਾ ਮੁੱਦਾ ਚੁੱਕ ਰਹੇ ਹਨ ਕਿ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਜੋ ਸਾਲਾਂ ਪਹਿਲਾਂ ਹੋਣਾ ਚਾਹੀਦਾ ਸੀ ਅਜੇ ਤਕ ਨਹੀਂ ਹੋਇਆ।

ਇਹਨਾਂ ਕਾਰਨਾਂ ਕਰਕੇ ਲੋਕ ਬਦਲਾਅ ਦੀ ਗੱਲ ਕਰ ਰਹੇ ਹਨ। ਨੌਜਵਾਨ ਜਾਂ ਤਾਂ ਬੇਰੁਜ਼ਗਾਰ ਹਨ ਤੇ ਜਾਂ ਫਿਰ ਘੱਟ ਤਨਖ਼ਾਹਾਂ ਵਿੱਚ ਛੋਟੇ-ਮੋਟੇ ਕੰਮ ਕਰ ਰਹੇ ਹਨ।

ਦੂਜਾ, ਲੋਕ ਕਹਿੰਦੇ ਹਨ ਕਿ ਅਸੀਂ ਚੰਨੀ ਨੂੰ ਪਿਛਲੇ ਤਿੰਨ ਵਾਰ ਜਿਤਾਇਆ ਹੈ ਪਰ ਕੁੱਝ ਨਹੀਂ ਬਦਲਿਆ।

ਇੱਥੋਂ ਦੇ ਸ਼ਹਿਰ ਮੋਰਿੰਡਾ ਵਿੱਚ ਲੋਕਾਂ ਦੇ ਮਨ ਵਿੱਚ ਇਸ ਗੱਲ ਦਾ ਰੋਸ ਸੀ ਕਿ ਇਹ ਸ਼ਹਿਰ ਚੰਡੀਗੜ੍ਹ ਤੇ ਮੋਹਾਲੀ ਤੋਂ ਮਹਿਜ਼ 40-50 ਕਿੱਲੋ ਮੀਟਰ ਹੀ ਦੂਰ ਹੈ ਪਰ ਸਹੂਲਤਾਂ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਨਾ ਚੰਗੇ ਸਕੂਲ ਹਨ ਨਾ ਖੇਡਾਂ ਲਈ ਸਹੂਲਤਾਂ, ਨਾ ਮਨੋਰੰਜਨ ਦੇ ਸਾਧਨ ਤੇ ਨਾ ਹੀ ਰੋਜ਼ਗਾਰ ਦੇ ਸਾਧਨ।

ਕਈ ਲੋਕ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਚੰਨੀ ਲਗਭਗ ਚਾਰ ਮਹੀਨੇ ਜਦੋਂ ਮੁੱਖ ਮੰਤਰੀ ਬਣੇ ਤਾਂ ਵੀ ਉਨ੍ਹਾਂ ਨੇ ਲੋਕਾਂ ਲਈ ਕੁੱਝ ਨਹੀਂ ਕੀਤਾ, ਸਿਰਫ਼ ਲਾਰੇ ਲਾਏ ਕਿ ਉਹ ਸਰਕਾਰ ਦੇ ਦੁਬਾਰਾ ਬਣਨ ਤੇ ਕੰਮ ਕਰਨਗੇ।

ਸਭ ਤੋਂ ਮੁੱਖ ਮੁੱਦਾ:

ਸਭ ਤੋਂ ਮੁੱਖ ਮੁੱਦਾ ਸੱਤਾ ਵਿਰੋਧੀ ਹਵਾ ਹੈ, ਜੋ ਇੱਥੇ ਕਾਫ਼ੀ ਵੇਖਿਆ ਜਾ ਰਿਹਾ ਹੈ। ਪਰ ਚੰਨੀ ਦੇ ਮੁੱਖ ਮੰਤਰੀ ਚਿਹਰੇ ਬਣਨ ਤੋਂ ਬਾਅਦ ਇਹ ਕੁੱਝ ਹੱਦ ਤੱਕ ਘਟਿਆ ਹੈ ਕਿਉਂਕਿ ਲੋਕਾਂ ਨੂੰ ਇਸ ਕਾਰਨ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ।

6. ਅੰਮ੍ਰਿਤਸਰ ਪੂਰਬੀ ਸੀਟ

ਪੰਜਾਬ ਦੀ ਰਾਜਨੀਤੀ ਦੇ ਅਹਿਮ ਆਗੂ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅੰਮ੍ਰਿਤਸਰ ਪੂਰਬੀ ਸੀਟ ਤੋਂ ਇੱਕ ਦੂਜੇ ਨੂੰ ਚੂਣੌਤੀ ਦੇ ਕੇ ਚੋਣ ਲੜਨਾ ਇਸ ਸੀਟ ਨੂੰ ਵੱਕਾਰੀ ਬਣਾਉਂਦਾ ਹੈ।

ਨਵਜੋਤ ਸਿੰਘ ਸਿੱਧੂ ਦੀ ਤਾਕਤ:

ਇਹ ਸੀਟ ਪਿਛਲੇ 10 ਵਾਰਿਆਂ ਤੋਂ ਸਿੱਧੂ ਜੋੜੇ ਦੇ ਹੱਥ ਵਿੱਚ ਰਹੀ ਹੈ। ਸਾਲ 2012 ਵਿੱਚ ਬੀਜੇਪੀ ਦੀ ਟਿਕਟ ਉੱਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿੱਤੀ ਹਾਸਲ ਕੀਤੀ ਸੀ। ਇਸ ਤੋਂ ਬਾਅਦ 2017 ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਇਸ ਹਲਕੇ ਤੋਂ ਚੋਣ ਲੜ ਕੇ ਬੀਜੇਪੀ ਦੇ ਉਮੀਦਵਾਰ ਨੂੰ ਕਰੀਬ 42000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਕਰ ਕੇ ਹੁਣ ਤੀਜੀ ਵਾਰ ਸਿੱਧੂ ਇਸ ਇਲਾਕੇ ਤੋਂ ਚੋਣ ਲੜ ਰਹੇ ਹਨ।

ਇਸ ਹਲਕੇ ਦੇ ਹਲਕੇ ਦੇ ਲੋਕਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦਾ ਮਜ਼ਬੂਤ ਪੱਖ ਉਨ੍ਹਾਂ ਦੀ ਸਾਫ਼ ਸੁਥਰੀ, ਇਮਾਨਦਾਰੀ ਅਤੇ ਧੜੱਲੇ ਵਾਲੀ ਕਾਰਜਸ਼ੈਲੀ ਹੈ।

ਕਮਜ਼ੋਰ ਪੱਖ:

ਸਿੱਧੂ ਦਾ ਇਲਾਕੇ ਵਿੱਚ ਆਮ ਲੋਕਾਂ ਨਾਲ ਨਾ ਵਿਚਰਨਾ ਅਤੇ ਆਮ ਲੋਕਾਂ ਨਾਲ ਮੁਲਾਕਾਤ ਘੱਟ ਕਰਨਾ ਉਨ੍ਹਾਂ ਦੇ ਖਿਲਾਫ਼ ਜਾ ਸਕਦਾ ਹੈ।

ਸਿੱਧੂ ਦੇ ਭਾਸ਼ਣਾਂ ਵਿੱਚ ਜ਼ਿਆਦਾ ਹਮਲਾ ਵਿਰੋਧੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਉੱਤੇ ਰਿਹਾ, ਇਸ ਕਰਕੇ ਪੂਰੇ ਚੋਣ ਪ੍ਰਚਾਰ ਵਿੱਚ ਇੱਥੇ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਜ਼ਿਆਦਾ ਭਰੀ ਰਹੀ।

ਉਹ ਭਾਸ਼ਣ ਵਿੱਚ ਮਜੀਠੀਆ ਦੇ ਬਾਦਲ ਪਰਿਵਾਰ ਨਾਲ ਰਿਸ਼ਤੇ ਤੋਂ ਇਲਾਵਾ ਨਸ਼ੇ ਦਾ ਜ਼ਿਕਰ ਕਰਦੇ ਹਨ।

ਬਿਕਰਮ ਸਿੰਘ ਮਜੀਠੀਆਦੀ ਤਾਕਤ:

ਮਜੀਠੀਆ ਆਪਣਾ ਇਲਾਕਾ ਮਜੀਠਾ ਛੱਡ ਕੇ ਪਹਿਲੀ ਵਾਰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਹਨ। ਆਪਣੇ ਪ੍ਰਚਾਰ ਵਿੱਚ ਬਿਕਰਮ ਆਪਣੇ ਮਜੀਠਾ ਇਲਾਕੇ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਤੁਲਨਾ ਅੰਮ੍ਰਿਤਸਰ ਪੂਰਬੀ ਇਲਾਕੇ ਨਾਲ ਕਰਦੇ ਹਨ। ਮਜੀਠੀਆ ਆਖਦੇ ਹਨ ਕਿ ਚੋਣ ਜਿੱਤਣ ਤੋਂ ਬਾਅਦ ਸਿੱਧੂ ਜੋੜੇ ਨੇ ਇਲਾਕੇ ਦੀ ਸਾਰ ਨਹੀਂ ਲਈ।

ਮਜੀਠੀਆ ਦਾ ਦਾਅਵਾ ਹੈ ਕਿ 10 ਮਾਰਚ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਸ ਇਲਾਕੇ ਤੋਂ ਆਊਟ ਹੋ ਜਾਵੇਗਾ। ਬਿਕਰਮ ਦਾ ਮਜ਼ਬੂਤ ਪੱਖ ਉਨ੍ਹਾਂ ਦਾ ਮਿਲਾਪੜਾ ਸੁਭਾਅ, ਮਜੀਠਾ ਇਲਾਕੇ ਵਿੱਚ ਕੀਤਾ ਵਿਕਾਸ ਅਤੇ ਬਾਦਲ ਪਰਿਵਾਰ ਨਾਲ ਰਿਸ਼ਤਾ ਹੈ।

ਕਮਜ਼ੋਰ ਪੱਖ:

ਅਕਾਲੀਆਂ ਦੀ ਦਸ ਸਾਲ ਦੀ ਸੱਤਾ ਵਿਰੋਧੀ ਹਵਾ ਅਜੇ ਵੀ ਮਜੀਠੀਆ ਦਾ ਪਿੱਛਾ ਨਹੀਂ ਛੱਡ ਰਹੀ ਉਨ੍ਹਾਂ ਉੱਤੇ ਨਸ਼ੇ ਸਬੰਧੀ ਲੱਗੇ ਇਲਜ਼ਾਮ ਲੱਗ ਰਹੇ ਹਨ।

ਜੀਵਨਜੋਤ ਕੌਰ ਦੀ ਤਾਕਤ:

ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਆਪਣੀ ਉਮੀਦਵਾਰ ਜੀਵਨਜੋਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਜਿੱਥੇ ਉਹ ਨਸ਼ੇ ਦੇ ਮੁੱਦੇ ਉੱਤੇ ਬਿਕਰਮ ਮਜੀਠੀਆ ਨੂੰ ਘੇਰਦੇ ਹਨ... ਉੱਥੇ ਹੀ ਇਲਾਕੇ ਦਾ ਵਿਕਾਸ ਨਾ ਕਰਵਾਉਣ ਦਾ ਇਲਜ਼ਾਮ ਨਵਜੋਤ ਸਿੰਘ ਸਿੱਧੂ ਉੱਤੇ ਲਗਾਉਂਦੇ ਹਨ।

ਉਨ੍ਹਾਂ ਦੀ ਤਾਕਤ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਹੈ। ਇਸ ਤੋਂ ਇਲਾਵਾ ਮਹਿਲਾ ਹੋ ਕੇ ਦੋ ਵੱਡੇ ਸਿਆਸੀ ਆਗੂਆਂ ਨੂੰ ਟੱਕਰ ਦੇਣਾ ਵੀ ਉਨ੍ਹਾਂ ਦਾ ਮਜ਼ਬੂਤ ਪੱਖ ਦਿਖਾਉਂਦਾ ਹੈ।

ਕਮਜ਼ੋਰ ਪੱਖ:

ਸਿਆਸਤ ਦਾ ਤਜਰਬਾ ਨਾ ਹੋਣਾ ਜੀਵਨ ਜੋਤ ਕੌਰ ਦਾ ਸਭ ਤੋਂ ਕਮਜ਼ੋਰ ਪੱਖ ਹੈ।

ਜਗਮੋਹਨ ਰਾਜੂ:

ਭਾਜਪਾ ਪਾਰਟੀ ਨੇ ਸੇਵਾ ਮੁਕਤ ਆਈਏਐੱਸ ਅਧਿਕਾਰੀ ਜਗਮੋਹਨ ਰਾਜੂ ਨੂੰ ਟਿਕਟ ਦਿੱਤੀ ਹੈ। ਜਗਮੋਹਨ ਰਾਜੂ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਅੰਮ੍ਰਿਤਸਰ ਆਏ ਅਤੇ ਚੋਣ ਮੈਦਾਨ ਵਿੱਚ ਨਿੱਤਰ ਗਏ।

ਉਨ੍ਹਾਂ ਦਾ ਸਾਫ਼-ਸੁਥਰਾ ਕਿਰਦਾਰ ਸਭ ਤੋਂ ਮਜ਼ਬੂਤ ਪੱਖ ਹੈ। ਜਦਕਿ ਕਮਜ਼ੋਰ ਪੱਖ ਦੀ ਗੱਲ ਕਰੀਏ ਤਾਂ ਸਿਆਸਤ ਦਾ ਤਜਰਬਾ ਨਾ ਹੋਣਾ ਅਤੇ ਹਲਕੇ ਵਿੱਚ ਨਾ ਰਹਿਣਾ ਹੈ।

ਇਸ ਸੀਟ ਲੋਕਾਂ ਨਾ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਲਈ ਮੌਜੂਦਾ ਵਿਧਾਇਕ ਦਾ ਆਮ ਲੋਕਾਂ ਵਿਚ ਨਾ ਵਿਚਰਨਾ, ਵਿਕਾਸ ਦੀ ਘਾਟ, ਬੇਰੁਜ਼ਗਾਰੀ ਅਤੇ ਨਸ਼ਾ ਮੁੱਖ ਮੁੱਦੇ ਹਨ।

7. ਵਿਧਾਨ ਸਭਾ ਹਲਕਾ ਜਲਾਲਾਬਾਦ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਨ।

ਉਹ ਇਸ ਹਲਕੇ ਤੋਂ ਚੌਥੀ ਵਾਰ ਵਿਧਾਨ ਸਭਾ ਦੀ ਚੋਣ ਲੜ ਰਹੇ ਹਨ। ਪਰ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਸੁਖਬੀਰ ਦੇ ਜਲਾਲਾਬਾਦ ਸੀਟ ਛੱਡ ਦਿੱਤੀ ਸੀ।

ਉਨ੍ਹਾਂ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਮੋਹਨ ਸਿੰਘ ਫਲੀਆਂਵਾਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਕੰਬੋਜ ਗੋਲਡੀ ਚੋਣ ਮੈਦਾਨ ਵਿੱਚ ਹਨ।

ਇਸ ਹਲਕੇ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਰਮਿੰਦਰ ਆਵਲਾ ਵਿਧਾਇਕ ਬਣੇ ਸਨ, ਜਿਹੜੇ ਕੇ ਆਪਣੇ ਹਲਕੇ ਵਿਚ ਇਕ ਨਾਮਵਰ ਕਾਂਗਰਸੀ ਆਗੂ ਹਨ।

ਇਸ ਵਾਰ ਰਮਿੰਦਰ ਆਂਵਲਾ ਚੋਣ ਮੈਦਾਨ ਵਿੱਚ ਨਹੀਂ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਮੋਹਨ ਸਿੰਘ ਫਲੀਆਂਵਾਲਾ ਉੱਪਰ ਆਪਣਾ ਦਾਅ ਖੇਡਿਆ ਗਿਆ ਹੈ।

ਸੁਖਬੀਰ ਸਿੰਘ ਬਾਦਲ ਆਪਣੇ ਚੋਣ ਜਲਸਿਆਂ ਦੌਰਾਨ ਆਪਣੇ ਵਿਕਾਸ ਕੰਮਾਂ ਉੱਪਰ ਆਪਣੀ ਜਿੱਤ ਹੋਣ ਦਾ ਦਾਅਵਾ ਕਰਦੇ ਰਹੇ ਹਨ।

ਦੂਜੇ ਪਾਸੇ ਵਿਰੋਧੀ ਦਲਾਂ ਦੇ ਉਮੀਦਵਾਰ ਆਪਣੀ ਬਰਾਦਰੀ ਦੀਆਂ ਵੋਟਾਂ ਖਿੱਚਣ ਦੀ ਗੱਲ ਕਰ ਕੇ ਆਪਣੀ ਜਿੱਤ ਦਾ ਦਾਅਵਾ ਠੋਕ ਰਹੇ ਹਨ।

ਮਜ਼ਬੂਤ ਪੱਖ਼ :

ਸੁਖਬੀਰ ਬਾਦਲ ਅਕਾਲੀ- ਬਸਪਾ ਗਠਜੋੜ ਦੇ ਮੁੱਖ ਮੰਤਰੀ ਚਿਹਰਾ ਹਨ, ਜਿਸ ਦਾ ਉਨ੍ਹਾਂ ਨੂੰ ਵਿਰੋਧੀਆਂ ਨਾਲੋਂ ਵੱਧ ਲਾਹਾ ਮਿਲ ਸਕਦਾ ਹੈ।

ਹਲਕੇ ਦੇ ਲੋਕ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਭਾਜਪਾ ਸਰਕਾਰ ਦੌਰਾਨ ਹਲਕੇ ਦੇ ਪਿੰਡਾਂ ਦੇ ਕੀਤੇ ਗਏ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦੇ ਹਨ।

ਆਮ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਪੱਛੜੇ ਖੇਤਰ ਵਿਚ ਕਦੇ ਵੀ ਅਜਿਹੇ ਵਿਕਾਸ ਕਾਰਜਾਂ ਦੀ ਕਿਸੇ ਨੇ ਤਵੱਕੋ ਨਹੀਂ ਕੀਤੀ ਸੀ।

ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਇਹ ਗੱਲ ਵੀ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਇਸ ਹਲਕੇ ਤੋਂ ਉਹ ਲਗਾਤਾਰ ਵੱਡੀ ਲੀਡ ਨਾਲ ਜਿੱਤਦੇ ਦੇ ਰਹੇ ਹਨ।

ਵਿਕਾਸ ਕੰਮਾਂ ਅਤੇ ਜਲਾਲਾਬਾਦ ਹਲਕੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਨਿਰੰਤਰ ਦੌਰਿਆਂ ਦਾ ਲਾਭ ਵੀ ਸੁਖਬੀਰ ਸਿੰਘ ਬਾਦਲ ਨੂੰ ਮਿਲ ਸਕਦਾ ਹੈ।

ਕਮਜ਼ੋਰ ਪੱਖ਼ :

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸੀ ਅਤੇ ਇਸ ਹਲਕੇ ਵਿਚ ਸ਼ਹਿਰੀ ਵੋਟ ਦਾ ਲਾਭ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਸੀ।

ਸ਼ਹਿਰੀ ਵੋਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕਿਤੇ ਨਾ ਕਿਤੇ ਤਾਂ ਸੁਖਬੀਰ ਬਾਦਲ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਸ਼ਹਿਰੀ ਵੋਟ ਕਾਫ਼ੀ ਹੱਦ ਤਕ ਭਾਜਪਾ ਖੇਮੇ ਵੱਲ ਭੁਗਤਦੀ ਰਹੀ ਹੈ।

ਇਸ ਹਲਕੇ ਦਾ ਸਭ ਤੋਂ ਵੱਡਾ ਸਿਆਸੀ ਪਹਿਲੂ ਇਹ ਵੀ ਹੈ ਕਿ ਹਲਕੇ ਵਿੱਚ ਰਾਏ ਸਿੱਖ ਅਤੇ ਕੰਬੋਜ ਬਰਾਦਰੀ ਦੀ ਵਸੋਂ ਵਧੇਰੇ ਹੈ।

ਅਜਿਹੇ ਵਿਚ ਵਿਰੋਧੀ ਪਾਰਟੀਆਂ ਵੱਲੋਂ ਖੜ੍ਹੇ ਕੰਬੋਜ ਅਤੇ ਰਾਏ ਸਿੱਖ ਬਰਾਦਰੀ ਦੇ ਉਮੀਦਵਾਰ ਜੇਕਰ ਆਪਣੇ ਭਾਈਚਾਰੇ ਦੀ ਵੋਟ ਹਾਸਲ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਇਹ ਇਹ ਸਥਿਤੀ ਸੁਖਬੀਰ ਸਿੰਘ ਬਾਦਲ ਲਈ ਇੱਕ ਚੁਣੌਤੀ ਬਣ ਸਕਦੀ ਹੈ।

ਮੁੱਦੇ :

ਇਸ ਹਲਕੇ ਦੇ ਲੋਕਾਂ ਲਈ ਬੇਰੁਜ਼ਗਾਰੀ, ਨਸ਼ਾ ਅਤੇ ਵਿਕਾਸ ਮੁੱਖ ਮੁੱਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਹਲਕੇ ਵੱਲ ਓਨਾ ਧਿਆਨ ਨਹੀਂ ਦਿੱਤਾ ਜਿਸਦੀ ਦੀ ਲੋੜ ਸੀ।

8. ਅਮਰਗੜ੍ਹ

ਅਮਰਗੜ ਵਿਧਾਨ ਸਭਾ ਹਲਕਾ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਦਾ ਹਿੱਸਾ ਹੈ। ਹਲਕੇ ਵਿੱਚ ਸਿਹਤ ਸਹੂਲਤਾਂ ਦੀ ਘਾਟ,ਬੁਰੁਜਗਾਰੀ ਅਤੇ ਵਿਕਾਸ ਕਾਰਜ ਮੁੱਖ ਮੁੱਦੇ ਹਨ।

ਅਮਰਗੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕਬਾਲ ਸਿੰਘ ਝੁੰਦਾ ਚੋਣ ਮੈਦਾਨ ਵਿੱਚ ਹਨ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਮਿਤ ਸਿੰਘ ਮਾਨ ਇਸ ਹਲਕੇ ਤੋਂ ਉਮੀਦਵਾਰ ਹਨ।ਆਮ ਆਦਮੀ ਪਾਰਟੀ ਵੱਲੋਂ ਜਸਵੰਤ ਸਿੰਘ ਗੱਜਣਮਾਜਰਾ ਨੂੰ ਟਿਕਟ ਦਿੱਤੀ ਗਈ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਸੇ ਹਲਕੇ ਤੋਂ ਚੋਣ ਲੜ ਰਹੇ ਹਨ।

ਹਾਲ ਹੀ ਵਿੱਚ ਸੋਨੀਪਤ ਨੇੜੇ ਸੜਕ ਹਾਦਸੇ ਵਿੱਚ ਸਮਾਜਿਕ ਕਾਰਕੁਨ ਦੀਪ ਸਿੱਧੂ ਦੀ ਮੌਤ ਹੋਈ ਸੀ। ਦੀਪ ਸਿੱਧੂ ਸਿਮਰਜੀਤ ਸਿੰਘ ਮਾਨ ਦੀ ਲਈ ਚੋਣਾ ਪ੍ਰਚਾਰ ਕਰ ਰਹੇ ਸਨ।

ਕੁੱਝ ਸਮਾਂ ਪਹਿਲਾਂ ਤੱਕ ਇਸ ਸੀਟ ਉੱਤੇ ਮੁਕਾਬਲਾ ਕਾਂਗਰਸ,ਆਪ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੀ ਮੰਨਿਆ ਜਾ ਰਿਹਾ ਸੀ ਪਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਫਿਲਮੀ ਅਤੇ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਦੇ ਬਾਹਰੀ ਸਮਰਥਨ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ।

ਇਕਬਾਲ ਸਿੰਘ ਝੁੰਦਾ ਚੋਣ ਪ੍ਰਚਾਰ ਸਮੇਂ ਅਕਾਲੀ ਸਰਕਾਰ ਸਮੇਂ ਹੋਏ ਕੰਮਾਂ ਅਤੇ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦੀ ਗੱਲ ਕਰ ਰਹੇ ਹਨ

ਸਮਿਤ ਸਿੰਘ ਮਾਨ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ।ਸਮਿਤ ਸਿੰਘ ਮਾਨ, ਕਾਂਗਰਸ ਦੇ ਧੂਰੀ ਤੋਂ ਦੋ ਵਾਰ ਐੱਮ ਐੱਲ ਏ ਰਹੇ ਧਨਵੰਤ ਸਿੰਘ ਮਾਨ ਦੇ ਬੇਟੇ ਹਨ।ਧਨਵੰਤ ਸਿੰਘ ਮਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਿਸ਼ਤੇਦਾਰ ਹਨ।

ਸਮਿਤ ਸਿੰਘ ਮਾਨ ਭਾਵੇਂ ਪਹਿਲੀ ਵਾਰ ਕੋਈ ਚੋਣ ਲੜ ਰਹੇ ਹਨ ਪਰ ਉਹ ਨਵਜੋਤ ਸਿੰਘ ਸਿੱਧੂ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਹਨ ਅਤੇ ਸਿਆਸੀ ਪਿਛੋਕੜ ਹੋਣ ਕਰਕੇ ਚੋਣ ਸਿਆਸਤ ਉਨ੍ਹਾਂ ਲਈ ਨਵੀਂ ਨਹੀਂ ਹੈ।

ਸਮਿਤ ਸਿੰਘ ਮਾਨ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਨਾਂ ਤੇ ਚੋਣ ਪ੍ਰਚਾਰ ਕਰ ਰਹੇ ਹਨ।

ਆਪਣੇ ਭਾਸ਼ਣਾਂ ਵਿੱਚ ਉਹ ਨਵਜੋਤ ਸਿੰਘ ਸਿੱਧੂ ਨਾਲ ਬੀਤੇ ਸਾਲ ਵਿੱਚ ਕੀਤੇ ਕੰਮਾਂ ਦਾ ਜਿਕਰ ਵੀ ਕਰਦੇ ਹਨ।

ਜਸਵੰਤ ਸਿੰਘ ਗੱਜਣਮਾਜਰਾ ਦੂਸਰੀ ਵਾਰ ਇਸ ਹਲਕੇ ਤੋਂ ਚੋਣ ਲੜ ਰਹੇ ਹਨ।ਗੱਜਣਮਾਜਰਾ ਦਾ ਪਰਿਵਾਰਕ ਪਿਛੋਕੜ ਸ਼ੌਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਰਿਹਾ ਹੈ ਪਰ ਪਿਛਲੀ ਵਾਰ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ ਅਤੇ ਤੀਸਰੇ ਨੰਬਰ ਤੇ ਰਹੇ ਸਨ।ਇਸ ਵਾਰ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹਨ।

ਗੱਜਣਮਾਜਰਾ ਅਮਰਗੜ ਹਲਕੇ ਦੇ ਨਾਮਵਰ ਬਿਜਨਸਮੈਨ ਹਨ। ਗੱਜਣਮਾਜਰਾ ਬਦਲਾਅ ਦੀ ਲਹਿਰ ਅਤੇ ਆਪ ਦੇ ਦਿੱਲੀ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਤਰਜ ਤੇ ਪੰਜਾਬ ਵਿੱਚ ਵਿਕਾਸ ਕਰਨ ਦੇ ਵਾਅਦੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ।

ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਿਆਸਤ ਦਾ ਨਾਮੀ ਚਿਹਰਾ ਹਨ।ਸਿਮਰਨਜੀਤ ਸਿਮਹ ਮਾਨ ਨੇ ਬੀਤੇ ਵਿੱਚ ਕਈ ਵਿਧਾਨ ਸਭਾ,ਲੋਕ ਸਭਾ ਅਤੇ ਐੱਸਜੀਪੀਸੀ ਚੋਣਾਂ ਲੜੀਆਂ ਹਨ।ਉਹ ਸੰਗਰੂਰ ਅਤੇ ਤਰਨਾਤਰਨ ਤੋਂ ਦੋ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ,ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਵੱਧ ਅਧਿਕਾਰਾਂ ਸਮੇਤ ਹੋਰ ਸਿੱਖ ਮੁੱਦੇ ਜੋਰਦਾਰ ਤਰੀਕੇ ਨਾਲ ਉਠਾਉਣ ਲਈ ਪੰਜਾਬ ਦੀ ਸਿਆਸਤ ਵਿੱਚ ਜਾਣੇ ਜਾਂਦੇ ਹਨ।

(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸੁਖਚਰਨ ਪ੍ਰੀਤ ਅਰਵਿੰਦ ਛਾਬੜਾ, ਮਨਪ੍ਰੀਤ ਕੌਰ ਤੇ ਸੁਰਿੰਦਰ ਮਾਨ)

ਇਹ ਵੀ ਪੜ੍ਹੋ:

ਇਹ ਵੀ ਦੇਖੋ: