ਪੰਜਾਬ ਚੋਣਾਂ 2022: ਟੀਵੀ ਦੇ ਫਰੇਮ ਤੋਂ ਲੈ ਕੇ ਮੰਜੇ ’ਤੇ ਸਵਾਰ ਹੋ ਕੇ ਉਮੀਦਵਾਰਾਂ ਦਾ ਅਨੋਖਾ ਪ੍ਰਚਾਰ

ਸਾਈਕਲ ਤੇ ਚੋਣ ਪ੍ਰਚਾਰ ਕਰਦੇ ਸ਼ਾਮ ਲਾਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਈਕਲ 'ਤੇ ਚੋਣ ਪ੍ਰਚਾਰ ਕਰਦੇ ਸ਼ਾਮ ਲਾਲ ਗਾਂਧੀ
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਮੇਰਾ ਚੋਣ ਨਿਸ਼ਾਨ ਟੀਵੀ ਹੈ ਤੇ ਮੇਰੇ ਇੱਕ ਦੋਸਤ ਨੇ ਪੁਰਾਣਾ ਟੀਵੀ ਮੈਨੂੰ ਮੁਫ਼ਤ ਦਿੱਤਾ ਹੈ। ਹੁਣ ਮੈਂ ਉਸ ਨੂੰ ਸਾਈਕਲ 'ਤੇ ਰੱਖ ਕੇ ਘਰ-ਘਰ ਚੋਣ ਪ੍ਰਚਾਰ ਕਰਦਾ ਹਾਂ।"

ਹਲਫਨਾਮੇ ਮੁਤਾਬਕ ਮਜ਼ਦੂਰ ਅਤੇ ਸਬਜ਼ੀਆਂ ਵੇਚਣ ਵਾਲੇ ਸ਼ਾਮ ਲਾਲ ਗਾਂਧੀ ਅੰਮ੍ਰਿਤਸਰ ਪੱਛਮੀ ਤੋਂ ਆਜ਼ਾਦ ਉਮੀਦਵਾਰ ਹਨ।

ਉਨ੍ਹਾਂ ਨਾਲ ਗੱਲ ਕਰਦੇ ਸਮੇਂ ਕੋਲੋਂ ਦੀ ਵੱਡੇ ਆਗੂ ਵਾਸਤੇ ਚੋਣ ਪ੍ਰਚਾਰ ਕਰਦਾ ਵਾਹਨ ਨਿਕਲਦਾ ਹੈ। ਸ਼ਾਮ ਲਾਲ ਗਾਂਧੀ ਰੌਲੇ ਕਾਰਨ ਚੁੱਪ ਹੋ ਜਾਂਦੇ ਹਨ।

ਵਾਹਨ ਦੇ ਦੂਰ ਲੰਘ ਜਾਣ 'ਤੇ ਆਪਣੀ ਗੱਲ ਜਾਰੀ ਰੱਖਦੇ ਹੋਏ ਆਖਦੇ ਹਨ, "ਵੱਡੀਆਂ ਪਾਰਟੀਆਂ ਵਾਂਗੂੰ ਆਜ਼ਾਦ ਉਮੀਦਵਾਰ ਨੂੰ ਫੰਡ ਨਹੀਂ ਮਿਲਦਾ। ਲੋਕ ਉਮੀਦਵਾਰ ਨੂੰ ਉਸ ਦੇ ਚੋਣ ਨਿਸ਼ਾਨ ਤੋਂ ਜਾਣਦੇ ਹਨ ਇਸ ਲਈ ਮੈਂ ਆਪਣਾ ਚੋਣ ਨਿਸ਼ਾਨ ਨਾਲ ਲੈ ਕੇ ਜਾਂਦਾ ਹਾਂ।

ਸ਼ਾਮ ਲਾਲ ਗਾਂਧੀ ਸਮੇਤ ਬੀਬੀਸੀ ਕੁਝ ਅਜਿਹੇ ਉਮੀਦਵਾਰਾਂ ਬਾਰੇ ਦੱਸ ਰਿਹਾ ਹੈ ਜੋ ਨਿਵੇਕਲੀ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਆਪਣੇ ਚੋਣ ਨਿਸ਼ਾਨ ਨੂੰ ਚੋਣ ਪ੍ਰਚਾਰ ਦੌਰਾਨ ਵਰਤ ਰਹੇ ਹਨ।

ਇਹ ਵੀ ਪੜ੍ਹੋ:

ਚੋਣ ਨਿਸ਼ਾਨ ਆਟੋ ਰਿਕਸ਼ਾ ਤੇ ਪ੍ਰਚਾਰ ਕਰਦੇ ਵਿਧਾਇਕ

ਨਵਾਂਸ਼ਹਿਰ ਤੋਂ ਵਿਧਾਇਕ ਜੋ ਇਸ ਵਾਰ ਆਜ਼ਾਦ ਚੋਣਾਂ ਲੜ ਰਹੇ ਅੰਗਦ ਸਿੰਘ ਨੂੰ ਆਟੋ ਰਿਕਸ਼ਾ ਚੋਣ ਨਿਸ਼ਾਨ ਦਿੱਤਾ ਗਿਆ ਹੈ।

ਘਰ-ਘਰ ਜਾ ਕੇ ਪ੍ਰਚਾਰ ਅਤੇ ਨੁੱਕੜ ਸਭਾਵਾਂ ਦੇ ਨਾਲ-ਨਾਲ ਅੰਗਦ ਆਟੋ ਰਿਕਸ਼ੇ ਵਿੱਚ ਬੈਠ ਕੇ ਵੀ ਪ੍ਰਚਾਰ ਕਰ ਰਹੇ ਹਨ।

ਆਟੋ ਰਿਕਸ਼ਾ 'ਤੇ ਬੈਠ ਕੇ ਚੋਣ ਪ੍ਰਚਾਰ ਕਰਦਿਆਂ ਅੰਗਦ ਸਿੰਘ

ਤਸਵੀਰ ਸਰੋਤ, ANGAD SINGH/FB

ਤਸਵੀਰ ਕੈਪਸ਼ਨ, ਆਟੋ ਰਿਕਸ਼ਾ 'ਤੇ ਬੈਠ ਕੇ ਚੋਣ ਪ੍ਰਚਾਰ ਕਰਦੇ ਅੰਗਦ ਸਿੰਘ

ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਅੰਗਦ ਸਿੰਘ ਦੀ ਪਾਰਟੀ ਵੱਲੋਂ ਟਿਕਟ ਕੱਟ ਦਿੱਤੀ ਗਈ ਹੈ ਜਿਸ ਦੇ ਰੋਸ ਵਜੋਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਹਨ।

ਅੰਗਦ ਸਿੰਘ ਨੂੰ ਉਨ੍ਹਾਂ ਦੇ ਪ੍ਰਚਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਸਾਡਾ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਹੈ ਅਤੇ ਲੋਕ ਮੈਨੂੰ ਪੰਜੇ ਦੇ ਉਮੀਦਵਾਰ ਦੇ ਤੌਰ 'ਤੇ ਹੀ ਪਛਾਣਦੇ ਹਨ। ਇਸ ਲਈ ਆਪਣੇ ਨਵੇਂ ਚੋਣ ਨਿਸ਼ਾਨ ਆਟੋ ਰਿਕਸ਼ਾ ਦੀ ਵਰਤੋਂ ਕਰ ਕੇ ਮੈਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਥੋੜ੍ਹਾ ਚੈਲੇਂਜਿੰਗ ਹੈ।"

ਮੰਜੇ 'ਤੇ ਬੈਠ ਕੇ ਚੋਣ ਪ੍ਰਚਾਰ

ਅੰਮ੍ਰਿਤਸਰ ਉੱਤਰੀ ਤੋਂ ਬਹੁਜਨ ਮੁਕਤੀ ਪਾਰਟੀ ਉਮੀਦਵਾਰ ਦੇ ਤੌਰ 'ਤੇ ਲੜ ਰਹੇ ਮੌਰਿਸ ਪੇਸ਼ੇ ਵਜੋਂ ਇੱਕ ਮਜ਼ਦੂਰ ਹਨ ਅਤੇ ਉਨ੍ਹਾਂ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ।

ਘਰ ਘਰ ਜਾ ਕੇ ਪ੍ਰਚਾਰ ਤੋਂ ਇਲਾਵਾ ਉਹ ਮੰਜੇ 'ਤੇ ਬੈਠ ਕੇ ਵੀ ਪ੍ਰਚਾਰ ਕਰ ਰਹੇ ਹਨ ਜੋ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਵੀ ਹੈ।

ਉਨ੍ਹਾਂ ਦਾ 11 ਮੈਂਬਰਾਂ ਦਾ ਸਾਂਝਾ ਪਰਿਵਾਰ ਹੈ ਜਿਸ ਦਾ ਗੁਜ਼ਾਰਾ ਉਹ ਮਿਹਨਤ ਮਜ਼ਦੂਰੀ ਅਤੇ ਸਬਜ਼ੀ ਵੇਚ ਕੇ ਕਰਦੇ ਹਨ।

ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਤਨੀ ਦੀ ਕੁੱਲ ਚੱਲ ਅਚੱਲ ਜਾਇਦਾਦ 71 ਹਜ਼ਾਰ ਰੁਪਏ ਹੈ ਜਿਸ ਵਿੱਚ 22 ਹਜ਼ਾਰ ਰੁਪਏ ਨਕਦੀ ਕੁਝ ਗ੍ਰਾਮ ਸੋਨਾ ਅਤੇ ਚਾਂਦੀ ਹੈ।

ਮੌਰਿਸ ਨੇਦੱਸਿਆ ਕਿ ਉਨ੍ਹਾਂ ਕੋਲ ਮਹਿੰਗੇ ਚੋਣ ਪ੍ਰਚਾਰ ਲਈ ਪੈਸੇ ਨਹੀਂ ਹਨ

ਤਸਵੀਰ ਸਰੋਤ, MORRIS MASIH

ਤਸਵੀਰ ਕੈਪਸ਼ਨ, ਮੌਰਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਮਹਿੰਗੇ ਚੋਣ ਪ੍ਰਚਾਰ ਲਈ ਪੈਸੇ ਨਹੀਂ ਹਨ

ਮੌਰਿਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਮਹਿੰਗੇ ਚੋਣ ਪ੍ਰਚਾਰ ਲਈ ਪੈਸੇ ਨਹੀਂ ਹਨ ਅਤੇ ਨਾ ਹੀ ਉਹ ਜਗ੍ਹਾ ਜਗ੍ਹਾ 'ਤੇ ਆਪਣੇ ਪੋਸਟਰ ਲਗਵਾ ਸਕਦੇ ਹਨ।

ਕੁਝ ਸ਼ੁਭਚਿੰਤਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੇ ਲਗਭਗ 1000 ਪੈਂਫਲੇਟ ਛਪਵਾਏ ਹਨ ਜੋ ਚੋਣ ਪ੍ਰਚਾਰ ਦੌਰਾਨ ਘਰ ਘਰ ਜਾ ਕੇ ਵੰਡਦੇ ਹਨ।

ਚੋਣਾਂ ਲੜਨ ਦੇ ਫ਼ੈਸਲੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਪਿਛੜੇ ਵਰਗ ਲਈ ਸਰਕਾਰਾਂ ਵੱਲੋਂ ਯੋਜਨਾਵਾਂ ਲਿਆਂਦੀਆਂ ਜਾਂਦੀਆਂ ਹਨ ਪਰ ਉਨ੍ਹਾਂ 'ਤੇ ਅਮਲ ਨਹੀਂ ਕੀਤਾ ਜਾਂਦਾ ਭਾਵੇਂ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੋਵੇ ਜਾਂ ਮੁਫ਼ਤ ਸਿੱਖਿਆ ਦੀ ਸੁਵਿਧਾ।

ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਅਤੇ ਕਾਂਗਰਸ ਦੇ ਸੁਨੀਲ ਦੱਤੀ ਚੋਣ ਮੈਦਾਨ ਵਿੱਚ ਹਨ।

ਸਾਈਕਲ ਉਪਰ ਟੀਵੀ ਨਾਲ ਪ੍ਰਚਾਰ ਕਰਦੇ 'ਗਾਂਧੀ'

ਅੰਮ੍ਰਿਤਸਰ ਪੱਛਮੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜ ਰਹੇ ਸ਼ਾਮ ਲਾਲ ਗਾਂਧੀ ਦਾ ਚੋਣ ਪ੍ਰਚਾਰ ਨਿਵੇਕਲਾ ਹੈ। ਸ਼ਾਮ ਲਾਲ ਦੇ ਹਲਫਨਾਮੇ ਮੁਤਾਬਕ ਉਹ ਅਨਪੜ੍ਹ ਹਨ ਅਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਚੱਲ ਅਚੱਲ ਜਾਇਦਾਦ 41 ਹਜ਼ਾਰ ਰੁਪਏ ਹੈ।

ਮਹਾਤਮਾ ਗਾਂਧੀ ਦੀ ਵਿਚਾਰਧਾਰਾ ਉਪਰ ਯਕੀਨ ਰੱਖਣ ਵਾਲੇ ਸ਼ਾਮ ਲਾਲ ਦਾ ਨਾਮ ਹੁਣ ਸ਼ਾਮ ਲਾਲ ਗਾਂਧੀ ਪੈ ਗਿਆ ਹੈ।

ਉਨ੍ਹਾਂ ਦਾ ਚੋਣ ਚਿੰਨ੍ਹ ਟੈਲੀਵਿਜ਼ਨ ਹੈ ਇਸੇ ਲਈ ਉਹ ਆਪਣੇ ਸਾਈਕਲ ਦੇ ਉੱਪਰ ਟੈਲੀਵਿਜ਼ਨ ਫਰੇਮ ਰੱਖ ਕੇ ਉਸ ਵਿੱਚ ਹੱਥ ਜੋੜ ਕੇ ਘਰ ਘਰ ਪ੍ਰਚਾਰ ਕਰਦੇ ਹਨ।

ਗਾਂਧੀ ਦੀ ਵਿਚਾਰਧਾਰਾ ਉਪਰ ਯਕੀਨ ਰੱਖਣ ਵਾਲੇ ਸ਼ਾਮ ਲਾਲ ਦਾ ਨਾਮ ਹੁਣ ਸ਼ਾਮ ਲਾਲ ਗਾਂਧੀ ਪੈ ਗਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਧੀ ਦੀ ਵਿਚਾਰਧਾਰਾ ਉਪਰ ਯਕੀਨ ਰੱਖਣ ਵਾਲੇ ਸ਼ਾਮ ਲਾਲ ਦਾ ਨਾਮ ਹੁਣ ਸ਼ਾਮ ਲਾਲ ਗਾਂਧੀ ਪੈ ਗਿਆ ਹੈ

ਗਾਂਧੀ ਦੱਸਦੇ ਹਨ ਕਿ ਮਹਾਂਮਾਰੀ ਕਾਰਨ ਉਨ੍ਹਾਂ ਦੀ ਪਤਨੀ ਅਤੇ ਬੱਚਾ ਉੱਤਰ ਪ੍ਰਦੇਸ਼ ਵਿੱਚ ਹਨ। ਗਾਂਧੀ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਕੇ ਸਾਈਕਲ ਉਪਰ ਆਪਣੇ ਚੋਣ ਪ੍ਰਚਾਰ ਲਈ ਨਿਕਲ ਜਾਂਦੇ ਹਨ।

ਵੱਡੀਆਂ ਰੈਲੀਆਂ ਉੱਪਰ ਰੋਕ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਗਾਂਧੀ ਆਖਦੇ ਹਨ ਕਿ ਰੈਲੀਆਂ ਉੱਪਰ ਇਸ ਰੋਕ ਕਾਰਨ ਲੋਕ ਉਨ੍ਹਾਂ ਵਰਗੇ ਛੋਟੇ ਅਤੇ ਆਜ਼ਾਦ ਉਮੀਦਵਾਰਾਂ ਵੱਲ ਧਿਆਨ ਦੇ ਰਹੇ ਹਨ।

ਗਾਂਧੀ ਦੇ ਖ਼ਿਲਾਫ਼ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵਰਗੇ ਨਾਮ ਸ਼ਾਮਿਲ ਹਨ।

ਢਾਬਾ ਅਤੇ ਬੈਟ ਸੰਭਾਲਦੇ ਬਾਲਕ੍ਰਿਸ਼ਨ

ਅੰਮ੍ਰਿਤਸਰ ਉੱਤਰੀ ਤੋਂ ਹੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਾਂਕਣ ਭਰਨ ਵਾਲੇ 61 ਸਾਲਾ ਬਾਲ ਕ੍ਰਿਸ਼ਨ ਸ਼ਰਮਾ ਦਾ ਆਪਣਾ ਢਾਬਾ ਹੈ।

ਉਹ ਆਪਣੇ ਵਾਸਤੇ ਚੋਣ ਪ੍ਰਚਾਰ ਵੀ ਕਰਦੇ ਹਨ ਅਤੇ ਕਈ ਵਾਰ ਢਾਬੇ 'ਤੇ ਸਹਾਇਤਾ ਵੀ ਕਰਵਾ ਦਿੰਦੇ ਹਨ। ਮੈਟ੍ਰਿਕ ਪਾਸ ਬਾਲ ਕ੍ਰਿਸ਼ਨ ਸ਼ਰਮਾ ਤਿੰਨ ਵਾਰ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜ ਚੁੱਕੇ ਹਨ।

ਬਾਲ ਕ੍ਰਿਸ਼ਨ ਸ਼ਰਮਾ ਤਿੰਨ ਵਾਰ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜ ਚੁੱਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਲ ਕ੍ਰਿਸ਼ਨ ਸ਼ਰਮਾ ਤਿੰਨ ਵਾਰ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜ ਚੁੱਕੇ ਹਨ।

ਉਨ੍ਹਾਂ ਦਾ ਚੋਣ ਨਿਸ਼ਾਨ ਬੱਲਾ ਹੈ ਅਤੇ ਆਪਣੇ ਪ੍ਰਚਾਰ ਦੌਰਾਨ ਉਹ ਇਸ ਨੂੰ ਨਾਲ ਲੈ ਕੇ ਚੱਲਦੇ ਹਨ। ਚੋਣਾਂ ਲੜਨ ਬਾਰੇ ਆਪਣੇ ਫ਼ੈਸਲੇ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ, ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ, ਕਾਂਗਰਸ ਦੇ ਸੁਨੀਲ ਦੱਤੀ ਇਸ ਵਿਧਾਨ ਸਭਾ ਹਲਕੇ ਤੋਂ ਮੁੱਖ ਉਮੀਦਵਾਰ ਹਨ।

ਸਕੂਟੀ 'ਤੇ ਚੋਣ ਪ੍ਰਚਾਰ ਕਰਦੀ ਨਰਿੰਦਰ ਕੌਰ

ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੂੰ ਅਕਸਰ ਟਰੈਕਟਰ ਅਤੇ ਸਕੂਟੀ 'ਤੇ ਚੋਣ ਪ੍ਰਚਾਰ ਕਰਦੇ ਦੇਖਿਆ ਗਿਆ ਹੈ।

27 ਸਾਲਾ ਨਰਿੰਦਰ ਨੇ ਵਕਾਲਤ ਕੀਤੀ ਹੈ ਅਤੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।

ਵੀਡੀਓ ਕੈਪਸ਼ਨ, ਪੰਜਾਬ ਚੌਣਾਂ: ਪੋਲਿੰਗ ਏਜੰਟ ਬਣ ਕੇ ਪਿੰਡ ਦੀ ਕੁੜੀ ਨੇ ਕਿਵੇਂ ਕੀਤੀ MLA ਦੀ ਟਿਕਟ ਹਾਸਿਲ

ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਮਾਤਾ ਵੀ ਅਕਸਰ ਨਾਲ ਨਜ਼ਰ ਆਉਂਦੇ ਹਨ।

ਨਰਿੰਦਰ ਕੌਰ ਭਰਾਜ ਖ਼ਿਲਾਫ਼ ਚੋਣ ਮੈਦਾਨ ਵਿੱਚ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਹਨ।

'ਮੈਂ ਹੀਰਾ ਹਾਂ, ਮੇਰਾ ਚੋਣ ਨਿਸ਼ਾਨ ਵੀ ਹੀਰਾ ਹੈ'

ਲੁਧਿਆਣਾ ਉੱਤਰੀ ਤੋਂ ਆਜ਼ਾਦ ਉਮੀਦਵਾਰ ਰਮਨਜੀਤ ਬੱਦਨ ਲਾਲੀ ਪਹਿਲਾਂ ਕਾਂਗਰਸ ਨਾਲ ਜੁੜੇ ਸਨ।

ਉਨ੍ਹਾਂ ਨੇ ਆਪਣਾ ਚੋਣ ਦਫ਼ਤਰ ਇੱਕ ਝੌਂਪੜੀ ਵਿੱਚ ਬਣਾ ਕੇ ਖੋਲ੍ਹਿਆ ਹੈ ਅਤੇ ਉਨ੍ਹਾਂ ਦਾ ਚੋਣ ਨਿਸ਼ਾਨ ਹੀਰਾ ਹੈ।

ਝੌਂਪੜੀ ਵਿੱਚ ਚੋਣ ਦਫ਼ਤਰ ਖੋਲ੍ਹਣ ਬਾਰੇ ਲਾਲੀ ਨੇ ਦੱਸਿਆ ਕਿ ਮਨੁੱਖ ਦੇ ਵੱਡੇ ਵਡੇਰੇ ਹੁੰਦਾ ਪਹਿਲਾਂ ਘਰ ਝੁੱਗੀਆਂ ਝੌਂਪੜੀਆਂ ਹੀ ਹੋਇਆ ਕਰਦੇ ਸਨ ਅਤੇ ਉਹ ਲੋਕਾਂ ਨੂੰ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦੇਣਾ ਚਾਹੁੰਦੇ ਹਨ।

ਝੌਂਪੜੀ ਵਿੱਚ ਚੋਣ ਦਫ਼ਤਰ ਖੋਲ੍ਹਣ ਬਾਰੇ ਲਾਲੀ ਨੇ ਦੱਸਿਆ ਕਿ ਮਨੁੱਖ ਦੇ ਵੱਡੇ ਵਡੇਰੇ ਹੁੰਦਾ ਪਹਿਲਾਂ ਘਰ ਝੁੱਗੀਆਂ ਝੌਂਪੜੀਆਂ ਹੀ ਹੋਇਆ ਕਰਦੇ ਸਨ

ਤਸਵੀਰ ਸਰੋਤ, RAMANJIT LAALI

ਤਸਵੀਰ ਕੈਪਸ਼ਨ, ਝੌਂਪੜੀ ਵਿੱਚ ਚੋਣ ਦਫ਼ਤਰ ਖੋਲ੍ਹਣ ਬਾਰੇ ਲਾਲੀ ਨੇ ਦੱਸਿਆ ਕਿ ਮਨੁੱਖ ਦੇ ਵੱਡੇ ਵਡੇਰੇ ਹੁੰਦਾ ਪਹਿਲਾਂ ਘਰ ਝੁੱਗੀਆਂ ਝੌਂਪੜੀਆਂ ਹੀ ਹੋਇਆ ਕਰਦੇ ਸਨ

ਦਲਿਤ ਭਾਈਚਾਰੇ ਨਾਲ ਸਬੰਧਿਤ ਰਮਨਜੀਤ ਲਾਲੀ ਆਖਦੇ ਹਨ,"ਮੈਂ ਦਲਿਤ ਸਮਾਜ ਦਾ ਹੀਰਾ ਹਾਂ ਅਤੇ ਮੈਨੂੰ ਚੋਣ ਨਿਸ਼ਾਨ ਵੀ ਹੀਰਾ ਮਿਲਿਆ ਹੈ।"

ਸਮਾਜਿਕ ਅਤੇ ਆਰਥਿਕ ਬਰਾਬਰੀ,ਸਿੱਖਿਆ ਦਾ ਪ੍ਰਸਾਰ ਇਲਾਕੇ ਵਿੱਚ ਕਾਲਜ ਅਤੇ ਬਜ਼ੁਰਗ ਨਾਗਰਿਕਾਂ ਲਈ ਸੀਨੀਅਰ ਸਿਟੀਜ਼ਨ ਹੋਮ ਖੋਲ੍ਹਣਾ ਉਨ੍ਹਾਂ ਦੇ ਚੋਣ ਮਨੋਰਥ ਵਿੱਚ ਸ਼ਾਮਿਲ ਹੈ।

ਪੇਸ਼ੇ ਵਜੋਂ ਹੌਜ਼ਰੀ ਵਪਾਰ ਨਾਲ ਜੁੜੇ ਰਮਨਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਉਨ੍ਹਾਂ ਦੀ ਪ੍ਰਚਾਰ ਅਤੇ ਆਰਥਿਕ ਸਹਾਇਤਾ ਕਰ ਰਹੇ ਹਨ।

ਸੀਸੀਟੀਵੀ ਨਾਲ ਚੋਣ ਪ੍ਰਚਾਰ

ਅੰਮ੍ਰਿਤਸਰ( ਪੂਰਬੀ) ਪੰਜਾਬ ਦੀਆਂ ਸਭ ਤੋਂ ਵਧੇਰੇ ਚਰਚਿਤ ਸੀਟਾਂ ਵਿੱਚ ਸ਼ਾਮਿਲ ਹੈ ਜਿੱਥੇ ਮੁਕਾਬਲਾ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੈ। ਅਜਿਹੇ ਵਿੱਚ ਇੱਥੋਂ ਇੱਕ ਉਮੀਦਵਾਰ ਰਮੇਸ਼ ਸ਼ੁਕਲਾ ਸਫ਼ਰ ਹਨ ਜੋ ਆਪਣੇ ਹਲਫ਼ਨਾਮੇ ਮੁਤਾਬਕ ਕਾਮੇਡੀਅਨ ਹਨ ਅਤੇ ਆਸ ਪੰਜਾਬ ਪਾਰਟੀ ਦੇ ਉਮੀਦਵਾਰ ਹਨ।

ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਸਫ਼ਰ ਸ਼ੁਕਲਾ ਹੱਥ ਵਿੱਚ ਸੀਸੀਟੀਵੀ ਲੈ ਕੇ ਪ੍ਰਚਾਰ ਕਰਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਸਫ਼ਰ ਸ਼ੁਕਲਾ ਹੱਥ ਵਿੱਚ ਸੀਸੀਟੀਵੀ ਲੈ ਕੇ ਪ੍ਰਚਾਰ ਕਰਦੇ ਹਨ

ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਸੀਸੀਟੀਵੀ ਚੋਣ ਨਿਸ਼ਾਨ ਵਜੋਂ ਦਿੱਤਾ ਗਿਆ ਹੈ।

ਸ਼ੁਕਲਾ ਸਕੂਟਰ ਚਲਾਉਂਦੇ ਹੋਏ ਹੱਥ ਵਿਚ ਸੀਸੀਟੀਵੀ ਲੈ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)