ਪੰਜਾਬ ਚੋਣਾਂ: ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ

ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਆਪਣੀ ਮਾਤਾ ਦਾ ਆਸ਼ੀਰਵਾਦ ਲੈਂਦੇ ਹੋਏ ਭਗਵੰਤ ਮਾਨ(ਫਾਈਲ ਫੋਟੋ)

ਤਸਵੀਰ ਸਰੋਤ, BHAGWANT MANN/TWITTER

ਤਸਵੀਰ ਕੈਪਸ਼ਨ, ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਆਪਣੀ ਮਾਤਾ ਦਾ ਆਸ਼ੀਰਵਾਦ ਲੈਂਦੇ ਹੋਏ ਭਗਵੰਤ ਮਾਨ(ਫਾਈਲ ਫੋਟੋ)
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਪੂਰਾ ਹੋ ਚੁੱਕਿਆ ਹੈ ਅਤੇ ਉਮੀਦਵਾਰਾਂ ਨੇ ਆਪਣੀ ਚੱਲ ਅਚੱਲ ਜਾਇਦਾਦ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਦੇ ਪੰਜ ਵੱਡੇ ਨੇਤਾ ਜਿਨ੍ਹਾਂ ਉੱਪਰ ਸਭ ਦੀਆਂ ਨਿਗਾਹਾਂ ਟਿਕੀਆਂ ਹਨ, ਦੇ ਨਾਮਜ਼ਦਗੀ ਕਾਗਜ਼ਾਂ ਉਨ੍ਹਾਂ ਦੀ ਚੱਲ -ਅਚੱਲ ਜਾਇਦਾਦ ਵਿੱਚ ਵਾਧੇ -ਘਾਟੇ ਹੋਏ ਹਨ।

ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਵਿੱਚ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਉਮੀਦਵਾਰਾਂ ਕੋਲ ਲੱਖਾਂ ਰੁਪਏ ਦੀਆਂ ਕਾਰਾਂ, ਘੋੜੇ, ਹਥਿਆਰ, ਘਰ ਅਤੇ ਜ਼ਮੀਨਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਉੱਪਰ ਲੱਖਾਂ ਕਰੋੜਾਂ ਦੀਆਂ ਦੇਣਦਾਰੀਆਂ ਵੀ ਹਨ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ: ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ

ਸੁਖਬੀਰ ਬਾਦਲ ਕੋਲ 98 ਲੱਖ ਦੇ ਘੋੜੇ, ਹਥਿਆਰ ਪਰ ਨਹੀਂ ਹੈ ਕੋਈ ਕਾਰ

ਸੁਖਬੀਰ ਸਿੰਘ ਬਾਦਲ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਦੂਸਰੇ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਚੱਲ ਅਚੱਲ ਜਾਇਦਾਦ 122.77 ਕਰੋੜ ਐਲਾਨੀ ਗਈ ਹੈ। ਇਸ ਵਿੱਚ 51.21 ਕਰੋੜ ਉਨ੍ਹਾਂ ਦੇ ਆਪਣੇ ਅਤੇ 71.56 ਕਰੋੜ ਪਤਨੀ ਹਰਸਿਮਰਤ ਕੌਰ ਬਾਦਲ ਦੇ ਹਨ।

ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।

2017 ਵਿੱਚ ਉਨ੍ਹਾਂ ਦੀ ਜਾਇਦਾਦ 102 ਕਰੋੜ ਦੇ ਕਰੀਬ ਸੀ ਜਦਕਿ 2012 ਵਿੱਚ ਇਹ ਲਗਭਗ 90 ਕਰੋੜ ਸੀ।

ਹਲਫ਼ਨਾਮੇ ਮੁਤਾਬਕ ਸੁਖਬੀਰ ਬਾਦਲ ਕੋਲ ਲਗਭਗ 95 ਲੱਖ ਦੇ ਘੋੜੇ ਅਤੇ 3 ਲੱਖ ਦੇ ਦੋ ਹਥਿਆਰ ਹਨ। ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ ਪਰ ਦੋ ਟਰੈਕਟਰ ਹਨ।

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ

ਤਸਵੀਰ ਸਰੋਤ, SHIROMANI AKALI DAL MEDIA

ਤਸਵੀਰ ਕੈਪਸ਼ਨ, ਹਲਫਨਾਮੇ ਮੁਤਾਬਕ ਸੁਖਬੀਰ ਬਾਦਲ ਕੋਲ ਲਗਭਗ 95 ਲੱਖ ਦੇ ਘੋੜੇ ਅਤੇ 3 ਲੱਖ ਦੇ ਦੋ ਹਥਿਆਰ ਹਨ।

ਇਸ ਤੋਂ ਇਲਾਵਾ ਉਨ੍ਹਾਂ ਕੋਲ ਮੁਕਤਸਰ, ਸਿਰਸਾ, ਗੰਗਾਨਗਰ, ਲੁਧਿਆਣਾ ਜਲੰਧਰ ਅਤੇ ਚੰਡੀਗੜ੍ਹ ਵਿੱਚ ਘਰ ਅਤੇ ਜ਼ਮੀਨ ਹੈ। ਉਨ੍ਹਾਂ ਉਪਰ ਲਗਭਗ 37 ਕਰੋੜ ਰੁਪਏ ਦੇ ਬੈਂਕ ਲੋਨ ਅਤੇ ਕਰਜ਼ਾ ਵੀ ਹੈ।

ਜੇਕਰ ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ 7 ਕਰੋੜ ਤੋਂ ਵੱਧ ਦੇ ਗਹਿਣੇ ਹਨ। ਉਨ੍ਹਾਂ ਕੋਲ ਵੀ ਇੱਕ ਹਥਿਆਰ ਹੈ ਜਿਸ ਦੀ ਕੀਮਤ 1.25 ਲੱਖ ਹੈ ਅਤੇ ਲਗਭਗ 3.5 ਲੱਖ ਰੁਪਏ ਦੀਆਂ ਪੇਂਟਿੰਗਜ਼ ਵੀ ਹਨ।

ਦੋਹੇਂ ਪਤੀ ਪਤਨੀ ਨੇ ਆਪਣੇ ਆਪ ਨੂੰ ਮੈਂਬਰ ਸੰਸਦ ਅਤੇ ਖੇਤੀਬਾੜੀ ਨਾਲ ਸੰਬੰਧਿਤ ਦੱਸਿਆ ਹੈ। ਇਸ ਦੇ ਨਾਲ ਹੀ ਆਪਣੀ ਕਮਾਈ ਦੇ ਸਾਧਨਾਂ ਵਿੱਚ ਸੰਸਦ ਮੈਂਬਰ ਵਜੋਂ ਤਨਖ਼ਾਹ, ਖੇਤੀਬਾੜੀ ਅਤੇ ਜ਼ਮੀਨ ਤੋਂ ਮਿਲਣ ਵਾਲਾ ਕਿਰਾਇਆ ਦੱਸਿਆ ਹੈ।

ਕੈਪਟਨ ਅਮਰਿੰਦਰ ਕੋਲ ਹਨ ਪਤਨੀ ਪ੍ਰਨੀਤ ਕੌਰ ਤੋਂ ਜ਼ਿਆਦਾ ਗਹਿਣੇ

ਜੇਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਚੱਲ-ਅਚੱਲ ਜਾਇਦਾਦ ਪਿਛਲੇ ਪੰਜ ਸਾਲਾਂ ਵਿੱਚ ਵਧੀ ਹੈ। 2022 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ 68.73 ਕਰੋੜ ਹੈ ਜਦਕਿ 2017 ਵਿੱਚ ਇਹ 48.29 ਕਰੋੜ ਸੀ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਨ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਨ।

ਤਸਵੀਰ ਸਰੋਤ, CAPT AMARINDER SINGH

ਕੈਪਟਨ ਅਮਰਿੰਦਰ ਸਿੰਘ ਦੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਕੋਲ ਸੋਨੇ ਅਤੇ ਹੀਰੇ ਦੇ ਗਹਿਣਿਆਂ ਤੋਂ ਇਲਾਵਾ ਪਟਿਆਲਾ ਵਿੱਚ ਮੋਤੀਬਾਗ਼ ਮਹਿਲ ਅਤੇ ਮੁਹਾਲੀ ਵਿੱਚ ਇੱਕ ਫਾਰਮ ਹਾਊਸ ਹੈ।

ਉਨ੍ਹਾਂ ਕੋਲ ਲਗਭਗ 51 ਲੱਖ ਰੁਪਏ ਦੇ ਗਹਿਣੇ ਹਨ ਜਦਕਿ ਉਨ੍ਹਾਂ ਦੀ ਪਤਨੀ ਕੋਲ 37.75 ਲੱਖ ਰੁਪਏ ਦੇ ਗਹਿਣੇ ਹਨ।

ਇਸ ਨਾਲ ਹੀ ਉਨ੍ਹਾਂ ਨੇ ਹਰਿਦੁਆਰ, ਸ਼ਿਮਲਾ ਅਤੇ ਮੁਹਾਲੀ ਵਿੱਚ ਜ਼ਮੀਨ ਦਾ ਜ਼ਿਕਰ ਵੀ ਆਪਣੇ ਹਲਫ਼ਨਾਮੇ ਵਿੱਚ ਕੀਤਾ ਹੈ।

2014 ਦੀਆਂ ਲੋਕ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਉਮੀਦਵਾਰ ਸਨ ਅਤੇ ਉਸ ਸਮੇਂ ਉਨ੍ਹਾਂ ਨੇ ਆਪਣੀ ਜਾਇਦਾਦ 86.33 ਕਰੋੜ ਰੁਪਏ ਦੱਸੀ ਸੀ।

ਗਹਿਣਿਆਂ ਤੋਂ ਜ਼ਿਆਦਾ ਕੀਮਤੀ ਘੜੀਆਂ ਦੇ ਮਾਲਕ ਨਵਜੋਤ ਸਿੰਘ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਐਲਾਨੀ ਗਈ ਜਾਇਦਾਦ ਦੀ ਕੁੱਲ ਕੀਮਤ 44.63 ਕਰੋੜ ਰੁਪਏ ਹੈ। 2017 ਵਿੱਚ ਇਹ 45.91 ਕਰੋੜ ਸੀ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਵਿਧਾਇਕ ਅਤੇ ਪਤਨੀ ਨੂੰ ਸਾਬਕਾ ਵਿਧਾਇਕ ਅਤੇ ਡਾਕਟਰ ਦੱਸਿਆ ਹੈ। ਆਪਣੀ ਕਮਾਈ ਦੇ ਸਾਧਨਾਂ ਵਿੱਚ ਉਨ੍ਹਾਂ ਨੇ ਵਿਧਾਇਕ ਵਜੋਂ ਤਨਖ਼ਾਹ, ਕ੍ਰਿਕਟਰ ਵਜੋਂ ਪੈਨਸ਼ਨ ਅਤੇ ਜਾਇਦਾਦ ਤੋਂ ਆਉਣ ਵਾਲੇ ਕਿਰਾਏ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਕੋਲ ਲਗਭਗ 44 ਲੱਖ ਰੁਪਏ ਦੀਆਂ ਘੜੀਆਂ ਹਨ ਅਤੇ 30 ਲੱਖ ਰੁਪਏ ਦੇ ਗਹਿਣੇ ਹਨ। ਉਨ੍ਹਾਂ ਦੀ ਪਤਨੀ ਕੋਲ 70 ਲੱਖ ਰੁਪਏ ਦੇ ਗਹਿਣੇ ਹਨ।

ਹਲਫਨਾਮੇ ਮੁਤਾਬਕ ਸਿੱਧੂ ਕੋਲ ਦੋ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ 1.19 ਕਰੋੜ ਅਤੇ 11 ਲੱਖ ਰੁਪਏ ਹੈ।

ਤਸਵੀਰ ਸਰੋਤ, NAVJOT SINGH SIDHU/TWITTER

ਤਸਵੀਰ ਕੈਪਸ਼ਨ, ਹਲਫਨਾਮੇ ਮੁਤਾਬਕ ਸਿੱਧੂ ਕੋਲ ਦੋ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ 1.19 ਕਰੋੜ ਅਤੇ 11 ਲੱਖ ਰੁਪਏ ਹੈ।

ਨਵਜੋਤ ਸਿੰਘ ਸਿੱਧੂ ਕੋਲ ਪਟਿਆਲਾ ਵਿਖੇ ਛੇ ਸ਼ੋਅਰੂਮ ਹਨ ਪਰ ਉਨ੍ਹਾਂ ਕੋਲ ਖੇਤੀਬਾੜੀ ਦੀ ਕੋਈ ਜ਼ਮੀਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਘਰ ਹਨ।

ਹਲਫ਼ਨਾਮੇ ਮੁਤਾਬਕ ਸਿੱਧੂ ਕੋਲ ਦੋ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ 1.19 ਕਰੋੜ ਅਤੇ 11 ਲੱਖ ਰੁਪਏ ਹੈ। 2017 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਆਪਣੇ ਕੁੱਲ ਤਿੰਨ ਗੱਡੀਆਂ ਹੋਣ ਦਾ ਐਲਾਨ ਕੀਤਾ ਸੀ।

ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਿੱਚ ਮੁਕਾਬਲਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਕੇਂਦਰ ਹੈ।

ਮੁੱਖ ਮੰਤਰੀ ਚੰਨੀ ਅਤੇ ਪਤਨੀ ਉੱਪਰ ਹੈ ਲੱਖਾਂ ਦਾ ਕਰਜ਼ਾ

ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਖ ਚਿਹਰਿਆਂ ਵਿੱਚੋਂ ਇਕੱਲੇ ਨਹੀਂ ਹਨ ਜਿਨ੍ਹਾਂ ਦੀ ਜਾਇਦਾਦ ਘਟੀ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੁੱਲ ਜਾਇਦਾਦ ਵੀ ਕਈ ਕਰੋੜ ਰੁਪਏ ਘਟੀ ਹੈ। ਜਿੱਥੇ 2017 ਵਿੱਚ ਇਹ 14.5 ਕਰੋੜ ਸੀ ਉੱਥੇ ਹੀ 2022 ਵਿੱਚ ਇਹ 9.44 ਕਰੋੜ ਦੇ ਲਗਭਗ ਹੈ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, CHARANJIT SINGH CHANNI/TWITTER

ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ ਮੁਤਾਬਕ ਉਨ੍ਹਾਂ ਕੋਲ 7 ਲੱਖ ਦੇ ਗਹਿਣੇ ਅਤੇ ਇੱਕ ਗੱਡੀ ਹੈ

ਚੰਨੀ ਨੇ ਆਪਣੇ ਆਪ ਨੂੰ ਵਪਾਰ ਨਾਲ ਜੁੜਿਆ ਦੱਸਿਆ ਹੈ ਅਤੇ ਕਮਾਈ ਦੇ ਸਾਧਨਾਂ ਵਿੱਚ ਵਿਧਾਨ ਸਭਾ ਤੋਂ ਤਨਖ਼ਾਹ ਅਤੇ ਵਪਾਰ 'ਚ ਮਿਲਣ ਵਾਲਾ ਪੈਸਾ ਦੱਸਿਆ ਹੈ। ਉਨ੍ਹਾਂ ਨੇ ਆਪਣੀ ਪਤਨੀ ਕਮਲਜੀਤ ਕੌਰ ਦਾ ਕਿੱਤਾ ਡਾਕਟਰ ਦੱਸਿਆ ਹੈ।

ਚੰਨੀ ਮੁਤਾਬਕ ਉਨ੍ਹਾਂ ਕੋਲ 7 ਲੱਖ ਦੇ ਗਹਿਣੇ ਅਤੇ ਇੱਕ ਗੱਡੀ ਹੈ। ਉਨ੍ਹਾਂ ਦੀ ਪਤਨੀ ਕੋਲ ਦੋ ਗੱਡੀਆਂ ਅਤੇ 54 ਲੱਖ ਰੁਪਏ ਦੇ ਗਹਿਣੇ ਹਨ। ਚੰਨੀ ਅਤੇ ਉਨ੍ਹਾਂ ਦੀ ਪਤਨੀ ਉਪਰ ਲਗਭਗ 90 ਲੱਖ ਦਾ ਕਰਜ਼ਾ ਵੀ ਹੈ ਜਿਨ੍ਹਾਂ ਵਿੱਚ ਬੈਂਕ ਵਗੈਰਾ ਦੇ ਲੋਨ ਹਨ।

ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰ ਹਨ ਜਿਨ੍ਹਾਂ ਵਿੱਚ ਭਦੌੜ ਅਤੇ ਚਮਕੌਰ ਸਾਹਿਬ ਸ਼ਾਮਿਲ ਹੈ।

ਭਗਵੰਤ ਮਾਨ ਦੇ ਸਿਰ 22 ਲੱਖ ਦਾ ਬੈਂਕ ਲੋਨ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੀ ਜਾਇਦਾਦ ਵੀ ਪਿਛਲੇ ਪੰਜ ਸਾਲਾਂ ਵਿੱਚ ਘਟੀ ਹੈ।

2022 ਵਿੱਚ ਇਹ 1.97 ਕਰੋੜ ਹੈ ਜਦੋਂ ਕਿ 2017 ਵਿੱਚ ਇਹ 1.99 ਕਰੋੜ ਸੀ।

ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਹਲਫ਼ਨਾਮੇ ਵਿੱਚ ਰਾਜਨੀਤਕ ਨੇਤਾ ਦੱਸਿਆ ਹੈ। ਕਮਾਈ ਦੇ ਸਾਧਨਾਂ ਵਿੱਚ ਸੰਸਦ ਮੈਂਬਰ ਵਜੋਂ ਤਨਖ਼ਾਹ ਤੇ ਜਾਇਦਾਦ ਤੋਂ ਮਿਲਣ ਵਾਲਾ ਕਿਰਾਇਆ ਅਤੇ ਵਿਆਜ ਦੱਸਿਆ ਹੈ।

ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 3 ਗੱਡੀਆਂ ਹਨ, 5 ਲੱਖ ਦੇ ਗਹਿਣੇ ਹਨ ਅਤੇ ਲਗਭਗ 20 ਹਜ਼ਾਰ ਰੁਪਏ ਦਾ ਇੱਕ ਹਥਿਆਰ ਹੈ। ਉਨ੍ਹਾਂ ਦੀ ਚੱਲ ਜਾਇਦਾਦ ਦੀ ਕੁੱਲ ਕੀਮਤ ਲਗਭਗ 48 ਲੱਖ ਰੁਪਏ ਹੈ।

ਧੂਰੀ ਤੋਂ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਭਗਵੰਤ ਮਾਨ

ਤਸਵੀਰ ਸਰੋਤ, BHAGWANT MANN/TWITTER

ਤਸਵੀਰ ਕੈਪਸ਼ਨ, ਧੂਰੀ ਤੋਂ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਭਗਵੰਤ ਮਾਨ

ਭਗਵੰਤ ਮਾਨ ਨੇ ਬੈਂਕ ਦੇ ਲਗਭਗ 22 ਲੱਖ ਰੁਪਏ ਕਾਰ ਲੋਨ ਵਜੋਂ ਦੇਣੇ ਹਨ। ਇਸ ਦੇ ਨਾਲ ਹੀ ਲਗਭਗ 8 ਲੱਖ ਰੁਪਏ ਸਰਵਿਸ ਟੈਕਸ ਵਿਭਾਗ ਦੇ ਵੀ ਦੇਣੇ ਹਨ।

ਸੰਗਰੂਰ ਅਤੇ ਪਟਿਆਲਾ ਵਿੱਚ ਖੇਤੀਬਾੜੀ ਅਤੇ ਕਮਰਸ਼ੀਅਲ ਜਾਇਦਾਦ ਦਾ ਜ਼ਿਕਰ ਵੀ ਉਨ੍ਹਾਂ ਨੇ ਆਪਣੇ ਹਲਫ਼ਨਾਮੇ ਵਿੱਚ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)