ਪੰਜਾਬ ਚੋਣਾਂ 2022: ਪੰਜਾਬ ਕਾਂਗਰਸ ਵਿੱਚ ਆਪਣਿਆਂ ਦੇ ਹੀ 'ਬਾਗੀ ਮੋਰਚੇ' ਵਿੱਚ ਕੌਣ-ਕੌਣ ਹੋਇਆ ਸ਼ਾਮਲ

ਤਸਵੀਰ ਸਰੋਤ, MANJIT KAUR/FB
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
"ਮੈਂ ਹੁਣ ਸਰਕਾਰ ਨਾਲ ਸਿੱਧਾ ਪੰਗਾ ਲੈ ਰਹੀ ਹਾਂ। ਆਪਣੇ ਪਤੀ ਨਾਲ ਹੋਏ ਪਾਰਟੀ ਦੇ ਵਿਸ਼ਵਾਸਘਾਤ ਪ੍ਰਤੀ ਗੁੱਸਾ ਜ਼ਾਹਿਰ ਕਰਨ ਲਈ ਚੋਣਾਂ ਲੜ ਰਹੀ ਹਾਂ। ਮੇਰੇ ਪਤੀ ਅੱਜ ਵੀ ਕਾਂਗਰਸ ਦਾ ਹਿੱਸਾ ਹਨ। ਕੋਈ ਗਿਲ੍ਹਾ ਸ਼ਿਕਵਾ ਸੀ ਤਾਂ ਸਿੱਧਾ ਹਾਈਕਮਾਨ ਸਾਨੂੰ ਬਿਠਾ ਕੇ ਦੱਸ ਦਿੰਦੇ।"
ਭਦੌੜ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਅੱਗੇ ਆਖਦੇ ਹਨ ਕਿ ਉਨ੍ਹਾਂ ਦੇ ਪਤੀ ਨੂੰ ਕਦੇ ਜੈਤੋ, ਕਦੇ ਭਦੌੜ ਦੇ ਲਾਰੇ ਲਗਾ ਕੇ ਹੁਣ ਚਰਨਜੀਤ ਸਿੰਘ ਚੰਨੀ ਆਪ ਏਥੇ ਚੋਣ ਲੜਨ ਆ ਗਏ ਨੇ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ ਦੇ ਕਈ ਕਾਂਗਰਸੀ ਆਗੂਆਂ ਦੇ ਨਾਰਾਜ਼ ਰਿਸ਼ਤੇਦਾਰਾਂ ਨੇ ਆਜ਼ਾਦ ਤੌਰ 'ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚ ਮਨਜੀਤ ਕੌਰ ਇਕੱਲੇ ਨਹੀਂ ਹਨ।
ਇਹ ਉਮੀਦਵਾਰ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਦੇ ਚਾਹਵਾਨ ਸਨ। ਬੀਬੀਸੀ ਦੇ ਇਸ ਲੇਖ ਰਾਹੀਂ ਅਸੀਂ ਉਨ੍ਹਾਂ ਉਮੀਦਵਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਨਾਰਾਜ਼ ਹੋ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ
ਜੇਕਰ ਅਜਿਹੇ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦਾ ਨਾਮ ਆਉਂਦਾ ਹੈ।
ਡਾ. ਮਨੋਹਰ ਸਿੰਘ ਬੱਸੀ ਪਠਾਣਾ ਤੋਂ ਟਿਕਟ ਦੇ ਚਾਹਵਾਨ ਸਨ ਪਰ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ। ਵਿਰੋਧ ਵਜੋਂ ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਦਾਖ਼ਲ ਕਰ ਦਿੱਤਾ ਸੀ।
ਮਨੋਹਰ ਸਿੰਘ ਆਪਣੇ ਕਾਗ਼ਜ਼ ਵਾਪਸ ਨਹੀਂ ਲੈ ਰਹੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਟੀਵੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ।
ਡਾ. ਮਨੋਹਰ ਸਿੰਘ ਤੋਂ ਬੀਬੀਸੀ ਨੇ ਪੁੱਛਿਆ ਕਿ ਕੀ ਉਨ੍ਹਾਂ ਦੇ ਭਰਾ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਚੰਨੀ ਨੂੰ ਚੋਣ ਲੜਨ ਲਈ ਮਨਾਇਆ ਹੈ।

ਤਸਵੀਰ ਸਰੋਤ, MANOHAR SINGH/FB
ਡਾ. ਮਨੋਹਰ ਸਿੰਘ ਆਖਦੇ ਹਨ, "ਇਹ ਬਗ਼ਾਵਤ ਨਹੀਂ ਹੈ ਪਰ ਅਸੀਂ ਮੌਜੂਦਾ ਉਮੀਦਵਾਰ ਦੇ ਵਿਰੋਧ ਵਿੱਚ ਹਾਂ। ਚੋਣ ਪ੍ਰਚਾਰ ਦੌਰਾਨ ਲੋਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਲਾਕੇ ਦਾ ਵਿਕਾਸ ਸਾਡਾ ਮਿਸ਼ਨ ਰਹੇਗਾ। ਇਲਾਕੇ ਵਿੱਚ ਕਾਲਜ ਅਤੇ ਸੀਵਰੇਜ ਬਣਾਉਣ ਉੱਪਰ ਜ਼ੋਰ ਦਿੱਤਾ ਜਾਵੇਗਾ।"
ਪੇਸ਼ੇ ਵਜੋਂ ਡਾਕਟਰ, ਮਨੋਹਰ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਵੀ ਉਹ ਕਈ ਵਾਰ ਮਰੀਜ਼ਾਂ ਨੂੰ ਦੇਖ ਲੈਂਦੇ ਹਨ।
ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰੇ ਸਨ।
ਨਾਮਜ਼ਦਗੀ ਕਾਗਜ਼ਾਂ ਵਿੱਚ ਆਪਣੀ ਚੱਲ ਅਚੱਲ ਜਾਇਦਾਦ 70 ਕਰੋੜ ਦੱਸਣ ਵਾਲੇ ਰਾਣਾ ਇੰਦਰ ਪ੍ਰਤਾਪ ਪੰਜਾਬ ਦੇ ਸਭ ਤੋਂ ਅਮੀਰ ਆਜ਼ਾਦ ਉਮੀਦਵਾਰ ਵੀ ਹਨ।

ਤਸਵੀਰ ਸਰੋਤ, RANA INDER PRATAP/FB
ਸਭ ਤੋਂ ਅਮੀਰ ਆਜ਼ਾਦ ਅਮੀਰ ਉਮੀਦਵਾਰ ਹੋਣ ਬਾਰੇ ਰਾਣਾ ਇੰਦਰਪ੍ਰਤਾਪ ਸਿੰਘ ਆਖਦੇ ਹਨ ਕਿ ਚੋਣਾਂ ਪੈਸੇ ਨਾਲ ਨਹੀਂ ਲੋਕਾਂ ਦੇ ਪਿਆਰ ਨਾਲ ਜਿੱਤੀਆਂ ਜਾਂਦੀਆਂ ਹਨ।
ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਚੋਣਾਂ ਲੜਨ ਦੇ ਆਪਣੇ ਫ਼ੈਸਲੇ ਬਾਰੇ ਰਾਣਾ ਇੰਦਰ ਪ੍ਰਤਾਪ ਨੇ ਬੀਬੀਸੀ ਨੂੰ ਦੱਸਿਆ, "ਮੈਂ ਚੋਣਾਂ ਲੜਨ ਬਾਰੇ ਸੋਚਿਆ ਨਹੀਂ ਸੀ ਪਰ ਇਲਾਕੇ ਦੇ ਲੋਕਾਂ ਨੇ ਮੈਨੂੰ ਮੌਜੂਦਾ ਵਿਧਾਇਕ ਤੋਂ ਦੁਖੀ ਹੋਣ ਬਾਰੇ ਦੱਸਿਆ। ਮੈਂ ਕਾਂਗਰਸ ਨੂੰ ਬਚਾਉਣ ਆਇਆ ਹਾਂ।"
ਰਾਣਾ ਇੰਦਰ ਪ੍ਰਤਾਪ ਨੇ ਇਹ ਵੀ ਦੱਸਿਆ ਕਿ ਉਹ ਚੋਣਾਂ ਜਿੱਤ ਕੇ ਇਸ ਵਿਧਾਨ ਸਭਾ ਹਲਕੇ ਵਿੱਚ ਸਿਹਤ ਸੁਵਿਧਾਵਾਂ ਅਤੇ ਸਿੱਖਿਆ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਗੇ ਅਤੇ ਕਾਂਗਰਸ ਨੂੰ ਹੀ ਸਮਰਥਨ ਦੇਣਗੇ।

ਤਸਵੀਰ ਸਰੋਤ, Rana Inder Partap/FB
ਗੁਰੂ ਨਾਨਕ ਦੇਵ ਦੇ ਇਤਿਹਾਸ ਨਾਲ ਜੁੜੇ ਸੁਲਤਾਨਪੁਰ ਲੋਧੀ ਨੂੰ ਧਾਰਮਿਕ ਸਥਾਨ ਵਜੋਂ ਵੀ ਵਿਕਸਤ ਕਰਨ ਦੀ ਗੱਲ ਉਨ੍ਹਾਂ ਨੇ ਆਖੀ।
ਰਾਣਾ ਗੁਰਜੀਤ ਅਤੇ ਰਾਣਾ ਇੰਦਰਪ੍ਰਤਾਪ ਖੁੱਲ੍ਹ ਕੇ ਮੌਜੂਦਾ ਵਿਧਾਇਕ ਅਤੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਦਾ ਵਿਰੋਧ ਕਰ ਰਹੇ ਹਨ।
ਕੈਬਨਿਟ ਮੰਤਰੀ ਰਾਣਾ ਗੁਰਜੀਤ ਆਪਣੇ ਪੁੱਤਰ ਲਈ ਸੁਲਤਾਨਪੁਰ ਲੋਧੀ ਵਿਖੇ ਚੋਣ ਪ੍ਰਚਾਰ ਵੀ ਕਰ ਰਹੇ ਹਨ।
ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਡਿਪਟੀ ਸਪੀਕਰ ਦੀ ਪਤਨੀ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਨੇ ਵੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਗਜ਼ ਭਰੇ ਹਨ।
ਅਜੈਬ ਸਿੰਘ ਭੱਟੀ ਦੀ ਪਾਰਟੀ ਵੱਲੋਂ ਮਲੋਟ ਤੋਂ ਟਿਕਟ ਕੱਟ ਦਿੱਤੀ ਗਈ ਸੀ।
ਮਨਜੀਤ ਕੌਰ ਨੇ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ।

ਤਸਵੀਰ ਸਰੋਤ, CHARANJIT SINGH CHANNI/TWITTER
ਮਨਜੀਤ ਕੌਰ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਪਤੀ ਅਜੈਬ ਸਿੰਘ ਭੱਟੀ ਨਾਲ ਪਾਰਟੀ ਵਲੋਂ ਕੀਤੇ ਵਿਸ਼ਵਾਸਘਾਤ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਮੈਂ ਚੋਣਾਂ ਲੜ ਰਹੀ ਹਾਂ। ਭੁੱਚੋ ਮੰਡੀ ਅਤੇ ਮਲੋਟ ਵਰਗੀਆਂ ਮੁਸ਼ਕਿਲ ਸੀਟਾਂ ਸਾਡੇ ਪਰਿਵਾਰ ਨੇ ਜਿੱਤ ਕੇ ਦਿੱਤੀਆਂ ਸਨ। "
"ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜੋ ਕਦਮ ਚੁੱਕ ਲਿਆ ਮੈਂ ਉਸ ਤੋਂ ਪਿੱਛੇ ਨਹੀਂ ਹਟਾਂਗੀ। ਉੱਤਰ ਪ੍ਰਦੇਸ਼ ਵਿੱਚ 'ਲੜਕੀ ਨੂੰ ਲੜ ਸਕਦੀ ਹੂੰ' ਦਾ ਨਾਅਰਾ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋਇਆ।"
ਮਲੋਟ ਦੇ ਵਿਧਾਇਕ ਅਤੇ ਮਨਜੀਤ ਕੌਰ ਦੇ ਪਤੀ ਅਜੈਬ ਸਿੰਘ ਭੱਟੀ ਨੇ ਬੀਬੀਸੀ ਨੂੰ ਦੱਸਿਆ ਕਿ ਚੋਣ ਲੜਨ ਦਾ ਫ਼ੈਸਲਾ ਉਨ੍ਹਾਂ ਦੀ ਪਤਨੀ ਦਾ ਹੈ ਅਤੇ ਉਹ ਆਪ ਕਾਂਗਰਸ ਪਾਰਟੀ ਦਾ ਹਿੱਸਾ ਹਨ।
ਸੰਸਦ ਮੈਂਬਰ ਜਸਬੀਰ ਸਿੰਘ ਦੇ ਬੇਟਾ ਤੇ ਭਰਾ ਵੀ ਬਾਗੀ
ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਦੇ ਪਰਿਵਾਰ ਵਿੱਚੋਂ ਵੀ ਦੋ ਮੈਂਬਰ ਵਿਰੋਧ ਵਿੱਚ ਚੋਣ ਮੈਦਾਨ ਵਿੱਚ ਆਏ ਸਨ।
ਜਸਬੀਰ ਸਿੰਘ ਗਿੱਲ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਅਤੇ ਭਰਾ ਹਰਪਿੰਦਰ ਸਿੰਘ ਗਿੱਲ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰੇ ਸਨ ਜਿਸ ਨੂੰ ਚੋਣ ਕਮਿਸ਼ਨ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, GURSANT UPDESH SINGH GILL/FB
ਰਮਨਜੀਤ ਸਿੰਘ ਸਹੋਤਾ ਸਿੱਕੀ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਵਿੱਚ ਅਜਿਹਾ ਕੀਤਾ ਗਿਆ ਸੀ।
ਜਸਬੀਰ ਸਿੰਘ ਗਿੱਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਾਰਟੀ ਨਾਲ ਖੜ੍ਹੇ ਹਨ ਅਤੇ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣਗੇ।
ਰਿਸ਼ਤੇਦਾਰ ਜੋ ਟਿਕਟ ਲੈਣ ਵਿੱਚ ਰਹੇ ਸਫ਼ਲ
ਅਜਿਹਾ ਨਹੀਂ ਹੈ ਕਿ ਕਾਂਗਰਸ ਨੇ ਆਪਣੇ ਆਗੂਆਂ ਦੇ ਕਰੀਬੀਆਂ ਨੂੰ ਟਿਕਟਾਂ ਨਹੀਂ ਦਿੱਤੀਆਂ। ਕਈ ਅਜਿਹੀਆਂ ਸੀਟਾਂ ਹਨ ਜਿੱਥੇ ਰਿਸ਼ਤੇਦਾਰ ਅਤੇ ਕਰੀਬੀ ਟਿਕਟ ਲੈਣ ਵਿੱਚ ਸਫ਼ਲ ਹੋਏ ਹਨ।
ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਰਿਸ਼ਤੇਦਾਰ ਸੰਦੀਪ ਜਾਖੜ ਨੂੰ ਅਬੋਹਰ ਤੋਂ ਟਿਕਟ ਦਿੱਤੀ ਗਈ ਹੈ।
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਮਿਲੀ ਹੈ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ।

ਤਸਵੀਰ ਸਰੋਤ, SMIT SINGH/FB
ਸਾਂਸਦ ਅਮਰ ਸਿੰਘ ਦੇ ਬੇਟੇ ਕਾਮਿਲ ਨੂੰ ਰਾਏਕੋਟ ਤੋਂ ਟਿਕਟ ਮਿਲੀ ਹੈ ਜਦਕਿ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਮੁਕਤਸਰ ਤੋਂ ਉਮੀਦਵਾਰ ਹਨ।
ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਮਿਤ ਸਿੰਘ ਨੂੰ ਅਮਰਗੜ੍ਹ ਤੋਂ ਟਿਕਟ ਮਿਲੀ ਹੈ। ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ ਨੂੰ ਜਲੰਧਰ (ਉੱਤਰੀ) ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।
ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਕਰੀਬੀ ਰਿਸ਼ਤੇਦਾਰ ਜਸਵਿੰਦਰ ਸਿੰਘ ਧੀਮਾਨ ਨੂੰ ਵੀ ਪਾਰਟੀ ਨੇ ਟਿਕਟ ਦਿੱਤਾ ਹੈ।
ਨਾਰਾਜ਼ ਵਿਧਾਇਕਾਂ ਅਤੇ ਉਮੀਦਵਾਰਾਂ ਨੇ ਛੱਡੀ ਪਾਰਟੀ
2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਉਮੀਦਵਾਰਾਂ ਨੇ ਵੀ ਆਜ਼ਾਦ ਤੌਰ 'ਤੇ ਪਰਚੇ ਭਰੇ ਹਨ।
ਨਵਾਂ ਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸਿੰਘ ਦੀ ਟਿਕਟ ਕੱਟੀ ਗਈ ਸੀ ਅਤੇ ਉਨ੍ਹਾਂ ਨੇ ਆਜ਼ਾਦ ਤੌਰ 'ਤੇ ਚੋਣਾਂ ਵਿੱਚ ਲੜਨ ਦਾ ਫ਼ੈਸਲਾ ਕੀਤਾ ਹੈ।
ਸੁਨਾਮ ਤੋਂ ਟਿਕਟ ਨਾ ਮਿਲਣ 'ਤੇ 2017 ਵਿੱਚ ਉਮੀਦਵਾਰ ਰਹੇ ਦਾਮਨ ਥਿੰਦ ਬਾਜਵਾ ਨੇ ਵੀ ਕਾਗਜ਼ ਭਰੇ ਸਨ ਜੋ ਬਾਅਦ ਵਿੱਚ ਵਾਪਸ ਲੈ ਲਏ।

ਤਸਵੀਰ ਸਰੋਤ, ANGAD SINGH/FB
ਸਮਰਾਲਾ ਤੋਂ ਚਾਰ ਵਾਰ ਵਿਧਾਇਕ ਅਮਰੀਕ ਢਿੱਲੋਂ ਨੇ ਵੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਗਜ਼ ਭਰੇ ਹਨ। ਤਿੰਨ ਵਾਰ ਵਿਧਾਇਕ ਰਹੇ ਹਰਮਿੰਦਰ ਸਿੰਘ ਜੱਸੀ ਨੇ ਵੀ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਦਾਅਵੇਦਾਰੀ ਪੇਸ਼ ਕੀਤੀ ਹੈ।
ਆਪਣੇ ਕਰੀਬੀ ਰਿਸ਼ਤੇਦਾਰ ਨੂੰ ਟਿਕਟ ਨਾ ਮਿਲਣ ਦੇ ਵਿਰੋਧ ਵਿੱਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਐੱਚਐੱਸ ਹੰਸਪਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਸਾਬਕਾ ਵਿਧਾਇਕ ਜਗਮੋਹਨ ਕੰਗ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ।
ਕਾਂਗਰਸ ਦੇ ਕਈ ਵੱਡੇ ਚਿਹਰੇ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋ ਗਏ ਸਨ ਅਤੇ ਟਿਕਟਾਂ ਲੈਣ ਵਿੱਚ ਵੀ ਸਫ਼ਲ ਹੋਏ।

ਤਸਵੀਰ ਸਰੋਤ, FATEHJUNG BAJWA/TWITTER
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਿੱਚ ਸ਼ਾਮਲ ਹੋ ਗਏ ਫਿਰੋਜ਼ਪੁਰ (ਸ਼ਹਿਰੀ) ਤੋਂ ਪਾਰਟੀ ਦੇ ਉਮੀਦਵਾਰ ਹਨ।
ਇਸੇ ਤਰ੍ਹਾਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੂੰ ਪਾਰਟੀ ਨੇ ਬਟਾਲਾ ਤੋਂ ਟਿਕਟ ਦਿੱਤੀ ਹੈ ਅਤੇ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਵੀ ਭਾਜਪਾ ਦੇ ਉਮੀਦਵਾਰ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












