ਪੰਜਾਬ ਚੋਣਾਂ 2022: ਸਿੱਧੂ ਬਨਾਮ ਮਜੀਠੀਆ : ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਕੀ ਪਸੰਦ – ਸਿਆਸੀ ਬਿਆਨਬਾਜ਼ੀ ਜਾਂ ਮੁੱਦਿਆਂ ਦੀ ਗੱਲ - ਗਰਾਊਂਡ ਰਿਪੋਰਟ

ਤਸਵੀਰ ਸਰੋਤ, Bikram majithia/bbc
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਇੱਥੇ ਨਿੱਜੀ ਲੜਾਈ ਹੋ ਰਹੀ ਹੈ ਸਾਡੀ ਸਾਰ ਕਿਸੇ ਨੇ ਨਹੀਂ ਲੈਣੀ ਨਾ ਕੋਈ ਸਾਨੂੰ ਪਹਿਲਾਂ ਪੁੱਛਣ ਆਇਆ ਤਾਂ ਨਹੀਂ ਅੱਗੇ ਕਿਸੇ ਨੇ ਆਉਣਾ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਸ਼ਹਿਰ ਦੇ ਮੂਧਲ ਪਿੰਡ ਦੀਆਂ ਰਹਿਣ ਵਾਲੀਆਂ ਔਰਤਾਂ ਨੇ ਕੀਤਾ।
ਖਿੜੀ ਹੋਈ ਧੁੱਪ ਸੇਕ ਰਹੀਆਂ ਇਹ ਔਰਤਾਂ ਇਲਾਕੇ ਵਿਚ ਗਲੀ ਪੱਕੀ ਨਾ ਹੋਣ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ ਸਨ।
ਮੂਧਲ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਇਸੀ ਸੀਟ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਸਿਆਸੀ ਮੈਦਾਨ ਵਿਚ ਆਹਮੋ-ਸਾਹਮਣੇ ਹਨ।
ਇਸ ਸੀਟ ਦੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਹਨ।
ਸ਼ਹਿਰ ਨੁਮਾ ਪਿੰਡ ਦੀ ਫਿਰਨੀ ਦਾ ਜਦੋਂ ਗੇੜ ਮਾਰਿਆ ਤਾਂ ਦੇਖਿਆ ਕਿ ਕੱਚੀ ਗਲੀ ਵਿੱਚ ਇੰਟਰਲੌਕ ਟਾਈਲਾਂ ਲਗਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਸੀ ਪਰ ਫਿਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਵੋਟਾਂ ਕਰ ਕੇ ਹੋ ਰਿਹਾ ਹੈ।
ਮੂਧਲ ਪਿੰਡ ਦੀ ਕੁਲਦੀਪ ਕੌਰ ਆਖਦੀ ਹੈ ਕਿ ਚੋਣਾਂ ਤੋਂ ਉਨ੍ਹਾਂ ਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਕਿ ਕਿਉਂਕਿ ਉਨ੍ਹਾਂ ਦੇ ਮੁੱਦਿਆਂ ਦੀ ਗੱਲ ਬਹੁਤ ਘੱਟ ਹੋ ਰਹੀ ਹੈ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਗਲੀ ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਇਲਾਵਾ ਸਟਰੀਟ ਲਾਈਟਾਂ ਦੀ ਸਮੱਸਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਇਸ ਮੁੱਦੇ ਉੱਤੇ ਪਿੰਡ ਦੇ ਸਰਪੰਚ ਤੱਕ ਪਹੁੰਚੀ ਕੀਤੀ ਪਰ ਕੁਝ ਨਹੀਂ ਹੋਇਆ। ਰਾਜਨੀਤਿਕ ਆਗੂ ਵੋਟਾਂ ਲਈ ਉਨ੍ਹਾਂ ਕੋਲ ਆ ਰਹੇ ਹਨ ਪਰ ਜਦੋਂ ਉਹ ਕੰਮ ਨਾ ਹੋਣ ਦਾ ਸਵਾਲ ਕਰਦੇ ਹਨ ਤਾਂ ਆਗੂ ਭਰੋਸਾ ਦਿੰਦੇ ਹਨ, ਇਸ ਵਾਰ ਵੋਟਾਂ ਤੋਂ ਬਾਅਦ ਕਰਵਾ ਦਿੱਤਾ ਜਾਵੇਗਾ।

ਤਸਵੀਰ ਸਰੋਤ, Jagmohan Raju/bbc
ਉਨ੍ਹਾਂ ਮੁਤਾਬਕ ਬੇਰੁਜ਼ਗਾਰੀ ਦੇ ਨਾਲ-ਨਾਲ ਇਲਾਕੇ ਵਿਚ ਨਸ਼ਾ ਵੱਡੀ ,ਸਮੱਸਿਆ ਹੈ।
ਇਸੇ ਪਿੰਡ ਦੀ ਰਣਜੀਤ ਕੌਰ ਆਖਦੀ ਹੈ, "ਗ਼ਰੀਬਾਂ ਦੀ ਸਾਰ ਕੋਈ ਨਹੀਂ ਲੈਂਦਾ।"
ਰਣਜੀਤ ਦੱਸਦੀ ਹੈ ਕਿ ਘਰ ਵਾਲਾ ਆਟੋ ਚਲਾਉਂਦਾ ਹੈ ਅਤੇ ਉਸ ਦੇ ਨਾਲ ਹੀ ਘਰ ਚਲਦਾ ਹੈ।
ਉਹ ਕਹਿੰਦੇ ਹਨ, "ਲੌਕਡਾਊਨ ਸਮੇਂ ਸਭ ਤੋਂ ਬੁਰੇ ਦਿਨ ਉਨ੍ਹਾਂ ਨੇ ਦੇਖੇ ਹਨ। ਕੋਈ ਸਾਰ ਲੈਣ ਨਹੀਂ ਆਇਆ ਹੈ ਹੁਣ ਸਾਰੇ ਹੀ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ।"
"ਬੱਚਿਆਂ ਨੂੰ ਰੋਜ਼ਗਾਰ ਮਿਲੇ ਅਤੇ ਇਲਾਕੇ ਦਾ ਵਿਕਾਸ ਹੋਵੇ ਉਸ ਲਈ ਇਹ ਦੋ ਮੁੱਖ ਮੁੱਦੇ ਹਨ।"
ਮੌਜੂਦਾ ਚੋਣਾਂ ਬਾਰੇ ਕੀ ਰਾਏ ਹੈ, ਇਸ ਦੇ ਜਵਾਬ ਵਿਚ ਉਹ ਆਖਦੇ ਹਨ ਇੱਥੇ ਕੁਝ ਨਹੀਂ ਹੋਣਾ ਬੱਸ ਚੋਣਾਂ ਵਿਚ ਆਗੂਆਂ ਨੂੰ ਲੋਕਾਂ ਦੀ ਯਾਦ ਆਉਂਦੀ ਹੈ।
ਇਹ ਵੀ ਪੜ੍ਹੋ-
ਮੁੱਦਿਆਂ ਦੀ ਗੱਲ ਘੱਟ ਦੂਸ਼ਣਬਾਜ਼ੀ ਦੀ ਚਰਚਾ ਜ਼ਿਆਦਾ
ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਦੀ ਰਾਜਨੀਤੀ ਦੇ ਦੋ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਇਲਾਕੇ ਤੋਂ ਚੋਣ ਲੜ ਰਹੇ ਹਨ, ਇਸ ਕਰ ਕੇ ਇਹ ਸੀਟ ਹੌਟ ਬਣੀ ਹੋਈ ਹੈ।
ਪਰ ਖ਼ਾਸ ਗੱਲ ਇਹ ਹੈ ਕਿ ਇਲਾਕੇ ਵਿੱਚ ਮੁੱਦਿਆਂ ਦੇ ਨਾਲ-ਨਾਲ ਇੱਥੇ ਮਜੀਠੀਆ ਅਤੇ ਸਿੱਧੂ ਵਿਚਾਲੇ ਜ਼ਬਾਨੀ ਜੰਗ ਜ਼ਿਆਦਾ ਚਰਚਾ ਵਿੱਚ ਹੈ।
ਇਨ੍ਹਾਂ ਦੋ ਦਿੱਗਜਾਂ ਦੇ ਨਾਲ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਵੀ ਪਿੱਛੇ ਨਹੀਂ ਹੈ।
ਇਸ ਤੋਂ ਇਲਾਵਾ ਬੀਜੇਪੀ ਵੱਲੋਂ ਸੇਵਾ ਮੁਕਤ ਆਈਏਐੱਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਵੀ ਚੋਣ ਮੈਦਾਨ ਵਿੱਚ ਹਨ।
ਪਰ ਜੇਕਰ ਸਿੱਧੂ ਅਤੇ ਮਜੀਠੀਆ ਦੇ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਆਗੂ ਇੱਕ ਦੂਜੇ ਉੱਤੇ ਸ਼ਬਦੀ ਹਮਲਾ ਕਰਨ ਵਿੱਚ ਪਿੱਛੇ ਨਹੀਂ ਰਹਿ ਰਹੇ।
ਸਭ ਤੋਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਦੀ
ਕਾਂਗਰਸ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਨਵਜੋਤ ਸਿੰਘ ਸਿੱਧੂ, ਡਾਕਟਰ ਨਵਜੋਤ ਕੌਰ ਸਿੱਧੂ, ਇਨ੍ਹਾਂ ਦੀ ਧੀ ਰਾਬੀਆ ਸਿੱਧੂ ਦੇ ਹੱਥ ਵਿੱਚ ਹੈ।
ਇਹ ਸੀਟ ਪਿਛਲੇ 10 ਵਾਰਿਆਂ ਤੋਂ ਸਿੱਧੂ ਜੋੜੇ ਦੇ ਹੱਥ ਵਿਚ ਰਹੀ ਹੈ।
2012 ਵਿੱਚ ਬੀਜੇਪੀ ਦੀ ਟਿਕਟ ਉੱਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿੱਤੀ ਹਾਸਲ ਕੀਤੀ ਸੀ।
ਇਸ ਤੋਂ ਬਾਅਦ 2017 ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਇਸ ਹਲਕੇ ਤੋਂ ਚੋਣ ਲੜ ਕੇ ਬੀਜੇਪੀ ਦੇ ਉਮੀਦਵਾਰ ਨੂੰ ਕਰੀਬ 42000 ਵੋਟਾਂ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ।

ਤਸਵੀਰ ਸਰੋਤ, Getty Images
ਇਸ ਕਰ ਕੇ ਹੁਣ ਤੀਜੀ ਵਾਰ ਸਿੱਧੂ ਇਸ ਇਲਾਕੇ ਤੋਂ ਚੋਣ ਲੜ ਰਹੇ ਹਨ। ਨਵਜੋਤ ਸਿੰਘ ਛੋਟੀਆਂ ਛੋਟੀਆਂ ਰੈਲੀਆਂ ਦੇ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹਨ।
ਵਿਕਾਸ ਨੂੰ ਲੈ ਕੇ ਜਦੋਂ ਲੋਕ ਉਨ੍ਹਾਂ ਨੂੰ ਸਵਾਲ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਬੰਦ ਕਮਰਾ ਮੀਟਿੰਗ ਕਰਦੇ ਹਨ।
ਇਸ ਤੋਂ ਬਾਅਦ ਸਿੱਧੂ ਉੱਥੇ ਥੋੜ੍ਹਾ ਸਮਾਂ ਰੁਕਦੇ ਹਨ ਅਤੇ ਫਿਰ ਤੋਂ ਪ੍ਰਚਾਰ ਕਰਦੇ ਹਨ।
ਰੈਲੀਆਂ ਵਿਚ ਜਿੱਥੇ ਸਿੱਧੂ ਆਪਣੇ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਦਾ ਜ਼ਿਕਰ ਕਰਦੇ ਹਨ ਉੱਥੇ ਹੀ ਆਪਣੇ ਸਿਆਸੀ ਵਿਰੋਧੀ ਬਿਕਰਮ ਮਜੀਠੀਆ ਉੱਤੇ ਖੁੱਲੇ ਕੇ ਹਮਲਾ ਕਰਦੇ ਹਨ।
ਉਹ ਭਾਸ਼ਣ ਵਿਚ ਮਜੀਠੀਆ ਦੇ ਬਾਦਲ ਪਰਿਵਾਰ ਨਾਲ ਰਿਸ਼ਤੇ ਤੋਂ ਇਲਾਵਾ ਨਸ਼ੇ ਦਾ ਜ਼ਿਕਰ ਕਰਦੇ ਹਨ।
ਲੋਕ ਤਾੜੀਆਂ ਮਾਰ ਕੇ ਸਿੱਧੂ ਦੀਆਂ ਗੱਲਾਂ ਉੱਤੇ ਖ਼ੁਸ਼ ਹੁੰਦੇ ਹਨ। ਇਸ ਤੋਂ ਇਲਾਵਾ ਨਸ਼ੇ ਦੇ ਮੁੱਦੇ ਉੱਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਹੋਈ ਐਫਆਈਆਰ ਦਾ ਜ਼ਿਕਰ ਵੀ ਸਿੱਧੂ ਦੇ ਭਾਸ਼ਣ ਵਿੱਚ ਸ਼ਾਮਲ ਹੁੰਦਾ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਆਖਦੇ ਹਨ ਕਿ ਲੜਾਈ ਝੂਠ ਅਤੇ ਸੱਚ ਦੀ ਹੈ ਅਤੇ ਲੋਕ ਸੱਚ ਨਾਲ ਪਹਿਰਾ ਦੇਣਗੇ।
ਸਥਾਨਕ ਲੋਕਾਂ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਸਿੱਧੂ ਸਾਬ੍ਹ ਵੱਡੀ ਸ਼ਖ਼ਸੀਅਤ ਹੋਣ ਕਰ ਕੇ ਉਨ੍ਹਾਂ ਨੂੰ ਮਿਲਣਾ ਔਖਾ ਹੈ ਪਰ ਨਾਲ ਹੀ ਉਨ੍ਹਾਂ ਦਾ ਸਾਫ਼ ਸੁਥਰਾ ਅਕਸ, ਉਨ੍ਹਾਂ ਦੀ ਵੱਡੀ ਤਾਕਤ ਹੈ।
ਬਿਕਰਮ ਸਿੰਘ ਮਜੀਠੀਆ
ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਆਪਣਾ ਇਲਾਕਾ ਮਜੀਠਾ ਛੱਡ ਕੇ ਪਹਿਲੀ ਵਾਰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਹਨ।
ਸਵੇਰੇ ਸਮੇਂ ਹੀ ਲੋਕਾਂ ਦੀ ਭੀੜ ਬਿਕਰਮ ਮਜੀਠੀਆ ਦੇ ਗਰੀਨ ਐਵਿਨਿਊ ਸਥਿਤ ਕੋਠੀ ਵਿਚ ਲੱਗਣੀ ਸ਼ੁਰੂ ਹੋ ਜਾਂਦੀ।
ਵਾਰੀ-ਵਾਰੀ ਮਜੀਠੀਆ ਲੋਕਾਂ ਨੂੰ ਮਿਲਦੇ ਹਨ, ਸਥਾਨਕ ਲੋਕਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਉਂਦੇ ਹਨ।
ਇਸ ਤੋਂ ਬਾਅਦ ਬਿਕਰਮ ਮਜੀਠੀਆ ਆਪਣੇ ਚੋਣ ਪ੍ਰਚਾਰ ਉੱਤੇ ਨਿਕਲ ਜਾਂਦੇ ਹਨ। ਆਪਣੇ ਪ੍ਰਚਾਰ ਦੌਰਾਨ ਬਿਕਰਮ ਆਪਣੇ ਮਜੀਠਾ ਇਲਾਕੇ ਵਿਚ ਕੀਤੇ ਵਿਕਾਸ ਕਾਰਜਾਂ ਦੀ ਤੁਲਨਾ ਅੰਮ੍ਰਿਤਸਰ ਪੂਰਬੀ ਇਲਾਕੇ ਨਾਲ ਕਰਦੇ ਹਨ।
ਮਜੀਠੀਆ ਆਖਦੇ ਹਨ ਕਿ ਚੋਣ ਜਿੱਤਣ ਤੋਂ ਬਾਅਦ ਸਿੱਧੂ ਜੋੜੇ ਨੇ ਇਲਾਕੇ ਦੀ ਸਾਰ ਨਹੀਂ ਲਈ। ਸੜਕਾਂ, ਪੀਣ ਵਾਲੀ ਪਾਣੀ, ਸਾਫ਼ ਸਫ਼ਾਈ ਦਾ ਮੁੱਦਾ ਚੁੱਕਦੇ ਹਨ।
ਇਸ ਤੋਂ ਇਲਾਵਾ ਸਿੱਧੂ ਦਾ ਮੁੱਖ ਮੰਤਰੀ ਦਾ ਚਿਹਰਾ ਨਾ ਬਣਨ ਉੱਤੇ ਵੀ ਉਹ ਤੰਜ ਕੱਸਦੇ ਹਨ।

ਤਸਵੀਰ ਸਰੋਤ, Bikram majithia/bbc
ਲੋਕ ਤਾਲੀਆਂ ਮਾਰ ਕੇ ਮਜੀਠੀਆ ਦੀ ਗੱਲ ਦਾ ਜਵਾਬ ਦਿੰਦੇ ਹਨ। 15 ਮਿੰਟ ਦੇ ਭਾਸ਼ਣ ਵਿਚ ਬਿਕਰਮ ਮਜੀਠੀਆ ਦੇ ਭਾਸ਼ਣ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਾ ਜ਼ਿਕਰ ਬਹੁਤ ਹੀ ਘੱਟ ਹੁੰਦਾ ਹੈ ਪਰ ਜ਼ਿਆਦਾ ਹਮਲਾ ਉਹ ਸਿੱਧੂ ਉੱਤੇ ਹੀ ਕਰਦੇ ਹਨ।
ਮਜੀਠੀਆ ਦਾ ਦਾਅਵਾ ਹੈ ਕਿ 10 ਮਾਰਚ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਸ ਇਲਾਕੇ ਤੋਂ ਆਊਟ ਹੋ ਜਾਵੇਗਾ।
ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਜੀਵਨਜੋਤ ਕੌਰ ਨੂੰ ਇਸ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ।
ਚੋਣਾਂ ਵਿਚ ਜੀਵਨਜੋਤ ਕੌਰ ਨਵੇਂ ਜ਼ਰੂਰ ਹਨ ਪਰ ਹਲਕੇ ਵਿਚ ਹੋ ਰਹੀ ਸਿਆਸਤ ਤੋਂ ਨਹੀਂ।
ਜੀਵਨਜੋਤ ਕੌਰ ਭਾਸ਼ਣ ਰਾਹੀਂ ਸਿੱਧੂ ਅਤੇ ਮਜੀਠੀਆ ਉੱਤੇ ਹਮਲਾ ਕਰਦੀ ਹੈ। ਉਹ ਨਸ਼ੇ ਦੇ ਮੁੱਦੇ ਉੱਤੇ ਬਿਕਰਮ ਮਜੀਠੀਆ ਨੂੰ ਜਿੱਥੇ ਘੇਰਦੀ ਹੈ... ਉੱਥੇ ਹੀ ਇਲਾਕਾ ਦਾ ਵਿਕਾਸ ਨਾ ਕਰਵਾਉਣ ਦਾ ਇਲਜ਼ਾਮ ਨਵਜੋਤ ਸਿੰਘ ਸਿੱਧੂ ਉੱਤੇ ਲਗਾਉਂਦੀ ਹੈ।
ਇਸ ਦੇ ਨਾਲ ਹੀ ਬੀਜੇਪੀ ਨੇ ਸੇਵਾ ਮੁਕਤ ਆਈਏਐੱਸ ਅਧਿਕਾਰੀ ਜਗਮੋਹਨ ਰਾਜੂ ਨੂੰ ਟਿਕਟ ਦਿੱਤੀ ਹੈ।
ਜਗਮੋਹਨ ਰਾਜੂ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਸਰ ਆਏ ਅਤੇ ਚੋਣ ਮੈਦਾਨ ਵਿਚ ਨਿੱਤਰ ਗਏ।
ਜਗਮੋਹਨ ਰਾਜੂ ਜ਼ਿਆਦਾਤਰ ਕਾਨੂੰਨ ਵਿਵਸਥਾ ਦੇ ਨਾਲ-ਨਾਲ ਵਿਕਾਸ ਦਾ ਜ਼ਿਕਰ ਆਪਣੇ ਭਾਸ਼ਣ ਵਿਚ ਕਰਦੇ ਹਨ।
ਇਸ ਦੇ ਨਾਲ ਹੀ ਰਾਜੂ ਸਪਸ਼ਟ ਕਰਦੇ ਹਨ ਕਿ ਬੇਸ਼ੱਕ ਸਿਆਸਤ ਉਨ੍ਹਾਂ ਦੇ ਲਈ ਨਵੀਂ ਹੈ ਪਰ ਉਹ ਵਿਕਾਸ ਕਿਸ ਤਰੀਕੇ ਨਾਲ ਕਰਨਾ ਹੈ ਇਹ ਜਾਣਦੇ ਹਨ।
ਬੇਸ਼ੱਕ ਮੁਕਾਬਲਾ ਸਿੱਧੂ ਅਤੇ ਮਜੀਠੀਆ ਦੀ ਟੱਕਰ ਨੂੰ ਇਸ ਹਲਕੇ ਵਿਚ ਅਹਿਮ ਮੰਨਿਆ ਜਾ ਰਿਹਾ ਹੈ ਪਰ ਲੋਕਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ।
ਕਿਉਂ ਹੈ ਹੌਟ ਸੀਟ
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਬੇਸ਼ੱਕ ਦੋਵੇਂ ਇੱਕ ਦੂਜੇ ਨੂੰ ਚੋਣਾਂ ਵਿਚ ਟੱਕਰ ਦੇ ਰਹੇ ਹਨ ਪਰ ਦੋਵਾਂ ਦੀ ਇੱਕ ਗੱਲ ਆਪਸ ਵਿਚ ਮਿਲਦੀ ਹੈ।
ਦੋਵੇਂ ਆਪਣੇ ਸਿਆਸੀ ਕੈਰੀਅਰ ਵਿਚ ਇੱਕ ਵਾਰ ਵੀ ਚੋਣ ਨਹੀਂ ਹਾਰੇ। ਬਿਕਰਮ ਮਜੀਠੀਆ 2007 ਤੋਂ ਲਗਾਤਾਰ ਮਜੀਠਾ ਹਲਕੇ ਦੀ ਨੁਮਾਇੰਦਗੀ ਵਿਧਾਨ ਸਭਾ ਵਿਚ ਕਰਦੇ ਆ ਰਹੇ ਹਨ ਪਰ ਪੂਰਬੀ ਇਲਾਕੇ ਤੋਂ ਚੋਣ ਲੜਨ ਕਾਰਨ ਮਜੀਠਾ ਹਲਕੇ ਵਿੱਚ ਉਨ੍ਹਾਂ ਆਪਣੀ ਪਤਨੀ ਗੁਨੀਵ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਅਜੇ ਤੱਕ ਚੋਣ ਨਹੀਂ ਹਾਰੇ।
ਦੋਵੇਂ ਰਾਜਨੀਤੀ ਦੇ ਖੇਤਰ ਦੇ ਵੱਡੇ ਖਿਡਾਰੀ ਹਨ ਅਤੇ ਇਸੇ ਕਰਕੇ ਪੂਰਬੀ ਸੀਟ ਦਾ ਨਤੀਜਾ ਜਿੱਥੇ ਪੰਜਾਬ ਦੀ ਸਿਆਸਤ ਉੱਤੇ ਪ੍ਰਭਾਵ ਪਾਏਗਾ ਉੱਥੇ ਹੀ ਇਹਨਾਂ ਆਗੂਆਂ ਦਾ ਸਿਆਸੀ ਭਵਿੱਖ ਵੀ ਤੈਅ ਕਰੇਗਾ।
ਦੂਜੀ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਕਿਸੇ ਸਮੇਂ ਇਕੱਠੇ ਹੁੰਦੇ ਸਨ ਅਤੇ ਹੁਣ ਇੱਕ ਦੂਜੇ ਦੇ ਕੱਟੜ ਵਿਰੋਧੀ।
ਨਵਜੋਤ ਸਿੰਘ ਸਿੱਧੂ ਨਸ਼ੇ ਦੇ ਮੁੱਦੇ ਉੱਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬਿਕਰਮ ਸਿੰਘ ਮਜੀਠੀਆ ਨੂੰ ਘੇਰਦੇ ਆਏ ਹਨ।
ਚੋਣ ਤੋਂ ਠੀਕ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਐਫ ਆਈ ਆਰ ਦਰਜ ਹੁੰਦੀ ਹੈ ਅਤੇ ਉਹ ਰੂਪੋਸ਼ ਹੋ ਜਾਂਦੇ ਹਨ ਤਾਂ ਕਾਂਗਰਸ ਖ਼ਾਸ ਤੌਰ ਉੱਤੇ ਸਿੱਧੂ ਇੱਕ ਵਾਰ ਫਿਰ ਤੋਂ ਅਕਾਲੀ ਦਲ ਉੱਤੇ ਹਮਲਾਵਰ ਹੁੰਦੇ ਹਨ।
ਸਿੱਧੂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਇਰਾਦੇ ਨਾਲ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਹੀ ਸਿੱਧੂ ਦੇ ਹਲਕੇ ਵਿੱਚ ਚੋਣ ਮੈਦਾਨ ਵਿੱਚ ਉਤਾਰ ਇਸ ਲੜਾਈ ਨੂੰ ਸਿਆਸੀ ਤੌਰ ਉੱਤੇ ਹੋਰ ਰੋਚਕ ਬਣਾ ਦਿੱਤਾ ਇਸ ਕਰ ਕੇ ਸਭ ਦੀਆਂ ਨਜ਼ਰਾਂ ਇਸ ਸੀਟ ਉੱਤੇ ਹਨ।
ਦੂਜੇ ਪਾਸੇ ਮਜੀਠੀਆ "ਠੋਕੋ ਤਾਲੀ" ਬੋਲ-ਬੋਲ ਕੇ ਸਿੱਧੂ ਉੱਤੇ ਤੰਜ ਕੱਸ ਰਹੇ ਹਨ।
ਕਿਵੇਂ ਦਾ ਅੰਮ੍ਰਿਤਸਰ ਪੂਰਬੀ ਇਲਾਕਾ
ਅੰਮ੍ਰਿਤਸਰ ਪੂਰਬੀ ਇੱਕ ਸ਼ਹਿਰੀ ਖੇਤਰ ਹੈ ਅਤੇ ਇਲਾਕਾ ਦਾ ਵਿਕਾਸ ਇੱਕ ਵੱਡਾ ਮੁੱਦਾ ਹੈ।
ਪਹਿਲਾਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਸਾਂਸਦ ਰਹੇ ਫਿਰ 2012 ਵਿੱਚ ਉਨ੍ਹਾਂ ਦੀ ਪਤਨੀ ਨੇ ਇਹ ਸੀਟ ਜਿੱਤੀ ਅਤੇ 2017 ਵਿੱਚ ਨਵਜੋਤ ਸਿੰਘ ਸਿੱਧੂ ਨੇ ਕਰੀਬ 42000 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਸੀਟ ਆਪਣੇ ਨਾਮ ਕੀਤੀ।
ਵੀਡੀਓ: ਪੰਜਾਬ ਚੋਣਾਂ ਦਾ ਸਭ ਤੋਂ ਅਮੀਰ ਉਮੀਦਵਾਰ
ਬੀਜੇਪੀ ਦਾ ਇਲਾਕੇ ਵਿਚ ਵੱਡਾ ਆਧਾਰ ਹੈ ਕਿਉਂਕਿ 2017 ਦੇ ਚੋਣਾਂ ਨਤੀਜੇ ਵਿਚ ਉਹ ਇੱਥੋਂ ਦੂਜੇ ਨੰਬਰ ਉੱਤੇ ਰਹੀ ਸੀ।
ਅੰਮ੍ਰਿਤਸਰ ਸਿਟੀ ਵਿਚ ਪੰਜ ਵਿਧਾਨ ਸਭਾ ਹਲਕੇ ਆਉਂਦੇ ਹਨ। ਪੂਰਬੀ ਇਲਾਕਾ ਇੱਕ ਸ਼ਹਿਰੀ ਖੇਤਰ ਹੈ ਜਿਸ ਵਿਚ ਹਿੰਦੂ ਅਤੇ ਸਿੱਖਾਂ ਦੀ ਮਿਲੀ ਜੁੱਲੀ ਵਸੋਂ ਹੈ।
ਪੂਰੇ ਅੰਮਿਤਸਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਿੱਖਾਂ ਦੇ ਮੁਕਾਬਲੇ ਹਿੰਦੂਆਂ ਦੀ ਆਬਾਦੀ ਜ਼ਿਆਦਾ ਹੈ।
2011 ਦੀ ਜੰਨਸੰਖਿਆ ਮੁਤਾਬਕ ਇੱਥੇ ਹਿੰਦੂ ਭਾਈਚਾਰਾ 49.36 ਪ੍ਰਤੀਸ਼ਤ ਅਤੇ ਸਿੱਖਾਂ ਦੀ 48 ਪ੍ਰਤੀਸ਼ਤ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੋਕਾਂ ਦੀ ਰਾਏ
ਪੰਜਾਬ ਅਤੇ ਅੰਮ੍ਰਿਤਸਰ ਦੀ ਰਾਜਨੀਤੀ ਦੀ ਚਰਚਾ ਇੱਥੋਂ ਦੇ ਪ੍ਰਸਿੱਧ ਗਿਆਨੀ ਟੀ ਸਟਾਲ ਉੱਤੇ ਜ਼ਰੂਰ ਹੁੰਦੀ ਹੈ।
ਲੋਕਾਂ ਦੇ ਮਨਾਂ ਵਿਚ ਕੀ ਹੈ ਇਸ ਦਾ ਜਾਇਜ਼ਾ ਲੈਣ ਬੀਬੀਸੀ ਦੀ ਟੀਮ ਨੇ ਇੱਥੋਂ ਦੇ ਸਥਾਨਕ ਲੋਕਾਂ ਨਾਲ ਗੱਲ ਕੀਤੀ।
ਚਾਹ ਦੀ ਚੁਸਕੀਆਂ ਲੈਂਦਿਆਂ 60 ਸਾਲਾ ਸਵਤੰਤਰ ਕੁਮਾਰ ਜੈਨ ਦੱਸਦੇ ਹਨ ਕਿ ਉਨ੍ਹਾਂ ਦਾ ਇਲਾਕਾ ਅੰਮ੍ਰਿਤਸਰ ਪੂਰਬੀ ਹੈ ਪਰ ਦੋਵਾਂ ਹੀ ਆਗੂਆਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਤੋਂ ਉਹ ਨਾਖ਼ੁਸ਼ ਹਨ ਕਿਉਂਕਿ ਇਹ ਕੋਈ ਸਾਰਥਕ ਬਿਆਨਬਾਜ਼ੀ ਨਹੀਂ ਹੈ।
ਸੁਤੰਤਰ ਕੁਮਾਰ ਜੈਨ ਆਖਦੇ ਹਨ ਕਿਸੇ ਸਮੇਂ ਇਹ ਆਪਸ ਵਿਚ ਇਕੱਠੇ ਜੱਫੀਆਂ ਪਾਉਂਦੇ ਸਨ ਹੁਣ ਸਿਆਸੀ ਲੜਾਈ ਲੜ ਰਹੇ ਹਨ।

ਉਨ੍ਹਾਂ ਮੁਤਾਬਕ ਸਿੱਧੂ ਅਤੇ ਮਜੀਠੀਆ ਦੀ ਲੜਾਈ ਨਿੱਜੀ ਹੈ, ਲੋਕਾਂ ਦੇ ਲਈ ਨਹੀਂ।
ਉਹ ਦੱਸਦੇ ਹਨ ਕਿ ਦੋਵੇਂ ਪੜੇ ਲਿਖੇ ਹਨ ਪਰ ਜੋ ਭਾਸ਼ਾ ਭਾਸ਼ਣ ਵਿਚ ਇੱਕ ਦੂਜੇ ਦੇ ਖ਼ਿਲਾਫ਼ ਇਸਤੇਮਾਲ ਕਰਦੇ ਹਨ ਉਹ ਠੀਕ ਨਹੀਂ ਹੈ।
ਕਾਰੋਬਾਰੀ ਰਾਕੇਸ਼ ਕੁਮਾਰ ਆਖਦੇ ਹਨ ਕਿ ਮੁਤਾਬਕ ਬੇਰੁਜ਼ਗਾਰੀ, ਨਸ਼ਾ, ਵਿਕਾਸ ਅੰਮ੍ਰਿਤਸਰ ਸ਼ਹਿਰ ਦੇ ਨਾਲ ਨਾਲ ਪੂਰੇ ਪੰਜਾਬ ਲਈ ਪ੍ਰਮੁੱਖ ਮੁੱਦੇ ਹਨ ਪਰ ਇਸ ਦਾ ਜ਼ਿਕਰ ਬਹੁਤ ਘੱਟ ਹੋ ਰਿਹਾ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇੱਕ ਬੇਟਾ ਹੈ ਉਹ ਵੀ ਦਿੱਲੀ ਵਿਚ ਨੌਕਰੀ ਕਰਦਾ ਹੈ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਹੈ, ਹਰ ਕੋਈ ਵਿਦੇਸ਼ ਜਾਣ ਚਾਹੁੰਦਾ ਹੈ।
ਇਨ੍ਹਾਂ ਦੇ ਸਾਥੀ ਅਸ਼ੋਕ ਜੈਨ ਆਖਦੇ ਹਨ ਕਿ ਇਸ ਵਾਰ ਜੋ ਚੋਣਾਂ ਵਿਚ ਸਿਆਸੀ ਪਾਰਟੀ ਦੀ ਸਥਿਤੀ ਹੈ ਉਸ ਨੂੰ ਦੇਖਦੇ ਇੱਕ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ ਸਗੋਂ ਖਿਚੜੀ ਬਣਨ ਦੇ ਆਸਾਰ ਜ਼ਿਆਦਾ ਹਨ।

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2



















