ਪੰਜਾਬ ਚੋਣਾਂ : ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਕੀ ਹਨ ਮਾਅਨੇ ਤੇ ਕੀ ਹੋਵੇਗਾ ਸਿੱਧੂ ਦਾ ਭਵਿੱਖ -ਨਜ਼ਰੀਆ

ਤਸਵੀਰ ਸਰੋਤ, JASBIR/BBC
- ਲੇਖਕ, ਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ।
ਉਨ੍ਹਾਂ ਵੱਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਐਲਾਨਿਆ ਗਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਰਹੇ ਸਨ। ਦੋਵਾਂ ਆਗੂਆਂ ਵਿਚੋਂ ਇੱਕ ਦੀ ਚੋਣ ਪਾਰਟੀ ਲਈ ਕਾਫ਼ੀ ਮੁਸ਼ਕਲ ਫ਼ੈਸਲਾ ਸੀ।
ਇਸ ਐਲਾਨ ਦੀਆਂ ਪੇਚੀਦਗੀਆਂ ਸਮਝਣ ਲਈ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲ ਕੀਤੀ।
ਪੇਸ਼ ਹਨ ਇਸ ਗੱਲਬਾਤ ਦੇ ਚੋਣਵੇਂ ਸਵਾਲ ਜਵਾਬ-
ਕਾਂਗਰਸ ਪਾਰਟੀ ਦਾ ਹੁਣ ਤੱਕ ਜਿੰਨਾ ਨੁਕਸਾਨ ਹੋਇਆ ਤੇ ਅੱਜ ਦੇ ਐਲਾਨ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਕਾਂਗਰਸ ਨੇ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ, ਜੋ ਲਗਭਗ ਪਤਾ ਹੀ ਸੀ।
ਮੇਰਾ ਆਪਣਾ ਖਿਆਲ ਹੈ ਕਿ ਜਦੋਂ ਪਾਰਟੀ ਦਾ ਮੁੱਖ ਮੰਤਰੀ ਹੋਵੇ ਤੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਮੁੱਖ ਮੰਤਰੀ ਐਲਾਨ ਕਰਨਾ ਇਹ ਬਹੁਤ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ।
ਜਦੋਂ ਪਾਰਟੀ ਸੱਤਾ ਵਿੱਚ ਨਾ ਹੋਵੇ ਉਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਠੀਕ ਹੈ।
ਹਾਲਾਂਕਿ ਜਦੋਂ ਰਾਜਨੀਤਕ ਦਲ ਸੱਤਾ ਵਿੱਚ ਹੈ ਤਾਂ ਉਸ ਦੀ ਥਾਂ ਮੇਰੇ ਖ਼ਿਆਲ ਵਿਚ ਕਿਸੇ ਹੋਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣਾ ਠੀਕ ਨਹੀਂ ਹੈ।

ਇਹਦਾ ਮਤਲਬ ਹੈ ਜੋ ਮੁੱਖ ਮੰਤਰੀ ਹਨ, ਉਸ ਦੀ ਸਾਰੀ ਕਾਰਗੁਜ਼ਾਰੀ, ਜਿਸ ਦੇ ਕੰਮਕਾਜ 'ਤੇ ਤੁਸੀਂ ਚੋਣ ਲੜਨੀ ਹੈ, ਉਹ ਸਿਫ਼ਰ ਹੋ ਗਿਆ।
ਸੋ ਇਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਤਿੰਨ ਚਾਰ ਮਹੀਨੇ ਪਹਿਲਾਂ ਚੰਨੀ ਜੀ ਨੂੰ ਲਿਆਂਦਾ।
ਉਨ੍ਹਾਂ ਦੀ ਥਾਂ 'ਤੇ ਜੇ ਹੁਣ ਕਹੋ ਕਿ ਮੁੱਖ ਮੰਤਰੀ ਕੋਈ ਹੋਰ ਹੋਵੇਗਾ ਮਤਲਬ ਪੰਜ ਸਾਲ ਦੀ ਕਾਰਗੁਜ਼ਾਰੀ ਕਾਂਗਰਸ ਦੀ ਸਿਫ਼ਰ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੀ ਤਾਂ ਪਹਿਲਾਂ ਹੀ ਸਿਫ਼ਰ ਹੋ ਗਈ ਸੀ।
ਫਿਰ ਚੋਣ ਕਿਹੜੀ ਗੱਲ 'ਤੇ ਲੜਨੀ ਸੀ ਇਨ੍ਹਾਂ ਨੇ? ਇਸ ਕਰਕੇ ਇਹ ਨਾਮ ਚੰਨੀ ਦਾ ਹੀ ਹੋਣਾ ਸੀ।
ਸੋ ਮੈਨੂੰ ਇਹਦੇ ਵਿੱਚ ਕੋਈ ਅਜੀਬ ਗੱਲ ਨਹੀਂ ਲੱਗੀ। ਇਹ ਗੱਲ ਠੀਕ ਹੈ ਕਿ ਨਵਜੋਤ ਸਿੱਧੂ ਲਗਾਤਾਰ, ਅਖੀਰਲੇ ਮਿੰਟ ਤੱਕ ਆਪਣੀ ਕੋਸ਼ਿਸ਼ ਬੜੇ ਜ਼ੋਰ-ਸ਼ੋਰ ਨਾਲ ਕਰ ਰਹੇ ਸੀ।
ਇੱਕ ਮਾਡਲ ਵੀ ਉਹ ਆਪਣਾ ਲੈ ਕੇ ਆਏ।
ਇਹ ਵੀ ਪੜ੍ਹੋ:
ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਉਹ ਲਗਾਤਾਰ ਲੋਕਾਂ ਵਿੱਚ ਲੈ ਕੇ ਜਾ ਰਹੇ ਸੀ। ਸੋ ਮਾਡਲ ਉਨ੍ਹਾਂ ਦਾ ਅਡੌਪਟ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਤਾਂ ਕਾਂਗਰਸ ਦਾ ਤਾਂ ਹੀ ਬਣੇਗਾ ਜੇ ਪਾਰਟੀ ਚੋਣਾਂ ਦੇ ਵਿੱਚ ਸੀਟਾਂ ਜਿੱਤ ਕੇ ਆਏਗੀ।
ਜੇਕਰ ਪਾਰਟੀ ਚੋਣਾਂ ਨਾ ਜਿੱਤ ਸਕੀ ਤਾਂ ਮੁੱਖ ਮੰਤਰੀ ਕੌਣ ਹੋਵੇਗਾ ਇਹ ਤਾਂ ਇੱਕ ਕਾਲਪਨਿਕ ਗੱਲ ਹੈ।
ਪਹਿਲਾ ਮੁੱਦਾ ਇਹ ਹੈ ਕਿ ਪਾਰਟੀ ਮੁੜ ਸੱਤਾ ਵਿੱਚ ਆ ਸਕਦੀ ਹੈ ਜਾਂ ਨਹੀਂ।
ਅੱਜ ਦੀ ਤਰੀਕ ਵਿਚ ਮੁੱਦਾ ਇਹ ਹੈ ਕਿ ਪਾਰਟੀ ਦੀ ਅਗਵਾਈ ਕੌਣ ਕਰ ਸਕਦਾ ਹੈ ਅਤੇ ਕੌਣ ਜਿੱਤ ਹਾਸਿਲ ਕਰ ਸਕਦਾ ਹੈ।

ਤਸਵੀਰ ਸਰੋਤ, CHARANJIT CHANNI/TWITTER
ਕੋਈ ਇੱਕ ਪਾਰਟੀ ਬਹੁਮਤ ਹਾਸਿਲ ਕਰ ਸਕਦੀ ਹੈ ਜਾਂ ਨਹੀਂ ਇਹ ਵੀ ਜ਼ਰੂਰੀ ਹੈ।
ਜਿਹੜੀ ਪੰਜਾਬ ਦੀ ਸਥਿਤੀ ਹੈ, ਉਸ ਵਿੱਚ ਲੱਗ ਨਹੀਂ ਰਿਹਾ ਕਿ ਕੋਈ ਪਾਰਟੀ ਬਹੁਮਤ ਵਿੱਚ ਆ ਸਕਦੀ ਹੈ।
ਪ੍ਰਸ਼ਨ: ਲਗਭਗ ਸਾਰੀਆਂ ਪਾਰਟੀਆਂ ਦੇ ਮੁੱਖ ਮੰਤਰੀ ਚਿਹਰੇ ਐਲਾਨੇ ਜਾ ਚੁੱਕੇ ਹਨ। ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ। ਪੰਜਾਬ ਦਾ ਮੂਡ ਤੁਸੀਂ ਕੀ ਦੇਖਦੇ ਹੋ?
ਗੱਲ ਇਹ ਹੈ ਕਿ ਇਹ ਚੋਣਾਂ ਇੱਕ ਹੋਰ ਪੱਧਰ 'ਤੇ ਬਿਲਕੁਲ ਵੱਖਰੀ ਤਰ੍ਹਾਂ ਦੀਆਂ ਹਨ।
ਕਿਸੇ ਜ਼ਮਾਨੇ ਵਿੱਚ ਬੜੇ ਵੱਡੇ-ਵੱਡੇ ਲੀਡਰ ਹੋਇਆ ਕਰਦੇ ਸੀ। ਪ੍ਰਕਾਸ਼ ਸਿੰਘ ਬਾਦਲ ਬਹੁਤ ਵੱਡਾ ਨਾਂ ਸੀ। ਚਲੋ ਹੁਣ ਵੀ ਲੜ ਰਹੇ ਨੇ, ਪਰ ਬਹੁਤੇ ਸਰਗਰਮ ਨਹੀਂ ਹਨ।
ਇਹ ਪਹਿਲੀਆਂ ਚੋਣਾਂ ਹਨ ਜਿਸ ਵਿਚ ਸਾਰੇ ਆਗੂ ਹੀ ਅਗਵਾਈ ਕਰ ਰਹੇ ਹਨ। ਜਿਹੜੇ ਤੁਸੀਂ ਤਿੰਨ ਨਾਮ ਲਏ ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ।
ਸੋ ਇਹ ਇੱਕ ਨਵਾਂ ਪਹਿਲੂ ਹੈ।

ਤਸਵੀਰ ਸਰੋਤ, Bhagwant Mann/TWITTER
ਜੇਕਰ ਅਸੀਂ ਇਨ੍ਹਾਂ ਤਿੰਨਾਂ ਦੀ ਆਪਸ ਵਿੱਚ ਤੁਲਨਾ ਕਰੀਏ ਤਾਂ ਤਿੰਨਾਂ ਦੇ ਕੁਝ ਸਕਾਰਾਤਮਕ ਤੱਥ ਹਨ ਅਤੇ ਕੁਝ ਨਕਾਰਾਤਮਕ।
ਚਰਨਜੀਤ ਸਿੰਘ ਚੰਨੀ ਨੂੰ ਜਦੋਂ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਨਵੇਂ ਢੰਗ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ।
ਆਪਣੇ ਆਪ ਨੂੰ ਸਥਾਪਿਤ ਕੀਤਾ ਪਰ ਉਨ੍ਹਾਂ ਦਾ ਮੁੱਢਲਾ ਜੀਵਨ ਆਮ ਆਦਮੀ ਵਾਲਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਭਾਵੇਂ ਕੋਈ ਆਮ ਪਰਿਵਾਰ ਚ ਹੋਵੇ ਪਰ ਜਦੋਂ ਸੱਤਾ ਵਿੱਚ ਆਉਂਦਾ ਹੈ ਤਾਂ ਉਸ ਦੀ ਉਹੀ ਕਿਸਮ ਹੁੰਦੀ ਹੈ ਜੋ ਕਿਸੇ ਵੱਡੇ ਲੀਡਰ ਦੀ ਹੁੰਦੀ ਹੈ ਅਤੇ ਲੋਕਾਂ ਤੋਂ ਦੂਰ ਰਹਿੰਦੇ ਹਨ।
ਚਰਨਜੀਤ ਸਿੰਘ ਚੰਨੀ ਨੇ ਸੂਬੇ ਅਤੇ ਲੋਕਾਂ ਦੇ ਸਾਹਮਣੇ ਇਕ ਨਵਾਂ ਤਰੀਕਾ ਪੇਸ਼ ਕੀਤਾ ਅਤੇ ਉਹ ਉਨ੍ਹਾਂ ਵਿੱਚ ਜਾ ਕੇ ਬੈਠੇ।

ਤਸਵੀਰ ਸਰੋਤ, SUKHBIR SINGH BADAL/TWITTER
ਕਿਸੇ ਵੇਲੇ ਅਕਾਲੀ ਦਲ ਦਾ ਇਹ ਤਰੀਕਾ ਹੋਇਆ ਕਰਦਾ ਸੀ, ਜਿਹੜਾ ਹੌਲੀ ਹੌਲੀ ਉਹ ਖਤਮ ਹੋ ਗਿਆ ਸੀ।
ਸੋ ਇਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਉਹ ਆਮ ਲੋਕਾਂ ਦੀ ਗੱਲ ਕਰਦੇ ਹਨ ਅਤੇ ਅਜਿਹੇ ਵਿੱਚ ਅਜਿਹਾ ਮੁੱਖਮੰਤਰੀ ਆ ਗਿਆ ਜਿਸ ਨੇ ਸਥਾਪਿਤ ਕਰ ਦਿੱਤਾ ਕਿ ਉਹ ਆਮ ਆਦਮੀ ਹੈ।
ਹੁਣ ਤਿੰਨਾਂ ਦੀ ਤੁਲਨਾ ਆ ਜਾਂਦੀ ਹੈ ਕਿ ਜਿਹੜੇ ਤਿੰਨੇ ਮੁੱਖ ਮੰਤਰੀ ਦੇ ਦਾਅਵੇਦਾਰ ਹਨ ਉਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ ਨੇ ਦੱਸ ਦਿੱਤਾ ਕਿ ਉਹ ਆਮ ਆਦਮੀ ਹਨ ਅਤੇ ਆਮ ਆਦਮੀ ਦੀ ਗੱਲ ਕਰਦੇ ਹਨ।
ਤਿੰਨ ਮਹੀਨਿਆਂ ਵਿੱਚ ਜੋ ਕੰਮ ਹੁਣ ਉਨ੍ਹਾਂ ਨੇ ਕੀਤੇ ਹਨ, ਉਸ ਦਾ ਵੀ ਫ਼ਾਇਦਾ ਉਨ੍ਹਾਂ ਕੋਲ ਹੈ।
ਜਿਹੜੀ ਚਰਨਜੀਤ ਸਿੰਘ ਚੰਨੀ ਦੀ ਜੋ ਆਮ ਆਦਮੀ ਦੀ ਤਸਵੀਰ ਬਣਾਈ ਗਈ ਹੈ, ਕੀ ਤੁਹਾਨੂੰ ਕੀ ਲੱਗਦਾ ਇਹਦਾ ਫਾਇਦਾ ਮਿਲੇਗਾ?
ਮੈਂ 1971 ਵਿੱਚ ਵਾਪਸ ਜਾਵਾਂਗਾ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ 1971 ਵਿੱਚ ਉਨ੍ਹਾਂ ਨੇ ਗ਼ਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ ਜੋ ਬਹੁਤ ਚੱਲਿਆ ਸੀ।
ਹੁਣ ਉਸ ਦਾ ਆਧੁਨਿਕ ਰੂਪ ਚਰਨਜੀਤ ਸਿੰਘ ਚੰਨੀ ਹਨ। ਉਦੋਂ ਗਰੀਬੀ ਹਟਾਓ ਸੀ।
ਹੁਣ ਇੱਕ ਗ਼ਰੀਬ ਪਰਿਵਾਰ ਦੇ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੋ ਇਸ ਨਾਅਰੇ ਨੂੰ ਬਦਲ ਕੇ ਅੱਗੇ ਕੀਤਾ ਗਿਆ ਹੈ।
ਮੁੱਦਾ 'ਤੇ ਉਹੀ ਪੰਜਾਬ ਦਾ ਹੈ ਤਾਂ ਉਹੀ ਹੈ ਪੰਜਾਬ ਦੇ। ਉਦੋਂ ਗਰੀਬੀ ਹਟਾਓ ਵਾਲਾ ਕੰਮ ਸੀ ਤਾਂ ਹੁਣ ਕਹਿੰਦੇ ਪੰਜਾਬ ਬਚਾਓ, ਇਹਦਾ ਮਤਲਬ ਇਹ ਕਿ ਪੰਜਾਬ ਬਹੁਤ ਥੱਲੇ ਚਲਾ ਗਿਆ।
ਉਸ ਨੂੰ ਉਹੋ ਜਿਹੇ ਲੋਕ ਹੀ ਬਚਾ ਸਕਦੇ ਨੇ, ਜਿਹੜੇ ਉਹੋ ਜਿਹੀ ਸਥਿਤੀ ਦੇ ਵਿੱਚੋਂ ਨਿਕਲੇ ਹੋਣ।
ਕੀ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਵਿੱਚ ਨਵਾਂ ਟਰੈਂਡ ਦੇਖਣ ਨੂੰ ਮਿਲਿਆ ਹੈ?
ਚੰਨੀ ਦੇ ਆਉਣ ਨਾਲ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦਾ ਗਰੀਬ ਵਰਗ ਜਾਂ ਜਿਸ ਨੂੰ ਦਲਿਤ ਵਰਗ ਵੀ ਕਿਹਾ ਜਾਂਦਾ ਹੈ, ਇਕਜੁੱਟ ਹੋ ਗਿਆ ਹੈ।
ਪੰਜਾਬ ਵਿੱਚ ਦਲਿਤ ਆਬਾਦੀ 32 ਫ਼ੀਸਦ ਹੈ। ਭਾਰਤ ਦੀ ਬਾਕੀ ਸੂਬਿਆ ਮੁਕਾਬਲੇ ਇਹ ਸਭ ਤੋਂ ਜ਼ਿਆਦਾ ਹੈ ਪਰ ਇਨ੍ਹਾਂ ਦੀ ਆਵਾਜ਼ ਕਦੇ ਨਹੀਂ ਰਹੀ ਅਤੇ ਨਾ ਹੀ ਇਹ ਇਕਜੁੱਟ ਰਹੇ ਹਨ।
ਇਸ ਤਬਕੇ ਵਿੱਚ ਅੱਗੇ ਕਈ ਜਾਤਾਂ ਹਨ।ਹੁਣ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਚੀਨੀ ਦੇ ਆਉਣ ਨਾਲ ਉਨ੍ਹਾਂ ਨੂੰ ਲੱਗਿਆ ਕਿ ਸਾਡਾ ਕੋਈ ਆਪਣਾ ਮੁੱਖ ਮੰਤਰੀ ਹੈ।
ਪਹਿਲੀ ਵਾਰ ਇਸ ਤਬਕੇ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਵੋਟ ਇੱਕੋ ਪਾਸੇ ਪੈ ਜਾਂਦੀ ਹੈ।
60 ਫ਼ੀਸਦ ਵੋਟ ਵੀ ਇਕ ਪਾਸੇ ਪੈ ਜਾਏ ਤਾਂ ਮੈਂ ਉਸ ਨੂੰ ਧਰੁਵੀਕਰਨ ਮੰਨਦਾ ਹਾਂ।
ਕਿਸੇ ਵੇਲੇ ਕਾਂਗਰਸ ਹਿੰਦੂ ਤੇ ਦਲਿਤ, ਦੋਹਾਂ ਨੂੰ ਇਕੱਠਿਆਂ ਲੈ ਕੇ ਚੱਲਦੀ ਹੁੰਦੀ ਸੀ। ਹੌਲੀ ਹੌਲੀ ਉਹ ਸਿਆਸਤ ਬਦਲਦੀ ਚਲੀ ਗਈ।
ਹੁਣ ਦੁਬਾਰਾ ਫਿਰ ਇਨ੍ਹਾਂ ਨੇ ਦਲਿਤ ਵਰਗ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਹੈ।
ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦਾ ਨਾਂ ਅੱਗੇ ਆ ਰਿਹਾ ਸੀ,ਚਰਨਜੀਤ ਸਿੰਘ ਚੰਨੀ ਦਾ ਨਾਂ ਵੀ ਆ ਰਿਹਾ ਸੀ, ਦੋ ਨਾਮ ਆ ਰਹੇ ਸੀ। ਸੋ ਨਵਜੋਤ ਸਿੰਘ ਸਿੱਧੂ ਦਾ ਨਾਮ ਨਾ ਐਲਾਨੇ ਜਾਣ ਕਾਰਨ ਖ਼ਾਸ ਕਰ ਅੰਮ੍ਰਿਤਸਰ ਪੂਰਬੀ ਦੀ ਸੀਟ 'ਤੇ ਕਿੰਨਾ ਕੁ ਅਸਰ ਪਏਗਾ?
ਮੇਰੇ ਖਿਆਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਤੇ ਆਪਣੇ ਮਾਡਲ ਦੀ ਮਾਰਕੀਟਿੰਗ ਕਰ ਰਹੇ ਸਨ।
ਉਨ੍ਹਾਂ ਨੂੰ ਸੀ ਕਿ ਮੈਂ ਹੀ ਪੰਜਾਬ ਦਾ ਸੁਧਾਰ ਕਰ ਸਕਦਾ ਹਾਂ। ਉਹ ਆਪਣੀ ਪਾਰਟੀ ਹਾਈ ਕਮਾਨ ਨੂੰ ਪ੍ਰਭਾਵਿਤ ਕਰਨ ਚ' ਅਸਫਲ ਰਹੇ।
ਉਸ ਦੇ ਕਾਰਨ ਵੱਖਰੇ ਹੋ ਸਕਦੇ ਨੇ, ਉਹ ਵਾਰ-ਵਾਰ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ।
ਅੱਜ ਵੀ ਕਿਹਾ, ਅਖੀਰਲੇ ਮਿੰਟ ਤੱਕ ਮੈਨੂੰ ਪ੍ਰਭਾਵ ਇਹ ਲੱਗਿਆ ਜਦੋਂ ਉਹ ਸਟੇਜ 'ਤੇ ਬੋਲ ਰਹੇ ਸੀ ਤਾਂ ਹੁਣ ਵੀ ਕਹਿ ਰਹੇ ਸੀ ਕਿ ਮੈਨੂੰ ਅੱਗੇ ਲੈ ਕੇ ਆਓ।

ਤਸਵੀਰ ਸਰੋਤ, CHARNJIT SINGH CHANNI
ਇਹ ਤਾਂ ਉਨ੍ਹਾਂ ਦੀ ਪਾਰਟੀ ਨੇ ਹੀ ਫ਼ੈਸਲਾ ਕੀਤਾ ਹੈ ਕਿ ਕਿਸਨੂੰ ਅੱਗੇ ਲੈ ਕੇ ਆਉਣਾ ਹੈ। ਇਸ ਵੇਲੇ ਨਵਜੋਤ ਸਿੰਘ ਸਿੱਧੂ ਆਪ ਇੱਕ ਬਹੁਤ ਮਜ਼ਬੂਤ ਉਮੀਦਵਾਰ ਹਨ।
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ (ਪੂਰਬੀ) ਤੋਂ ਇੱਕ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਉਨ੍ਹਾਂ ਦੇ ਸਾਹਮਣੇ ਬਿਕਰਮ ਮਜੀਠੀਆ ਹਨ ਅਤੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਡਰੱਗ ਮਾਮਲੇ ਵਿੱਚ ਅੰਦਰ ਕਰਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ।
ਐੱਫਆਈਆਰ ਵੀ ਦਰਜ ਹੋਈ। ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ। ਹੁਣ ਉਹੀ ਲੀਡਰ ਮੇਰੇ ਖਿਆਲ ਵਿੱਚ ਉਨ੍ਹਾਂ ਨੂੰ ਬਹੁਤ ਸਖ਼ਤ ਮੁਕਾਬਲਾ ਦੇ ਰਿਹਾ ਹੈ।
ਹੁਣ ਨਵਜੋਤ ਸਿੱਧੂ ਦਾ ਪੂਰਾ ਧਿਆਨ ਆਪਣੀ ਸੀਟ ਕੱਢਣ 'ਤੇ ਹੋਵੇਗਾ ਨਾ ਕਿ ਬਾਕੀ ਥਾਵਾਂ 'ਤੇ।
ਤੁਸੀਂ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ?
ਦੇਖੋ ਜੇ ਕਾਂਗਰਸ ਜਿੱਤਦੀ ਹੈ, ਨਵਜੋਤ ਸਿੰਘ ਸਿੱਧੂ ਖੁਦ ਜਿੱਤਦੇ ਹਨ। ਫਿਰ ਤਾਂ ਭਵਿੱਖ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਵੱਲ ਹੈ। ਬਾਕੀ ਸਥਿਤੀ ਕੀ ਬਣਦੀ ਹੈ, ਉਹ ਉਸ 'ਤੇ ਨਿਰਭਰ ਕਰੇਗਾ।
ਮੇਰੇ ਖਿਆਲ ਦੇ ਵਿੱਚ, ਅੱਜ ਉਨ੍ਹਾਂ ਦੇ ਭਵਿੱਖ 'ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈ। ਸਫ਼ਰ ਲੰਬਾ ਹੈ, ਅੱਗੇ ਚੱਲਣਗੇ।
ਸਟੇਜ ਉੱਪਰ ਜਿਵੇਂ ਹੀ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਸਾਰਿਆਂ ਨੇ ਵੱਡਾ ਏਕਾ ਦਿਖਾਉਣ ਦੀ ਕੋਸ਼ਿਸ਼ ਕੀਤੀ।ਇਸ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਮਿਸਿਜ਼ ਸਿੱਧੂ ਦੇ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਸਨ ਉਹ ਅਸੀਂ ਸਾਰੇ ਜਾਣਦੇ ਹਾਂ। ਫਿਰ ਅੱਜ ਦੀ ਤਸਵੀਰ, ਅਤੇ ਜੋ ਚੱਲ ਰਿਹਾ ਹੈ, ਇਹਦੇ ਮਾਇਨੇ ਕੀ ਨੇ?
ਇਕ ਸਾਂਝ ਦਿਖਾਉਣ ਅਤੇ ਸਾਂਝਾ ਚਿਹਰਾ ਲੋਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਤੋਂ ਪਹਿਲਾਂ ਜੋ ਕੁਝ ਵੀ ਕਸ਼ਮਕਸ਼ ਚੱਲਦੀ ਰਹੀ ਹੋਵੇ, ਚੱਲਦੀ ਗਈ, ਉਹ ਅੱਜ ਖਤਮ ਹੁੰਦੀ ਹੈ ਤੇ ਇਸ ਤੋਂ ਬਾਅਦ ਅਸੀਂ ਮਿਲ ਕੇ ਚੱਲਾਂਗੇ।

ਤਸਵੀਰ ਸਰੋਤ, NAVJOT SINGH SIDHU/FB
ਜਿਹੜੀ ਗੱਲ ਹੈ ਸੁਨੀਲ ਜਾਖੜ ਦੀ 42 ਸੀਟਾਂ ਦੀ ਇਹ ਤੁਹਾਨੂੰ ਯਾਦ ਹੋਵੇ ਜਦੋਂ ਸੀਐੱਮ ਬਦਲਣਾ ਸੀ।
ਇਹ ਪ੍ਰਸੰਗ ਹੁਣ ਵੱਖਰਾ ਆ ਗਿਆ। ਉਦੋਂ ਇਹ ਸੀ ਕਿ 42 ਵਿਧਾਇਕਾਂ ਦੀ, ਉਦੋਂ ਕੋਈ ਵੋਟਿੰਗ ਨਹੀਂ ਸੀ ਕਰਵਾ ਰਹੇ, ਰਾਇ ਲਈ ਗਈ ਸੀ। ਜਾਖੜ ਨੇ ਕਿਹਾ ਕਿ 42 ਐੱਮਐੱਲਏ ਉਨ੍ਹਾਂ ਨੂੰ ਚਾਹੁੰਦੇ ਹਨ ਤੇ ਫਿਰ ਅਚਾਨਕ ਇਹ ਫ਼ੈਸਲਾ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ।
ਹੁਣ ਜਦੋਂ ਦੁਬਾਰਾ ਗੱਲ ਕੀਤੀ ਤਾਂ ਪ੍ਰਸੰਗ ਬਦਲ ਗਿਆ। ਹੁਣ ਹਿੰਦੂ ਸਿੱਖ ਵਾਲੀ ਗੱਲ ਆ ਗਈ।
ਨਵਜੋਤ ਸਿੰਘ ਸਿੱਧੂ ਵੱਲੋਂ ਅਖੀਰਲੇ ਸਮੇਂ ਤੱਕ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਉਹ ਮੁੱਖ ਮੰਤਰੀ ਦਾ ਚਿਹਰਾ ਬਣ ਜਾਣ।
ਹੁਣ ਜਦੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋ ਗਿਆ ਹੈ ਤਾਂ ਇਹ ਇੱਕ ਚੰਗੀ ਗੱਲ ਹੈ ਅਤੇ ਸੁਨੀਲ ਜਾਖੜ ਨਵਜੋਤ ਸਿੰਘ ਸਿੱਧੂ ਦੋਵਾਂ ਵੱਲੋਂ ਸੰਕੇਤ ਦਿੱਤੇ ਗਏ ਹਨ ਕਿ ਅਸੀਂ ਇਕੱਠੇ ਚੱਲ ਰਹੇ ਹਨ।
ਤਾਂ ਫਿਰ ਕੀ ਜਾਖੜ ਅਤੇ ਸਿੱਧੂ ਦੇ ਮਨ ਮੁਟਾਅ ਖ਼ਤਮ ਹੋ ਜਾਣਗੇ। ਕੀ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਇੱਕਜੁੱਟ ਨਜ਼ਰ ਆਉਣਗੇ?
ਮੇਰੇ ਖਿਆਲ ਵਿੱਚ ਸੁਨੀਲ ਜਾਖੜ ਵੈਸੇ ਹੀ ਹੁਣ ਓਨੇ ਵੀ ਸਰਗਰਮ ਨਹੀਂ ਰਹੇ ਤੇ ਨਵਜੋਤ ਸਿੱਧੂ ਹੁਣ ਆਪਣੇ ਇਲਾਕੇ ਵਿੱਚ ਹੀ ਸੀਮਤ ਹੋ ਕੇ ਰਹਿ ਗਏ ਹਨ।
ਚੋਣ ਚੰਨੀ ਦੇ ਨਾਮ ਤੇ ਲੜੀ ਜਾ ਰਹੀ ਹੈ।
ਹੁਣ ਮੁੱਖ ਪ੍ਰਚਾਰਕ ਚਰਨਜੀਤ ਸਿੰਘ ਚੰਨੀ ਹੀ ਹੋਣਗੇ ਅਤੇ ਬਾਕੀ ਕੁਝ ਜ਼ਿਆਦਾ ਮਾਅਨੇ ਨਹੀਂ ਰੱਖਦਾ।
ਸਟੇਜ 'ਤੇ ਵੀ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਨੂੰ ਜੱਫ਼ੀ ਪਾਉਂਦੇ ਨੇ, ਉਸ ਦੇ ਬੜੇ ਮਾਇਨੇ ਨਿਕਲਦੇ ਨੇ, ਬੜੀ ਪਿਆਰੀ ਤਸਵੀਰ ਸਾਹਮਣੇ ਆਈ।
.. ਹਾਂ, ਦੋ ਵਾਰ ਜੱਫੀ ਪਈ ਹੈ, ਜਦੋਂ ਪਹਿਲੀ ਜੱਫੀ ਪਈ ਤਾਂ ਬੜਾ ਵਧੀਆ ਸੰਕੇਤ ਸੀ ਉਹ। ਦੋਵਾਂ ਵੱਲੋਂ ਹੀ।
ਇਹ ਦਿਖਾਉਣ ਲਈ ਕਿ ਸਹਿਮਤੀ ਦੋਵਾਂ ਦੀ ਹੈ?
ਹਾਂ, ਦੋਵਾਂ ਦੀ ਹੈ। ਇਸ ਤੋਂ ਪਹਿਲਾਂ ਜੋ ਚੱਲਦਾ ਰਿਹਾ, ਉਹ ਮੁੱਖ ਮੰਤਰੀ ਚਿਹਰਾ ਬਣਨ ਲਈ ਸੰਘਰਸ਼ ਸੀ ।
ਮੇਰੇ ਮੁਤਾਬਕ ਅੱਜ ਇਨ੍ਹਾਂ ਤਿੰਨਾਂ ਆਗੂਆਂ ਨੇ ਨਵੀਂ ਸ਼ੁਰੁਆਤ ਕੀਤੀ ਹੈ।
ਚਰਨਜੀਤ ਸਿੰਘ ਚੰਨੀ ਦਾ ਨਾਮ ਈਡੀ ਦੇ ਛਾਪਿਆਂ ਕਾਰਨ ਚਰਚਾ ਵਿੱਚ ਰਿਹਾ ਹੈ।ਈਡੀ ਦੇ ਛਾਪਿਆਂ ਦਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿੰਨਾ ਫ਼ਰਕ ਪਵੇਗਾ?
ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਬਿਕਰਮ ਮਜੀਠੀਆ 'ਤੇ ਕੇਸ ਬਣ ਗਿਆ, ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਰਾਹਤ ਮਿਲ ਗਈ, ਕੀ ਉਨ੍ਹਾਂ ਨੂੰ ਕੋਈ ਫਰਕ ਪਿਆ ਹੈ?
ਉਹ ਤਾਂ ਉੇਸੇ ਜ਼ੋਰ- ਸ਼ੋਰ ਨਾਲ ਚੋਣਾਂ ਲੜ ਰਹੇ ਨੇ, ਜੇ ਉਹ ਉਸੇ ਜ਼ੋਰ-ਸ਼ੋਰ ਨਾਲ ਲੜ ਰਹੇ ਨੇ ਤਾਂ ਚੰਨੀ ਜਿਨ੍ਹਾਂ ਦਾ ਆਪਣਾ ਸਿੱਧਾ ਕੋਈ ਲੈਣਾਦੇਣਾ ਹੁਣ ਤੱਕ ਕੋਈ ਸਾਬਤ ਹੋਇਆ ਹੀ ਨਹੀਂ। ਉਨ੍ਹਾਂ ਦੇ ਇੱਕ ਦੂਰ ਦੇ ਰਿਸ਼ਤੇਦਾਰ ਦਾ ਨਾਂ ਆਇਆ ਹੈ, ਉਸ 'ਤੇ ਰੇਡ ਹੋਈ ਹੈ।

ਤਸਵੀਰ ਸਰੋਤ, CHARANJIT CHANNI/TWITTER
ਬਿਕਰਮ ਵਾਲੇ ਕੇਸ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੋਣਾਂ ਤੋਂ ਕੁਝ ਚਿਰ ਪਹਿਲਾਂ ਇਹ ਕੇਸ ਨਹੀਂ ਬਣਨੇ ਚਾਹੀਦੇ। ਉਹ ਚੰਨੀ ਦੇ ਰਿਸ਼ਤੇਦਾਰ 'ਤੇ ਵੀ ਲਾਗੂ ਹੁੰਦੀ ਹੈ। ਇਹ ਜਿਹੜਾ ਕੇਸ ਹੈ ਉਹ 2018 ਦੀ ਹੈ।
ਮੈਂ ਚੰਨੀ ਦਾ ਸਮਰਥਨ ਨਹੀਂ ਕਰ ਰਿਹਾ ਪਰ ਇਸ ਵਿੱਚ ਚੋਣਾਂ ਦਾ ਸਮਾਂ ਵੀ ਮਾਇਨੇ ਰੱਖਦਾ ਹੈ।
ਚੋਣਾਂ ਦਾ ਸਮਾਂ, ਚੰਨੀ ਦਾ ਸਿੱਧਾ ਨਾਂ ਨਹੀਂ ਹੈ। ਦੂਰ ਦੇ ਰਿਸ਼ਤੇਦਾਰ ਦਾ ਹੈ ਕਿਸੇ ਦਾ। ਘਰ ਦੇ ਵਿੱਚੋਂ ਵੀ ਨਹੀਂ ਹੈ ਕਿਸੇ ਦਾ। ਸੋ ਕਾਨੂੰਨ ਆਪਣਾ ਦੇਖੇ ਕੀ ਕਰਨਾ ਹੈ। ਸੋ ਉਹ ਕੋਈ ਬਹੁਤ ਫਰਕ ਨਹੀਂ ਪੈਂਦਾ ਮੇਰੇ ਖਿਆਲ ਦੇ ਵਿੱਚ ਇਸ ਚੀਜ਼ ਦਾ।
ਅੱਜ ਕਾਂਗਰਸ ਵੱਲੋਂ ਆਪਣਾ ਸੀਐੱਮ ਦਾ ਚਿਹਰਾ ਐਲਾਨ ਦਿੱਤੇ ਜਾਣ ਮਗਰੋਂ ਪੰਜਾਬ ਦਾ ਮੂਡ ਤੁਹਾਨੂੰ ਕੀ ਲੱਗਦਾ ਹੈ?
ਪੰਜਾਬ ਚੰਗੀ ਸਰਕਾਰ ਚਾਹੁੰਦਾ ਹੈ ਅਤੇ ਵਧੀਆ ਲੋਕ ਸਾਹਮਣੇ ਆਏ ਹਨ ਇਹ ਵੀ ਲੋਕ ਚਾਹੁੰਦੇ ਹਨ।
ਆਪ ਨੇ ਕਿਹਾ ਸੀ ਕਿ ਅਸੀਂ ਵਿਕਲਪ ਦਿਆਂਗੇ, ਜਿਸਨੂੰ ਟਿਕਟ ਕਿਤੋਂ ਵੀ ਨਹੀਂ ਮਿਲੀ, ਉਹ ਆਪ ਦੇ ਵਿੱਚ ਆ ਗਿਆ।
ਅਕਾਲੀ ਦਲ ਇੱਕ ਇਤਿਹਾਸਕ ਪਾਰਟੀ ਹੈ, ਉਨ੍ਹਾਂ ਦੀ ਆਪਣੀ ਪੰਜਾਬ ਵਿੱਚ ਯੋਗਦਾਨ ਬਹੁਤ ਵੱਡਾ ਹੈ। ਕਾਂਗਰਸ ਦਾ ਆਪਣਾ ਬਿਰਤਾਂਤ ਹੈ। ਦੋਹਾਂ ਪਾਰਟੀਆਂ ਦਾ ਆਪਣਾ ਅਧਾਰ ਹੈ।
ਸੋ ਇਹ ਆਪੋ-ਆਪਣੀ ਲੜਾਈ ਲੜ ਰਹੇ ਹਨ। ਲੋਕਾਂ ਕੋਲ ਆਪਣਾ ਮਾਡਲ ਲੈ ਕੇ ਜਾ ਰਹੇ ਨੇ।
ਲੋਕ ਚਾਹੁੰਦੇ ਹਨ ਕਿ ਇੱਕ ਨਵੀਂ ਸ਼ੁਰੂਆਤ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਨਵੀਂ ਸ਼ੁਰੂਆਤ ਪੰਜਾਬ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਉੱਪਰ ਹੋਵੇ।
ਹੁਣ ਕੌਣ ਕੀ ਦੇ ਸਕਦਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














