ਯੂਕਰੇਨ - ਰੂਸ ਸੰਕਟ: ਭਾਰਤ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਯੂਕਰੇਨ ਛੱਡਣ ਦੀ ਸਲਾਹ - ਪ੍ਰੈੱਸ ਰਿਵੀਊ

ਯੂਕਰੇਨ 'ਤੇ ਹਮਲੇ ਦੇ ਖਤਰੇ ਵਿਚਕਾਰ, ਰੂਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਯੂਕਰੇਨ ਦੀ ਸਰਹੱਦ ਤੋਂ ਆਪਣੇ ਕੁਝ ਸੈਨਿਕਾਂ ਨੂੰ ਹਟਾ ਰਿਹਾ ਹੈ।

ਹਾਲਾਂਕਿ, ਯੂਕਰੇਨ ਨੇ ਕਿਹਾ ਹੈ ਕਿ ਉਹ ਰੂਸ ਦੀਆਂ ਗੱਲਾਂ 'ਤੇ ਉਦੋਂ ਹੀ ਵਿਸ਼ਵਾਸ ਕਰੇਗਾ ਜਦੋਂ ਉਹ ਰੂਸੀ ਸੈਨਿਕਾਂ ਨੂੰ ਵਾਪਸ ਜਾਂਦੇ ਹੋਏ ਦੇਖਣਗੇ। ਨਾਲ ਹੀ, ਨੇਟੋ ਨੇ ਕਿਹਾ ਹੈ ਕਿ ਇਹ ਘੋਸ਼ਣਾ 'ਉਮੀਦ ਜਗਾਉਂਦੀ ਹੈ', ਹਾਲਾਂਕਿ ਅਜੇ ਅਜਿਹੇ ਸਬੂਤ ਨਹੀਂ ਮਿਲੇ ਜੋ ਰੂਸ ਦੇ ਦਾਅਵੇ ਦੀ ਪੁਸ਼ਟੀ ਕਰ ਸਕਣ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਸਾਰੀ ਸਥਿਤੀ ਨੂੰ ਦੇਖਦਿਆਂ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਗੈਰ-ਜ਼ਰੂਰੀ ਕੰਮ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਮੌਜੂਦਾ ਸਥਿਤੀ ਦੀਆਂ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਅਸਥਾਈ ਤੌਰ 'ਤੇ ਯੂਕਰੇਨ ਤੋਂ ਬਾਹਰ ਜਾਣ ਬਾਰੇ ਵਿਚਾਰ ਕਰਨ ਲਈ ਕਿਹਾ ਹੈ।

ਦੂਤਾਵਾਸ ਨੇ ਵਿਸ਼ੇਸ਼ ਤੌਰ 'ਤੇ 20,000 ਤੋਂ ਵੱਧ ਵਿਦਿਆਰਥੀਆਂ ਨੂੰ ਦੇਸ਼ ਛੱਡਣ ਲਈ ਕਿਹਾ ਹੈ।

ਹਾਲਾਂਕਿ ਯੂਕਰੇਨ ਦੇ ਵਿਦੇਸ਼ ਮੰਤਰੀ ਡਮਿਟਰੋ ਕੁਲੇਬਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ "ਯੂਕਰੇਨ ਦੇ ਮੁਕਾਬਲੇ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜੋ ਮੁਸ਼ਕਿਲ ਭਰੀਆਂ ਅਤੇ ਖਤਰਨਾਕ ਹਨ"।

ਦੂਤਾਵਾਸ ਨੇ ਭਾਰਤੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੀ ਮੌਜੂਦਗੀ ਦੀ ਸਥਿਤੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਨ ਤਾਂ ਜੋ ਸੰਕਟ ਦੇ ਸਮੇਂ ਵਿੱਚ ਡਿਪਲੋਮੈਟ ਉਨ੍ਹਾਂ ਤੱਕ ਤੁਰੰਤ ਪਹੁੰਚ ਕਰ ਸਕਣ।

ਇਹ ਵੀ ਪੜ੍ਹੋ:

ਯੂਪੀ ਹਿੰਸਾ: ਆਸ਼ੀਸ਼ ਮਿਸ਼ਰਾ ਰਿਹਾਅ, ਸੁਪਰੀਮ ਕੋਰਟ ਜਾਵੇਗਾ ਸੰਯੁਕਤ ਕਿਸਾਨ ਮੋਰਚਾ

ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਆਰੋਪੀ ਆਸ਼ੀਸ਼ ਮਿਸ਼ਰਾ ਨੂੰ 10 ਫਰਵਰੀ ਨੂੰ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਮਿਲਣ ਤੋਂ ਪੰਜ ਦਿਨ ਬਾਅਦ, ਮੰਗਲਵਾਰ ਸ਼ਾਮ ਨੂੰ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਮਗਰੋਂ ਅਜੈ ਮਿਸ਼ਰਾ ਨੂੰ ਰਿਹਾਈ ਮਿਲ ਗਈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੰਯੁਕਤ ਕਿਸਾਨ ਮੋਰਚਾ ਇਸ ਮਾਮਲੇ 'ਚ ਹੁਣ ਸੁਪਰੀਮ ਕੋਰਟ ਦਾ ਰੁਖ ਕਰੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਮਾਮਲੇ ਵਿੱਚ ਫਿਜ਼ੀਕਲ ਹੀਅਰਿੰਗ ਦੀ ਮੰਗ ਲਈ ਸੁਪਰੀਮ ਕੋਰਟ ਵਿੱਚ ਜਾਵੇਗਾ।

ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਅਭਿਯੋਗ ਪੱਖ ਉੱਤਰ ਪ੍ਰਦੇਸ਼ ਵਿੱਚ ਆਸ਼ੀਸ਼ ਦੀ ਜ਼ਮਾਨਤ ਪਟੀਸ਼ਨ 'ਤੇ ਔਨਲਾਈਨ ਸੁਣਵਾਈ ਦੌਰਾਨ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ ਸੀ।

ਐੱਸਕੇਐੱਮ ਨੇ ਯੂਪੀ ਦੇ ਵੋਟਰਾਂ ਨੂੰ ਭਾਜਪਾ ਨੂੰ "ਸਜ਼ਾ" ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਭਾਜਪਾ ਆਪਣੇ ਵਾਅਦੇ ਨਿਭਾਉਣ ਵਿੱਚ ਅਸਫਲ ਰਹੀ ਹੈ।

ਟਰੱਕਰਾਂ ਦੇ ਵਿਰੋਧ ਨੂੰ ਲੈ ਕੇ ਆਲੋਚਨਾ ਦੇ ਚੱਲਦਿਆਂ ਓਟਵਾ ਦੇ ਪੁਲਿਸ ਪ੍ਰਮੁੱਖ ਨੇ ਦਿੱਤਾ ਅਸਤੀਫਾ

ਓਟਵਾ ਦੇ ਪੁਲਿਸ ਪ੍ਰਮੁੱਖ ਨੇ ਜਨਤਕ ਤੌਰ 'ਤੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਕੈਨੇਡਾ ਦੀ ਰਾਜਧਾਨੀ ਵਿੱਚ ਟਰੱਕਰਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਦੇ ਤਰੀਕੇ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਅਲ ਜਜ਼ੀਰਾ ਦੀ ਖ਼ਬਰ ਮੁਤਾਬਕ, ਪੀਟਰ ਸਲੋਲੀ ਨੇ ਮੰਗਲਵਾਰ ਦੁਪਹਿਰ ਨੂੰ ਆ ਰਹੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਓਟਵਾ ਪੁਲਿਸ ਸੇਵਾ ਦੇ ਪ੍ਰਮੁੱਖ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਟਵਿੱਟਰ 'ਤੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ "ਭਾਰੇ ਦਿਲ" ਨਾਲ ਇਹ ਫੈਸਲਾ ਲਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵੱਲੋਂ ਲਾਗੂ ਕੋਵਿਡ-19 ਦੇ ਟੀਕੇ ਸਬੰਧੀ ਆਦੇਸ਼ਾਂ ਤੋਂ ਬਾਅਦ ਹੀ ਟਰੱਕ ਵਾਲਿਆਂ ਦੇ ਇਹ ਮੁਜ਼ਾਹਰੇ ਸ਼ੁਰੂ ਹੋਏ, ਜਿਨ੍ਹਾਂ ਵਿੱਚ ਯੂਐਸ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕਾਂ ਲਈ ਕੋਵਿਡ-19 ਦੇ ਟੀਕੇ ਸਬੰਧੀ ਪਾਬੰਦੀ ਲਗਾਈ ਗਈ ਹੈ।

ਕੈਨੇਡਾ ਦੇ ਸਾਰੇ ਟਰੱਕਾਂ ਵਾਲਿਆਂ ਨੂੰ ਵੈਕਸੀਨ ਲਾਜ਼ਮੀ ਕਰਨ ਦੇ ਸਰਕਾਰ ਦੇ ਫ਼ੈਸਲੇ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਭਖਾ ਦਿੱਤਾ ਅਤੇ ਇਸ ਨੇ ਇੱਕ ਰੈਲੀ ਦਾ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ: