ਪੰਜਾਬ ਵਿਧਾਨ ਸਭਾ ਚੋਣਾਂ 2022: ਚਰਨਜੀਤ ਚੰਨੀ ਦੀਆਂ ਜੱਫ਼ੀਆਂ, ਕੇਜਰੀਵਾਲ ਦਾ ਲੋਕਾਂ ਦੇ ਘਰ ਜਾਣਾ ਤੇ ਸੁਖਬੀਰ ਦਾ ਜੁੱਤੀਆਂ ਖਰੀਦਣਾ ਵੋਟਾਂ ’ਚ ਕਿੰਨਾ ਤਬਦੀਲ ਹੁੰਦਾ

ਤਸਵੀਰ ਸਰੋਤ, FB/Charanjeet Singh Channi
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਅਰਵਿੰਦ ਕੇਜਰੀਵਾਲ ਦਾ ਆਟੋ ਵਾਲੇ ਦੇ ਘਰ ਰੋਟੀ ਖਾਣਾ, ਚਰਨਜੀਤ ਚੰਨੀ ਦਾ ਕਿਸੇ ਵਿਆਹ 'ਤੇ ਪਹੁੰਚ ਕੇ ਸ਼ਗਨ ਦੇਣਾ, ਤੇ ਸੁਖਬੀਰ ਸਿੰਘ ਬਾਦਲ ਦਾ ਹਲਵਾਈ ਦੀ ਦੁਕਾਨ 'ਤੇ ਜਲੇਬੀਆਂ ਕੱਢਣੀਆਂ।
ਸਿਆਸੀ ਆਗੂ ਜੇਕਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋਣ ਤਾਂ ਇਹ ਇਸ਼ਾਰਾ ਹੁੰਦਾ ਹੈ ਕਿ ਚੋਣਾਂ ਨੇੜੇ ਹਨ।
ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਕਿਸਾਨਾਂ ਨਾਲ ਖੇਤਾਂ ਵਿੱਚ ਗੱਲਬਾਤ ਕਰਨ ਲਈ ਪਹੁੰਚ ਗਏ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਤਰੀਕ ਦੇ ਐਲਾਨ ਤੋਂ ਪਹਿਲਾਂ ਹੀ ਬੀਤੇ ਕੁਝ ਮਹੀਨਿਆਂ ਤੋਂ ਚੋਣਾਂ ਦਾ ਮੈਦਾਨ ਭਖਿਆ ਹੋਇਆ ਸੀ।

ਤਸਵੀਰ ਸਰੋਤ, FB/Arvind Kejriwal
ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਚੋਣ ਕਮਿਸ਼ਨ ਨੇ ਇਸ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਇਨ੍ਹਾਂ ਪਾਬੰਦੀਆਂ ਤਹਿਤ ਰੈਲੀਆਂ, ਇਕੱਠ, ਨੁੱਕੜ ਸਭਾਵਾਂ ਕਰਨ ਤੋਂ ਵਰਜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਵਰਚੂਅਲ, ਡਿਜੀਟਲ ਅਤੇ ਆਨਲਾਈਨ ਪ੍ਰਚਾਰ ਦੇ ਹੋਰ ਸਾਧਨਾਂ ਦੀ ਵਰਤੋਂ ਕਰਨ ਲਈ ਸੁਝਾਅ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਡੋਰ-ਟੂ-ਡੋਰ ਕੰਪੈਨ ਕਰਨ ਲਈ ਵੀ 5 ਤੋਂ ਵੱਧ ਬੰਦਿਆਂ 'ਤੇ ਪਾਬੰਦੀ ਲਗਾਈ ਗਈ ਹੈ।
ਚੋਣ ਮੁਹਿੰਮ ਦੇ ਪ੍ਰਚਾਰ ਅਤੇ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਵਿਚਾਲੇ ਸਿਆਸੀ ਦਲਾਂ ਨੇ ਆਪੋ-ਆਪਣੇ ਢੰਗ ਨਾਲ ਕੁਝ ਰਾਹ ਅਖ਼ਤਿਆਰ ਕੀਤੇ ਹਨ।
ਵੱਖ-ਵੱਖ ਪਾਰਟੀਆਂ ਦੇ ਕਈ ਸਿਆਸਤਦਾਨ ਆਮ ਲੋਕਾਂ ਨਾਲ ਮਿਲ ਰਹੇ ਹਨ।
ਇਸ ਰਾਹੀਂ ਮੀਡੀਆ ਦਾ ਧਿਆਨ ਵੀ ਇਨ੍ਹਾਂ ਆਗੂਆਂ ਵੱਲ ਚਲਾ ਜਾਂਦਾ ਹੈ ਤੇ ਉਹ ਸੁਰਖ਼ੀਆਂ ਵਿੱਚ ਆ ਜਾਂਦੇ ਹਨ।

ਤਸਵੀਰ ਸਰੋਤ, FB/Bhagwant Mann
ਸਿਆਸਤਦਾਨਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਦਾ ਲੋਕਾਂ 'ਤੇ ਕੀ ਅਸਰ ਪੈਂਦਾ ਹੈ ਤੇ ਵੋਟਾਂ ਦੇ ਨਤੀਜੇ ਇਸ ਨਾਲ ਕਿੰਨੇ ਪ੍ਰਭਾਵਿਤ ਹੁੰਦੇ ਹਨ, ਇਸ ਬਾਰੇ ਅਸੀਂ ਸਿਆਸੀ ਮਾਹਿਰਾਂ ਤੋਂ ਵੀ ਜਾਣਾਂਗੇ।
ਪਹਿਲਾਂ ਤੁਹਾਨੂੰ ਬੀਤੇ ਵਕਤ ਵਿੱਚ ਲੀਡਰਾਂ ਦੀਆਂ ਅਜਿਹੀਆਂ ਚਾਰਾਜੋਈਆਂ ਬਾਰੇ ਚੇਤੇ ਕਰਾਵਾਉਂਦੇ ਹਾਂ।
ਆਟੋ ਵਾਲਿਆਂ ਨਾਲ ਮੁਲਾਕਾਤ
ਪਿਛਲੇ ਸਾਲ ਨਵੰਬਰ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਆਟੋ ਰਿਕਸ਼ਾ ਚਾਲਕਾਂ ਨਾਲ ਇੱਕ ਸਭਾ ਰੱਖੀ। ਇਸ ਸਭਾ ਵਿੱਚ ਉਨ੍ਹਾਂ ਨੇ ਆਟੋ ਚਾਲਕਾਂ ਲਈ ਕਈ ਐਲਾਨ ਕੀਤੇ।
ਗੱਲ ਸਭਾ ਉੱਤੇ ਹੀ ਖ਼ਤਮ ਨਹੀਂ ਹੋਈ ਅਰਵਿੰਦ ਕੇਜਰੀਵਾਲ ਇੱਕ ਆਟੋਵਾਲੇ ਦੇ ਘਰ ਪਹੁੰਚੇ ਤੇ ਉਸ ਦੇ ਘਰ ਬੈਠ ਕੇ ਉਨ੍ਹਾਂ ਨੇ ਖਾਣਾ ਖਾਧਾ।
ਦੂਜੇ ਪਾਸੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਉਸੇ ਸ਼ਾਮ ਨੂੰ ਹੀ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਰਿਕਸ਼ੇ ਵਾਲਿਆਂ ਨਾਲ ਬੈਠ ਕੇ ਚਾਹ ਪੀਤੀ ਅਤੇ ਉਨ੍ਹਾਂ ਦੇ ਚਲਾਨ ਮੁਆਫ਼ ਕਰਨ ਦਾ ਵਾਅਦਾ ਕੀਤਾ।
ਚਰਨਜੀਤ ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਸਨ।

ਤਸਵੀਰ ਸਰੋਤ, FB/Bhagwant Mann
ਉਨ੍ਹਾਂ ਨੇ ਰਿਕਸ਼ਾ ਅਤੇ ਆਟੋ ਰਿਕਸ਼ਾ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਮੇਰੇ ਪਿਤਾ ਜੀ ਦਾ ਟੈਂਟ ਦਾ ਕੰਮ ਸੀ ਤੇ ਮੈਂ ਵੀ ਬੜਾ ਰਿਕਸ਼ਾ ਚਲਾਇਆ।"
ਇਸ ਤੋਂ ਇਲਾਵਾ ਚੰਨੀ ਆਪਣੇ ਆਪ ਨੂੰ ਲਗਭਗ ਹਰੇਕ ਕੰਮ ਕਰਨ ਦੇ ਸਮਰੱਥ ਦੱਸਦੇ ਰਹੇ ਹਨ, ਜਿਵੇਂ ਸਟੇਜ ਤੋਂ ਉਨ੍ਹਾਂ ਨੂੰ ਇਹ ਕਹੇ ਜਾਂਦਿਆਂ ਸੁਣਿਆ ਗਿਆ, "ਮੈਂ ਧਾਰਾਂ ਵੀ ਕੱਢ ਲੈਂਦਾ ਹਾਂ, ਮੰਜਾਂ ਵੀ ਉਣ ਲੈਂਦਾ ਹਾਂ।"
ਅਜਿਹੀਆਂ ਕਈ ਗੱਲਾਂ ਬੋਲੀਆਂ ਤੇ ਉਸ ਤੋਂ ਬਾਅਦ ਉਹ ਕਾਫੀ ਟਰੋਲ ਵੀ ਹੋਏ।

ਤਸਵੀਰ ਸਰੋਤ, Twitter/Charanjit Singh Channi
ਹਾਲਾਂਕਿ, ਟਰੋਲ ਹੋਣ ਬਾਅਦ ਮੁੱਖ ਮੰਤਰੀ ਚੰਨੀ ਨੇ ਆਪਣੇ ਟਰੋਲ ਦਾ ਜਵਾਬ ਦਿੰਦਿਆਂ ਵੀ ਕਿਹਾ ਕਿ ਫਿਰ ਵਿਰੋਧੀ ਆਖਦੇ ਹਨ ਕਿ ਚੰਨੀ ਸਭ ਕੁਝ ਕਰ ਲੈਂਦਾ "ਮੈਂ ਦੱਸਦਿਆਂ ਕਿ ਮੈਂ ਬੱਸ ਵੀ ਚਲਾ ਲੈਂਦਾ ਹਾਂ" ਅਤੇ ਉਨ੍ਹਾਂ ਬੱਸ ਚਲਾ ਕੇ ਵੀ ਦਿਖਾਈ।
ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੂੰ ਭੰਗੜੇ ਪਾਉਂਦਿਆਂ ਅਤੇ ਖੇਡਦਿਆਂ ਵੀ ਦੇਖਿਆ ਗਿਆ।
ਅਰਵਿੰਦ ਕੇਜਰੀਵਾਲ ਵੀ ਆਪਣੀਆਂ ਮੰਗਾਂ ਲਈ ਧਰਨੇ 'ਤੇ ਟੈਂਕੀ 'ਤੇ ਚੜ੍ਹੇ ਟੀਚਰਾਂ ਨੂੰ ਵੀ ਮਿਲਣ ਪਹੁੰਚੇ ਸੀ।
ਇਹ ਵੀ ਪੜ੍ਹੋ-
ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤਾਂ ਚਰਨਜੀਤ ਚੰਨੀ ਦੇ ਹਲਕੇ ਵਿੱਚ ਸਕੂਲਾਂ ਦਾ ਨਿਰੀਖਣ ਕਰਨ ਵੀ ਪਹੁੰਚ ਗਏ ਸੀ।
ਉਨ੍ਹਾਂ ਨੇ ਦਿੱਲੀ ਤੇ ਪੰਜਾਬ ਦੇ ਸਕੂਲਾਂ ਦਾ ਮੁਕਾਬਲਾ ਕਰਵਾਉਣ ਦਾ ਕਰਵਾਉਣ ਦਾ ਸੱਦਾ ਦਿੱਤਾ ਸੀ।
ਇਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਕੋਈ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਸਕੂਲਾਂ ਦਾ ਨਿਰੀਖਣ ਕਰਨ।
ਵੀਡੀਓ- ਜਦੋਂ ਦਿੱਲੀ ਧਰਨੇ ਵਿੱਚ ਬੈਠੇ ਸੀ ਨਵਜੋਤ ਸਿੱਧੂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਝ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਗੈਸਟ ਟੀਚਰਾਂ ਵਿਚਾਲੇ ਪਹੁੰਚੇ ਸਨ ਤੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਤਾਂ ਵੱਡੇ ਦਾਅਵੇ ਕਰਦੇ ਹਨ ਪਰ ਦਿੱਲੀ ਦੇ ਟੀਚਰ ਉਨ੍ਹਾਂ ਤੋਂ ਪ੍ਰੇਸ਼ਾਨ ਹਨ।
ਯਾਨਿ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਆਮ ਲੋਕਾਂ ਨਾਲ ਮਿਲਣ ਦੀ ਹੋੜ ਵਿੱਚ ਇੱਕ ਦੂਜੇ ਦੇ ਇਲਾਕੇ ਵਿੱਚ ਵੀ ਪਹੁੰਚਿਆ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਖਾਧੇ ਗੋਲਗੱਪੇ ਤੇ ਕੱਢੀਆਂ ਜਲੇਬੀਆਂ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਨਵਾਂਸ਼ਹਿਰ ਦੀ ਮਾਰਕਿਟ ਵਿੱਚ ਰੁਕ ਕੇ ਆਮ ਲੋਕਾਂ ਨਾਲ ਮਿਲੇ ਅਤੇ ਜਲੇਬੀਆਂ ਕੱਢੀਆਂ।

ਤਸਵੀਰ ਸਰੋਤ, FB/Sukhbir Badal
ਇਸ ਦੇ ਨਾਲ ਉਨ੍ਹਾਂ ਨੇ ਇਸ ਮੌਕੇ ਸਟ੍ਰੀਟ ਫੂਡ ਗੋਲਗੱਪੇ ਵੀ ਖਾਧੇ ਸੀ। ਇਸ ਤੋਂ ਇਲਾਵਾ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਜੁੱਤੀਆਂ ਖਰੀਦਣ ਵੀ ਪਹੁੰਚੇ ਸਨ।
ਉਂਝ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਪੂਰੇ ਸਿਆਸੀ ਸਫ਼ਰ ਵਿੱਚ ਸੰਗਤ ਦਰਸ਼ਨ ਵਰਗੀਆਂ ਅਜਿਹੀਆਂ ਕੋਸ਼ਿਸ਼ਾਂ ਕਰਦੇ ਵੇਖੇ ਗਏ ਹਨ।

ਤਸਵੀਰ ਸਰੋਤ, fb/sukhbir badal
ਲੀਡਰ ਅਜਿਹਾ ਕਿਉਂ ਕਰਦੇ ਹਨ ਅਤੇ ਇਸ ਪਿੱਛੇ ਕੀ ਕਾਰਨ ਹੁੰਦੇ ਹਨ ਇਸ ਦਾ ਜਵਾਬ ਜਾਣਨ ਲਈ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲ ਕੀਤੀ।
ਉਨ੍ਹਾਂ ਨੇ ਕਿਹਾ,"ਚੋਣ ਪ੍ਰਚਾਰ ਦੌਰਾਨ ਇਹ ਲੋਕਾਂ ਵਿੱਚ ਧਾਰਨਾ ਬਣਾਉਣ ਦਾ ਇੱਕ ਹਿੱਸਾ ਹੈ। ਇਹ ਮਹਿਜ਼ ਇਕ ਡਰਾਮਾ ਹੁੰਦਾ ਹੈ ਜਿਸ ਦਾ ਕਈ ਵਾਰ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।"
ਉਹ ਅੱਗੇ ਆਖਦੇ ਹਨ, "ਚੋਣਾਂ ਜਿੱਤਣ ਤੋਂ ਬਾਅਦ ਇਹ ਨੇਤਾ ਕਦੇ ਉਸ ਦਲਿਤ ਵਿਅਕਤੀ, ਉਸ ਦੁਕਾਨਦਾਰ ਦੀ ਦੁਕਾਨ 'ਤੇ ਨਜ਼ਰ ਨਹੀਂ ਆਉਂਦੇ। ਚੋਣਾਂ ਜਿੱਤਣ ਤੋਂ ਬਾਅਦ ਇਹ ਸਭ ਭੁੱਲ ਜਾਂਦੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਜਗਤਾਰ ਸਿੰਘ ਅੱਗੇ ਕਹਿੰਦੇ ਹਨ ਕਿ ਇਹ ਵੀ ਲੋਕਾਂ ਵਿੱਚ ਆਪਣੀ ਇੱਕ ਆਮ ਇਨਸਾਨ ਹੋਣ ਦੀ ਧਾਰਨਾ ਬਣਾਉਣ ਦਾ ਹਿੱਸਾ ਹੈ।
"ਇਸ ਸਾਰੇ ਡਰਾਮੇ ਵਿੱਚ ਲੋਕਾਂ ਪ੍ਰਤੀ ਨੇਤਾਵਾਂ ਦੀ ਵਚਨਬੱਧਤਾ ਕਿਤੇ ਗੁੰਮ ਨਜ਼ਰ ਆਉਂਦੀ ਹੈ। ਇਹ ਲੋਕ ਜੇ ਚੋਣਾਂ ਜਿੱਤਣ ਤੋਂ ਬਾਅਦ ਕਿਸੇ ਨੇਤਾ ਕੋਲ ਚਲੇ ਜਾਣ ਤਾਂ ਉਨ੍ਹਾਂ ਦੇ ਸੁਰੱਖਿਆ ਕਰਮੀ ਸ਼ਾਇਦ ਇਨ੍ਹਾਂ ਨੂੰ ਮਿਲਣ ਵੀ ਨਾ ਦੇਣ।"
ਪੰਜਾਬ ਵਿੱਚ ਆਗੂਆਂ ਅਤੇ ਆਮ ਜਨਤਾ ਵਿਚਕਾਰ ਵਧੀਆਂ ਦੂਰੀਆਂ ਬਾਰੇ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਤੋਂ ਬਾਅਦ ਅਜਿਹੇ ਹਾਲਾਤ ਬਣੇ ਹਨ।
ਉਸ ਤੋਂ ਪਹਿਲਾਂ ਨੇਤਾ ਆਮ ਲੋਕਾਂ ਵਿੱਚ ਵਿਚਰਦੇ ਸਨ। ਮੁੱਖ ਮੰਤਰੀ ਲੋਕਾਂ ਅਤੇ ਪੱਤਰਕਾਰਾਂ ਨਾਲ ਅਕਸਰ ਹੀ ਮਿਲਦੇ ਅਤੇ ਗੱਲਬਾਤ ਕਰਦੇ ਰਹਿੰਦੇ ਸਨ।
ਉਹ ਆਖਦੇ ਹਨ ਕਿ ਸਮੇਂ ਦੇ ਨਾਲ ਸੋਸ਼ਲ ਮੀਡੀਆ ਅਤੇ ਜ਼ਿਆਦਾ ਚੈਨਲ ਆਉਣ ਕਾਰਨ ਇਹ 'ਡਰਾਮੇ' ਦਾ ਰੁਝਾਨ ਵਧਿਆ ਹੈ। ਪਿਛਲੇ ਸਮਿਆਂ ਵਿੱਚ ਅਜਿਹੇ ਮਾਧਿਅਮ ਨਾ ਹੋਣ ਕਰਕੇ ਅਜਿਹਾ ਨਹੀਂ ਸੀ।

ਪੰਜਾਬ ਦੇ ਪੁਰਾਣੇ ਨੇਤਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਆਗੂਆਂ ਵਿੱਚ ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਰਾਜਿੰਦਰ ਕੌਰ ਭੱਠਲ ਤੱਕ ਲੋਕਾਂ ਦੀ ਪਹੁੰਚ ਸੀ।
ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਆਮ ਲੋਕਾਂ ਵਿੱਚ ਵਿਚਰਦੇ ਹਨ ਉਸ ਬਾਰੇ ਪੁੱਛਣ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਅੱਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਨਾ ਮਿਲਣ ਵਾਲਾ ਅਕਸ ਤੋੜਨ ਦੀ ਚੁਣੌਤੀ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਪਣੇ ਆਪ ਨੂੰ ਆਮ ਲੋਕਾਂ ਦਾ ਨੇਤਾ ਆਖਦੇ ਹਨ, ਉਨ੍ਹਾਂ ਵਿਰੁੱਧ ਵੀ ਆਪਣੇ ਆਪ ਨੂੰ ਪੰਜਾਬ ਦੇ ਆਮ ਲੋਕਾਂ ਦਾ ਨੇਤਾ ਸਾਬਿਤ ਕਰਨ ਦੀ ਇੱਕ ਕੋਸ਼ਿਸ਼ ਹੈ।
ਰਾਜਨੀਤਕ ਆਗੂਆਂ ਦਾ ਆਮ ਲੋਕਾਂ ਵਾਂਗ ਵਿਚਰਨ ਦੀ ਕੋਸ਼ਿਸ਼ ਦਾ ਲੋਕਾਂ ਉਪਰ ਕੀ ਅਸਰ ਹੁੰਦਾ ਹੈ ਇਸ ਬਾਰੇ ਪ੍ਰੋਫੈਸਰ ਰੌਣਕੀ ਰਾਮ ਜੋ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਨ, ਆਖਦੇ ਹਨ ਕਿ ਇਸ ਦਾ ਕੁਝ ਹੱਦ ਤਕ ਲੋਕਾਂ ਉਪਰ ਅਸਰ ਹੋ ਸਕਦਾ ਹੈ।
ਉਨ੍ਹਾਂ ਕਿਹਾ, "ਰਾਜਨੀਤਕ ਨੇਤਾਵਾਂ ਦੀਆਂ ਅਜਿਹੀਆਂ ਤਸਵੀਰਾਂ ਦਾ ਉਨ੍ਹਾਂ ਦੇ ਹਮਾਇਤੀ ਸਮਰਥਨ ਕਰਦੇ ਹਨ ਅਤੇ ਵਿਰੋਧੀ ਇਸ ਨੂੰ ਕਈ ਵਾਰ ਮਹਿਜ਼ ਦਿਖਾਵਾ ਵੀ ਕਹਿ ਦਿੰਦੇ ਹਨ।"
ਉਹ ਇਹ ਵੀ ਆਖਦੇ ਹਨ ਕਿ ਕਿਸੇ ਪਾਰਟੀ, ਨੇਤਾ ਨੂੰ ਵੋਟ ਪਾਉਣ ਪਿੱਛੇ ਲੋਕਾਂ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ।

ਤਸਵੀਰ ਸਰੋਤ, fb/charanjit singh channi
"ਲੋਕ ਇਹ ਸੋਚ ਕੇ ਵੀ ਵੋਟ ਪਾਉਂਦੇ ਹਨ ਕਿ ਕੀ ਇਹ ਪਾਰਟੀ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ? ਉਸ ਪਾਰਟੀ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਕੰਮ ਨੂੰ ਵੀ ਲੋਕ ਧਿਆਨ ਵਿੱਚ ਰੱਖਦੇ ਹਨ।"
ਪ੍ਰੋ. ਰੌਣਕੀ ਰਾਮ ਮੁਤਾਬਕ ਆਮ ਇਨਸਾਨ ਹੋਣ ਵਿੱਚ ਅਤੇ ਆਮ ਇਨਸਾਨ ਬਣਨ ਦੀ ਕੋਸ਼ਿਸ਼ ਕਰਨ ਵਿੱਚ ਫਰਕ ਹੁੰਦਾ ਹੈ ਅਤੇ ਲੋਕ ਵੋਟ ਪਾਉਣ ਤੋਂ ਪਹਿਲਾਂ ਇਹ ਵੀ ਸੋਚਦੇ ਹਨ ਕਿ ਇਹ ਉਮੀਦਵਾਰ ਉਨ੍ਹਾਂ ਦੇ ਕੰਮ ਕਰਵਾ ਸਕੇਗਾ ਜਾਂ ਨਹੀਂ।
ਪ੍ਰੋ. ਰੌਣਕੀ ਰਾਮ ਮੁਤਾਬਕ, "ਸੋਸ਼ਲ ਮੀਡੀਆ ਦੇ ਯੁੱਗ ਵਿਚ ਲੋਕ ਹੋਰ ਸਿਆਣੇ ਹੋ ਗਏ ਹਨ। ਜੇਕਰ ਦਿੱਲੀ ਤੋਂ ਆ ਕੇ ਕੋਈ ਨੇਤਾ ਔਰਤਾਂ ਲਈ ਐਲਾਨ ਕਰਦਾ ਹੈ ਤਾਂ ਹੁਣ ਉਹ ਜਾਣਦੇ ਹਨ ਕਿ ਦਿੱਲੀ ਵਿੱਚ ਔਰਤਾਂ ਲਈ ਅਜਿਹੀ ਸਹੂਲਤ ਹੈ ਜਾਂ ਨਹੀਂ।"
ਲੋਕਾਂ ਨੂੰ ਅਜਿਹੀਆਂ ਫੇਰੀਆਂ ਦੀ ਕੀ ਲਾਹਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਤੰਬਰ ਵਿੱਚ ਬਠਿੰਡਾ ਦੇ ਪਿੰਡ ਕਰਤਾਰਪੁਰ ਸਿੰਘ ਵਾਲਾ ਪਹੁੰਚੇ ਸਨ। ਚਰਨਜੀਤ ਸਿੰਘ ਚੰਨੀ ਖਰਾਬ ਹੋਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ।
ਇਸ ਮੌਕੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਨਾਲ ਮੌਜੂਦ ਸਨ। ਚੰਨੀ ਨੇ ਫਸਲਾਂ ਦਾ ਜਾਇਜ਼ਾ ਵੀ ਲਿਆ ਅਤੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ।
ਉੱਥੇ ਉਨ੍ਹਾਂ ਨੇ ਮੁਆਵਜ਼ੇ ਲਈ ਸ਼ਿਕਾਇਤ ਕਰਨ ਲਈ ਆਏ ਕਿਸਾਨ ਬਲਵਿੰਦਰ ਸਿੰਘ ਨੂੰ ਜੱਫੀ ਵੀ ਪਾਈ ਸੀ। ਦਸੰਬਰ ਵਿੱਚ ਜਦੋਂ ਬੀਬੀਸੀ ਨੇ ਉਸ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਮੁਆਵਜ਼ਾ ਨਹੀਂ ਮਿਲਿਆ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਉਨ੍ਹਾਂ ਦਾ ਦਾਅਵਾ ਹੈ ਕਿ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ।
ਇਸ ਨਾਲ ਅਸੀਂ ਇਨ੍ਹਾਂ ਜੱਫ਼ੀਆਂ ਦਾ ਲੋਕਾਂ ਨੂੰ ਮਿਲਣ ਵਾਲੇ ਫਾਇਦੇ ਨੂੰ ਸਮਝ ਸਕਦੇ ਹਾਂ।
'ਵਿਸ਼ਵਾਸ ਵੀ ਨਹੀਂ ਹੋ ਰਿਹਾ ਸੀ ਕਿ ਏਡਾ ਵੱਡਾ ਲੀਡਰ ਮੇਰੀ ਦੁਕਾਨ 'ਤੇ ਬੈਠਾ'
ਤਿੰਨ ਕੁ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਲੋਟ ਸ਼ਹਿਰ ਵਿਚ ਨੇ ਸਤਿੰਦਰ ਕੁਮਾਰ ਦੀ ਦੁਕਾਨ ਤੋਂ ਜੁੱਤੀਆਂ ਖ਼ਰੀਦੀਆਂ ਸਨ।

ਤਸਵੀਰ ਸਰੋਤ, FB/Sukhbir singh badal
ਪੰਜਾਬ ਦੇ ਮਲੋਟ ਸ਼ਹਿਰ ਵਿੱਚ "ਸ਼ਿਪੂ ਜੁੱਤੀ ਹਾਊਸ" ਦੇ ਨਾਂ ਨਾਲ ਦੁਕਾਨ ਚਲਾਉਣ ਵਾਲੇ ਸਤਿੰਦਰ ਕੁਮਾਰ ਕਹਿੰਦੇ ਹਨ, "ਜਦੋਂ ਸੁਖਬੀਰ ਬਾਦਲ ਮੇਰੀ ਦੁਕਾਨ ਉਪਰ ਆਏ ਤਾਂ ਮੈਨੂੰ ਅਚੰਭਾ ਜਿਹਾ ਹੋ ਗਿਆ ਸੀ। ਉਹ ਮੇਰੀ ਦੁਕਾਨ ਵਿਚ ਅੱਧਾ ਪੌਣਾ ਘੰਟਾ ਰਹੇ ਅਤੇ ਉਨ੍ਹਾਂ ਨੇ ਕੁਝ ਜੁੱਤੀਆਂ ਪਸੰਦ ਕਰਕੇ ਖਰੀਦੀਆਂ ਵੀ।"
ਸਤਿੰਦਰ ਕੁਮਾਰ ਨੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੂੰ ਦੱਸਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਦੁਕਾਨ ਉੱਪਰ ਅਚਨਚੇਤ ਆਏ ਸਨ ਤਾਂ ਇਕਦਮ ਮਾਹੌਲ ਖ਼ੁਸ਼ੀ ਵਾਲਾ ਬਣ ਗਿਆ ਸੀ।
"ਆਸ ਪਾਸ ਦੇ ਕੁਝ ਦੁਕਾਨਦਾਰ ਵੀ ਮੇਰੀ ਦੁਕਾਨ 'ਤੇ ਆ ਗਏ ਅਤੇ ਵਿਸ਼ਵਾਸ ਵੀ ਨਹੀਂ ਹੋ ਰਿਹਾ ਸੀ ਕਿ ਏਡਾ ਵੱਡਾ ਲੀਡਰ ਮੇਰੀ ਦੁਕਾਨ ਉੱਪਰ ਬੈਠ ਕੇ ਮੇਰੇ ਨਾਲ ਗੱਲਾਂ ਕਰੇਂਗਾ।"
ਸਤਿੰਦਰ ਕੁਮਾਰ ਕਹਿੰਦੇ ਹਨ, "ਸੁਖਬੀਰ ਸਿੰਘ ਬਾਦਲ ਨੇ ਮੇਰਾ ਅਤੇ ਮੇਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਮੇਰੇ ਰਿਸ਼ਤੇਦਾਰਾਂ ਦੀ ਵੀ ਸੁੱਖ ਸਾਂਦ ਪੁੱਛੀ ਸੀ ਅਤੇ ਹੋਰ ਘਰੇਲੂ ਗੱਲਾਂ ਵੀ ਕੀਤੀਆਂ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੋਈ ਸਿਆਸੀ ਗੱਲ ਤਾਂ ਨਹੀਂ ਕੀਤੀ ਪਰ ਮੇਰੇ ਦਿਲ ਵਿੱਚ ਇਹ ਜਜ਼ਬਾ ਜ਼ਰੂਰ ਸੀ ਕਿ ਅਜਿਹੇ ਲੀਡਰ ਵੀ ਹੋਣੇ ਚਾਹੀਦੇ ਹਨ ਜੋ ਲੋਕਾਂ ਦਿਲ ਨੇੜੇ ਹੋ ਕੇ ਸਿਆਸਤ ਤੋਂ ਬਿਨਾਂ ਵੀ ਸੁੱਖ ਸਾਂਦ ਪੁੱਛਣ।"
"ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਸੀ ਅਤੇ ਆਸ -ਪਾਸ ਦੇ ਦੁਕਾਨਦਾਰ ਵੀ ਜਿਹੜੇ ਮੇਰੀ ਦੁਕਾਨ ਉੱਪਰ ਆ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਸਨ, ਉਹ ਵੀ ਬਹੁਤ ਖੁਸ਼ ਹਨ। ਜਿੱਥੋਂ ਤੱਕ ਵੋਟ ਪਾਉਣ ਦੀ ਗੱਲ ਹੈ ਉਹ ਤਾਂ ਸੁਭਾਵਕ ਹੀ ਹੈ ਕਿ ਏਡਾ ਵੱਡਾ ਲੀਡਰ ਮੇਰੀ ਦੁਕਾਨ ਉੱਪਰ ਆਇਆ ਤਾਂ ਮੈਂ ਪ੍ਰਭਾਵਿਤ ਤਾਂ ਹੋਇਆ ਹਾਂ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












