ਪੰਜਾਬ ਚੋਣਾਂ 2022: ਚਰਨਜੀਤ ਸਿੰਘ ਚੰਨੀ ਦੇ ਭਦੌੜ ਤੋਂ ਨਾਮਜ਼ਦਗੀ ਭਰਨ ਦੇ ਕੀ ਮਾਅਨੇ ਲਏ ਜਾ ਰਹੇ ਹਨ

    • ਲੇਖਕ, ਗੁਰਕਿਰਪਾਲ ਸਿੰਘ, ਬੀਬੀਸੀ ਪੱਤਰਕਾਰ
    • ਰੋਲ, ਸੁਖਚਰਨਪ੍ਰੀਤ ਸਿੰਘ, ਬੀਬੀਸੀ ਸਹਿਯੋਗੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਭਦੌੜ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਭਦੌੜ ਸੀਟ ਵੀ ਐੱਸ ਸੀ ਰਾਖਵੀ਼ਆਂ ਸੀਟਾਂ ਵਿੱਚ ਆਉਂਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਲਿਸਟ ਵਿੱਚ ਚਮਕੌਰ ਸਾਹਿਬ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਸੀ।

ਚਰਨਜੀਤ ਸਿੰਘ ਚੰਨੀ ਇਸ ਵੇਲੇ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਹਨ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਤੋਂ ਤਿੰਨ ਵਾਰ ਜਿੱਤ ਚੁੱਕੇ ਹਨ। ਇੱਕ ਵਾਰ ਤਾਂ ਉਨ੍ਹਾਂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਚਮਕੌਰ ਸਾਹਿਬ ਦੀ ਸੀਟ ਜਿੱਤੀ ਸੀ।

ਭਦੌੜ ਸੀਟ ਤੋਂ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਵੱਲੋਂ ਤੰਜ ਕੱਸਿਆ ਜਾ ਰਿਹਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਅੰਗ ਕੱਸਦੇ ਹੋਏ ਕਿਹਾ, "ਮੈਂ ਕਿਹਾ ਸੀ ਨਾ ਕਿ ਸਾਡੇ ਸਰਵੇ ਮੁਤਾਬਕ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਅੱਜ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਦੋ ਸੀਟਾਂ ਤੋਂ ਚੋਣ ਲੜਨਗੇ। ਇਸਦਾ ਮਤਲਬ ਸਰਵੇ ਸੱਚ ਹੈ?''

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਦੀ ਸੀਟ ਤੋਂ ਉਮੀਦਵਾਰੀ ਐਲਾਨੇ ਜਾਣ 'ਤੇ ਤੰਜ ਕੱਸਦਿਆਂ ਕਿਹਾ, "ਗ਼ੈਰ-ਕਾਨੂੰਨੀ ਮਾਇਨਿੰਗ ਤੇ ਹੋਰ ਕਾਰਨਾਂ ਕਾਰਨ ਚਮਕੌਰ ਸਾਹਿਬ ਦੀ ਜਨਤਾ ਉਨ੍ਹਾਂ ਤੋਂ ਦੁਖੀ ਸੀ। ਚਰਨਜੀਤ ਚੰਨੀ ਇਹ ਜਾਣਦੇ ਸਨ ਇਸ ਲਈ ਉਨ੍ਹਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ।"

ਇੰਟਰਵਿਊ: 'ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ'

ਭਦੌੜ ਵਿਧਾਨ ਸਭਾ ਹਲਕਾ-'ਧੁਰ ਮਾਲਵਾ'

ਭਦੌੜ ਵਿੱਚ ਕੁੱਲ, 1,54,466 ਵੋਟਰ ਹਨ ਜਿਨ੍ਹਾਂ ਵਿੱਚੋਂ 82,149 ਪੁਰਸ਼ ਅਤੇ 72,308 ਮਹਿਲਾ ਵੋਟਰ ਹਨ।

ਭਦੌੜ ਇੱਕ ਨੀਮ ਸ਼ਹਿਰੀ ਖੇਤਰ ਹੈ, ਜੋ ਕਦੇ ਅਕਾਲੀਆਂ ਦਾ ਗੜ੍ਹ ਹੁੰਦਾ ਸੀ।

ਫਿਰ 2012 ਵਿੱਚ ਗਾਇਕੀ ਤੋਂ ਸਿਆਸਤ ਵਿੱਚ ਆਏ ਮੁਹੰਮਦ ਸਦੀਕ ਨੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ।

ਫਿਰ 2017 ਵਿੱਚ ਜਦੋਂ ਮਾਲਵੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਵਗੀ ਤਾਂ ਇੱਥੋਂ ਦੀਆਂ ਤਿੰਨੇ ਸੀਟਾ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵੀ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ।

ਸਾਲ 2017 ਵਿੱਚ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ ਨੇ ਤਿੰਨ ਵਾਰ ਵਿਧਾਇਕ ਰਹੇ ਬਲਬੀਰ ਸਿੰਘ ਘੁੰਨਸ ਨੂੰ ਹਰਾਇਆ।

ਧੌਲਾ ਨੇ ਬਾਅਦ ਵਿੱਚ ਆਮ ਆਦਮੀ ਪਾਰਟੀ ਛੱਡ ਦਿੱਤੀ ਤੇ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਵਾਰ ਕਾਂਗਰਸ ਨੇ ਵੀ ਉਨ੍ਹਾਂ ਨੂੰ ਸੀਟ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ

ਹੁਣ ਭਦੌੜ ਵਿੱਚ ਤਿਕੋਣਾ ਮੁਕਾਬਲਾ ਹੈ, ਜਿੱਥੇ ਇੱਕ ਪਾਸੇ ਅਕਾਲੀ ਦਲ ਵੱਲੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਹਨ ਤਾਂ ਆਪ ਦੇ ਲਾਭ ਸਿੰਘ ਉਗੋਕੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਹਨ।

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਮੁਤਾਬਕ, "ਭਦੌੜ ਹਲਕਾ ਧੁਰ ਮਾਲਵੇ ਦਾ ਹਲਕਾ ਹੈ। ਇਹ ਰਿਜ਼ਰਵ ਹਲਕਾ ਹੈ। ਹਾਲਾਂਕਿ ਪਹਿਲਾਂ ਇਹ ਰਿਜ਼ਰਵ ਹਲਕਾ ਨਹੀਂ ਸੀ ਅਤੇ ਡੀਲੀਮੀਟੇਸ਼ਨ ਦੌਰਾਨ ਇਸ ਨੂੰ ਰਿਜ਼ਰਵ ਬਣਾਇਆ ਗਿਆ।"

"ਇਹ ਅਕਾਲੀਆਂ ਕੋਲ ਵੀ ਰਿਹਾ ਹੈ, ਕਾਂਗਰਸ ਕੋਲ ਵੀ ਰਿਹਾ ਹੈ, ਆਮ ਆਦਮੀ ਪਾਰਟੀ ਕੋਲ ਵੀ ਰਿਹਾ ਹੈ। ਇਸ ਹਲਕੇ ਅਤੇ ਇਲਾਕੇ ਵਿੱਚ 2017 ਦੀਆਂ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ।"

"ਵੈਸੇ ਇੱਥੋਂ ਬਲਵੀਰ ਸਿੰਘ ਘੁੰਨਸ ਜਿੱਤਦੇ ਰਹੇ ਹਨ ਪਰ ਕਦੇ ਇਸ ਹਲਕੇ ਨੂੰ ਕੋਈ ਵੱਡਾ ਆਗੂ ਨਹੀਂ ਮਿਲਿਆ ਹੈ। ਇੱਕ ਤਰ੍ਹਾਂ ਨਾਲ ਇਹ ਇੱਕ ਅਣਗੌਲਿਆ ਹਲਕਾ ਹੀ ਕਿਹਾ ਜਾ ਸਕਦਾ ਹੈ।"

ਜਦੋਂ 2012 ਵਿੱਚ ਮੁਹੰਮਦ ਸਦੀਕ ਇੱਥੋਂ ਜਿੱਤੇ ਤਾਂ ਇਹ ਹਲਕਾ ਕੁਝ ਚਰਚਾ ਵਿੱਚ ਜ਼ਰੂਰ ਆਇਆ।

ਬਲਜੀਤ ਬੱਲੀ ਕਹਿੰਦੇ ਹਨ ਕਿ ਹੋ ਸਕਦਾ ਹੈ ਇਸ ਵਾਰ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਹਲਕੇ ਨੂੰ ਕੋਈ ਵੱਡਾ ਆਗੂ ਮਿਲ ਜਾਵੇ।

ਇਸ ਹਲਕੇ ਦਾ ਇੱਕ ਰੋਚਕ ਰੁਝਾਨ ਇਹ ਵੀ ਹੈ ਕਿ ਇਹ ਹਲਕਾ ਹਵਾ ਤੋਂ ਉਲਟ ਚਲਦਾ ਹੈ।

ਪਿਛਲੇ ਕੁਝ ਚੋਣ ਨਤੀਜਿਆਂ ਮੁਤਾਬਕ , "ਜੋ ਵਿਧਾਇਕ ਇੱਥੋਂ ਜਿੱਤਦਾ ਹੈ ਉਸ ਦੀ ਪਾਰਟੀ ਦੀ ਸਰਕਾਰ ਨਹੀਂ ਬਣਦੀ। 2012 ਵਿੱਚ ਮੁਹੰਮਦ ਸਦੀਕ ਜਿੱਤੇ ਸਨ ਪਰ ਸਰਕਾਰ ਅਕਾਲੀਆਂ ਦੀ ਬਣੀ। ਫਿਰ 2017 ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਪਰ ਸਰਕਾਰ ਕਾਂਗਰਸ ਦੀ ਬਣੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਤੋਂ ਹਾਰ ਦਾ ਡਰ?

ਬੱਲੀ ਚੰਨੀ ਦੇ ਭਦੌੜ ਤੋਂ ਚੋਣ ਲੜਨ ਪਿੱਛੇ ਕਾਂਗਰਸ ਦੀ ਰਣਨੀਤੀ ਹਿੰਦੂ ਅਤੇ ਦਲਿਤ ਵੋਟ ਨੂੰ ਟਾਰਗੇਟ ਕਰਨ ਅਤੇ ਇਲਾਕੇ ਉੱਪਰ ਪ੍ਰਭਾਵ ਕਾਇਮ ਕਰਨ ਦੀ ਵੀ ਸਮਝਦੇ ਹਨ।

ਬਲਜੀਤ ਬੱਲੀ ਮੁਤਾਬਕ , "ਕਾਂਗਰਸ ਚਮਕੌਰ ਸਾਹਿਬ ਤੋਂ ਡਰ ਕੇ ਨਹੀਂ ਸਗੋ ਉਸ ਇਲਾਕੇ ਨੂੰ ਟਾਰਗੇਟ ਕਰਨ ਜਾ ਰਹੀ ਹੈ।"

"ਵਿਰੋਧੀ ਭਾਵੇਂ ਕਹੀ ਜਾਣ ਕਿ ਚੰਨੀ ਚਮਕੌਰ ਸਾਹਿਬ ਤੋਂ ਹਾਰ ਰਹੇ ਸਨ ਪਰ ਬੱਲੀ ਮੁਤਾਬਕ, ''ਕਾਂਗਰਸ ਇੱਕ ਰਣਨੀਤੀ ਤਹਿਤ ਹੀ ਅਜਿਹਾ ਕਰ ਰਹੀ ਹੈ। ਪਾਰਟੀ ਬਰਨਾਲਾ ਦੇ ਹਿੰਦੂ ਅਤੇ ਦਲਿਤ ਵੋਟਬੈਂਕ ਨੂੰ ਟਾਰਗੇਟ ਕਰਨਾ ਚਾਹ ਰਹੀ ਹੈ।''

"ਇਸ ਲਈ ਕੇਵਲ ਢਿੱਲੋਂ ਦੀ ਟਿਕਟ ਕੱਟੀ ਗਈ ਹੈ ਤੇ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬੰਸਲ ਨੂੰ ਬਰਨਾਲਾ ਤੋਂ ਟਿਕਟ ਦਿੱਤੀ ਗਈ ਹੈ ਤੇ ਭਦੌੜ ਰਿਜ਼ਰਵ ਸੀਟ ਤੋਂ ਚਰਨਜੀਤ ਸਿੰਘ ਚੰਨੀ ਉਮੀਦਵਾਰ ਬਣਾਏ ਜਾ ਰਹੇ ਹਨ।"

''ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਲੜਾਈ ਜਾ ਰਹੀ ਹੈ ਇਸ ਲਈ ਉਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ।"

''ਜਦੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਜਾਂ ਮੌਜੂਦਾ ਮੁੱਖ ਮੰਤਰੀ ਕਿਸੇ ਹਲਕੇ ਤੋਂ ਚੋਣ ਲੜਦਾ ਹੈ ਤਾਂ ਉਸ ਦਾ ਮਕਸਦ ਸਿਰਫ਼ ਹਲਕਾ ਜਿੱਤਣਾ ਨਹੀਂ ਹੁੰਦਾ ਸਗੋਂ ਉਸ ਦੇ ਨਾਲ ਆਲੇ ਦੁਆਲੇ ਦੇ ਹਲਕਿਆਂ ਉੱਪਰ ਵੀ ਅਸਰ ਪਾਉਣਾ ਹੁੰਦਾ ਹੈ।"

''ਇਸ ਲਈ ਕਾਂਗਰਸ ਦੀ ਇਹ ਰਣਨੀਤੀ ਹੋ ਸਕਦੀ ਹੈ ਕਿ ਇਹ ਚਾਰ ਪੰਜ ਸੀਟਾਂ ਜੋ ਓਦਾਂ ਕਿਸੇ ਹੋਰ ਕੋਲ ਜਾ ਸਕਦੀਆਂ ਸਨ, ਉਹ ਅਸੀਂ ਖੋਹੀਏ।"

ਭਦੌੜ ਤੋਂ ਚੰਨੀ ਦੇ ਪੱਖ ਵਿੱਚ ਕੀ-ਕੀ ਜਾਂਦਾ ਹੈ

ਬੱਲੀ ਦੱਸਦੇ ਹਨ ਕਿ, ''ਭਦੌੜ ਵਿੱਚ ਚੰਨੀ ਬਾਰੇ ਕੋਈ ਐਂਟੀ ਇਨਕੰਬੈਂਸੀ ਲਹਿਰ ਨਹੀਂ ਹੈ। ਰੇਤ ਅਤੇ ਨਕਦੀ ਫੜੇ ਜਾਣ ਦੀ ਜਿੰਨੀ ਚਰਚਾ ਦੂਜੀਆਂ ਥਾਵਾਂ ਉੱਪਰ ਹੈ, ਉਨੀ ਸ਼ਾਇਦ ਇੱਥੇ ਅੰਦਰੂਨੀ ਇਲਾਕਿਆਂ ਵਿੱਚ ਨਾ ਹੋਵੇ।"

ਇਸ ਤੋਂ ਇਲਾਵਾ ਬੱਲੀ ਨੂੰ ਲਗਦਾ ਹੈ, ''ਚੰਨੀ ਵੱਲੋਂ ਲਾਲ ਲਕੀਰ ਤੋਂ ਬਾਹਰ ਵਸਦੇ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣ ਅਤੇ ਬਿਜਲੀ ਦੀਆਂ ਕੀਮਤਾਂ ਘਟਾਏ ਜਾਣ ਦੇ ਲਏ ਗਏ ਫ਼ੈਸਲਿਆਂ ਦਾ ਅਸਰ ਗ਼ਰੀਬ ਵਰਗ ਵਿੱਚ ਹੈ। ਖ਼ਾਸ ਕਰਕੇ ਪਿੰਡਾਂ ਵਿੱਚ ਤਾਂ ਕਾਂਗਰਸ ਉਸ ਦਾ ਵੀ ਲਾਹਾ ਚੁੱਕ ਸਕਦੀ ਹੈ।"

"ਬਾਕੀਆਂ ਦੇ ਕਮਜ਼ੋਰ ਉਮੀਦਵਾਰ ਹੋਣਾ ਵੀ ਇੱਕ ਵਜ੍ਹਾ ਹੋ ਸਕਦੀ ਹੈ। ਬੱਲੀ ਮੰਨਦੇ ਹਨ,''ਕਾਂਗਰਸ ਨੂੰ ਇਹ ਲਗਦਾ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਦਾਅਵੇਦਾਰ ਬਲਬੀਰ ਸਿੰਘ ਘੁੰਨਸ ਨੂੰ ਟਿਕਟ ਨਹੀਂ ਮਿਲੀ ਇਸ ਲਈ ਅਕਾਲੀ ਦਲ ਦਾ ਉਮੀਦਵਾਰ ਵੀ ਕਮਜ਼ੋਰ ਹੈ।"

ਵੀਡੀਓ: 111 ਦਿਨ ਪੁਰਾਣੇ ਚੰਨੀ ਵਿਰੋਧੀਆਂ ਲਈ ਖ਼ਤਰਾ ਕਿਵੇਂ ਹਨ

''ਦੂਜੇ ਭਾਜਪਾ ਜੋ ਕਿ ਇਸ ਵਾਰ ਇਕੱਲਿਆਂ ਚੋਣ ਲੜ ਰਹੀ ਹੈ ਤਾਂ ਖ਼ਦਸ਼ਾ ਹੈ ਕਿ ਉਹ ਸ਼ਹਿਰੀ ਹਿੰਦੂ ਵੋਟ ਕੱਟੇਗੀ। ਤਾਂ ਕਾਂਗਰਸ ਦੀ ਇਹ ਸੋਚ ਹੋ ਸਕਦੀ ਹੈ ਕਿ ਉਸ ਦੇ ਮੁਕਾਬਲੇ ਦਲਿਤ ਵੋਟ ਨੂੰ ਇਕਜੁੱਟ ਕਰਕੇ ਉਸ ਦੀ ਭਰਪਾਈ ਕੀਤੀ ਜਾਵੇ।''

"ਇਸ ਤਰ੍ਹਾਂ ਕਾਂਗਰਸ ਨੂੰ ਇੱਥੋਂ ਚੰਨੀ ਦੀ ਉਮੀਦਵਾਰੀ ਕਾਰਨ ਕੁਝ ਸੀਟਾਂ ਦਾ ਫ਼ਾਇਦਾ ਹੋ ਸਕਦਾ ਹੈ।

ਇਸ ਦੇ ਨਾਲ ਹੀ ਚੰਨੀ ਜੋ ਕਿ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਹਨ, ਉਹ ਸੂਬੇ ਵਿੱਚ ਪੰਜਾਬ ਵਿੱਚ ਇੱਕ ਵੱਡੇ ਦਲਿਤ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ।

ਕੀ ਸਿੱਧੂ ਮੁੱਖ ਮੰਤਰੀ ਦੀ ਦੌੜ ਵਿੱਚੋਂ ਬਾਹਰ ਹੋ ਗਏ ਹਨ

ਬੱਲੀ ਦਾ ਮੰਨਣਾ ਹੈ, "ਇਹ ਕਾਂਗਰਸ ਲਈ ਬਹੁਤ ਵੱਡੀ ਦੁਚਿੱਤੀ ਸੀ, ਜੋ ਉਸ ਨੇ ਆਪ ਹੀ ਖੜ੍ਹੀ ਕੀਤੀ ਸੀ।"

"ਪਹਿਲਾਂ ਸੁਨੀਲ ਜਾਖੜ ਦਾ ਨਾਮ ਅੱਗੇ ਕੀਤਾ ਗਿਆ। ਫਿਰ ਪਾਰਟੀ ਵਿੱਚੋਂ ਹੀ ਵਿਰੋਧ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੀ ਹੋ ਸਕਦਾ ਹੈ, ਹਿੰਦੂ ਨਹੀਂ।"

ਬਲਜੀਤ ਬੱਲੀ ਦੱਸਦੇ ਹਨ, "ਫਿਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਤਾਂ ਪੰਜਾਬ ਕਾਂਗਰਸ ਦੇ ਕਈ ਆਗੂ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ਵਾਲੀ ਘਟਨਾ ਤੋਂ ਲੈ ਕੇ ਈਡੀ ਦੇ ਛਾਪਿਆਂ ਤੱਕ ਪੰਜਾਬ ਦੀ ਸਮੁੱਚੀ ਕੈਬਨਿਟ ਚੰਨੀ ਦੇ ਬਚਾਅ ਵਿੱਚ ਸਾਹਮਣੇ ਆਈ।"

''ਫਿਰ ਜਦੋਂ ਰਾਹੁਲ ਗਾਂਧੀ ਜਲੰਧਰ ਆਏ ਤਾਂ ਉਨ੍ਹਾਂ ਨੇ ਸੁਨੀਲ ਜਾਖੜ ਦਾ ਨਾਮ ਹੀ ਨਹੀਂ ਲਿਆ। ਉਨ੍ਹਾਂ ਨੂੰ ਬਾਹਰ ਕਰ ਦਿੱਤਾ।''

ਬੱਲੀ ਦਾ ਕਹਿਣਾ ਹੈ ਕਿ ਸਿੱਧੂ ਹੁਣ ਕੁਝ ਕਰ ਨਹੀਂ ਸਕਦੇ ਕਿਉਂਕਿ''ਉਹ ਅੰਮ੍ਰਿਤਸਰ ਤੋਂ ਆਪਣੇ ਕਾਗਜ਼ ਭਰ ਚੁੱਕੇ ਹਨ। ਇਸ ਲਈ ਉਹ ਰੁੱਸ ਕੇ ਨਹੀਂ ਬੈਠ ਸਕਦੇ। ਵੱਧ ਤੋਂ ਵੱਧ ਉਹ ਇਹ ਕਰ ਸਕਦੇ ਹਨ ਕਿ ਪ੍ਰਚਾਰ ਕਰਨ ਨਹੀਂ ਜਾਣਗੇ। ਉਸ ਤਰ੍ਹਾਂ ਵੀ ਦੇਖਿਆ ਜਾਵੇ ਤਾਂ ਕੋਈ ਵੱਡੀਆਂ ਰੈਲੀਆਂ ਤਾਂ ਹੋ ਨਹੀਂ ਰਹੀਆਂ। ਕਿ ਸਿੱਧੂ ਸਟਾਰ ਪ੍ਰਚਾਰਕ ਹੋਣ ਦਾ ਦਾਅਵਾ ਕਰ ਸਕਣ।''

ਕਾਂਗਰਸ ਕੋਲ ਵੀ ਕੋਈ ਵਿਕਲਪ ਨਹੀਂ ਬਚਿਆ ਹੈ। ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਨੂੰ ਟਾਈਮ ਪਾਸ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ ਤੇ ਬਾਅਦ ਵਿੱਚ ਨਹੀਂ ਬਣਾਇਆ ਜਾਵੇਗਾ।

ਇਸ ਬਾਰੇ ਬੱਲੀ ਕਹਿੰਦੇ ਹਨ ਕਿ ਜੇ, ''ਹੁਣ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਐਲਾਨਦੀ ਜਾਂ ਮੁੱਖ ਮੰਤਰੀ ਨਹੀਂ ਬਣਾਉਂਦੀ ਤਾਂ ਜੋ ਇੱਕ ਦਲਿਤ ਆਗੂ ਨੂੰ ਅੱਗੇ ਲਿਆਉਣ ਦਾ ਫ਼ਾਇਦਾ ਉਨ੍ਹਾਂ ਨੂੰ ਮਿਲਿਆ ਸੀ ਉਹ ਖੁੱਸ ਜਾਵੇਗਾ। ਸੁਨੀਲ ਜਾਖੜ ਨੂੰ ਹਟਾਉਣ ਮਗਰੋਂ ਹਿੰਦੂ ਵੋਟਰ ਨੂੰ ਢਾਹ ਉਹ ਪਹਿਲਾਂ ਹੀ ਲਗਾ ਚੁੱਕੇ ਹਨ।''

ਕੁੱਲ ਮਿਲਾ ਕੇ ਮੁੱਖ ਮੰਤਰੀ ਦੇ ਇੱਥੋਂ ਉਮੀਦਵਾਰ ਬਣਨ ਨਾਲ ਇਹ ਅਣਗੌਲਿਆ ਹਲਕਾ ਇੱਕ ਵਾਰ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਬਣਿਆ ਰਹੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)